ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
2021-07-12:-੬ ਸਾਵਣ / 21 ਜੁਲਾਈ ਮੀਰੀ-ਪੀਰੀ ਦਿਵਸ ਦੀਆਂ ਖ਼ਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਗੁਰਗੱਦੀ ’ਤੇ ਬਿਰਾਜਮਾਨ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਾੜ ਵਦੀ ੫, ੧੮ ਹਾੜ ਬਿਕ੍ਰਮੀ ਸੰਮਤ ੧੬੬੩; ਨਾਨਕਸ਼ਾਹੀ ਸੰਮਤ ੧੩੮ (15 ਜੂਨ 1606 ਈ:) ਨੂੰ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ ਇੱਕ ਥੜ੍ਹੇ ਦੀ ਉਸਾਰੀ ਕੀਤੀ, ਜਿਸ ’ਤੇ ਬਾਅਦ ਵਿੱਚ ‘ਅਕਾਲ ਬੁੰਗਾ’ ਉਸਾਰਿਆ ਗਿਆ ਅਤੇ ਅੱਜਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਸੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ ੧੮ ਹਾੜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ੧੮ ਹਾੜ ਹਰ ਸਾਲ 2 ਜੁਲਾਈ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਵੀ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਹਰ ਸਾਲ 18 ਹਾੜ ਹੀ ਵਿਖਾਈ ਜਾਂਦਾ ਹੈ ਭਾਵੇਂ ਕਿ ਬਿਕ੍ਰਮੀ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਹੀ ਬਦਲ ਜਾਣ ਕਰਕੇ ਜੁਲਾਈ ਦੀ ਤਾਰੀਖ਼ ਥੋੜ੍ਹੀ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ। ਇਸ ਸਾਲ 18 ਹਾੜ/2 ਜੁਲਾਈ 2021 ਸੀ.ਈ. ਹੀ ਵਿਖਾਇਆ ਗਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਇਹ ਦਿਹਾੜਾ ਸੂਰਜੀ ਤਾਰੀਖਾਂ (ਪ੍ਰਵਿਸ਼ਟਿਆਂ) ਮੁਤਾਬਕ ਮਨਾਇਆ ਜਾਂਦਾ ਹੈ। ਇਸੇ ਸਥਾਨ ’ਤੇ ਬੈਠ ਕੇ ਹਾੜ ਸੁਦੀ ੧੦, ੬ ਸਾਵਣ ਬਿਕ੍ਰਮੀ ਸੰਮਤ ੧੬੬੩; ਨਾਨਕਸ਼ਾਹੀ ਸੰਮਤ ੧੩੮ (5 ਜੁਲਾਈ 1606) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿੱਚੋਂ ਇਕ ‘ਮੀਰੀ’ ਦੀ ਪ੍ਰਤੀਕ ਹੈ ਤੇ ਦੂਜੀ ‘ਪੀਰੀ’ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ: ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।’ ਗੁਰੂ ਸਾਹਿਬ ਜੀ ਨੇ ਫ਼ਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ ਭਾਵ ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡੀ ਰਾਜਨੀਤੀ ਵੀ ਧਰਮ ਦਾ ਅਨਿਖੜਵਾਂ ਅੰਗ ਹੋਵੇਗੀ ਪਰ ਯਾਦ ਰਹੇ ਕਿ ਧਰਮ; ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜ਼ਰਾ ਵੱਧ ਰੱਖੀ ਗਈ, ਜੋ ਇਸੇ ਗੱਲ ਦਾ ਪ੍ਰਤੀਕ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ। ੬ ਸਾਵਣ ਦੇ ਦਿਹਾੜੇ ਨੂੰ ਅੱਜ ਵੀ ਸਿੱਖ ਸਮਾਜ ਵਿੱਚ ਮੀਰੀ ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 21 ਜੁਲਾਈ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਿਵਸ ੪ ਸਾਵਣ/ 19 ਜੁਲਾਈ 2021 ਸੀ.ਈ. ਵਿਖਾਇਆ ਗਿਆ ਹੈ ਜਦੋਂ ਕਿ ਪਿਛਲੇ ਸਾਲ ਇਹੀ ਦਿਹਾੜਾ ੧੭ ਹਾੜ/30 ਜੂਨ 2020 ਸੀ ਅਤੇ ਅਗਲੇ ਸਾਲ ੨੫ ਹਾੜ/9 ਜੁਲਾਈ 2022 ਹੋਵੇਗਾ। ਇਸ ਤੋਂ ਪਤਾ ਲਗਦਾ ਹੈ ਕਿ ਇਹ ਦਿਹਾੜਾ ਸੂਰਜੀ ਪ੍ਰਵਿਸ਼ਟਿਆਂ ਮੁਤਾਬਕ ਨਹੀਂ ਬਲਕਿ ਚੰਦਰਮਾਂ ਦੀਆਂ ਤਿਥਾਂ ਅਨੁਸਾਰ ਮਨਾਇਆ ਜਾਣ ਸਦਕਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਤੋਂ ਕਦੀ ਪਹਿਲਾਂ ਅਤੇ ਕਦੀ ਪਿੱਛੋਂ ਆਉਣ ਸਦਕਾ ਸਿੱਖ ਹਮੇਸ਼ਾਂ ਇਸ ਦੁਬਿਧਾ ਵਿੱਚ ਫਸੇ ਰਹਿੰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਪਹਿਲਾਂ ਹੋਈ ਸੀ ਜਾਂ ਗੁਰੂ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਪਹਿਲਾਂ ਪੇਸ਼ ਕੀਤਾ। ਸ਼੍ਰੋਮਣੀ ਕਮੇਟੀ ਸਪਸ਼ਟ ਕਰੇ ਕਿ ਉਨ੍ਹਾਂ ਨੂੰ ਕਿਹੜੇ ਪੰਡੀਤ ਨੇ ਦੱਸਿਆ ਹੈ ਕਿ ਇੱਕੇ ਗੁਰੂ ਸਾਹਿਬਾਨ ਅਤੇ ਇੱਕ ਹੀ ਸਥਾਨ ਨਾਲ ਸਬੰਧਤ ਦੋ ਦਿਹਾੜੇ ਮਨਾਉਣ ਲਈ ਕੈਲੰਡਰ ਦੀਆਂ ਦੋ ਵੱਖ ਵੱਖ ਪਧਤੀਆਂ ਦੀਆਂ ਤਿਥਾਂ ਜਾਂ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਜਾਵੇ। ਕਿਉਂ ਨਹੀਂ ਸਾਰੇ ਹੀ ਦਿਹਾੜੇ ਨਾਨਕਸ਼ਾਹੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਨਾਲ ਮਨਾ ਕੇ ਤਾਰੀਖ਼ਾਂ ਦੇ ਅੱਗੇ ਪਿੱਛੇ ਹੋਣ ਦੇ ਝੰਝਟ ਤੋਂ ਮੁਕਤੀ ਪ੍ਰਾਪਤ ਕੀਤੀ ਜਾਂਦੀ? ਆਓ ਮੀਰੀ-ਪੀਰੀ ਦਿਵਸ ਮਨਾਉਂਦੇ ਹੋਏ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਕਰਨ ਅਤੇ ਮੀਰੀ-ਪੀਰੀ ਸਿਧਾਂਤ ਨੂੰ ਗੁਰੂ ਆਸ਼ੇ ਮਤਾਬਕ ਸਹੀ ਅਰਥਾਂ ਵਿੱਚ ਲਾਗੂ ਕਰਨ ਦਾ ਪ੍ਰਣ ਕਰੀਏ ਤਾ ਕਿ ਸਿੱਖਾਂ ਦੀ ਮੀਰੀ-ਪੀਰੀ ਇਕੱਠੀ ਹੋਣ ਦਾ ਢੋਲ ਪਿੱਟਣ ਵਾਲੀ ਕਪਟੀ ਸਿਆਸੀ ਜਮਾਤ ਵੱਲੋਂ ਰਾਜਸੀ ਹਿੱਤਾਂ ਦੀ ਪੂਰਤੀ ਲਈ ਉਨ੍ਹਾਂ ਵੱਲੋਂ ਰਾਜਨੀਤੀ ਦੇ ਪੈਰਾਂ ਹੇਠ ਧਰਮ ਨੂੰ ਰੋਲਣ ਦੀ ਖੁੱਲ੍ਹ ਖੇਡ੍ਹਣ ਨੂੰ ਕੁਝ ਰੋਕ ਪੈ ਸਕੇ। ( Total Visits: 2456)


[1] 2 3 4 >>    Last >>
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.