ਪਾਕਿਸਤਾਨੀ ਯੂਨੀਵਰਸਿਟੀ ‘ਚ ਹਮਲੇ ਦੌਰਾਨ 50 ਦੇ ਕਰੀਬ ਹਲਾਕ; 4 ਅੱਤਵਾਦੀ ਵੀ ਮਰੇ
ਪੇਸ਼ਾਵਰ, 20 ਜਨਵਰੀ (ਪੰਜਾਬ ਮੇਲ)- ਸਥਾਨਕ ਬਾਚਾ ਖਾਨ ਯੂਨੀਵਰਸਿਟੀ ਵਿਚ ਹਥਿਆਰਬੰਦ ਅੱਤਵਾਦੀਆਂ ਨੇ ਸਵੇਰੇ 9 ਵਜੇ ਅਚਾਨਕ ਹਮਲਾ ਕਰ ਦਿੱਤਾ, ਜਿਸ ਦੌਰਾਨ 50 ਦੇ ਕਰੀਬ ਯੂਨੀਵਰਸਿਟੀ ਦੇ ਵਿਦਿਆਰਥੀ, ਪ੍ਰੋਫੈਸਰ ਅਤੇ ਸੁਰੱਖਿਆ ਦਸਤਿਆਂ ਦੇ ਮਾਰੇ ਜਾਣ ਦੀ ਸ਼ੰਕਾ ਪ੍ਰਗਟ ਕੀਤੀ ਗਈ। ਹਮਲੇ ਦੌਰਾਨ ਯੂਨੀਵਰਸਿਟੀ ਵਿਚ 3 ਹਜ਼ਾਰ ਦੇ ਕਰੀਬ ਵਿਦਿਆਰਥੀ ਮੌਜੂਦ ਸਨ। ਇਸ ਤੋਂ ਇਲਾਵਾ ਇਕ ਕੈਂਪਸ ਵਿਚ ਮੁਸ਼ਾਇਰਾ ਵੀ ਚੱਲ ਰਿਹਾ ਸੀ, ਜਿਸ ਵਿਚ 600 ਦੇ ਕਰੀਬ ਮਹਿਮਾਨ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ।
ਵੱਡੀ ਤਦਾਦ ‘ਚ ਹਥਿਆਰਬੰਦ ਅੱਤਵਾਦੀਆਂ ਨੇ ਯੂਨੀਵਰਸਿਟੀ ਦੀਆਂ ਵੱਖ-ਵੱਖ ਥਾਂਵਾਂ ‘ਤੇ ਬੰਬ ਧਮਾਕੇ ਵੀ ਕੀਤੇ।
ਯੂਨੀਵਰਸਿਟੀ ਵਿਚ ਘੱਟੋ-ਘੱਟ 12 ਬੰਬ ਧਮਾਕੇ ਹੋਣ ਦੀ ਵੀ ਸੂਚਨਾ ਮਿਲੀ। ਉਪਰੰਤ ਵਿਦਿਆਰਥੀ ਅਤੇ ਸਟਾਫ ‘ਤੇ ਅੰਨ੍ਹੇਵਾਹ ਗੋਲੀਆਂ ਦੀ ਬੌਛਾੜ ਕਰ ਦਿੱਤੀ, ਜਿਸ ਵਿਚ ਵੱਡੀ ਗਿਣਤੀ ‘ਚ ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਹਨ। ਪਾਕਿਸਤਾਨ ਸਰਕਾਰ ਵੱਲੋਂ ਹਸਪਤਾਲਾਂ ਵਿਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਅੱਤਵਾਦੀਆਂ ਵੱਲੋਂ 2 ਘੰਟੇ ਦੀ ਫਾਈਰਿੰਗ ਕਰਨ ਤੋਂ ਬਾਅਦ ਪਾਕਿਸਤਾਨੀ ਫੌਜ ਘਟਨਾ ਸਥਾਨ ‘ਤੇ ਪਹੁੰਚੀ। ਪਾਕਿਸਤਾਨ ਦੀ ਫੌਜ ਨੇ ਯੂਨੀਵਰਸਿਟੀ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ। ਪਰ ਆਖਰੀ ਸੂਚਨਾ ਮਿਲਣ ਤੱਕ ਹਾਲੇ ਵੀ ਭਾਰੀ ਗਿਣਤੀ ਵਿਚ ਵਿਦਿਆਰਥੀ ਯੂਨੀਵਰਸਿਟੀ ਦੇ ਅੰਦਰ ਫਸੇ ਹੋਏ ਸਨ। ਫੌਜ ਨੇ ਇਸ ਘਟਨਾ ‘ਤੇ ਕਾਬੂ ਪਾਉਣ ਲਈ ਹੈਲੀਕਾਪਟਰ ਦਾ ਵੀ ਸਹਾਰਾ ਲਿਆ।
ਖੁੱਲ੍ਹੇ ਮੈਦਾਨ ‘ਚ ਹਮਲਾ ਕਰਨ ਤੋਂ ਬਾਅਦ ਕੁਝ ਹਮਲਾਵਰ ਪਾਣੀ ਦੀ ਟੈਂਕੀ ‘ਤੇ ਵੀ ਚੜ੍ਹ ਗਏ। ਇਕ ਪ੍ਰੋਫੈਸਰ ਡਾ. ਹਮੀਦ ਦੇ ਮਾਰੇ ਜਾਣ ਦੀ ਵੀ ਸੂਚਨਾ ਹੈ, ਜੋ ਕਿ ਉਥੇ ਕਮਿਸਟਰੀ ਪੜ੍ਹਾਉਂਦੇ ਸੀ। ਜ਼ਖਮੀ ਵਿਅਕਤੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਪਹੁੰਚਾ ਦਿੱਤਾ ਗਿਆ। ਆਖਰੀ ਸੂਚਨਾ ਮਿਲਣ ਤੱਕ 4 ਅੱਤਵਾਦੀ ਮਾਰੇ ਜਾ ਚੁੱਕੇ ਸਨ।