ਡੇਰਾ ਪ੍ਰੇਮੀ ਤੇ ਹਿੰਦੂ ਜਥੇਬੰਦੀਆਂ ਦੇ ਕਾਰਕੁੰਨ ਭਿੜੇ
ਲੁਧਿਆਣਾ, (ਗਗਨਦੀਪ ਅਰੋੜਾ) 19 ਜਨਵਰੀ- ਸਨਅਤੀ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਮੰਗਲਵਾਰ ਦੁਪਹਿਰੇ ਡੇਰਾ ਪ੍ਰੇਮੀ ਅਤੇ ਹਿੰਦੂ ਜਥੇਬੰਦੀਆਂ ਦੇ ਮੈਂਬਰ ਭਿੜ ਗਏ। ਕਥਿਤ ਤੌਰ ’ਤੇ ਭਗਵਾਨ ਵਿਸ਼ਨੂੰ ਦਾ ਰੂਪ ਧਾਰ ਕੇ ਇੱਕ ਵਾਰ ਫਿਰ ਵਿਵਾਦਾਂ ’ਚ ਆਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਵਿਰੋਧ ਕਰ ਰਹੀਆਂ ਹਿੰਦੂ ਜਥੇਬੰਦੀਆਂ ਘੰਟਾ ਘਰ ਤੋਂ ਜਗਰਾਉਂ ਪੁਲ ਤੱਕ ਰੋਸ ਮਾਰਚ ਕਰ ਕੇ ਡੇਰਾ ਮੁਖੀ ਦਾ ਪੁਤਲਾ ਫੂਕਣ ਜਾ ਰਹੀਆਂ ਸਨ।
ਜੇ ਐਮ ਡੀ ਮਾਲ ’ਚ ਫ਼ਿਲਮ ਦੇਖ ਕੇ ਡੇਰਾ ਪ੍ਰੇਮੀਆਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਹਿੰਦੂ ਜਥੇਬੰਦੀਆਂ ਦੇ ਮੈਂਬਰਾਂ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਰੋਕ ਲਿਆ। ਉਨ੍ਹਾਂ ਨੇ ਹਿੰਦੂ ਜਥੇਬੰਦੀਆਂ ਦੇ ਮੈਂਬਰਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰ ਕੇ ਪੁਤਲਾ ਖੋਹ ਕੇ ਤੋੜ ਦਿੱਤਾ। ਇਸ ਤੋਂ ਬਾਅਦ ਦੋਵਾਂ ਗੁੱਟਾਂ ’ਚ ਹੱਥੋਪਾਈ ਹੋਈ। ਤਕਰਾਰ ਦੀ ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਅਤੇ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਮੁਸ਼ਕਲ ਨਾਲ ਦੋਵਾਂ ਧੜਿਆਂ ਨੂੰ ਸ਼ਾਂਤ ਕੀਤਾ।
ਹਿੰਦੂ ਸ਼ਕਤੀ ਮੋਰਚਾ ਦੇ ਪ੍ਰਧਾਨ ਰੋਹਿਤ ਸਾਹਨੀ ਨੇ ਕਿਹਾ ਕਿ ਡੇਰਾ ਮੁਖੀ ਨੇ ਕੁਝ ਦਿਨ ਪਹਿਲਾਂ ਭਗਵਾਨ ਵਿਸ਼ਨੂੰ ਦਾ ਰੂਪ ਧਾਰਨ ਕਰ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਡੇਰਾ ਮੁਖੀ ਖ਼ਿਲਾਫ਼ ਘੰਟਾ ਘਰ ਤੋਂ ਲੈ ਕੇ ਜਗਰਾਉਂ ਪੁੱਲ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਜਗਰਾਉਂ ਪੁੱਲ ’ਤੇ ਡੇਰਾ ਮੁਖੀ ਦਾ ਪੁਤਲਾ ਫੂਕਣਾ ਸੀ। ਰੋਹਿਤ ਅਨੁਸਾਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸ਼ਹਿਰ ਦਾ ਮਾਹੌਲ ਸ਼ਾਂਤ ਰੱਖਣ ਦੇ ਮੱਦੇਨਜ਼ਰ ਅੱਗੇ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਉਹ ਸਟੇਸ਼ਨ ਦੇ ਬਾਹਰ ਹੀ ਡੇਰਾ ਮੁੱਖੀ ਦਾ ਪੁਤਲਾ ਫੂਕਣ ਦੀ ਤਿਆਰੀ ਕਰ ਰਹੇ ਸਨ ਕਿ ਇੱਕ ਕਾਰ ’ਚ ਸਵਾਰ ਚਾਰ ਨੌਜਵਾਨ ਆਏ ਅਤੇ ਉਨ੍ਹਾਂ ਨੇ ਗੱਡੀ ਉਨ੍ਹਾਂ ਉਪਰ ਚਾੜ੍ਹਨ ਦੀ ਕੋਸ਼ਿਸ਼ ਕੀਤੀ।
ਇਸ ਮਗਰੋਂ ਨੌਜਵਾਨ ਗੱਡੀ ’ਚੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਡਰਾਈਵਰ ਨੂੰ ਕੁੱਟ ਕੇ ਪੁਤਲਾ ਖੋਹ ਕੇ ਤੋੜ ਦਿੱਤਾ। ਉਨ੍ਹਾਂ ਪਿੱਛੇ ਹੀ ਵੱਡੀ ਗਿਣਤੀ ਡੇਰਾ ਪ੍ਰੇਮੀ ਆਏ ਅਤੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਸਿਰਸਾ ਡੇਰਾ ਮੁਖੀ ਦਾ ਪੁਤਲਾ ਫੂਕ ਰਹੇ ਸ਼ਿਵ ਸੈਨਿਕ ਤੇ ਡੇਰਾ ਪ੍ਰੇਮੀ ਆਪਸ ਵਿਚ ਭਿੜੇ ਇਕ ਜ਼ਖ਼ਮੀ
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੰਟਾ ਘਰ ਚੌਕ 'ਚ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਪੁਤਲਾ ਫੂਕ ਰਹੇ ਸ਼ਿਵ ਸੈਨਿਕਾਂ ਤੇ ਡੇਰਾ ਪ੍ਰੇਮੀ ਆਪਸ ਵਿਚ ਭਿੜ ਪਏ | ਸਿੱਟੇ ਵਜੋਂ ਇਕ ਸ਼ਿਵ ਸੈਨਾ ਆਗੂ ਜ਼ਖ਼ਮੀ ਹੋ ਗਿਆ ਹੈ | ਪੁਲਿਸ ਵੱਲੋਂ ਕੀਤੀ ਦਖ਼ਲਅੰਦਾਜ਼ੀ ਕਾਰਨ ਉਥੇ ਵੱਡਾ ਟਕਰਾਅ ਹੋਣੋ ਟਲ ਗਿਆ | ਡੇਰਾ ਮੁਖੀ ਵੱਲੋਂ ਕਥਿਤ ਤੌਰ 'ਤੇ ਵਿਸ਼ਨੂੰ ਭਗਵਾਨ ਦਾ ਰੂਪ ਧਾਰਨ ਕਰਨ ਦੇ ਮਾਮਲੇ ਨੂੰ ਲੈ ਕੇ ਸ਼ਿਵ ਸੈਨਿਕ ਸ੍ਰੀ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਘੰਟਾ ਘਰ ਵਿਚ ਪ੍ਰਦਰਸ਼ਨ ਕਰ ਰਹੇ ਸਨ |
ਇਸ ਦੌਰਾਨ ਉਥੇ ਕੁਝ ਡੇਰਾ ਪ੍ਰੇਮੀ ਵੀ ਆ ਗਏ ਤੇ ਉਨ੍ਹਾਂ ਨੇ ਸ਼ਿਵ ਸੈਨਿਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਸ਼ਿਵ ਸੈਨਿਕ ਨਾ ਮੰਨੇ | ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਿਆ ਤੇ ਨੌਬਤ ਹੱਥੋਪਾਈ ਤੱਕ ਆ ਗਈ | ਪੁਤਲਾ ਫੂਕ ਰਹੇ ਸ਼ਿਵ ਸੈਨਿਕਾਂ ਹੱਥੋਂ ਡੇਰਾ ਪ੍ਰੇਮੀਆਂ ਨੇ ਪੁਤਲਾ ਖੋਹਣ ਦੀ ਕੋਸ਼ਿਸ਼ ਕੀਤੀ |
ਸੂਚਨਾ ਮਿਲਦੇ ਏ. ਡੀ. ਸੀ. ਪੀ. ਜੋਗਿੰਦਰ ਸਿੰਘ ਤੇ ਏ. ਸੀ. ਪੀ. ਸਤੀਸ਼ ਮਲਹੋਤਰਾ ਭਾਰੀ ਪੁਲਿਸ ਫੋਰਸ ਲੈ ਕੇ ਉਥੇ ਪਹੰੁਚੇ | ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕੀਤਾ | ਇਸ ਤਕਰਾਰ ਵਿਚ ਰੋਹਿਤ ਦੇ ਸੱਟਾ ਵੀ ਲੱਗੀਆਂ ਹਨ ਤੇ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ | ਰੋਹਿਤ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ, ਪਰ ਦੇਰ ਸ਼ਾਮ ਤੱਕ ਇਸ ਮਾਮਲੇ 'ਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ | ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦਾ ਕਿਹਾ ਜਾ ਰਿਹਾ ਸੀ | ਘਟਨਾ ਤੋਂ ਬਾਅਦ ਪੁਲਿਸ ਨੇ ਘੰਟਾ ਘਰ ਚੌਕ ਨੇੜੇ ਸੁਰੱਖਿਆ ਪ੍ਰਬੰਧ ਕਰੜੇ ਕਰ ਦਿੱਤੇ ਹਨ | ਪੁਲਿਸ ਅਧਿਕਾਰੀਆਂ ਦੀ ਦਖ਼ਲ ਅੰਦਾਜ਼ੀ ਕਾਰਨ ਸ਼ਿਵ ਸੈਨਿਕ ਪੁਤਲਾ ਨਹੀਂ ਫੂਕ ਸਕੇ |