ਕੋਲੰਬੀਆ ਤੋਂ ਅਮਰੀਕਾ ਜਾਂਦੀ ਕਿਸ਼ਤੀ ਪਲਟੀ, 20 ਪੰਜਾਬੀ ਲਾਪਤਾ
ਭੋਗਪੁਰ, 17 ਜਨਵਰੀ (ਪੰਜਾਬ ਮੇਲ) –ਪੰਜਾਬ ਤੋਂ ਰੋਜ਼ੀ ਰੋਟੀ ਲਈ ਅਮਰੀਕਾ ਚੱਲੇ 20 ਨੌਜਵਾਨਾਂ ਨੂੰ ਲਿਜਾ ਰਹੀ ਕਿਸ਼ਤੀ ਦੇ ਅੰਧ ਮਹਾਸਾਗਰ ਵਿੱਚ ਡੁੱਬਣ ਨਾਲ ਵੀਹ ਦੇ ਕਰੀਬ ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਵੱਖ ਵੱਖ ਏਜੰਟਾਂ ਰਾਹੀਂ ਕੋਲੰਬੀਆ ਵਿੱਚ ਇਕੱਠੇ ਕੀਤੇ 21 ਨੌਜਵਾਨਾਂ ਨੂੰ ਇੱਕ ਕਿਸ਼ਤੀ ਰਾਹੀਂ ਅਮਰੀਕਾ ਲਿਜਾਇਆ ਜਾ ਰਿਹਾ ਸੀ। ਇਹ ਕਿਸ਼ਤੀ ਅੰਧ ਮਹਾਸਾਗਰ ਵਿੱਚੋਂ ਦੀ ਜਾਣੀ ਸੀ। ਇਸ ਬਾਰੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਾਂਡੀ ਔਲਖ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਦਾ ਭੋਗਪੁਰ ਦੇ ਇੱਕ ਏਜੰਟ ਨਾਲ 25 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦਾ ਸੌਦਾ ਹੋਇਆ ਸੀ। ਬੀਤੀ 27 ਦਸੰਬਰ ਨੂੰ ਗੁਰਦੀਪ ਸਿੰਘ ਆਪਣੇ ਘਰੋਂ ਅਮਰੀਕਾ ਨੂੰ ਰਵਾਨਾ ਹੋਇਆ। ਉਸ ਤੋਂ ਬਾਅਦ 10 ਜਨਵਰੀ ਨੂੰ ਗੁਰਦੀਪ ਨੇ ਆਪਣੇ ਘਰ ਫੋਨ ਕਰ ਕੇ ਦੱਸਿਆ ਕਿ ਉਹ ਕੋਲੰਬੀਆ ਪਹੁੰਚ ਗਿਆ ਹੈ ਅਤੇ ਅਗਲੇ ਦਸ ਦਿਨਾਂ ਵਿੱਚ ਉਹ ਅਮਰੀਕਾ ਪਹੁੰਚ ਕੇ ਫੋਨ ਕਰੇਗਾ। ਐਤਵਾਰ ਸਵੇਰੇ ਗੁਰਦੀਪ ਦੇ ਪਰਵਾਰ ਨੂੰ ਏਜੰਟ ਨੇ ਦੱਸਿਆ ਕਿ ਗੁਰਦੀਪ ਸਮੇਤ ਹੋਰ ਨੌਜਵਾਨਾਂ ਨੂੰ ਕੋਲੰਬੀਆ ਤੋਂ ਅਮਰੀਕਾ ਲੈ ਕੇ ਜਾ ਰਹੀ ਕਿਸ਼ਤੀ ਹਾਦਸਾ ਗ੍ਰਸਤ ਹੋ ਕੇ ਡੁੱਬ ਗਈ ਹੈ। ਏਜੰਟ ਨੇ ਦੱਸਿਆ ਕਿ ਇਸ ਕਿਸ਼ਤੀ ਵਿੱਚ ਇੱਕ ਨੌਜਵਾਨ ਭੋਗਪੁਰ ਨੇੜਲੇ ਪਿੰਡ ਲੜੋਈ ਅਤੇ ਇੱਕ ਨੌਜਵਾਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜੈਦਾਂ ਦਾ ਵੀ ਸੀ। ਇਸ ਕਿਸ਼ਤੀ ਵਿੱਚ ਸਵਾਰ ਹੋਏ ਪਿੰਡ ਲੜੋਈ ਦੇ ਨੌਜਵਾਨ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਦੱਸਿਆ ਕਿ ਜਿਸ ਕਿਸ਼ਤੀ ਵਿੱਚ ਉਹ ਸਵਾਰ ਸੀ, ਉਹ ਅਮਰੀਕਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਡੁੱਬ ਗਈ ਹੈ ਜਿਸ ਵਿੱਚ ਵੀਹ ਦੇ ਕਰੀਬ ਨੌਜਵਾਨ ਸਵਾਰ ਸਨ। ਫੋਨ ‘ਤੇ ਜਾਣਕਾਰੀ ਦੇਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਡੁੱਬਦਿਆਂ ਵੇਖ ਕੇ ਸਮੁੰਦਰ ਵਿੱਚ ਗਸ਼ਤ ਕਰਦੀ ਫੌਜ ਦੀ ਟੁਕੜੀ ਨੇ ਉਸ ਨੂੰ ਰੱਸਿਆਂ ਦੀ ਮਦਦ ਨਾਲ ਬਚਾ ਲਿਆ ਹੈ। ਪਿੰਡ ਜੈਦਾਂ ਦਾ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਬਚਨ ਸਿੰਘ ਵੀ ਇਸ ਹਾਦਸੇ ‘ਚ ਲਾਪਤਾ ਹੈ।
ਇਸ ਹਾਦਸੇ ਵਿੱਚ ਲਾਪਤਾ ਹੋਏ ਗੁਰਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਸੁਖਜੀਤ ਸਿੰਘ ਅਮਰੀਕਾ ਵਿੱਚ ਹੈ। ਭੋਗਪੁਰ ਦੇ ਏਜੰਟ ਕੁਲਵਿੰਦਰ ਸਿੰਘ ਮੁਲਤਾਨੀ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਸਨ। ਕੁਲਵਿੰਦਰ ਸਿੰਘ ਮੁਲਤਾਨੀ ਨੇ ਗੁਰਦੀਪ ਦੇ ਪਿਤਾ ਨੂੰ ਕਿਹਾ ਸੀ ਕਿ ਉਹ ਗੁਰਦੀਪ ਨੂੰ ਵੀ ਸੁਖਜੀਤ ਕੋਲ ਅਮਰੀਕਾ ਭੇਜ ਦੇਵੇਗਾ ਅਤੇ ਗੁਰਦੀਪ ਦੀ ਦਿੱਲੀ ਤੋਂ ਸਿੱਧੀ ਅਮਰੀਕਾ ਦੀ ਫਲਾਈਟ ਹੋਵੇਗੀ। ਇਸ ਲਈ ਏਜੰਟ ਕੁਲਵਿੰਦਰ ਸਿੰਘ ਮੁਲਤਾਨੀ ਨੇ ਗੁਰਦੀਪ ਦੇ ਪਿਤਾ ਨਾਲ 25 ਲੱਖ ਰੁਪਏ ਦਾ ਸੌਦਾ ਤੈਅ ਕੀਤਾ। ਉਸ ਨੇ ਦਸ ਲੱਖ ਰੁਪਏ ਅਡਵਾਂਸ ਲਏ ਤੇ ਬਾਕੀ ਪੰਦਰਾਂ ਲੱਖ ਰੁਪਏ ਗੁਰਦੀਪ ਦੇ ਅਮਰੀਕਾ ਵਿੱਚ ਦਾਖਲ ਹੋਣ ਪਿੱਚੋਂ ਲੈਣ ਦਾ ਵਾਅਦਾ ਕੀਤਾ ਸੀ, ਪਰ ਕੁਲਵਿੰਦਰ ਸਿੰਘ ਮੁਲਤਾਨੀ ਨੇ ਗੁਲਦੀਪ ਤੇ ਹੋਰ ਨੌਜਵਾਨਾਂ ਨੂੰ ਮਨੁੱਖੀ ਸਮੱਗਲਿੰਗ ਰਾਹੀਂ ਅਮਰੀਕਾ ਭੇਜਣ ਦਾ ਯਤਨ ਕੀਤਾ ਤੇ ਕਿਸ਼ਤੀ ਦੇ ਡੁੱਬਣ ਕਾਰਨ ਉਹ ਲਾਪਤਾ ਹੋ ਗਿਆ ਹੈ।