ਦੂਸਰੇ ਵਿਆਹ ਕਾਰਣ ਐਸ ਪੀ ਦੀਆਂ ਮੁਸ਼ਕਿਲਾਂ ਹੋਰ ਵਧੀਆਂ
ਹੁਸ਼ਿਆਰਪੁਰ, 17 ਜਨਵਰੀ (ਪੰਜਾਬ ਮੇਲ) – ਪਠਾਨਕੋਟ ਵਿੱਚ ਹੋਏ ਦਹਿਸ਼ਤਗਰਦ ਹਮਲੇ ਪਿੱਛੋਂ ਵਿਵਾਦਾਂ ਵਿੱਚ ਘਿਰੇ ਹੋਏ ਐਸ ਪੀ ਸਲਵਿੰਦਰ ਸਿੰਘ ਦੀਆਂ ਮੁਸ਼ਕਿਲਾਂ ਉਸ ਸਮੇਂ ਹੋਰ ਵਧ ਗਈਆਂ, ਜਦੋਂ ਕਰਨਜੀਤ ਕੌਰ ਨਾਂਅ ਦੀ ਔਰਤ ਨੇ ਸਲਵਿੰਦਰ ਸਿੰਘ ਉੱਤੇ ਉਸ ਨਾਲ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਦੇ ਦੋਸ਼ਾਂ ਬਾਰੇ ਜਾਂਚ ਅਧਿਕਾਰੀ ਕੋਲ ਆਪਣੇ ਬਿਆਨ ਕਲਮਬੰਦ ਕਰਵਾ ਦਿੱਤੇ।
ਵਰਨਣ ਯੋਗ ਹੈ ਕਿ ਉਕਤ ਔਰਤ ਵੱਲੋਂ ਲਾਏ ਦੋਸ਼ਾਂ ਬਾਰੇ ਡੀ ਜੀ ਪੀ ਸੁਰੇਸ਼ ਅਰੋੜਾ ਨੇ ਜ਼ਿਲਾ ਪੁਲਸ ਮੁਖੀ ਧਨਪ੍ਰੀਤ ਕੌਰ ਰੰਧਾਵਾ ਨੂੰ ਜਾਂਚ ਦੇ ਹੁਕਮ ਦਿੱਤੇ ਸਨ। ਕਰਨਜੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਐਸ ਪੀ ਸਲਵਿੰਦਰ ਸਿੰਘ ਨੇ ਧੋਖੇ ਨਾਲ ਉਸ ਨਾਲ ਦੂਜਾ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਇਕ ਬੇਟਾ ਏਗਨ ਸਹਿਲਪ੍ਰੀਤ ਸਿੰਘ ਪੈਦਾ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਸਲਵਿੰਦਰ ਸਿੰਘ ਨੇ ਵਿਆਹ ਤੋਂ ਬਾਅਦ ਸਾਰੇ ਸਬੂਤ ਮਿਟਾ ਦਿੱਤੇ ਤੇ ਆਪਣੇ ਪ੍ਰਭਾਵ ਕਾਰਨ ਪੁਲਸ ਵਿਭਾਗ ਵਿੱਚ ਉਸ ਦੀ ਕੋਈ ਸੁਣਵਾਈ ਨਹੀਂ ਹੋਣ ਦਿੱਤੀ। ਕਰਨਜੀਤ ਕੌਰ ਨੇ ਆਪਣੇ ਲੜਕੇ ਦਾ ਡੀ ਐਨ ਏ ਟੈਸਟ ਕਰਵਾਉਣ ਲਈ ਵੀ ਮੁੱਖ ਮੰਤਰੀ ਅਤੇ ਡੀ ਜੀ ਪੀ ਤੋਂ ਮੰਗ ਕੀਤੀ ਸੀ। ਕਰਨਜੀਤ ਕੌਰ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਇਕ ਸਹੇਲੀ ਦੇ ਰਾਹੀਂ ਉਹ 1994 ਵਿੱਚ ਉਸ ਸਮੇਂ ਦੇ ਏ ਐਸ ਆਈ ਸਲਵਿੰਦਰ ਸਿੰਘ ਦੇ ਸੰਪਰਕ ਵਿੱਚ ਆਈ ਸੀ ਤੇ ਉਸੇ ਸਾਲ ਉਸ ਨੇ ਉਸ ਨਾਲ ਵਿਆਹ ਕਰਾਇਆ ਸੀ। ਇਸ ਤੋਂ ਬਾਅਦ ਵੱਖ-ਵੱਖ ਸਥਾਨਾਂ ਉੱਤੇ ਐਸ ਐਚ ਓ ਤੈਨਾਤ ਰਹਿੰਦਿਆਂ ਸਲਵਿੰਦਰ ਸਿੰਘ ਨੇ ਉਸ ਨੂੰ ਆਪਣੇ ਨਾਲ ਰੱਖਿਆ ਸੀ। ਜਦੋਂ ਉਸ ਨੇ ਸਲਵਿੰਦਰ ਸਿੰਘ ਦੇ ਬੇਟੇ ਨੂੰ ਜਨਮ ਦਿੱਤਾ ਤਾਂ ਉਸ ਤੋਂ 9 ਮਹੀਨੇ ਬਾਅਦ ਉਹ ਉਨ੍ਹਾਂ ਨੂੰ ਇਕੱਲਿਆ ਛੱਡ ਗਿਆ ਤੇ ਉਨ੍ਹਾਂ ਤੋਂ ਕੰਨੀ ਕਤਰਾਉਣ ਲੱਗਾ। ਫਿਰ ਉਸ ਨੂੰ ਪਤਾ ਲੱਗਾ ਕਿ ਸਲਵਿੰਦਰ ਸਿੰਘ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ ਤੇ ਪਹਿਲੇ ਵਿਆਹ ਤੋਂ ਵੀ ਉਸ ਦਾ ਇਕ ਬੇਟਾ ਤੇ ਦੋ ਬੇਟੀਆਂ ਹਨ। ਉਸ ਨੇ ਦੱਸਿਆ ਕਿ ਆਰਥਿਕ ਪੱਖੋਂ ਤੰਗ ਹੋਣ ਕਾਰਨ ਉਹ ਅਦਾਲਤ ਵਿੱਚ ਕਿਸੇ ਤਰ੍ਹਾਂ ਦਾ ਕੇਸ ਦਾਇਰ ਕਰਨ ਤੋਂ ਅਸਮਰੱਥ ਰਹੀ, ਪ੍ਰੰਤੂ ਉਸ ਵੱਲੋਂ 2013 ਵਿੱਚ ਪੁਲਸ ਦੇ ਉਚ ਅਧਿਕਾਰੀਆਂ ਕੋਲ ਕੀਤੀ ਸ਼ਿਕਾਇਤ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪੁਲਸ ਵੱਲੋਂ ਇਸ ਮਾਮਲੇ ਬਾਰੇ ਉਸ ਦੇ ਮੁਹੱਲੇ ਦੇ ਲੋਕਾਂ ਦੇ ਬਿਆਨ ਵੀ ਕਲਮਬੰਦ ਕੀਤੇ ਹੋਏ ਸਨ।
ਜ਼ਿਲਾ ਪੁਲਸ ਮੁਖੀ ਧਨਪ੍ਰੀਤ ਕੌਰ ਰੰਧਾਵਾ ਨੇ ਪੁਸ਼ਟੀ ਕੀਤੀ ਹੈ ਕਿ ਕਰਨਜੀਤ ਕੌਰ ਨੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਤੇ 20 ਜਨਵਰੀ ਤੱਕ ਰਿਪੋਰਟ ਬਣਾ ਕੇ ਡੀ ਜੀ ਪੀ ਪੰਜਾਬ ਨੂੰ ਭੇਜ ਦਿੱਤੀ ਜਾਵੇਗੀ।
..........................................................
ਟਿੱਪਣੀ:-ਪੰਜਾਬ ਵਿਚ ਜਿਨ੍ਹਾਂ ਐਸ,ਪੀ. ਅਤੇ ਇਸ ਤੋਂ ਉਪਰਲੇ ਪੁਲਸ ਅਧਿਕਾਰੀਆਂ ਨੇ ਆਈ.ਪੀ.ਐਸ. ਨਹੀਂ ਕੀਤਾ ਹੋਇਆ ਉਨ੍ਹਾਂ ਸਭ ਦੀ ਲਿਆਕਤ ਬਾਰੇ ਜਾਂਚ ਕਰਨ ਦੀ ਲੋੜ ਹੈ।
ਅਮਰ ਜੀਤ ਸਿੰਘ ਚੰਦੀ