‘ਆਪ’ ਰਹੀਂ ਖਿੱਚ ਦਾ ਕੇਂਦਰ
ਪੰਜਾਬ ਨੂੰ ਭਿ੍ਸ਼ਟਾਚਾਰ ਤੇ ਨਸ਼ਾ ਮੁਕਤ ਕਰਨ ਦਾ ਅਹਿਦ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਮਾਘੀ ਮੇਲੇ ਮੌਕੇ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਬਾਦਲ ਸਰਕਾਰ ਨੂੰ ਚੱਲਦਾ ਕਰਕੇ ‘ਆਪ’ ਦੀ ਸਰਕਾਰ ਬਣਾਉਣ | ਸ੍ਰੀ ਕੇਜਰੀਵਾਲ ਨੇ ਬੜੇ ਭਾਵੁਕ ਹੋ ਕੇ ਕਿਹਾ ਕਿ ਮਿਹਨਤੀ ਸੁਭਾਅ ਵਾਲੇ ਪੰਜਾਬ ਦੇ ਲੋਕਾਂ ਨੂੰ ਮੌਜੂਦਾ ਸਰਕਾਰ ਨੇ ਖੁਦਕੁਸ਼ੀਆਂ ਦੇ ਰਾਹ ਤੋਰ ਦਿੱਤਾ ਹੈ | ਉਨ੍ਹਾਂ ਐਲਾਨ ਕੀਤਾ ਕਿ ਅਗਲੇ ਵਰ੍ਹੇ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਦੀ ਜਾਂਚ ਲਈ ਕਮਿਸ਼ਨ ਬਿਠਾਇਆ ਜਾਵੇਗਾ ਤੇ ਦੋਸ਼ੀ ਲੋਕਾਂ ਨੂੰ ਜੇਲ੍ਹ ਦਾ ਰਾਹ ਵਿਖਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦਿੱਲੀ ‘ਚ 1984 ‘ਚ ਸਿੱਖ-ਕਤਲੇਆਮ ਹੋਇਆ ਪਰ ਭਾਜਪਾ ਦੀ ਸਰਕਾਰ ਆਉਣ ‘ਤੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ | ਜਦ ਦਿੱਲੀ ‘ਚ ‘ਆਪ’ ਦੀ ਸਰਕਾਰ ਬਣੀ ਤਾਂ ਪਹਿਲੀ ਵਾਰ ਦਿੱਲੀ ਦੇ ਦੰਗਿਆਂ ਦੀ ਜਾਂਚ ਬਾਰੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਹੋਇਆ | ‘ਆਪ’ ਸਰਕਾਰ ਨੇ ਪੀੜਤ ਵਿਅਕਤੀਆਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਦਿੱਤਾ | ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਜਾਨ ਦੇਣ ਵਾਲੇ ਪੁਲਿਸ ਤੇ ਫੌਜੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤੇ ਐਲਾਨ ਕੀਤਾ ਕਿ ਪੰਜਾਬ ‘ਚ ਆਪ ਦੀ ਸਰਕਾਰ ਬਣਦਿਆਂ ਹੀ ਪਠਾਨਕੋਟ ‘ਚ ਸ਼ਹੀਦ ਹੋਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇਗਾ | ਪੰਜਾਬ ਸਰਕਾਰ ‘ਤੇ ਨਸ਼ਾ ਵਪਾਰ ਵਧਾਉਣ ਦਾ ਦੋਸ਼ ਲਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੇ ਸ: ਬਿਕਰਮ ਸਿੰਘ ਮਜੀਠੀਆ ਵਰਗੇ ਆਗੂਆਂ ਨੂੰ ਵੀ ਜੇਲ੍ਹ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀਆਂ ਵਿਚਾਲੇ ਕੋਈ ਫਰਕ ਨਹੀਂ ਹੈ | ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਦੱਸਣ ਕਿ ਸ: ਮਜੀਠੀਆ ਵਿਰੁੱਧ ਸੀ. ਬੀ. ਆਈ. ਦੀ ਜਾਂਚ ਦਾ ਉਹ ਵਿਰੋਧ ਕਿਉਂ ਕਰਦੇ ਰਹੇ | ਉਨ੍ਹਾਂ ਦਾ ਸ: ਮਜੀਠੀਆ ਨਾਲ ਅਜਿਹਾ ਕੀ ਪਿਆਰ ਤੇ ਰਿਸ਼ਤਾ ਹੈ | ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਪਾਉਣ ਦੀ ਗਲਤੀ ਕਰ ਲਈ ਤਾਂ ਇਹ ਦੋਵੇਂ ਧਿਰਾਂ ਵਾਰੋ-ਵਾਰੀ ਰਾਜ ਕਰਨ ਦਾ ਧਰਮ ਹੀ ਪਾਲਣਗੀਆਂ | ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ | ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਵਿਚ ਦਿੱਲੀ ਦਾ ਬਜਟ ਪਾਸ ਕਰਨ ਤੋਂ ਬਾਅਦ ਉਹ 15-20 ਦਿਨ ਪੰਜਾਬ ਵਿਚ ਰਹਿਣਗੇ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਵਿਉਂਤਬੰਦੀ ਕਰਨਗੇ | ਪੰਜਾਬ ਵਿਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦੀਆਂ ਘਟਨਾਵਾਂ ਉਪਰ ਅਫ਼ਸੋਸ ਜ਼ਾਹਿਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਭਿ੍ਸ਼ਟ ਤੇ ਲੋਟੂ ਨੀਤੀਆਂ ਕਾਰਨ ਹੀ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਹਨ |
ਦਿੱਲੀ ਸਰਕਾਰ ਨੇ ਦਿੱਲੀ ਵਿਚ ਕਿਸਾਨਾਂ ਨੂੰ 50 ਹਜ਼ਾਰ ਰੁਪਏ ਹੈਕਟੇਅਰ ਮੁਆਵਜ਼ਾ ਦਿੱਤਾ ਹੈ, ਜਿਸ ਕਾਰਨ ਉਥੇ ਖੁਦਕੁਸ਼ੀ ਦੀ ਇਕ ਵੀ ਘਟਨਾ ਨਹੀਂ ਵਾਪਰੀ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਸਰਕਾਰ ਬਣਨ ‘ਤੇ ਮੁਆਵਜ਼ੇ ਦੀ ਰਕਮ ਇੰਨੀ ਹੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਖਤਮ ਹੋ ਜਾਵੇ ਤਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕੋਈ ਸਮੱਸਿਆ ਨਹੀਂ ਹੋਵੇਗੀ | ਕੇਜਰੀਵਾਲ ਨੇ ਕਿਹਾ ਕਿ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ‘ਆਪ’ ਦੀ ਸਰਕਾਰ ਬਣਨ ਬਾਅਦ ਜੇਲ੍ਹ ਭੇਜਾਂਗੇ | ਉਨ੍ਹਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ‘ਤੇ ਕੁਨਬਾਪ੍ਰਸਤੀ ਦਾ ਦੋਸ਼ ਲਾਉਂਦਿਆਂ ਸਵਾਲ ਕੀਤਾ ਕਿ ਉਹ ਦੱਸਣ ਕਿ ‘ਸਿੱਖ’ ਕੌਣ ਹੁੰਦਾ ਹੈ, ਉਨ੍ਹਾਂ ਆਪ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਉਹ ਹੰੁਦਾ ਹੈ ਜੋ ਲੋਕਾਂ ਲਈ ਆਪਣੇ ਪਰਿਵਾਰ ਵਾਰ ਦਿੰਦਾ ਹੈ | ਸਿੱਖ ਗੁਰੂਆਂ ਨੇ ਇਹ ਗੱਲ ਆਪਣੇ ਜੀਵਨ ‘ਚ ਸਾਬਤ ਕੀਤੀ ਹੈ |
ਉਨ੍ਹਾਂ ਕਿਹਾ ਕਿ ਲੋਕਾਂ ਦੇ ਸਿਰ ‘ਤੇ ਆਪਣਾ ਪਰਿਵਾਰ ਪਾਲਣ ਵਾਲੇ ਸ: ਬਾਦਲ ਦੱਸਣ ਕਿ ਉਹ ਸਿੱਖ ਕਿੱਦਾਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਬਾਅਦ ਬੈਠਣ ਵਾਲਾ ਜਾਂਚ ਕਮਿਸ਼ਨ ਪਿਛਲੇ ਸਾਲਾਂ ਦੌਰਾਨ ਦਲਿਤਾਂ ਨਾਲ ਹੋਣ ਵਾਲੀਆਂ ਵਧੀਕੀਆਂ ਦੀ ਵੀ ਜਾਂਚ ਕਰੇਗਾ | ਉਨ੍ਹਾਂ ਕਿਹਾ ਕਿ ਮੈਨੂੰ ਹਕੂਮਤੀ ਧਿਰ ਦੇ ਡਰਾਵਿਆਂ ਦੀ ਚਿੰਤਾ ਨਹੀਂ, ਮੈਂ ਤਾਂ ਉਨ੍ਹਾਂ ਦੇ ਦਿੱਲੀ ‘ਚ ਬੈਠੇ ‘ਤਾਊ’ ਨਰਿੰਦਰ ਮੋਦੀ ਤੋਂ ਵੀ ਨਹੀਂ ਡਰਿਆ | ਉਨ੍ਹਾਂ ਕਿਹਾ ਸੀ. ਬੀ. ਆਈ. ਤੋਂ ਮੁਲਾਇਮ ਸਿੰਘ ਯਾਦਵ ਤੇ ਮਾਇਅਵਤੀ ਡਰ ਸਕਦੀ ਹੈ ਮੈਂ ਨਹੀਂ |
‘ਆਪ’ ਦੀ ਕਾਨਫਰੰਸ ਨੂੰ ਪੰਜਾਬ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ, ਇੰਚਾਰਜ਼ ਸੰਜੇ ਸਿੰਘ, ਸ: ਹਿੰਮਤ ਸਿੰਘ ਸ਼ੇਰਗਿੱਲ, ਆਸ਼ੂਤੋਸ਼, ਜਸਬੀਰ ਸਿੰਘ ਬੀਰ, ਯੂਥ ਵਿੰਗ ਪੰਜਾਬ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਲੋਕ ਸਭਾ ਮੈਂਬਰ ਪ੍ਰੋ: ਸਾਧੂ ਸਿੰਘ, ਸ: ਸੁਖਪਾਲ ਸਿੰਘ ਖਹਿਰਾ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਪ੍ਰੋ: ਬਲਜਿੰਦਰ ਕੌਰ ਸਮੇਤ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਜਗਦੀਪ ਸਿੰਘ ਕਾਕਾ ਬਰਾੜ, ਜਗਦੀਪ ਸਿੰਘ ਸੰਧੂ, ਅਸ਼ੋਕ ਨਾਗਲੀਆ, ਰਕੇਸ਼ ਰਾਣਾ, ਜਰਨੈਲ ਮਣੀ, ਰਮੇਸ਼ ਅਰਨੀਵਾਲਾ ਕਨਵੀਨਰ, ਜਸਦੇਵ ਸਿੰਘ ਸੰਧੂ ਇੰਚਾਰਜ ਮਲੋਟ ਵੀ ਹਾਜ਼ਰ ਸਨ | ਮੰਚ ਦਾ ਸੰਚਾਲਨ ਪੰਜਾਬ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕੀਤਾ | ਕਾਨਫਰੰਸ ‘ਚ ਸ੍ਰੀ ਕੇਜਰੀਵਾਲ ਨੂੰ ਸ: ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਨੇ ਪੱਗੜੀ ਬਣਵਾਈ ਅਤੇ ਸਿਰੀ ਸਾਹਿਬ ਭੇਟ ਕੀਤੀ |