ਚੰਡੀਗੜ੍ਹ ਦੀਆਂ ਸੜਕਾਂ ‘ਤੇ ਸਰੇਆਮ ਵਿਕ ਰਹੇ ਨਸ਼ੇ ਦੇ ਪਰਾਂਠੇ
ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)- ਸ਼ਹਿਰ ਵਿੱਚ ਕੁਝ ਜਗ੍ਹਾ ਨਸ਼ੇ ਦੇ ਪਰੌਂਠੇ ਵਿਕ ਰਹੇ ਹਨ। ਇਹ ਜਾਣਕਾਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਪੀ ਬੀ ਬਜੰਤਰੀ ਦੀ ਅਗਵਾਈ ਵਾਲੀ ਬੈਂਚ ਨੇ ਕੱਲ੍ਹ ਇਥੇ ਪੰਜਾਬ ਵਿੱਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦੇ ਮਾਮਲੇ ਵਿੱਚ ਸੁਣਵਾਈ ਦੌਰਾਨ ਦਿੱਤੀ। ਹਾਈ ਕੋਰਟ ਨੇ ਇਹ ਸ਼ੱਕ ਪ੍ਰਗਟਾਇਆ ਕਿ ਕੁਝ ਵਿਦਿਅਕ ਸੰਸਥਾਵਾਂ ਦੇ ਬਾਹਰ ਕੁਝ ਲੋਕ ਡਰੱਗ ਤੇ ਨਸ਼ੀਲੇ ਪਦਾਰਥ ਵੇਚ ਰਹੇ ਹਨ। ਇਸ ‘ਤੇ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਾਣਕਾਰੀ ਮੰਗੀ ਹੈ। ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ੍ਹ ਇਥੇ ਹਾਈ ਕੋਰਟ ਵਿੱਚ ਆਪਣੀ ਰਿਪੋਰਟ ਸੌਂਪਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਨਸ਼ੇ ਦੇ ਕਾਰੋਬਾਰ ‘ਤੇ ਲਗਾਮ ਲਗਾਉਣ ਦੇ ਲਈ ਕੀ ਕੀ ਕਦਮ ਚੁੱਕੇ ਹਨ।
ਚੰਡੀਗੜ੍ਹ ਦੇ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਕਮ ਡਰੱਗਸ ਕੰਟਰੋਲਰ ਡਾ. ਵੀ ਕੇ ਗਗਨੇਜਾ ਨੇ ਹਾਈ ਕੋਰਟ ਵਿੱਚ ਆਪਣੀ ਰਿਪੋਰਟ ਸੌਂਪਦੇ ਹੋਏ ਦੱਸਿਆ ਕਿ ਬੱਚਿਆਂ ਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪ੍ਰਸ਼ਾਸਨ ਨੇ ਸਕੂਲਾਂ ਦੇ ਸਿਲੇਬਸ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਦੀ ਜਾਣਕਾਰੀ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਸੰਬੰਧਤ ਵਿਸ਼ੇ ਦੇ ਮਾਹਰਾਂ ਅਤੇ ਮਨੋਵਿਗਿਆਨੀਆਂ ਦੀ ਮਦਦ ਲਈ ਜਾ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਤੈਅ ਕਰਨਾ ਜ਼ਰੂਰੀ ਹੈ ਕਿ ਸ਼ਹਿਰ ਵਿੱਚ ਕੁਝ ਖਾਸ ਦਵਾਈਆਂ, ਜਿਨ੍ਹਾਂ ਵਿੱਚ ਡਰੱਗਸ ਹੁੰਦੀ ਹੈ, ਦੇ ਸਟਾਕ ਨੂੰ ਸੀਮਿਤ ਕੀਤਾ ਜਾਏ, ਖਾਸ ਤੌਰ ‘ਤੇ ਸ਼ਹਿਰ ਦੇ ਪਿੰਡਾਂ ਵਿੱਚ ਜਿਨ੍ਹਾਂ ਦੀ ਸੀਮਾ ਪੰਜਾਬ ਨਾਲ ਲੱਗਦੀ ਹੈ। ਅਜਿਹੇ ਮਾਮਲੇ ਵਿੱਚ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨਾਲ ਸਹਿਯੋਗ ਕਰਨ ਲਈ ਡਰੱਗ ਕੰਟਰੋਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਉਥੇ ਹੀ ਸ਼ਹਿਰ ਵਿੱਚ ਇੱਕ ਪੁਲਸ ਸਟੇਸ਼ਨ ਦਾ ਯੂਨਿਟ ਤੈਅ ਕੀਤਾ ਜਾਏਗਾ, ਜੋ ਤਸਕਰੀ ਦੀ ਸੂਚਨਾ ਮਿਲਣ ‘ਤੇ ਕਾਰਵਾਈ ਕਰੇ। ਕੋਸ਼ਿਸ਼ ਹੋਵੇਗੀ ਕਿ ਇਸ ਯੂਨਿਟ ਦੇ ਖੇਤਰ ਅਧਿਕਾਰ ਵਿੱਚ ਪੂਰਾ ਸ਼ਹਿਰ ਹੋਵੇ ਅਤੇ ਅਧਿਕਾਰੀ ਡਰੱਗ ਕੰਟਰੋਲ ਅਧਿਕਾਰੀ ਦੇ ਨਾਲ ਤਾਲਮੇਲ ਨਾਲ ਕੰਮ ਕਰਨ। ਉਥੇ ਹੀ ਹੋਰ ਸਾਰੇ ਵਿਸ਼ਿਆਂ ਦੇ ਲਈ ਪ੍ਰਸ਼ਾਸਨ ਨੇ ਤੈਅ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਬਾਕੀ ਸਾਰੇ ਮਾਮਲਿਆਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਹੀ ਕਾਰਵਾਈ ਕਰ ਸਕਦਾ ਹੈ।