ਮਨਪ੍ਰੀਤ ਬਾਦਲ ਅੱਜ ਹੋਣਗੇ ਕਾਂਗਰਸ ‘ਚ ਸ਼ਾਮਲ
ਚੰਡੀਗੜ੍ਹ, 14 ਜਨਵਰੀ (ਪੰਜਾਬ ਮੇਲ)- ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਸ਼ੁੁੱਕਰਵਾਰ ਨੂੰ ਕਾਂਗਰਸ ‘ਚ ਸ਼ਾਮਲ ਹੋਣ ਜਾ ਰਹੇ ਹਨ। ਉਹ ਨਵੀਂ ਦਿੱਲੀ ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਆਫਿਸ ‘ਚ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ‘ਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰਨਗੇ।
ਵੀਰਵਾਰ ਨੂੰ ਮਾਘੀ ਮੇਲੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਚ ਹੋਈ ਕਾਂਗਰਸ ਦੀ ਸਿਆਸੀ ਕਾਨਫਰੰਸ ਤੋਂ ਤੁਰੰਤ ਬਾਅਦ ਮਨਪ੍ਰੀਤ ਬਾਦਲ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸੂਬਾ ਇੰਚਾਰਜ ਸ਼ਕੀਲ ਅਹਿਮਦ ਤੇ ਪ੍ਰਚਾਰ ਕਮੇਟੀ ਦੀ ਮੁਖੀ ਅੰਬਿਕਾ ਸੋਨੀ ਦੇ ਨਾਲ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਸਨ।
ਮਨਪ੍ਰੀਤ ਸਿੰਘ ਬਾਦਲ ਨੇ 1995 ‘ਚ ਗਿੱਦੜਬਾਹਾ ਤੋਂ ਪਹਿਲੀ ਵਾਰ ਉਪ ਚੋਣ ਲੜੀ ਸੀ ਜਦੋਂ ਰਾਜ ਵਿਚ ਬੇਅੰਤ ਸਿੰਘ ਦੀ ਸਰਕਾਰ ਸੀ। ਉਹ ਉਸਦੋਂ ਬਾਅਦ 1997, 2002 ਅਤੇ 2007 ‘ਚ ਵੀ ਗਿੱਦੜਬਾਹਾ ਦੇ ਵਿਧਾਇਕ ਚੁਣੇ ਗਏ। ਮੰਨਿਆ ਜਾ ਰਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਆਪਣੀ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਸਕਦੇ ਹਨ।