ਪੰਜਾਬ ‘ਚ ਨਸ਼ੇੜੀਆਂ ਦੀ ਭਰਮਾਰ
ਪੰਜਾਬ ਦੇ ਦੋ ਲੱਖ 32 ਹਜ਼ਾਰ ਨੌਜਵਾਨ ਭੁੱਕੀ, ਡੋਡੇ ਤੇ ਹੈਰੋਇਨ ਦੇ ਨਸ਼ੇੜੀ
* 21 ਫੀਸਦੀ ਕਿਸਾਨ ਤੇ 27 ਫੀਸਦੀ ਮਜ਼ਦੂਰ ਨਸ਼ੇ ਦੀ ਮਾਰ ਹੇਠ
* 83 ਫੀਸਦੀ ਨੌਜਵਾਨ ਨਸ਼ੇੜੀ ਹੋ ਗਏ
ਚੰਡੀਗੜ੍ਹ, 10 ਜਨਵਰੀ (ਪੰਜਾਬ ਮੇਲ)- ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਵੱਲੋਂ ਪੰਜਾਬ ਵਿੱਚ ਨਸ਼ਾਖੋਰੀ ਦੇ ਹਾਲਾਤ ਜਾਨਣ ਲਈ ਏਮਜ਼ (ਆਲ ਇੰਡੀਆ ਮੈਡੀਕਲ ਇੰਸਟੀਚਿਊਟ) ਨਵੀਂ ਦਿੱਲੀ ਦੇ ਡਾਕਟਰਾਂ ਤੋਂ ਕਰਵਾਏ ਸਰਵੇਖਣ ਦੀ ਰਿਪੋਰਟ ਪੰਜਾਬ ਸਿਹਤ ਵਿਭਾਗ ਨੇ ਜ਼ਾਹਰ ਕੀਤੀ ਹੈ। ਇਸ ਵਿੱਚਚ ਪੰਜਾਬ ਦੇ 10 ਜ਼ਿਲਿਆਂ ਦੇ ਨਸ਼ਾ-ਛੁਡਾਊ ਕੇਂਦਰਾਂ ਦੇ 3620 ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ।
ਇਹ ਰਿਪੋਰਟ ਦੱਸਦੀ ਹੈ ਕਿ ਸਰਵੇਖਣ ਵਿੱਚ 76 ਫੀਸਦੀ ਨੌਜਵਾਨ ਅਜਿਹੇ ਮਿਲੇ, ਜਿਨ੍ਹਾਂ ਨੇ ਹੈਰੋਇਨ, ਡੋਡੇ, ਭੁੱਕੀ ਤੇ ਅਫੀਮ ਨਾਲ ਸਾਂਝ ਪਾ ਲਈ ਹੈ। ਇਨ੍ਹਾਂ ਵਿੱਚੋਂ 21 ਫੀਸਦੀ ਨੌਜਵਾਨ ਕਿਸਾਨ ਅਤੇ 27 ਫੀਸਦੀ ਮਜ਼ਦੂਰ ਸਨ। ਸਰਵੇਖਣ ਦੌਰਾਨ 29 ਫੀਸਦੀ ਨੌਜਵਾਨ ਅਜਿਹੇ ਮਿਲੇ, ਜਿਹੜੇ ਹੈਰੋਇਨ ਦੇ ਟੀਕੇ ਲਾਉਂਦੇ ਹਨ ਤੇ ਹਰ ਨੌਜਵਾਨ ਹੈਰੋਇਨ ਲਈ ਰੋਜ਼ਾ 1400 ਰੁਪਏ ਖਰਚਦਾ ਹੈ। ਇਨ੍ਹਾਂ ਵਿੱਚੋਂ 99 ਫੀਸਦੀ ਨੌਜਵਾਨਾਂ ਦੀ ਮਾਂ ਬੋਲੀ ਪੰਜਾਬੀ ਦੱਸੀ ਗਈ ਹੈ।
ਇਹ ਸਰਵੇਖਣ ਕੇਂਦਰੀ ਸਿਹਤ ਮੰਤਰਾਲੇ ਨੇ ਡਾਕਟਰਾਂ ਤੋਂ ਫਰਵਰੀ-ਅਪ੍ਰੈਲ 2015 ਵਿੱਚ ਕਰਵਾਇਆ ਸੀ। ਇਸ ਲਈ ਏਮਜ਼ ਦੇ ਡਾਕਟਰਾਂ ਨੇ ਪੰਜਾਬ ਸਿਹਤ ਵਿਭਾਗ ਦਾ ਸਾਥ ਲਿਆ ਸੀ। ਰਿਪੋਰਟ ਵਿੱਚ ਸਰਵੇਖਣ ਦੇ ਆਧਾਰ ਉੱਤੇ ਅਨੁਮਾਨਿਤ ਅੰਕੜੇ ਪੇਸ਼ ਕਰ ਕੇ ਦੱਸਿਆ ਗਿਆ ਕਿ ਪੰਜਾਬ ਵਿੱਚ ਦੋ ਲੱਖ 32 ਹਜ਼ਾਰ 856 ਨੌਜਵਾਨ ਅਜਿਹੇ ਮਿਲੇ, ਜੋ ਨਸ਼ੇ ਬਿਨਾਂ ਨਹੀਂ ਰਹਿ ਸਕਦੇ। ਇਹ ਸਰਵੇਖਣ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮੋਗਾ, ਪਟਿਆਲਾ, ਸੰਗਰੂਰ ਤੇ ਤਰਨ ਤਾਰਨ ਵਿੱਚ ਏਮਜ਼ ਦੇ ਡਾ. ਅਤੁਲ ਅੰਬੇਦਕਰ, ਡਾ. ਰਵਿੰਦਰ ਰਾਓ, ਡਾ. ਅਲੋਕ ਅਗਰਵਾਲ, ਡਾ. ਅਸ਼ਵਨੀ ਮਿਸ਼ਰਾ ਦੀ ਦੇਖ ਰੇਖ ਹੇਠ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਸਰਵੇਖਣ ‘ਚ ਸ਼ਾਮਲ ਨਸ਼ੇ ਦੇ ਆਦੀ ਨੌਜਵਾਨਾਂ ‘ਚੋਂ 89 ਫੀਸਦੀ ਪੜ੍ਹੇ ਲਿਖੇ ਅਤੇ ਕਈ ਡਿਗਰੀ ਪ੍ਰਾਪਤ ਸਨ ਤੇ ਉਨ੍ਹਾਂ ‘ਚੋਂ 83 ਫੀਸਦੀ ਨੌਜਵਾਨ ਰੁਜ਼ਗਾਰ ਪ੍ਰਾਪਤ ਵੀ ਸਨ। ਰਿਪੋਰਟ ਦੱਸਦੀ ਹੈ ਕਿ ਨਸ਼ੇ ਦੇ ਆਦੀ ਨੌਜਵਾਨਾਂ ‘ਚੋਂ 56 ਫੀਸਦੀ ਪੇਂਡੂ ਖੇਤਰਾਂ ‘ਚੋਂ ਸਨ। ਨੌਜਵਾਨਾਂ ‘ਚ ਸਭ ਤੋਂ ਵੱਧ ਹੈਰੋਇਨ ਦੀ ਵਰਤੋਂ ਦੇਖੀ ਗਈ, 53 ਫੀਸਦੀ ਨੌਜਵਾਨ ਹੈਰੋਇਨ ਦੇ ਆਦੀ ਮਿਲੇ, 33 ਫੀਸਦੀ ਨੌਜਵਾਨ ਅਫੀਮ, ਡੋਡੇ ਤੇ ਭੁੱਕੀ ਦੇ ਆਦੀ ਸਨ, 14 ਫੀਸਦੀ ਨੌਜਵਾਨ ਹੋਰ ਨਸ਼ਿਆਂ ਦੇ ਆਦੀ ਮਿਲੇ। ਇਸ ਰਿਪੋਰਟ ‘ਚ ਇਹ ਵੀ ਦੱਸਿਆ ਕਿ ਨਸ਼ੀਲੀਆਂ ਦਵਾਈਆਂ ਲੈਣ ਵਾਲਾ ਹਰ ਨੌਜਵਾਨ 265 ਰੁਪਏ ਰੋਜ਼ ਨਸ਼ੇ ਲਈ ਖਰਚ ਰਿਹਾ ਹੈ। ਨਸ਼ਾਖੋਰੀ ਦੇ ਦੋਸ਼ ਹੇਠ ਜਿਹੜੇ ਨੌਜਵਾਨ ਜੇਲ ਗਏ, ਉਹ ਜੇਲ ਵਿੱਚ ਵੀ ਨਸ਼ੇ ਲੈਂਦੇ ਰਹੇ।
ਕੇਂਦਰ ਦੀ ਰਿਪੋਰਟ ਅਨੁਸਾਰ ਅਜਿਹਾ ਇਕ ਸਰਵੇਖਣ ਸਾਲ 2001 ਵਿੱਚ ਪੂਰੇ ਦੇਸ਼ ‘ਚ ਕੀਤਾ ਗਿਆ ਸੀ, ਜਿਸ ਵਿੱਚ ਪੰਜ ਲੱਖ ਵਿਅਕਤੀ ਉਪਰੋਕਤ ਨਸ਼ਿਆਂ ਦੇ ਆਦੀਆਂ ਵਜੋਂ ਸਾਹਮਣੇ ਆਏ ਸਨ। 80 ਫੀਸਦੀ ਨੌਜਵਾਨਾਂ ਨੇ ਨਸ਼ਾ ਛੱਡਣਾ ਚਾਹਿਆ, ਪ੍ਰੰਤੂ 35 ਫੀਸਦੀ ਨੂੰ ਮਦਦ ਮਿਲੀ। ਇਹ ਵੀ ਦੱਸਿਆ ਗਿਆ ਹੈ ਕਿ ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ ਦੀ ਕਾਰਜ ਪ੍ਰਣਾਲੀ ਦੇ ਹਿਸਾਬ ਪੰਜਾਬ ਵਿੱਚ ਉਪਰੋਕਤ ਨਸ਼ਿਆਂ ਦੇ ਆਦੀਆਂ ਨੂੰ ਨਸ਼ਾ ਮੁਕਤ ਕਰਨ ਲਈ 10 ਸਾਲ ਦਾ ਸਮਾਂ ਲੱਗੇਗਾ। ਰਿਪੋਰਟ ਨੇ ਪੰਜਾਬ ‘ਚ ਨਸ਼ਿਆਂ ਦੇ ਗੈਰ ਕਾਨੂੰਨੀ ਬਾਜ਼ਾਰ ਵੱਲ ਇਸ਼ਾਰਾ ਵੀ ਕੀਤਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਵੇਖਣ ਤੋਂ ਲਾਏ ਅਨੁਮਾਨਾਂ ਅਨੁਸਾਰ ਪੰਜਾਬ ‘ਚ ਉਪਰੋਕਤ ਨਸ਼ਿਆਂ ਦੇ ਆਦੀ ਲੋਕ ਰੋਜ਼ 20 ਕਰੋੜ ਰੁਪਏ ਇਨ੍ਹਾਂ ਨਸ਼ਿਆਂ ਲਈ ਖਰਚ ਕਰ ਰਹੇ ਹਨ। ਅਨੁਮਾਨ ਅਨੁਸਾਰ ਸੂਬੇ ‘ਚ 7575 ਕਰੋੜ ਰੁਪਏ ਸਾਲਾਨਾ ਉਪਰੋਕਤ ਨਸ਼ਿਆਂ ਲਈ ਖਰਚੇ ਜਾ ਰਹੇ ਹਨ।