ਪਠਾਨਕੋਟ ਦੇ ਏਅਰਬੇਸ ਸਟੇਸ਼ਨ ‘ਤੇ ਅੱਤਵਾਦੀ ਹਮਲਾ
– ਚਾਰ ਜਵਾਨ ਸ਼ਹੀਦ, ਪੰਜ ਅੱਤਵਾਦੀ ਢੇਰ, ਇਕ ਨਾਗਰਿਕ ਮਾਰਿਆ ਗਿਆ
-ਸਵੇਰੇ ਤਿੰਨ ਵਜੇ ਏਅਰਬੇਸ ਸਟੇਸ਼ਨ ਦੀ ਕੰਧ ਟੱਪ ਕੇ ਅੰਦਰ ਵੜੇ ਪੰਜ ਅੱਤਵਾਦੀ
– ਬਖ਼ਤਰਬੰਦ ਗੱਡੀਆਂ ‘ਤੇ ਅੱਤਵਾਦੀਆਂ ਨੇ ਵਰ੍ਹਾਈਆਂ ਗੋਲੀਆਂ
– ਹੈਲੀਕਾਪਟਰ ਤੇ ਡਰੋਨ ਨਾਲ ਅੱਤਵਾਦੀਆਂ ‘ਤੇ ਰੱਖੀ ਗਈ ਨਜ਼ਰ
– ਫ਼ੌਜੀ ਵਰਦੀ ਪਹਿਨ ਕੇ ਆਏ ਸਨ ਅੱਤਵਾਦੀ
–ਏਅਰਬੇਸ ਦੇ ਹਥਿਆਰ ਭੰਡਾਰ ਤੇ ਗੈਸ ਸਟੇਸ਼ਨ ਉਡਾਉਣ ਦੀ ਸੀ ਸਾਜ਼ਿਸ਼
-ਐਨਐਸਜੀ, ਫ਼ੌਜ ਤੇ ਪੰਜਾਬ ਪੁਲਸ ਦੇ ਕਮਾਂਡੋਜ਼ ਦਾ ਸਾਂਝਾ ਹੱਲਾ
ਪਠਾਨਕੋਟ, 2 ਜਨਵਰੀ (ਪੰਜਾਬ ਮੇਲ)- ਦੀਨਾਨਗਰ ਵਿਚ ਹੋਏ ਅੱਤਵਾਦੀ ਹਮਲੇ ਤੋਂ ਪੰਜ ਮਹੀਨੇ ਬਾਅਦ ਪੰਜਾਬ ਇਕ ਵਾਰ ਫਿਰ ਦਹਿਲ ਉੱਿਠਆ ਹੈ। ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 20 ਕਿਲੋਮੀਟਰ ਦੂਰ ਸਥਿਤ ਏਅਰਫੋਰਸ ਸਟੇਸ਼ਨ ਦੇ ਬੇਸ ਕੈਂਪ ‘ਤੇ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀਆਂ ਨੇ ਫ਼ੌਜ ਦੀ ਵਰਦੀ ਵਿਚ ਸ਼ਨਿਚਰਵਾਰ ਸਵੇਰੇ ਤਿੰਨ ਵਜੇ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਹੋਏ ਖ਼ੂਨੀ ਮੁਕਾਬਲੇ ਵਿਚ ਪੰਜ ਅੱਤਵਾਦੀ ਮਾਰੇ ਗਏ ਜਦਕਿ ਚਾਰ ਜਵਾਨ ਸ਼ਹੀਦ ਹੋ ਗਏ। ਸ਼ਹੀਦ ਜਵਾਨਾਂ ਵਿਚ ਦੋ ਏਅਰ ਫੋਰਸ ਦੇ ਅਤੇ ਦੋ ਏਅਰ ਫੋਰਸ ਸਟੇਸ਼ਨ ਦੀ ਸੁਰੱਖਿਆ ਵਿਚ ਤਾਇਨਾਤ ਡਿਫੈਂਸ ਸਕਿਓਰਟੀ ਕਾਪਸ (ਡੀਐਸਸੀ) ਦੇ ਹਨ। ਆਹਮੋ-ਸਾਹਮਣੀ ਗੋਲੀਬਾਰੀ ਵਿਚ ਇਕ ਨਾਗਰਿਕ ਦੀ ਜਾਨ ਚਲੀ ਗਈ। ਅੱਤਵਾਦੀਆਂ ਨਾਲ ਮੁਕਾਬਲੇ ਵਿਚ ਨੈਸ਼ਨਲ ਕਮਾਂਡੋ ਫੋਰਸ (ਐਨਐਸਜੀ) ਦੇ ਕੁਝ ਜਵਾਨ ਜ਼ਖਮੀ ਹੋਏ ਹਨ ਤੇ ਜਿਨ੍ਹਾਂ ਨੂੰ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਦੇਰ ਸ਼ਾਮ ਤਕ ਮੁਕਾਬਲਾ ਜਾਰੀ ਸੀ। ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੇ ਖ਼ਦਸ਼ੇ ਕਾਰਨ ਸੁਰੱਖਿਆ ਏਜੰਸੀਆਂ ਨੇ ਵੀ ਭਾਲ ਮੁਹਿੰਮ ਚਲਾਈ ਹੋਈ ਸੀ। ਇਸ ਦੌਰਾਨ ਹੈਂਡ ਗਰਨੇਡ ਚੱਲਣ ਤੇ ਗੋਲਾਬਾਰੀ ਦੀਆਂ ਆਵਾਜ਼ਾ ਰੁਕ ਰੁਕ ਕੇ ਆਉਂਦੀਆਂ ਰਹੀਆਂ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਏਅਰ ਫੋਰਸ ਸਟੇਸ਼ਨ ਦੇ ਹਥਿਆਰ ਭੰਡਾਰ, ਏਅਰ ਫੋਰਸ ਮੁਲਾਜ਼ਮਾਂ ਨੂੰ ਸਪਲਾਈ ਕੀਤੀ ਜਾਂਦੀ ਗੈਸ ਦੇ ਭੰਡਾਰ, ਫ਼ੌਜ ਦੇ ਹਸਪਤਾਲ, ਇਕ ਕੇਂਦਰੀ ਵਿਦਿਆਲਾ ਨੂੰ ਨਿਸ਼ਾਨਾ ਬਣਾਉਣ ਲਈ ਉਥੇ ਆਏ ਸਨ। ਸੁਰੱਖਿਆ ਏਜੰਸੀਆਂ ਦੀ ਚੌਕਸੀ ਸਦਕਾ ਹਥਿਆਰ ਭੰਡਾਰ ਤੇ ਗੈਸ ਭੰਡਾਰ ਤਕ ਪਹੁੰਚਣ ਵਿਚ ਨਾਕਾਮ ਰਹੇ ਹਨ। ਪ੍ਰਸ਼ਾਂਤ ਕੁਮਾਰ ਨਾਂ ਦੇ ਇਕ ਨੌਜਵਾਨ ਨੂੰ ਗੋਲੀਬਾਰੀ ਦੌਰਾਨ ਖੱਬੀ ਬਾਂਹ ਵਿਚ ਗੋਲੀ ਲੱਗੀ ਹੈ। ਉਸ ਦਾ ਸਿਵਲ ਹਸਪਤਾਲ ਵਿਚ ਇਲਾਜ ਕਰਵਾ ਕੇ ਘਰ ਭੇਜ ਦਿੱਤਾ ਗਿਆ ਹੈ।
ਘਟਨਾ ਵਾਲੀ ਥਾਂ ‘ਤੇ ਡੀਜੀ ਪੰਜਾਬ ਸੰਜੀਵ ਅਰੋੜਾ, ਬਾਰਡਰ ਜ਼ੋਨ ਦੇ ਅਧਿਕਾਰੀਆਂ ਨਾਲ ਕਈ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਫਸਰ ਇਸ ਕਾਰਵਾਈ ਦੌਰਾਨ ਉਥੇ ਮੌਜੂਦ ਰਹੇ। ਅੱਤਵਾਦੀ ਹਮਲੇ ਪਿੱਛੋਂ ਏਅਰਬੇਸ ਸਟੇਸ਼ਨ ਨੂੰ ਜਾਣ ਵਾਲੇ ਰਸਤੇ ਸੀਲ ਕਰ ਦਿੱਤੇ ਗਏ। ਨਲਵਾ ਨਹਿਰ ਨਾਲ ਲੱਗਦੇ ਏਅਰ ਫੋਰਸ ਸਟੇਸ਼ਨ ਦੇ ਮੇਨ ਗੇਟ ਦੇ ਸਾਰੇ ਰਸਤਿਆਂ ਵਿਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਏਅਰਫੋਰਸ ਦੀਆਂ ਬਖ਼ਤਰਬੰਦ ਗੱਡੀਆਂ ਜਦੋਂ ਏਅਰ ਫੋਰਸ ਸਟੇਸ਼ਨ ਤੋਂ ਬਾਹਰ ਆਈਆਂ ਤਾਂ ਉਸ ਦੇ ਸ਼ੀਸ਼ੇ ‘ਤੇ ਗੋਲੀਆਂ ਦੇ ਕਈ ਨਿਸ਼ਾਨ ਲੱਗੇ ਸਨ, ਜਿਸ ਤੋਂ ਸਪਸ਼ਟ ਸੀ ਕਿ ਅੱਤਵਾਦੀਆਂ ਨਾਲ ਗਹਿਗੱਚ ਮੁਕਾਬਲਾ ਹੋਇਆ ਹੈ।
ਬਕਸਾ
ਅੱਤਵਾਦੀ ਦੀ ਮਾਂ ਕਹਿੰਦੀ, ਪੁੱਤ ਰੋਟੀ ਖਾ ਲਈ!
ਵਾਰਦਾਤ ਤੋਂ ਪਹਿਲਾਂ ਇਕ ਅੱਤਵਾਦੀ ਨੇ ਮੋਬਾਈਲ ਰਾਹੀਂ ਆਪਣੀ ਮਾਂ ਨਾਲ ਗੱਲਬਾਤ ਕਰਕੇ ਫਿਦਾਇਨ ਹਮਲਾ ਕਰਨ ਬਾਰੇ ਦੱਸਿਆ ਤਾਂ ਮਾਂ ਨੇ ਕਿਹਾ ਕਿ ਪਹਿਲਾ ਰੋਟੀ ਖਾ ਲਈ। ਅੱਤਵਾਦੀਆਂ ਨੇ ਕੁਲ ਚਾਰ ਵਾਰ ਪਾਕਿਸਤਾਨ ਵਿਚ ਗੱਲਬਾਤ ਕੀਤੀ ਸੀ ਜਿਨ੍ਹਾਂ ਵਿੱਚੋਂ ਤਿੰਨ ਵਾਰ ਆਪਣੇ ਸਾਥੀਆਂ ਨਾਲ ਸੀ। ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਕੀਤੀ ਗਈ ਗੱਲਬਾਤ ਦੀ ਤੰਦ ਫੜ ਲਈ ਹੈ।
ਗੁਰਦਾਸਪੁਰ ਦੇ ਹਨ ਡੀਐਸਸੀ ਦੇ ਸ਼ਹੀਦ
ਡੀਐਸਸੀ ਦੇ ਸ਼ਹੀਦ ਜਵਾਨਾਂ ਦੀ ਸ਼ਨਾਖ਼ਤ ਕੁਲਵੰਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਚ ਚੱਕ ਸ਼ਰੀਫ, ਕਾਹਨੂੰਵਾਨ, ਗੁਰਦਾਸਪੁਰ ਤੇ ਕੈਪਟਨ ਫਤਹਿ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਚੰਦਾ ਲੁਬਾਣਾ, ਕਾਹਨੂੰਵਾਨ, ਗੁਰਦਾਸਪੁਰ ਵਜੋਂ ਹੋਈ ਹੈ। ਹਵਾਈ ਫ਼ੌਜ ਦੇ ਸ਼ਹੀਦ ਜਵਾਨਾਂ ਬਾਰੇ ਹਾਲੇ ਤਕ ਤਾਈਦ ਨਹੀਂ ਹੋ ਸਕੀ ਹੈ। ਮਾਰੇ ਗਏ ਇਕ ਨਾਗਰਿਕ ਬਾਰੇ ਵੀ ਪਤਾ ਨਹੀਂ ਲੱਗ ਸਕਿਆ ਹੈ।
ਤਿੰਨ ਦਿਨ ਪਹਿਲਾਂ ਦਾਖ਼ਲ ਹੋਏ ਸਨ ਭਾਰਤ ‘ਚ
ਦੱਸਿਆ ਗਿਆ ਹੈ ਕਿ ਅੱਤਵਾਦੀ ਤਿੰਨ ਦਿਨ ਪਹਿਲਾਂ ਨਰੋਟ ਜੈਮਲ ਸਿੰਘ ਸਰਹੱਦੀ ਖੇਤਰ ਰਾਹੀਂ ਭਾਰਤ ਵਿਚ ਵੜੇ ਸਨ। ਫ਼ੌਜ ਦੀ ਵਰਦੀ ਵਿਚ ਇਨ੍ਹਾਂ ਅੱਤਵਾਦੀਆਂ ਨੇ 31 ਦਸੰਬਰ ਦੀ ਰਾਤ ਨੂੰ ਐਸਪੀ ਸਲਵਿੰਦਰ ਸਿੰਘ ਦਾ ਸਰਹੱਦੀ ਪਿੰਡ ਕੋਹਾਲੀਆਂ ਲਾਗਿਓਂ ਅਗਵਾ ਕਰ ਲਿਆ ਸੀ। ਐਸਪੀ ਨੂੰ ਏਅਰਬੇਸ ਸਟੇਸ਼ਨ ਲਾਗੇ ਛੱਡ ਕੇ ਅੱਤਵਾਦੀ ਆਸ-ਪਾਸ ਦੇ ਜੰਗਲਾਂ ਵਿਚ ਲੁਕ ਗਏ। ਸ਼ਨਿਚਰਵਾਰ ਤੜਕੇ ਤਿੰਨ ਵਜੇ ਅੱਤਵਾਦੀ ਨਲਵਾ ਨਾਲੇ ਨੂੰ ਤੰਗ ਪੁਲੀ ਨੂੰ ਰਾਤ ਦੇ ਘੁਸਮੁਸੇ ਹਨੇਰੇ ਵਿਚ ਪਾਰ ਕਰ ਗਏ ਸਨ।
ਬਕਸਾ
ਤੇਜ਼ੀ ਨਾਲ ਤਾਇਨਾਤ ਹੋ ਗਈਆਂ ਲੜਾਕੂ ਟੁਕੜੀਆਂ
ਮੇਨ ਗੇਟ ਤੋਂ ਸਿਰਫ 500 ਮੀਟਰ ਦੂਰ ਸਥਿਤ ਪਾਣੀ ਦੀ ਟੈਂਕੀ ਲਾਗੇ ਜਿੱਥੇ ਏਅਰਫੋਰਸ ਦੇ ਅਫਸਰ ਤੇ ਜਵਾਨ ਰਹਿੰਦੇ ਹਨ, ਇਥੇ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਏਅਰ ਫੋਰਸ ਜਵਾਨਾਂ ਨੇ ਅੱਤਵਾਦੀ ਹਮਲੇ ਨੂੰ ਵੇਖਦਿਆਂ ਇਸ ਦੀ ਇਤਲਾਹ ਫ਼ੌਰੀ ਦਿੱਲੀ ਸਥਿਤ ਮੁੱਖ ਦਫ਼ਤਰ ਨੂੰ ਕੀਤੀ। ਦਿੱਲੀ ਤੋਂ ਰਾਸ਼ਟਰੀ ਸੁਰੱਖਿਆ ਗਾਰਡ ਦੇ 40 ਜਵਾਨਾਂ ਦੀ ਟੁਕੜੀ ਲਗਪਗ ਇਕ ਘੰਟੇ ਦੇ ਅੰਦਰ ਹੀ ਏਅਰ ਫੋਰਸ ਦੇ ਬੇਸ ਵਿਚ ਬਣੇ ਹਵਾਈ ਅੱਡੇ ‘ਤੇ ਪਹੁੰਚ ਗਈ। ਪੰਜਾਬ ਪੁਲਸ, ਏਅਰ ਫੋਰਸ ਦੇ ਜਵਾਨਾਂ ਨਾਲ ਫ਼ੌਜ ਦੀ ਇਕ ਟੁਕੜੀ ਦੇ ਨਾਲ ਨਾਲ ਪੰਜਾਬ ਪੁਲਸ ਦੇ ਸਵੈਟ ਕਮਾਂਡੋਜ਼ ਨੇ ਅੱਤਵਾਦੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਸੰਭਾਲ ਲਿਆ। ਅੱਤਵਾਦੀਆਂ ਨੇ ਏਕੇ-47 ਤੇ ਹੈਂਡ ਗਰਨੇਡ ਨਾਲ ਸੁਰੱਖਿਆਂ ਬਲਾਂ ‘ਤੇ ਹਮਲਾ ਕੀਤਾ। ਪਾਣੀ ਵਾਲੀ ਟੈਂਕੀ ਨਾਲ ਬਣੇ ਮਕਾਨਾਂ ਵਿਚ ਪਨਾਹ ਲੈਣ ਵਾਲੇ ਅੱਤਵਾਦੀਆਂ ‘ਤੇ ਹਮਲਾ ਕਰਦਿਆਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਕਿ ਘਰਾਂ ਵਿਚ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨੁਕਸਾਨ ਨਾ ਪੁੱਜੇ। ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਏਅਰ ਫੋਰਸ ਦੇ ਤਿੰਨ ਹੈਲੀਕਾਪਟਰ ਤੇ ਇਕ ਡਰੋਨ ਨੇ ਲਗਾਤਾਰ ਉਡਾਨ ਭਰ ਕੇ ਟੈਂਕੀ ਦੇ ਆਸ-ਪਾਸ ਲੁਕੇ ਅੱਤਵਾਦੀ ਲੱਭਣ ਲਈ ਹੈਲੀਕਾਪਟਰ ਤੋਂ ਸਰਚ ਲਾਈਟ ਮਾਰੀ।
ਬਕਸਾ- ਦੂਜਾ )2)
ਪਾਣੀ ਦੀ ਟੈਂਕੀ ਲਾਗੇ ਹੋਇਆ ਸੀ ਮੁਕਾਬਲਾ
ਇਕ ਹੋਰ ਚਸ਼ਮਦੀਦ ਕਰਮ ਚੰਦ ਨੇ ਦੱਸਿਆ ਕਿ ਉਹ ਇਸ ਏਅਰ ਸਟੇਸ਼ਨ ਲਾਗੇ ਬਣੇ ਸਤਿਸੰਗ ਭਵਨ ਵਿਚ ਰਾਤ ਨੂੁੰ ਡਿਊਟੀ ਦੇ ਰਿਹਾ ਸੀ। ਲਗਪਗ ਤਿੰਨ ਵਜੇ ਗੋਲੀਆਂ ਦੀ ਆਵਾਜ਼ ਸ਼ੁਰੂ ਹੋ ਗਈ। ਹੈਲੀਕਾਪਟਰ ਤੋਂ ਪਾਣੀ ਦੀ ਟੈਂਕੀ ਲਾਗੇ ਇੰਨੀ ਜ਼ੋਰਦਾਰ ਢੰਗ ਨਾਲ ਸਰਚ ਲਾਈਨ ਮਾਰੀ ਗਈ ਸੀ ਕਿ ਜਿਵੇਂ ਦਿਨ ਹੋ ਗਿਆ ਹੋਵੇ। ਗੋਲੀ ਚੱਲਣ ਦੌਰਾਨ ਹੈਂਡ ਗਰਨੇੜ ਚੱਲਣ ਨਾਲ ਧੂੰਏ ਦੀ ਗੁਬਾਰ ਉੱਡ ਰਹੀ ਸੀ। ਸਵੇਰੇ ਤਿੰਨ ਵਜੇ ਤੋਂ ਲੈ ਕੇ ਅੱਠ ਵਜੇ ਤਕ ਲਗਾਤਾਰ ਗੋਲੀ ਚੱਲਦੀ ਰਹੀ। ਬਾਅਦ ਵਿਚ ਗੋਲੀਬਾਰੀ ਰੁਕ ਰੁਕ ਕੇ ਹੋਣ ਦੀ ਆਵਾਜ਼ ਕੰਨ੍ਹੀਂ ਪੈਂਦੀ ਗਈ।
– See more at: http://punjabi.jagran.com/news/national-terrorist-attack-8441014.html#sthash.0nOUAI5m.dpuf