ਇੰਡੀਆਨਾ ਦਾ ਪੰਜਾਬੀ ਡਰੱਗ ਰੈਕੇਟ ‘ਚ ਅੜਿੱਕੇ
Posted On 30 Dec 2015
By : Punjab Mail USA
ਇੰਡੀਆਨਾ ਪੋਲਿਸ, 30 ਦਸੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਇੰਡੀਆਨਾ ਸੂਬੇ ਦੀ ਪੁਲਿਸ ਨੇ ਇੰਟਰਨੈਟ ਰਾਹੀਂ ਅਤੇ ਡਾਕ ਦੁਆਰਾ ਡਰੱਗ ਅਤੇ ਬੰਦੂਕਾਂ ਦਾ ਧੰਦਾ ਕਰਨ ਵਾਲੇ ਗਰੀਨਫੀਲਡ ਟਾਊਨ ਦੇ 20 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਗੁਰਿੰਦਰ ਸਿੰਘ ਖਹਿਰਾ ਵਿਰੁੱਧ ਡਰੱਗ ਸਮਗਲਿੰਗ ਅਤੇ ਨਾਜਾਇਜ਼ ਹਥਿਆਰ ਰੱਖਣ ਤੇ ਵੇਚਣ ਦੇ ਜੁਰਮ ਤਹਿਤ ਮੁਕੱਦਮਾ ਜਨਵਰੀ ਵਿਚ ਚੱਲੇਗਾ।
ਗੁਰਿੰਦਰ ਸਿੰਘ ਖਹਿਰਾ ਇੰਡੀਆਨਾਪੋਲਿਸ ਸਿਟੀ ਕੋਲ ਪੈਂਦੇ ਗਰੀਨਫੀਲਡ ਦਾ ਰਹਿਣ ਵਾਲਾ ਹੈ। ਪੁਲਿਸ ਦੇ ਬੁਲਾਰੇ ਸ਼ੈਰਿਫ ਕੈਂਪਟਿਨ ਜੈਫ ਰੇਸਚੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਰਿੰਦਰ ਉੱਪਰ ਸ਼ੱਕ ਉਦੋਂ ਹੋਇਆ, ਜਦ ਯੂ.ਐੱਸ. ਪੋਸਟਲ ਸਰਵਿਸ ਦੇ ਇਕ ਪੈਕੇਟ ਨੂੰ ਪੁਲਿਸ ਦੇ ਖੋਜੀ ਕੁੱਤੇ ਨੇ ਫੜ ਲਿਆ, ਜਿਸ ਵਿਚ ਡਰੱਗ ਸਮਗਲ ਕੀਤੀ ਜਾ ਰਹੀ ਸੀ। ਉਸ ਉੱਪਰ ਗੁਰਿੰਦਰ ਦਾ ਪਤਾ ਸੀ।
ਅਮਰੀਕੀ ਡਾਕ ਵਿਭਾਗ ਦੇ ਸਹਿਯੋਗ ਨਾਲ ਇੰਡੀਆਨਾਪੋਲਿਸ, ਐੱਫ.ਬੀ.ਆਈ. ਤੇ ਪ੍ਰੀਐਕਟਿਵ ਕ੍ਰਿਮੀਨਲ ਇਨਫੋਰਸਮੈਂਟ ਦੀ ਸਾਂਝੀ ਟੀਮ 6 ਮਹੀਨੇ ਪਹਿਲਾਂ ਗੁਰਿੰਦਰ ਸਿੰਘ ਖਹਿਰਾ ਦੀ ਨਿਗਰਾਨੀ ‘ਤੇ ਲੱਗ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਖਹਿਰਾ ਨੂੰ ਪੈਕਟ ਕੈਲੀਫੋਰਨੀਆ, ਕੋਲਰਾਡੋ ਅਤੇ ਹੋਰਨਾਂ ਸਟੇਟਾਂ ਤੋਂ ਆਉਂਦੇ ਸਨ।
ਪੁਖਤਾ ਸਬੂਤ ਮਿਲਣ ਪਿੱਛੋਂ ਸੁਰੱਖਿਆ ਏਜੰਸੀਆਂ ਦੀ ਸਾਂਝੀ ਟਾਸਕ ਫੋਰਸ ਅਤੇ 200 ਦੇ ਕਰੀਬ ਪੁਲਿਸ ਫੋਰਸ ਨੇ ਖਹਿਰਾ ਨੂੰ ਉਸਦੇ ਘਰੋਂ ਜਾ ਦਬੋਚਿਆ। ਤਲਾਸ਼ੀ ਦੌਰਾਨ ਗੁਰਿੰਦਰ ਸਿੰਘ ਦੇ ਕਮਰੇ ‘ਚੋਂ ਭੰਗ, ਕੋਕੀਨ, ਪੈਕੇਜਿੰਗ ਸਾਮਾਨ ਤੋਂ ਇਲਾਵਾ ਇਕ ਭਰਿਆ ਪਿਸਤੌਲ ਤੇ ਉਸਦੀ ਕਾਰ ਵਿਚੋਂ ਵੀ ਡਰੱਗ ਬਰਾਮਦ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗੁਰਿੰਦਰ ਸਿੰਘ ਦੇ ਕਮਰੇ ਵਿਚੋਂ ਕਈ ਪਿਸਤੌਲ ਤੇ ਹਥਿਆਰ ਮੰਗਵਾਉਣ ਵਾਲੇ ਖਾਲੀ ਡੱਬੇ ਬਰਾਮਦ ਕੀਤੇ ਗਏ, ਜਿੱਥੋਂ ਪਤਾ ਲੱਗਦਾ ਹੈ ਕਿ ਉਹ ਬਾਹਰੋਂ ਨਾਜਾਇਜ਼ ਹਥਿਆਰ ਮੰਗਵਾ ਕੇ ਵੇਚਦਾ ਸੀ।
ਖਹਿਰਾ ਪਰਿਵਾਰ ਦੇ ਘਰ ਪਏ ਪੁਲਿਸ ਛਾਪੇ ਤੋਂ ਉਨ੍ਹਾਂ ਦੇ ਆਂਢੀ-ਗੁਆਂਢੀ ਹੈਰਾਨ ਰਹਿ ਗਏ। ਗੁਰਿੰਦਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਦ ਪਤਾ ਨਹੀਂ ਸੀ ਕਿ ਉਹ ਆਪਣੇ ਕਮਰੇ ਵਿਚੋਂ ਡਰੱਗ ਜਾਂ ਹਥਿਆਰਾਂ ਦਾ ਰੈਕੇਟ ਚਲਾ ਰਿਹਾ ਸੀ।
ਗੁਰਿੰਦਰ ਸਿੰਘ ਖਹਿਰਾ ਨੂੰ ਹੈਨਕੁੱਕ ਕਾਊਂਟੀ ਜੇਲ੍ਹ ਵਿਚ ਰੱਖਿਆ ਗਿਆ ਹੈ। ਅਦਾਲਤ ਵਿਚ ਉਸ ਵਿਰੁੱਧ ਮੁੱਢਲੀ ਸੁਣਵਾਈ ਜਨਵਰੀ ‘ਚ ਹੋਵੇਗੀ।