ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
: ਭਗਉਤੀ ਸ਼ਬਦ ਬਾਰੇ ਵਿਚਾਰ ਵਟਾਂਦਰਾ –
: ਭਗਉਤੀ ਸ਼ਬਦ ਬਾਰੇ ਵਿਚਾਰ ਵਟਾਂਦਰਾ –
Page Visitors: 3508

-: ਭਗਉਤੀ ਸ਼ਬਦ ਬਾਰੇ ਵਿਚਾਰ ਵਟਾਂਦਰਾ –
ਕੁਝ ਦਿਨ ਪਹਿਲਾਂ ਫੇਸ ਬੁੱਕ ਤੇ ਭਗਉਤੀ ਸ਼ਬਦ ਬਾਰੇ ਵਿਚਾਰ ਵਟਾਂਦਰਾ ਚੱਲ ਰਿਹਾ ਸੀ।ਪੇਸ਼ ਹਨ ਉਸ ਵਿਚਾਰ ਵਟਾਂਦਰੇ ਦੇ ਕੁਝ ਅੰਸ਼-
ਜਲੌਰ ਬਰਾੜ:- ਮੈਂ ਇਸ ਭਾਈ (ਪ੍ਰੋ:ਦਰਸ਼ਨ ਸਿੰਘ ਜੀ) ਦੀ ਇਸ ਗੱਲ ਨਾਲ ਸਹਿਮਤ ਨਹੀਂ।
ਸ਼ਬਦ ‘ਭਗਉਤੀ’ ਅਕਾਲ ਪੁਰਖ ਦਾ ਪ੍ਰਤੀਕ ਕਿਉਂ ਨਹੀਂ ਹੋ ਸਕਦਾ?
ਜਸਬੀਰ ਸਿੰਘ ਫੁੱਲ:- ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ‘ਭਗਉਤੀ’ ਅੱਖਰ ਰੱਬ ਲਈ ਕਿਤੇ ਵੀ ਨਹੀਂ ਵਰਤਿਆ ਗਿਆ।ਇੱਕ ਰੱਬ ਦੇ ਭਗਤ / ਸੇਵਕ / ਉਪਾਸ਼ਕ ਲਈ ਵਰਤਿਆ ਗਿਆ ਹੈ।
ਜਲੌਰ ਬਰਾੜ:- ਨਾਮ ਭਾਵੇਂ ਕੋਈ ਵੀ ਲਿਆ ਹੋਵੇ ਕੋਈ ਫਰਕ ਨਹੀਂ।ਪਰ ਉਹ ਨਾਮ ਕਿਹੜੀ ਭਾਵਨਾ ਅਧੀਨ ਲਿਆ ਗਿਆ ਹੈ, ਗੱਲ ਓਥੇ ਨਿਬੜਦੀ ਹੈ।ਰਾਮ, ਕ੍ਰਿਸ਼ਨ ਆਦਿਕ ਬਹੁਤ ਨਾਮ ਹਨ …
ਜਸਬੀਰ ਸਿੰਘ ਵਿਰਦੀ:- ਗੁਰਬਾਣੀ, ਗਣਿਤ ਜਾਂ ਅਲਜ਼ਬਰੇ ਦਾ ਸਵਾਲ ਨਹੀਂ ਕਿ ਜੇ ਇਸ ਤਰ੍ਹਾਂ ਹੋ ਗਿਆ ਤਾਂ ਉਸ ਤਰ੍ਹਾਂ ਵੀ ਹੋ ਸਕਦਾ ਹੈ।ਅਰਥਾਤ ਰਾਮ, ਕ੍ਰਿਸ਼ਨ ਆਦਿ ਅਕਾਲ ਪੁਰਖ ਦਾ ਨਾਮ ਹੋ ਸਕਦਾ ਹੈ ਤਾਂ ‘ਭਗਉਤੀ’ ਕਿਉਂ ਨਹੀਂ ਹੋ ਸਕਦਾ? ਅਸੀਂ ਗੁਰੂ ਦੀ ਗੱਲ ਮੰਨਣੀ ਹੈ ਨਾ ਕਿ ਕਿਸੇ ਹੋਰ ਦੀ ਕਹੀ।ਅਸੀਂ ਆਪਣੇ ਮਨ ਦੀ ਮੱਤ ਨਾਲ ਕੋਈ ਸਿਧਾਂਤ ਨਹੀਂ ਘੜਨਾ।ਜੇ ਗੁਰੂ ਸਾਹਿਬਾਂ ਨੇ ਅਕਾਲ ਪੁਰਖ ਲਈ ਭਗਉਤੀ ਸ਼ਬਦ ਨਹੀਂ ਵਰਤਿਆ ਤਾਂ ਗੁਰੂ ਦੇ ਸਿੱਖ ਨੂੰ ਵੀ ਕੋਈ ਹੱਕ ਨਹੀਂ ਭਗਉਤੀ ਦਾ ਮਤਲਬ ਅਕਾਲ ਪੁਰਖ ਮੰਨਣ ਦਾ।
ਪਹਿਲਾਂ ਤਾਂ ਸਵਾਲ ਇਹ ਹੈ ਕਿ- ‘ਕੀ ਪ੍ਰਿਥਮ ਭਗਉਤੀ ਸਿਮਰ ਕੈ ….. ਸਭ ਥਾਈਂ ਹੋਇ ਸਹਾਇ’ ਅਰਦਾਸ ਵਾਲੀ ਪਉੜੀ ਗੁਰੂ ਸਾਹਿਬ ਨੇ ਖੁਦ ਉਚਾਰਣ ਕੀਤੀ ਹੈ?
(ਨੋਟ:- ਇਹ ਸਵਾਲ ਇਸ ਲਈ ਕੀਤਾ ਗਿਆ ਸੀ, ਕਿਉਂਕਿ ਅਰਦਾਸ ਦੀ ਦੂਸਰੀ ਪੰਗਤੀ ਵਿੱਚ ਲਫਜ਼ ਹਨ- “…. ਰਾਮਦਾਸੈ ਹੋਈ ਸਹਾਇ” ਜਿਸ ਦਾ ਸਾਫ ਮਤਲਬ ਬਣਦਾ ਹੈ ਕਿ ‘ਗੁਰੂ ਅੰਗਦ, ਗੁਰ ਅਮਰਦਾਸ ਅਤੇ ਰਾਮ ਦਾਸ ਦੇ ਭਗਉਤੀ ਦੇਵੀ ਸਹਾਈ ਹੋਈ(ਇਸਤ੍ਰੀ ਲਿੰਗ)।ਅਖੀਰ ਵਿੱਚ “…ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਏ”।ਅਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਲਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਹਿ ਸਕਦੇ। ਪਰ ਮੇਰਾ ਇਹ ਸਵਾਲ ਬਰਾੜ ਜੀ ਟਾਲ ਗਏ, ਕੋਈ ਜਵਾਬ ਨਹੀਂ ਦਿੱਤਾ)
ਪਰਮਾਤਮਾ ਲਈ ਕੋਈ ਵੀ ਨਾਮ ਵਰਤਿਆ ਜਾ ਸਕਦਾ ਹੈ।ਗੁਰਬਾਣੀ ਵਿੱਚ ‘ਭਗਉਤੀ ਸ਼ਬਦ ਅਨੇਕਾਂ ਵਾਰੀਂ ਆਇਆ ਹੈ।ਪਰ ਅਕਾਲ ਪੁਰਖ ਲਈ ਇੱਕ ਵਾਰੀਂ ਵੀ ਨਹੀਂ ਆਇਆ।ਗੁਰੂ ਸਾਹਿਬਾਂ ਨੇ ਕੁਝ ਸੋਚ ਕੇ ਹੀ ‘ਭਗਉਤੀ’ ਨਾਮ ਅਕਾਲ ਪੁਰਖ ਲਈ ਕਿਤੇ ਵੀ ਨਹੀਂ ਵਰਤਿਆ।
ਜਲੌਰ ਸਿੰਘ ਬਰਾੜ:- ਮੇਰਾ ਇਸ ਭਾਈ (ਪ੍ਰੋ: ਦਰਸ਼ਨ ਸਿੰਘ ਖਾਲਸਾ) ਪ੍ਰਤੀ ਇਹ ਸਵਾਲ ਹੈ ਕਿ ਜਦੋਂ ਇਹ ਜੱਥੇਦਾਰ ਦੇ ਅਹੁਦੇ ਤੇ ਤਾਇਨਾਤ ਸੀ ਇਹ ਅਰਦਾਸ ਕਰਦਾ ਹੋਵੇਗਾ ਤਾਂ ਕੀ ਓਦੋਂ ਇਹ ਇੱਕ ‘ਦੇਵੀ ਪੂਜਕ’ ਦੀ ਭਾਵਨਾ ਨਾਲ ਕਰਦਾ ਹੁੰਦਾ ਸੀ?
ਜਸਬੀਰ ਸਿੰਘ ਵਿਰਦੀ:- ਜਿਸ ਵੀ ਭਾਵਨਾ ਨਾਲ ਕਰਦਾ ਸੀ, ਜਦੋਂ ਇਸ ਭਾਈ ਨੂੰ ਸਮਝ ਆ ਗਈ, ਜਦੋਂ ਇਸ ਭਾਈ ਨੇ ਗ਼ਲਤੀ ਸਵਿਕਾਰ ਕਰ ਲਈ, ਤਾਂ ਇਸ ਸਵਾਲ ਦਾ ਕੋਈ ਮਤਲਬ ਨਹੀਂ ਬਣਦਾ।ਅਨਜਾਣੇ ਵਿੱਚ ਕੋਈ ਕਿਸੇ ਭਾਵਨਾ ਨਾਲ ਮੰਨਦਾ ਹੈ, ਉਹ ਗੱਲ ਵੱਖਰੀ ਹੈ।ਪਰ ਜਦੋਂ ਖੋਜ ਕੀਤਿਆਂ ਅਸਲੀਅਤ ਦਾ ਪਤਾ ਲੱਗ ਗਿਆ ਤਾਂ ਉਸਨੂੰ ਅਨਜਾਣੇ ਵਾਲੀ ਭਾਵਨਾ ਨਹੀਂ ਕਹੀ ਜਾ ਸਕਦੀ “ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ॥”।ਪਰ ਹੁਣ ਜਿਹੜੇ ਲੋਕ ਭਗਉਤੀ ਨੂੰ ਅਕਾਲ ਪੁਰਖ ਮੰਨਕੇ ਧਿਆ ਰਹੇ ਹਨ, ਉਹ ਅਨਜਾਣੇ ਵਿੱਚ ਇਸ ਤਰ੍ਹਾਂ ਨਹੀਂ ਕਰ ਰਹੇ, ਕਿਉਂਕਿ ਹੁਣ ਭਗਉਤੀ ਬਾਰੇ ਸਾਰਾ ਕੱਚਾ ਚਿੱਠਾ ਸਾਹਮਣੇ ਰੱਖਿਆ ਜਾ ਚੁੱਕਾ ਹੈ।
ਮੰਨ ਲਵੋਂ ਤੁਹਾਨੂੰ ਲੱਗੇ ਕਿ ਅੱਜ ਤੱਕ ਤੁਸੀਂ ਜੋ ਮੰਨ ਰਹੇ ਸੀ ਉਹ ਗ਼ਲਤ ਸੀ ਤਾਂ ਤੁਸੀਂ ਆਪਣੀ ਗ਼ਲਤੀ ਸੁਧਾਰੋਗੇ ਜਾਂ ਹੁਣ ਤੱਕ ਤੁਸੀਂ ਜੋ ਮੰਨਦੇ ਆਏ ਹੋ ਉਸੇ ਤਰ੍ਹਾਂ ਹੀ ਮੰਨੀ ਜਾਵੋਗੇ?
ਜਲੌਰ ਸਿੰਘ ਬਰਾੜ:- ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਤਾਂ ਦਸਾਂ ਗੁਰੂਆਂ (ਨਾਨਕ, ਅੰਗਦ…) ਦੇ ਨਾਮ ਵੀ ਨਹੀਂ ਲਏ ਜਾ ਸਕਦੇ।
ਜਸਬੀਰ ਸਿੰਘ ਵਿਰਦੀ:- ਵੀਰ ਜੀ! ਨਾਨਕ, ਅੰਗਦ… ਨਾਮ ਕਿਉਂ ਨਹੀਂ ਲਏ ਜਾ ਸਕਦੇ?
ਜਲੌਰ ਸਿੰਘ ਬਰਾੜ:- ਗੁਰਬਾਣੀ ਅਨੁਸਾਰ ਕੇਵਲ ‘ਸ਼ਬਦ’ ਗੁਰੂ ਹੈ, ਨਾ ਕਿ ਸਰੀਰ।ਮੈਂ ਕਿਸੇ ਸਰੀਰ ਨੂੰ ਵੀ ਗੁਰੂ ਨਹੀਂ ਮੰਨਦਾ।ਮੈਂ ਕੇਵਲ ਸ਼ਬਦ ਨੂੰ ਗੁਰੂ ਮੰਨਦਾ ਹਾਂ
ਜਸਬੀਰ ਸਿੰਘ ਵਿਰਦੀ:- ਜਿਸ ਸ਼ਬਦ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਗੁਰੂ ਕਿਹਾ ਹੈ, ਉਹ ਅਵਸਥਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਬਣ ਗਈ ਹੈ।ਜੇ ਤੁਸੀਂ ਉਸ ਅਵਸਥਾ ਤੇ ਪਹੁੰਚ ਗਏ ਹੋ ਤਾਂ ਤੁਸੀਂ ਧੰਨਤਾ ਜੋਗ ਹੋ।ਉਹ ਅਵਸਥਾ ਤਾਂ (ਗੁਰੂ) ਅੰਗਦ ਦੇਵ ਜੀ ਦੀ ਵੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਨਹੀਂ ਬਣੀ ਸੀ।ਗਨੀਮਤ ਹੋਵੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ *ਲਿਖਤੀ* ਬਾਣੀ ਜੋ ਕਿ *ਸਰੀਰਕ ਜਾਮੇਂ ਵਿੱਚ ਗੁਰੂ ਸਾਹਿਬਾਂ* ਦੁਆਰਾ ਉਚਾਰੀ ਅਤੇ ਸਾਡੇ ਤੱਕ ਮੁਹਈਆ ਹੋ ਗਈ ਹੈ, ਨੂੰ ਪੜ੍ਹ ਸਮਝ ਅਤੇ ਉਸ ਮੁਤਾਬਕ ਜੀਵਨ ਢਾਲ ਕੇ ਉਸ ਸ਼ਬਦ ਨੂੰ ਆਪਣਾ ਗੁਰੂ ਬਨਾਉਣ ਦੇ ਸਮਰੱਥ ਹੋ ਸਕੀਏ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗੁਰੂ ਕਿਹਾ ਹੈ।
(ਨੋਟ:- ਇੱਥੇ ਗੱਲ ਕਲੀਅਰ ਕਰਨੀ ਬਣਦੀ ਹੈ, ਕਿ ਜਿਸ ਸ਼ਬਦ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਗੁਰੂ ਕਿਹਾ ਹੈ ਉਹ ਧੁਰੋਂ ਆਈ ‘ਪਰਾ ਬਾਣੀ, ਹੁਕਮ’ ਦੇ ਰੂਪ ਵਿੱਚ ਹੈ।ਗੁਰੂ ਸਾਹਿਬਾਂ ਨੇ ਧੁਰੋਂ ਆਏ ਹੁਕਮ ਨੂੰ ਸਮਝਿਆ ਅਤੇ ਮੰਨਿਆ ਹੈ।ਉਹਨਾਂ ਦੀ ਅਵਸਥਾ ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠੀ ਹੋਣ ਕਰਕੇ ਉਹਨਾਂ ਦੀ ਸੁਰਤਿ ਉਸ ਧੁਰੋਂ ਆਏ ਸ਼ਬਦ ਨੂੰ ਆਪਣਾ ਗੁਰੂ ਬਨਾਉਣ ਦੇ ਸਮਰੱਥ ਸੀ।ਇਸ ਦੇ ਉਲਟ ਸਾਡੀ ਸੁਰਤਿ ਮਾਇਆਵੀ ਬੰਧਨਾਂ’ਚ ਜਕੜੀ ਅਤੇ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਫਸੀ ਹੋਣ ਕਰਕੇ ਅਸੀਂ ਆਪਣੀ ਸੁਰਤਿ ਨੂੰ ਉਸ ਸ਼ਬਦ ਗੁਰੂ ਦਾ ਚੇਲਾ ਬਨਾਉਣ ਦੇ ਸਮਰੱਥ ਨਹੀਂ।ਸਿਰਫ ਇਹ ਕਹਿ ਦੇਣ ਨਾਲ ਹੀ ਕਿ ‘ਸਾਡਾ ਗੁਰੂ ਸ਼ਬਦ ਹੈ’ ਉਹ ਸਾਡਾ ਗੁਰੂ ਨਹੀਂ ਹੋ ਜਾਂਦਾ।ਪਹਿਲਾਂ ਆਪਣੀ ਸੁਰਤਿ ਨੂੰ ਉਸ ਦਾ ਚੇਲਾ ਬਣਾਇਆਂ ਹੀ ਉਹ ਸਾਡਾ ਗੁਰੂ ਹੋ ਸਕਦਾ ਹੈ।ਮੌਜੂਦਾ ਹਾਲਤ ਵਿੱਚ ਸਾਡੀ ਸਥਿਤੀ ਇਹ ਹੈ ਕਿ, ਅਸੀਂ ਉਸ ਦੀ ਗੱਲ, ਉਸ ਦਾ ਹੁਕਮ ਮੰਨਣ ਲਈ ਤਿਆਰ ਨਹੀਂ, ਬਲਕਿ ਕਿਤੇ ਕਿਤੇ ਤਾਂ ਉਸ ਦੀ ਹੋਂਦ ਮੰਨਣ ਤੋਂ ਵੀ ਇਨਕਾਰੀ ਹਾਂ।ਸਿਰਫ ਬਹਿਸਾਂ ਕਰਨ ਲਈ, ਕਹਿ ਛੱਡਦੇ ਹਾਂ ਕਿ ਜੇ ਗੁਰੂ ਸਾਹਿਬਾਂ ਦਾ ਗੁਰੂ ਸ਼ਬਦ ਹੈ ਤਾਂ ਸਾਡਾ ਵੀ ਗੁਰੂ ਸ਼ਬਦ ਹੈ।ਬਲਕਿ ਹੁਣ ਇਕ ਨਵਾਂ, ਅਪਣੇ ਆਪ ਨੂੰ ਪੜ੍ਹੇ ਲਿਖੇ ਹੋਣ ਦਾ ਭਰਮ ਪਾਲੀ ਬੈਠਾ ਤਬਕਾ ਉੱਠਿਆ ਹੈ ਜਿਹੜਾ ਗੁਰੂ ਸਾਹਿਬਾਂ ਦੀ ਬਾਣੀ ਦੇ ਆਪਣੇ ਹੀ ਅਰਥ ਘੜ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਮੁੱਕਦੀ ਗੱਲ ਇਹ ਹੈ ਕਿ ‘ਜੇ ਗੁਰੂ ਸਾਹਿਬਾਂ ਦਾ ਗੁਰੂ ਸ਼ਬਦ ਹੋ ਸਕਦਾ ਹੈ ਤਾਂ ਸਾਡਾ ਵੀ ਗੁਰੂ ਸ਼ਬਦ ਹੋ ਜਰੂਰ ਸਕਦਾ ਹੈ, ਪਰ ਹੈ ਨਹੀਂ।ਹਾਲੇ ਅਸੀਂ ਆਪਣੀ ਸੁਰਤਿ ਨੂੰ ਉਸ ਦਾ ਚੇਲਾ ਬਣਾਇਆ ਨਹੀਂ, ਸਿਰਫ ਜ਼ੁਬਾਨੀ ਜ਼ੁਬਾਨੀ ਕਹਿ ਛੱਡਦੇ ਹਾਂ ਕਿ ਸਾਡਾ ਗੁਰੂ ਸ਼ਬਦ ਹੈ।)
ਜਲੌਰ ਸਿੰਘ ਬਰਾੜ:- ਇਥੇ ਆਪਾਂ ਅਵਸਥਾ ਦਾ ਮਾਪ ਤੋਲ ਨਹੀਂ ਕਰਨਾ ਜੀ।
ਜਸਬੀਰ ਸਿੰਘ ਵਿਰਦੀ:- ਤਾਂ ਫੇਰ ਮੇਰਾ ਇਹ ਕਹਿਣਾ ਹੈ ਕਿ ਆਪਣਾ ਜਗਿਆਸੂਆਂ ਦਾ ਗੁਰੂ ਕਿਸੇ ਸਰੀਰ ਦੁਆਰਾ ਹੀ ਪ੍ਰਗਟ ਹੋ ਸਕਦਾ ਹੈ।ਕਿਸੇ ਸਰੀਰ ਦੁਆਰਾ ਉਚਾਰੀ ਹੋਈ ਬਾਣੀ ਪੜ੍ਹ ਸੁਣ ਕੇ ਹੀ ‘ਆਪਣੀ ਸੁਰਤਿ ਨੂੰ ਉਸ ਸ਼ਬਦ ਗੁਰੂ ਦਾ ਚੇਲਾ’ ਬਨਾਉਣ ਦੇ ਕਾਬਲ ਹੋ ਸਕਦੇ ਹਾਂ ਜਿਸ ਬਾਰੇ ਗੁਰੂ ਸਾਹਿਬ ਨੇ ਸ਼ਬਦ ਗੁਰੂ ਸੁਰਤਿ ਧੁਨਿ ਚੇਲਾ ਕਿਹਾ ਹੈ।ਮੌਜੂਦਾ ਹਉਮੈ ਗ੍ਰਸੀ ਹਾਲਤ ਵਿੱਚ ਅਸੀਂ ਆਪਣੀ ਸੁਰਤਿ ਨੂੰ ਉਸ ਸ਼ਬਦ ਦਾ ਚੇਲਾ ਨਹੀਂ ਬਣਾਇਆ ਹੋਇਆ ਜਿਸ ਬਾਰੇ ਗੁਰੂ ਸਾਹਿਬ ਨੇ ਆਪਣਾ ਗੁਰੂ ਕਿਹਾ ਹੈ (ਜੇ ਐਸਾ ਹੁੰਦਾ ਤਾਂ ਗੁਰੂ ਸਾਹਿਬਾਂ ਦੀ ਤਰ੍ਹਾਂ ਸਾਨੂੰ ਵੀ ਧੁਰੋਂ ਬਾਣੀ ਆਉਣੀ ਸੀ) ਸਿਰਫ ਕਹਿਣ ਨਾਲ ਹੀ ਸ਼ਬਦ ਸਾਡਾ ਗੁਰੂ ਨਹੀਂ ਹੋ ਜਾਂਦਾ।ਪਹਿਲਾਂ ਆਪਣੀ ਸੁਰਤਿ ਨੂੰ ਉਸਦਾ ਚੇਲਾ ਬਣਾਵਾਂਗੇ ਫੇਰ ਹੀ ਉਹ ਸ਼ਬਦ ਸਾਡਾ ਗੁਰੂ ਹੋਵੇਗਾ।ਉਸ ਸ਼ਬਦ ਨੂੰ ਗੁਰੂ ਬਨਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਮੌਜੂਦਾ ਹਾਲਤ ਵਿੱਚ ਗੁਰੂ ਸਾਹਿਬਾਂ ਦੁਆਰਾ ਉਚਾਰੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਲਿਖਤੀ ਰੂਪ ਵਿੱਚ ਬਾਣੀ ਨੂੰ ਹੀ ਆਪਣਾ ਗੁਰੂ ਬਣਾ ਲਈਏ ਤਾਂ ਗਨੀਮਤ ਹੈ।ਗੁਰੂ ਨਾਨਕ ਦੇਵ ਜੀ ਦਾ ਦੱਸਿਆ ਹੋਇਆ ‘ਸ਼ਬਦ ਗੁਰੂ’ ਲਿਖਣ ਜਾਂ ਬੋਲਣ ਵਿੱਚ ਨਹੀਂ ਆਉਣ ਵਾਲਾ।ਅਤੇ ਅਸੀਂ ਬਿਨਾ ਪੜ੍ਹੇ ਸੁਣੇ ਉਸ ਧੁਰੋਂ ਆਏ ਸ਼ਬਦ ਨੂੰ ਸਮਝਣ ਤੋਂ ਅਸਮਰਥ ਹਾਂ।
ਜਲੌਰ ਸਿੰਘ ਬਰਾੜ:- ਜੋ ਗੁਰਬਾਣੀ ਦੀ ਤੁਕ ਇਸਨੇ (ਪ੍ਰੋ: ਦਰਸ਼ਨ ਸਿੰਘ ਨੇ) ਇਥੇ ਵਰਤੀ ਹੈ, ਉਹ ਗ਼ਲਤ ਵਰਤੀ ਹੈ।
ਜਸਬੀਰ ਸਿੰਘ ਵਿਰਦੀ:-  ਗੁਰਬਾਣੀ ਵਿੱਚ ‘ਭਗਉਤੀ’ ਸ਼ਬਦ ਅਕਾਲ ਪੁਰਖ ਲਈ ਕਿਤੇ ਨਹੀਂ ਆਇਆ।ਜਿਹੜੇ ਲੋਕ ਅਕਾਲ ਪੁਰਖ ਨੂੰ ਛੱਡ ਕੇ ‘ਭਗਉਤੀ/ ਸ਼ਕਤੀ/ ਖੜਗ’ ਨੂੰ ਪਹਿਲਾਂ ਧਿਆਉਂਦੇ ਹਨ, ਪ੍ਰੋ: ਸਾਹਿਬ ਨੇ ਉਹਨਾਂ ਨੂੰ ਭਗਉਤੀਏ ਕਿਹਾ ਹੈ।ਇਸ ਵਿੱਚ ਕੀ ਗ਼ਲਤ ਹੈ?
ਜਲੌਰ ਸਿੰਘ ਬਰਾੜ:- ਜੋ ਗੁਰਬਾਣੀ ਦੀ ਤੁਕ “ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ॥” ਇਸ ਨੇ ਇਥੇ ਵਰਤੀ ਹੈ ਉਹ ਗ਼ਲਤ ਹੈ।
ਜਸਬੀਰ ਸਿੰਘ ਵਿਰਦੀ:- ਜਿਹੜਾ ਜਿਸ ਦੀ ਘਾਲਣਾ ਘਾਲਦਾ ਹੈ ਉਸ ਦਾ ਉਹੀ ਨਾਮ ਪ੍ਰਚਾਰਿਆ ਜਾਣ ਲੱਗ ਪੈਂਦਾ ਹੈ।ਅਕਾਲ ਪੁਰਖ ਨੂੰ ਛੱਡਕੇ ਪ੍ਰਿਥਮ ਭਗਉਤੀ ਨੂੰ ਧਿਆਉਣ ਵਾਲਿਆਂ ਦਾ ਜੇ ਭਗਉਤੀਏ ਨਾਮ ਪ੍ਰਚਾਰਿਆ ਜਾਵੇ ਤਾਂ ਇਸ ਵਿੱਚ ਕੀ ਗ਼ਲਤ ਹੈ?
ਜਲੌਰ ਸਿੰਘ ਬਰਾੜ:-  ਤਾਂ ਫਿਰ ਰਾਮ ਰਾਮ ਕਹਿਣ ਵਾਲਿਆਂ ਸਾਰਿਆਂ ਨੂੰ ਹੀ ਅਵਤਾਰ ਦੇ ਪੁਜਾਰੀ ਕਹੋਗੇ?
ਜਸਬੀਰ ਸਿੰਘ ਵਿਰਦੀ:- ਗੁਰਬਾਣੀ ਫੁਰਮਾਨ ਦੇਖੋ ਜੀ- “ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ॥ਤਿਸੁ ਕਾ ਨਾਮੁ ਸਤਿ ‘ਰਾਮਦਾਸ’॥” (ਰਾਮ ਦਾਸ- ਰਾਮ ਦਾ ਦਾਸ)
ਜਲੌਰ ਸਿੰਘ ਬਰਾੜ:- ਤਾਂ ਫਿਰ ਰਾਮ ਰਾਮ ਕਹਿਣ ਵਾਲਿਆਂ ਸਾਰਿਆਂ ਨੂੰ ਅਵਤਾਰ ਦੇ ਪੁਜਾਰੀ ਕਹੋਗੇ?
ਜਸਬੀਰ ਸਿੰਘ ਵਿਰਦੀ:- ‘ਰਾਮ’ ਅਕਾਲ ਪੁਰਖ ਦੇ ਅਰਥਾਂ ਵਿੱਚ ਗੁਰਬਾਣੀ ਵਿੱਚ ਬਹੁਤ ਵਾਰੀਂ ਆਇਆ ਹੈ ਪਰ ‘ਭਗਉਤੀ’ ਅਕਾਲ ਪੁਰਖ ਦੇ ਅਰਥਾਂ ਵਿੱਚ ਕਿਤੇ ਨਹੀਂ ਆਇਆ।ਰਾਮ ਅਤੇ ਭਗਉਤੀ ਦਾ ਫਰਕ ਸਮਝਣ ਦੀ ਕੋਸ਼ਿਸ਼ ਕਰੋ ਜੀ।
(ਨੋਟ- ਇਸ ਤੋਂ ਬਾਅਦ ਜਲੌਰ ਸਿੰਘ ਬਰਾੜ ਨੇ ਫੇਸ ਬੁੱਕ ਤੇ ਮੈਨੂੰ ਬਲੌਕ ਕਰ ਦਿੱਤਾ ਸੀ।ਇਸ ਤੋਂ ਅੱਗੇ ਕੀ ਵਿਚਾਰ ਵਟਾਂਦਰਾ ਹੋਇਆ ਇਸ ਬਾਰੇ ਮੈਨੂੰ ਨਹੀਂ ਪਤਾ)
ਜਸਬੀਰ ਸਿੰਘ ਵਿਰਦੀ                          
       22-12-2015
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.