ਜੇਤਲੀ ਨੇ ‘ਆਪ’ ਖਿਲਾਫ ਕੀਤਾ 10 ਕਰੋੜ ਦਾ ਮਾਣਹਾਨੀ ਕੇਸ
ਨਵੀਂ ਦਿੱਲੀ, 21 ਦਸੰਬਰ (ਪੰਜਾਬ ਮੇਲ) – ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਪੰਜ ਹੋਰ ਆਗੂਅਾਂ ਖ਼ਿਲਾਫ਼ ਦੀਵਾਨੀ ਤੇ ਫ਼ੌਜਦਾਰੀ ਮਾਣਹਾਨੀ ਕੇਸ ਦਰਜ ਕਰਾਏ ਹਨ ਅਤੇ ਹਰਜਾਨੇ ਵਜੋਂ ਦਸ ਕਰੋਡ਼ ਰੁਪਏ ਮੰਗੇ ਹਨ। ਦੋਸ਼ ਸਿੱਧ ਹੋਣ ’ਤੇ ਦੋ ਸਾਲ ਤਕ ਦੀ ਜੇਲ੍ਹ ਵੀ ਹੋ ਸਕਦੀ ਹੈ। ਪਟੀਸ਼ਨਾਂ ਵਿੱਚ ਸ੍ਰੀ ਕੇਜਰੀਵਾਲ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੈ ਸਿੰਘ, ਰਾਘਵ ਚੱਢਾ ਤੇ ਦੀਪਕ ਬਾਜਪਾਈ ਦੇ ਨਾਂ ਸ਼ਾਮਲ ਹਨ।
ਦੱਸਣਯੋਗ ਹੈ ਕਿ ਸੀਬੀਆਈ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਸਕੱਤਰੇਤ ਵਿੱਚ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਖ਼ਿਲਾਫ਼ ਮਾਰੇ ਗਏ ਛਾਪੇ ਬਾਅਦ ‘ਆਪ’ ਆਗੂਅਾਂ ਨੇ ਸ੍ਰੀ ਜੇਤਲੀ ਖ਼ਿਲਾਫ਼ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਅੈਸੋਸੀਏਸ਼ਨ (ਡੀਡੀਸੀਏ) ਵਿੱਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾਏ ਸਨ। ਇਸ ’ਤੇ ਵਿੱਤ ਮੰਤਰੀ ਨੇ ਅੱਜ ਕਾਨੂੰਨੀ ਰਸਤਾ ਅਖ਼ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂਅਾਂ ਦੀ ‘ਬਦਨੀਤੀ ਅਤੇ ਹੱਤਕ’ ਵਾਲੀ ਮੁਹਿੰਮ ਕਾਰਨ ਉਨ੍ਹਾਂ ਦੇ ਅਕਸ ਨੂੰ ਵੱਡੀ ਠੇਸ ਪੁੱਜੀ ਹੈ।
ਵੱਡੀ ਗਿਣਤੀ ਭਾਜਪਾ ਵਰਕਰਾਂ ਨਾਲ ਕੇਂਦਰੀ ਮੰਤਰੀ ਪਟਿਆਲਾ ਹਾਊਸ ਕੋਰਟ ਵਿੱਚ ਪੁੱਜੇ। ਭਾਜਪਾ ਵਰਕਰ ਕੇਜਰੀਵਾਲ ਖ਼ਿਲਾਫ਼ ਨਾਅਰੇ ਲਗਾ ਰਹੇ ਸਨ। ਉਨ੍ਹਾਂ ਨੇ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਸੰਜੈ ਖਨਗਵਾਲ ਕੋਲ ਅਪਰਾਧਕ ਸ਼ਿਕਾਇਤ ਦਿੱਤੀ। ਉਹ ਅਦਾਲਤ ਵਿੱਚ ਬਾਅਦ ਦੁਪਹਿਰ 2:05 ਵਜੇ ਪੁੱਜੇ ਅਤੇ ਇਹ ਕਾਰਵਾਈ 35 ਮਿੰਟ ਤਕ ਚੱਲੀ। ਅੈਮ ਵੈਂਕਈਆ ਨਾਇਡੂ, ਸਮ੍ਰਿਤੀ ਇਰਾਨੀ, ਧਰਮਿੰਦਰ ਪ੍ਰਧਾਨ ਤੇ ਜੇ.ਪੀ. ਨੱਢਾ ਸਮੇਤ ਕਈ ਹੋਰ ਕੇਂਦਰੀ ਮੰਤਰੀ ਵੀ ਅਦਾਲਤ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਸ੍ਰੀ ਜੇਤਲੀ ਇਮਾਨਦਾਰ ਇਨਸਾਨ ਹਨ ਅਤੇ ਉਹ ਉਨ੍ਹਾਂ ਨਾਲ ਖਡ਼੍ਹੇ ਹਨ। ਉਨ੍ਹਾਂ ਆਈਪੀਸੀ ਦੀ ਧਾਰਾ 499 (ਮਾਣਹਾਨੀ), 500 (ਸਜ਼ਾ), 501 ਤੇ 502 (ਅਪਮਾਨਜਨਕ ਮਾਮਲਾ ਪ੍ਰਕਾਸ਼ਿਤ ਕਰਨਾ ਤੇ ਵੇਚਣਾ) ਤਹਿਤ ਸ਼ਿਕਾਇਤ ਦਰਜ ਕਰਾਈ ਹੈ। ਅਦਾਲਤ ਨੇ ਇਸ ਸ਼ਿਕਾਇਤ ’ਤੇ ਨੋਟਿਸ ਲੈਂਦਿਅਾਂ ਸ੍ਰੀ ਜੇਤਲੀ ਨੂੰ 5 ਜਨਵਰੀ ਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਸੱਦ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਵਿੱਚ ਸ੍ਰੀ ਕੇਜਰੀਵਾਲ ਤੇ ਪੰਜ ‘ਆਪ’ ਆਗੂਅਾਂ ਖ਼ਿਲਾਫ਼ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਅਪਮਾਨਜਨਕ ਬਿਆਨ ਦੇਣ ਦੇ ਦੋਸ਼ ਵਿੱਚ ਸਿਵਿਲ ਕੇਸ ਦਰਜ ਕਰਾਇਆ।