ਜਦੋਂ ਬਾਦਲਾਂ ਦੀ ਬੱਸ ਦੇ ਕੰਡਕਟਰ ਦਾ ਚੜ੍ਹਿਆ ਕੁਟਾਪਾ
ਬੱਸ ਵਿੱਚ ਸਵਾਰੀਆਂ ਚੜ੍ਹਾਉਣ ਤੋਂ ਦੋਵਾਂ ਪੱਖਾਂ ਵਿੱਚ ਵਿਵਾਦ
ਨਵਾਂ ਸ਼ਹਿਰ, 17 ਦਸੰਬਰ (ਪੰਜਾਬ ਮੇਲ) – ਕੱਲ੍ਹ ਦੁਪਹਿਰ ਬਾਅਦ ਕਰੀਬ ਸਾਢੇ ਤਿੰਨ ਵਜੇ ਨਵਾਂ ਸ਼ਹਿਰ ਬੱਸ ਅੱਡੇ ਉੱਤੇ ਬਾਦਲ ਪਰਵਾਰ ਦੀ ਸਦਾ ਵਿਵਾਦਾਂ ਵਿੱਚ ਰਹਿਣ ਵਾਲੀ ਔਰਬਿਟ ਬੱਸ ਕੰਪਨੀ ਦੇ ਡਰਾਈਵਰ-ਕੰਡਕਟਰ ਅਤੇ ਰੋਡਵੇਜ਼ ਕਰਮਚਾਰੀਆਂ ਦੇ ਵਿਚਾਲੇ ਸਵਾਰੀਆਂ ਨੂੰ ਚੜ੍ਹਾਉਣ ਤੋਂ ਝਗੜਾ ਹੋ ਗਿਆ। ਗੱਲ ਇੰਨੀ ਵਧੀ ਕਿ ਰੋਡਵੇਜ਼ ਕਰਮਚਾਰੀਆਂ ਨੇ ਔਰਬਿਟ ਬੱਸ ਦੇ ਕੰਡਕਟਰ ਦੀ ਕੁੱਟਮਾਰ ਕਰ ਦਿੱਤੀ।
ਨਵਾਂ ਸ਼ਹਿਰ ਬੱਸ ਅੱਡੇ ‘ਤੇ ਔਰਬਿਟ ਬੱਸ ਦੇ ਕੰਡਕਟਰ ਨੇ ਰੋਡਵੇਜ਼ ਯੂਨੀਅਨ ਦੇ ਲੋਕਾਂ ਨੂੰ ਪਹਿਲਾਂ ਦੱਸਿਆ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਸਵਾਰੀਆਂ ਚੁੱਕਣ ਲਈ ਰੋਡਵੇਜ਼ ਨਾਲ ਅੰਦਰਖਾਤੇ ਸਮਝੌਤਾ ਹੋਇਆ ਹੈ। ਬਾਅਦ ਵਿੱਚ ਉਸ ਨੇ ਕਿਹਾ ਕਿ ਸਵਾਰੀਆਂ ਤੋਂ ਏ ਸੀ ਬੱਸ ਵਿੱਚ ਆਮ ਕਿਰਾਇਆ ਦੇਣ ਦੀ ਗੱਲ ਕਹਿ ਕੇ ਸਵਾਰੀਆਂ ਬਿਠਾ ਲਈਆਂ ਸਨ। ਰੋਡਵੇਜ਼ ਕੰਡਕਟਰ ਨੇ ਦੱਸਿਆ ਕਿ ਔਰਬਿਟ ਬੱਸ ਕੰਡਕਟਰ ਨੇ ਜ਼ਬਰਨ ਸਵਾਰੀਆਂ ਨੂੰ ਇਹ ਕਹਿੰਦੇ ਹੋਏ ਉਤਾਰ ਲਿਆ ਕਿ ਇਹ ਬੱਸ ਬਲਾਚੌਰ ਜਾ ਕੇ ਇਕ ਢਾਬੇ ਉੱਤੇ ਅੱਧਾ ਘੰਟਾ ਰੁਕੇਗੀ। ਇਸ ਉੱਤੇ ਯੂਨੀਅਨ ਨੇ ਫੈਸਲਾ ਦਿੱਤਾ ਕਿ ਜੇ ਔਰਬਿਟ ਬੱਸ ਕੰਡਕਟਰ ਪੰਜ ਸੌ ਰੁਪਏ ਜੁਰਮਾਨਾ ਦਿੰਦਾ ਤੇ ਸਾਦੇ ਕਾਗਜ਼ ‘ਤੇ ਦਸਤਖਤ ਕਰ ਦਿੰਦਾ ਹੈ ਤਾਂ ਉਸ ਨੂੰ ਛੱਡ ਦਿੱਤਾ ਜਾਵੇਗਾ। ਕੰਡਕਟਰ ਦੇ ਇਨਕਾਰ ਕਰਨ ‘ਤੇ ਰੋਡਵੇਜ਼ ਕਰਮਚਾਰੀਆਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਰੂਟ ਪਰਮਿਟ ਲਿਆਉਣ ਨੂੰ ਕਿਹਾ। ਫਿਰ ਸਵਾਰੀਆਂ ਦੇ ਦਖਲ ਨਾਲ ਮਾਮਲਾ ਸੁਲਝ ਗਿਆ।