ਅਬੋਹਰ ਕਤਲ ਕਾਂਡ-ਭਾਜਪਾ ਵੀ ਸੜਕਾਂ ਉੱਤੇ ਉਤਰੀ ਅਕਾਲੀਆਂ ਵਿਰੁੱਧ
ਅਬੋਹਰ, 17 ਦਸੰਬਰ (ਪੰਜਾਬ ਮੇਲ) – ਭੀਮ ਕਤਲ ਕਾਂਡ ਵਿਰੁੱਧ ਭਾਜਪਾ ਵੀ ਸੜਕਾਂ ਉੱਤੇ ਆ ਗਈ ਹੈ। ਮਾਮਲੇ ਵਿੱਚ ਨਾਮਜ਼ਦ ਸ਼ਿਵ ਲਾਲ ਡੋਡਾ ਤੇ ਉਸ ਦੇ ਭਤੀਜੇ ਅਮਿਤ ਡੋਡਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵਾਲਮੀਕ ਸਮਾਜ ਦੇ ਲੋਕਾਂ ਨੇ ਰੋਸ ਮਾਰਚ ਕੱਢਿਆ ਤੇ ਦੋਵਾਂ ਦਾ ਪੁਤਲਾ ਫੂਕਿਆ।
ਭਾਜਪਾ ਦੇ ਸੂਬਾ ਸਕੱਤਰ ਸੰਦੀਪ ਰਿਣਵਾ ਨੇ ਪੁਤਲਿਆਂ ਨੂੰ ਅੱਗ ਲਾਉਂਦਿਆਂ ਸਿ਼ਵ ਲਾਲ ਡੋਡਾ ਅਤੇ ਅਕਾਲੀ ਦਲ ਨੂੰ ਕੋਸਦਿਆਂ ਪੰਜਾਬ ਪੁਲਸ ਨੂੰ ਵੀ ਲੰਮੇ ਹੱਥੀਂ ਲਿਆ। ਰਿਣਵਾ ਨੇ ਕਿਹਾ ਕਿ ਅਕਾਲੀ ਦਲ ਕਹਿੰਦਾ ਹੈ ਕਿ ਉਸ ਦਾ ਡੋਡਾ ਨਾਲ ਕੋਈ ਸਬੰਧ ਨਹੀਂ, ਜਦ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੌਰਾਨ ਡੋਡਾ ਵੱਲੋਂ ਫਾਜ਼ਿਲਕਾ ਰੋਡ ‘ਤੇ ਕਾਰਵਾਈ ਰੈਲੀ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਇਲਾਵਾ ਉਸ ਦੇ ਨਾਂ ‘ਤੇ ਪਿੰਡਾਂ ਵਿੱਚ ਕਈ ਨੀਂਹ ਪੱਥਰ ਲੱਗੇ ਹਨ, ਜਿਨ੍ਹਾਂ ਵਿੱਚ ਡੋਡਾ ਨੂੰ ਹਲਕਾ ਇੰਚਾਰਜ ਲਿਖਿਆ ਹੈ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੀ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿੱਚ ਉਨ੍ਹਾਂ ਡੋਡਾ ਦੇ ਅਕਾਲੀ ਦਲ ਨਾਲ ਸਬੰਧ ਨਾ ਹੋਣ ਦੀ ਗੱਲ ਕਹੀ ਸੀ। ਰਿਣਵਾ ਨੇ ਪੰਜਾਬ ਸਰਕਾਰ ਨੂੰ ਦੋ ਦਿਨਾਂ ਦਾ ਸਮਾਂ ਦਿੰਦਿਆਂ ਕਿਹਾ ਕਿ ਜੇ ਦੋ ਦਿਨਾਂ ਦੇ ਅੰਦਰ ਚਾਚਾ ਭਤੀਜੇ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਹ ਲੜਾਈ ਅਬੋਹਰ ਤੋਂ ਬਾਅਦ ਪੂਰੇ ਦੇਸ਼ ਵਿੱਚ ਫੈਲ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਔਰਤਾਂ ਨੇ ਵੀ ਡੋਡਾ ਨੂੰ ਗ੍ਰਿਪਤਾਰ ਕਰੋ ਦੇ ਨਾਅਰੇ ਲਾਏ।