ਗੁਰਇਕਬਾਲ ਸਿੰਘ ਦੇ ਪੁੱਤਰ 'ਰਾਗੀ ਅਮਨਦੀਪ ਸਿੰਘ' ਨੇ ਉਡਾਈਆਂ ਸਿੱਖੀ ਸਿਧਾਤਾਂ ਦੀਆਂ ਧੱਜੀਆਂ
ਅਨੰਦਪੁਰ ਸਾਹਿਬ, 23 ਜਨਵਰੀ (ਸੁਰਿੰਦਰ ਸਿੰਘ ਸੋਨੀ)ਜੇਕਰ ਗੁਰੂ ਘਰ ਦਾ ਕੋਈ ਰਾਗੀ ਹੀ ਸਿੱਖੀ ਸਿਧਾਤਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਤੇ ਤੁਲ ਜਾਵੇ ਤੇ ਕੋਈ ਉਨਾਂ ਨੂੰ ਰੋਕਣ ਦਾ ਹੀਆ ਨਾ ਕਰੇ ਤਾਂ ਕੌਮ ਦਾ ਭਵਿੱਖ ਕੀ ਹੋਵੇਗਾ ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪਹਿਲਾਂ ਕੁੱਝ ਰਾਗੀ ਸਿੰਘਾਂ ਵਲੋ ਗੀਤਾਂ ਦੀ ਤਰਜ ਤੇ ਸ਼ਬਦ ਗਾਇਨ ਕੀਤਾ ਜਾਣ ਲੱਗਾ ਸੀ ਤੇ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਹਦਾਇਤ ਕੀਤੀ ਗਈ ਸੀ। ਪਰ ਹੁਣ ਇਕ ਮਸ਼ਹੂਰ ਰਾਗੀ ਵਲੋਂ ਮਾਤਾ ਦੀ ਭੇਟਾਂ ਦੀ ਤਰਜ ਤੇ ਕੀਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਿੰਤਸਰ ਦੇ ਇਸ ਰਾਗੀ ਵਲੋ ‘‘ਚਲੋ ਬੁਲਾਵਾ ਆਇਆ ਹੈ,ਮਾਤਾ ਨੇ ਬੁਲਾਇਆ ਹੈ’’ ਦੀ ਤਰਜ ਤੇ ਦਸਮ ਪਾਤਸ਼ਾਹ ਦੇ ਨਾਮ ਦੀ ਵਰਤੋ ਕਰਦਿਆਂ ‘‘ਚਲੋ ਬੁਲਾਵਾ ਆਇਆ ਹੈ,ਬਾਜਾਂ ਵਾਲੇ ਨੇ ਬੁਲਾਇਆ ਹੈ’’ ਸਾਰੇ ਬੋਲੋ ‘‘ਜੈ ਮਾਤਾ ਦੀ’’ ਜਗਾ ਸਾਰੇ ਬੋਲੋ ‘‘ਧੰਨ ਗੁਰੂ ਗੋਬਿੰਦ ਸਿੰਘ’’ ਗਾਇਨ ਕਰਕੇ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।
ਇਸ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਗਿ: ਕੇਵਲ ਸਿੰਘ ਨੇ ਕਿਹਾ ਕਿ ਸਿੱਖੀ ਸਿਧਾਂਤ ਕਿਸੇ ਨੂੰ ਵੀ ਇਸ ਗੱਲ ਦੀ ਇਜਾਜਤ ਨਹੀਂ ਦਿੰਦੇ ਕਿ ਉਹ ਇਸ ਤਰਾਂ ਕੀਰਤਨ ਕਰਕੇ ਸਿੱਖ ਇਤਹਾਸ ਤੇ ਗੁਰਬਾਣੀ ਸਿਧਾਤਾਂ ਦੀਆਂ ਧੱਜੀਆਂ ਉਡਾਉਣ।ਉਨਾਂ ਕਿਹਾ ਸਿੱਖ ਰਹਿਤ ਮਰਯਾਦਾ ਵਿਚ ਕੀਰਤਨ ਸਿਰਲੇਖ ਹੇਠ ਸਪੱਸ਼ਟ ਕੀਤਾ ਗਿਆ ਹੈ ਕਿ ਗੁਰਬਾਣੀ ਨੂੰ ਰਾਗਾਂ ਵਿਚ ਗਾਇਨ ਕਰਨ ਨੂੰ ਕੀਰਤਨ ਕਹਿੰਦੇ ਹਨ ਤੇ ਸਾਰੇ ਰਾਗੀ ਸਿੰਘਾਂ ਨੂੰ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੀਰਤਨ ਦਾ ਅਪਮਾਨ ਕਰਨ ਵਾਲਿਆਂ ਨੂੰ ਸੰਗਤਾਂ ਮੂੰਹ ਨਾ ਲਾਉਣ ਤੇ ਪ੍ਰਬੰਧਕਾਂ ਦਾ ਫਰਜ ਹੈ ਕਿ ਉਹ ਅਜਿਹੇ ਰਾਗੀਆਂ ਨੂੰ ਤਾੜਨਾ ਕਰਨ ਤੇ ਇਸ ਤਰਾਂ ਕਰਨ ਤੋ ਰੋਕਣ। ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਤੋ ਪਹਿਲਾਂ ਹੀ ਹਿਦਾਇਤ ਕੀਤੀ ਗਈ ਸੀ। ਜੇਕਰ ਹੁਣ ਕੋਈ ਵੀ ਰਾਗੀ ਇਸ ਦੀ ਉਲੰਘਣ ਕਰਦਾ ਹੈ ਤਾਂ ਉਸਦੇ ਖਿਲਾਫ ਖਾਲਸਈ ਰਿਵਾਇਤਾਂ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।