ਦਸਮ ਗ੍ਰੰਥ ਦਾ ਲਿਖਾਰੀ ਏਨਾ ਭੁਲੱਕੜ ਕਿ.. (1)
- ਪ੍ਰੇਮ ਸਿੰਘ ਕਲਸੀ
ਕਈ ਭੁੱਲੜ ਸਿੱਖ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖਤ ਕਹਿ ਕੇ ਗੁਰੂ ਜੀ ਦੀ ਘੋਰ ਬੇਅਦਬੀ ਕਰਦੇ ਹਨ। ਦਸਮ ਗ੍ਰੰਥ ਵਿਚ ਏਨੀਆਂ ਗ਼ਲਤੀਆਂ ਹਨ ਜਿਨ੍ਹਾਂ ਨੂੰ ਕੋਈ ਮਾਮੂਲੀ ਜਿਹੀ ਬੁੱਧੀ ਰਖਣ ਵਾਲਾ ਲਿਖਾਰੀ ਵੀ ਨਹੀਂ ਕਰ ਸਕਦਾ। ਕਿਸੇ ਖਾਸ ਗਿਣੀ ਮਿੱਥੀ ਸਾਜਸ਼ ਅਧੀਨ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜ ਕੇ ਜ਼ਬਰਦਸਤੀ ਸਿੱਖ ਕੌਮ ਦੇ ਗਲ਼ ਮੜ੍ਹਿਆ ਜਾ ਰਿਹਾ ਹੈ।
ਮੈਂ ਭਾਵੇਂ ਕੋਈ ਲਿਖਾਰੀ ਤਾਂ ਨਹੀਂ ਹਾਂ, ਪਰ ਜਦ ਮੈਂ ਦਸਮ ਗ੍ਰੰਥ ਪੜ੍ਹਿਆ ਤਾਂ ਪਤਾ ਲੱਗਾ ਕਿ ਇਹ ਤਾਂ ਬ੍ਰਾਹਮਣ, ਜਿਸ ਨੂੰ ਗੁਰੂ ਸਾਹਿਬ ਬਿਪਰ ਕਹਿੰਦੇ ਹਨ, ਦੇ ਪੌਰਾਣਿਕ ਗ੍ਰੰਥਾਂ ਦਾ ਉਲੱਥਾ ਹੀ ਹੈ। ਦਸਮ ਗ੍ਰੰਥ ਦਾ ਪਹਿਲਾ ਨਾਂ ਬਚਿੱਤ੍ਰ ਨਾਟਕ ਸੀ। ਇਸ ਗ੍ਰੰਥ ਦੇ ਹਰ ਅਧਿਆਏ ਜਾਂ ਹਰ ਲੇਖ ਦੇ ਅਖੀਰ ਤੇ ਲਿਖਿਆ ਹੋਇਆ ਹੈ, "ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ..(ਅਧਿਆਏ ਦਾ ਨਾਂ).. ਸੰਪੂਰਨ ਸੁਭਮਸਤ"।
ਸਾਰੇ ਗ੍ਰੰਥ ਵਿਚ ਕਿਤੇ ਵੀ ਦਸਮ ਗ੍ਰੰਥ ਲਿਖਿਆ ਨਹੀਂ ਮਿਲਦਾ। ਹਿੰਦੂਤਵਾ ਦੀਆਂ ਕੂਟ ਨੀਤੀਆਂ ਸਦਕਾ ਇਸ ਦਾ ਨਾਂ ਦਸਮ ਗ੍ਰੰਥ ਤੇ ਇਸ ਦਾ ਹੁਣ ਦਾ ਅਖੀਰਲਾ ਨਾਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਿਆ ਹੈ। ਇਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੀ ਪ੍ਰੇਰਨਾ ਕਰਨ ਵਾਲੇ ਮਾਰਕੰਡੇ ਪੁਰਾਣ, ਸ਼ਿਵ ਪੁਰਾਣ, ਸ੍ਰੀ ਮਦ ਭਗਵਤ ਪੁਰਾਣ ਅਤੇ ਕੁਝ ਹੋਰ ਪੌਰਾਣਿਕ ਗ੍ਰੰਥਾਂ ਦਾ ਮਿਲਗੋਭਾ ਹੈ।
ਜਿਵੇਂ ਉਪਰ ਦਸਿਆ ਗਿਆ ਹੈ ਕਿ ਦਸਮ ਗ੍ਰੰਥ ਦਾ ਪਹਿਲਾ ਨਾਂ ਬਚਿਤ੍ਰ ਨਾਟਕ ਸੀ, ਉਸ ਤੋਂ ਬਾਅਦ ਹੁਣ ਤਕ ਹੇਠ ਲਿਖੇ 7 (ਸੱਤ) ਨਾਂ ਬਦਲ ਚੁੱਕੇ ਹਨ;
1. ਬਚਿੱਤ੍ਰ ਨਾਟਕ ਗ੍ਰੰਥ
2. ਸਮੁੰਦ ਸਾਗਰ ਗ੍ਰੰਥ
3. ਵਿਦਿਆ ਸਾਗਰ ਗ੍ਰੰਥ
4. ਦਸਮ ਗ੍ਰੰਥ
5. ਦਸਮ ਪਾਤਸ਼ਾਹ ਕਾ ਗ੍ਰੰਥ
6. ਸ੍ਰੀ ਦਸਮ ਗ੍ਰੰਥ
7. ਦਸਮ "ਸ੍ਰੀ ਗੁਰੂ ਗ੍ਰੰਥ ਸਾਹਿਬ"
"ਦਸਮ" ਛੋਟਾ ਜਿਹਾ ਬੇਲ ਬੂਟਿਆਂ ਵਿਚ ਲੁਕਾ ਕੇ ਰਖਿਆ ਗਿਆ ਹੈ ਤੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਭੁਲੇਖਾ ਪਾਊ "ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ" ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਹੈ।ਬਚਿੱਤ੍ਰ ਨਾਟਕ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਗਾਥਾ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਵੀ ਇਸੇ ਦਾ ਇਕ ਛੋਟਾ ਜਿਹਾ ਹਿੱਸਾ ਹੈ ।ਇਸ ਪੁਸਤਕ ਦਾ ਸਭ ਨਾਲੋਂ ਵੱਡਾ ਹਿੱਸਾ ਚਰਿਤ੍ਰੋ ਪਖਿਆਨ ਹੈ, ਜਿਸ ਦੇ 580 ਪੰਨੇ ਹਨ। ਸਾਰੇ ਗ੍ਰੰਥ ਦਾ ਤਕਰੀਬਨ ਤੀਜਾ ਹਿੱਸਾ ਥਾਂ ਚਰਿਤ੍ਰੋ ਪਖਿਆਨ ਰੋਕੀ ਬੈਠਾ ਹੈ।
ਚਰਿਤ੍ਰੋ ਪਖਿਆਨ ਦੀਆਂ 404 ਅਸ਼ਲੀਲ ਕਹਾਣੀਆਂ ਹਨ, ਜਿਸ ਵਿਚ ਨਸ਼ੇ (ਡਰੱਗ) ਅਤੇ ਕਾਮ (ਸੈਕਸ) ਦੀਆਂ ਗੰਦੀਆਂ ਕਹਾਣੀਆਂ ਹਨ ਜੋ ਪੜ੍ਹਨ ਲਗਿਆਂ ਵੀ ਘ੍ਰਿਣਾ ਆਉਂਦੀ ਹੈ।
1. ਇਸ ਗ੍ਰੰਥ ਦੀ 19ਵੀਂ ਕਹਾਣੀ ਵਿਚ ਮਾਂ ਨੇ ਪੁੱਤ ਬਣਾ ਕੇ ਸੰਭੋਗ ਕੀਤਾ।
2. ਕਹਾਣੀ ਨੰਬਰ 21, 22 ਤੇ 23 ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੂਪ ਕੁੰਵਰ ਨਾਂ ਦੀ ਇਕ ਵੇਸਵਾ ਦਾ ਮਗਨ ਨਾਂ ਦਾ ਨੌਕਰ ਮੰਤ੍ਰ ਸਿਖਾਉਣ ਦਾ ਝਾਂਸਾ ਦੇ ਕੇ ਉਸ ਵੇਸਵਾ ਕੋਲ ਲੈ ਜਾਂਦਾ ਹੈ। ਅਗੋਂ ਜੋ ਕੁਝ ਇਸ ਕਹਾਣੀ ਵਿਚ ਲਿਖਿਆ ਹੈ ਉਹ ਏਨਾ ਗ਼ਲਤ ਤੇ ਘਿਰਣਾ ਯੋਗ ਹੈ ਕਿ ਇਥੇ ਬਿਆਨ ਕਰਨ ਦਾ ਹੀਆ ਦਾਸ ਨਹੀਂ ਕਰ ਸਕਦਾ।
3. ਕਹਾਣੀ ਨੰਬਰ 40 ਵਿਚ ਅਨੰਦਪੁਰ ਸਾਹਿਬ ਦੀ ਇਕ ਹੋਰ ਗੰਦੀ ਕਹਾਣੀ ਗੁਰਸਿੱਖਾਂ ਦਾ ਅਪਮਾਨ ਕਰਨ ਵਾਲੀ ਹੈ।
4. ਕਹਾਣੀ ਨੰਬਰ 60 ਧਰਮ ਦੀ ਭੈਣ ਬਣਾ ਕੇ ਇਸ਼ਕ ਕਰਨਾ ਸਿਖਾਉਣ ਵਾਲੀ ਹੈ।
5. ਕਹਾਣੀ ਨੰਬਰ 71 ਵਿਚ ਦੋਖੀਆਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਕੀਤਾ ਹੋਇਆ ਹੈ। ਰਾਧਾ ਤੇ ਕ੍ਰਿਸ਼ਨ ਦੇ ਪ੍ਰਸੰਗ ਨੂੰ ਅਤਿ ਦੀ ਅਸ਼ਲੀਲ ਕਹਾਣੀ ਬਣਾ ਕੇ ਚਰਿਤ੍ਰ ਨੰ: 80 ਵਿਚ ਵਜੋਂ ਪੇਸ਼ ਕੀਤਾ ਗਿਆ ਹੈ ।
6. ਕਹਾਣੀ ਨੰਬਰ 183 ਵਿਚ ਸ਼ਰਾਬ ਪੀ ਕੇ ਆਪਣੀ ਹੀ ਧੀ ਨਾਲ ਮੂੰਹ ਕਾਲ਼ਾ ਕਰਨ ਵਾਲਾ ਕਾਰਾ ਬਿਆਨਿਆ ਗਿਆ ਹੈ।
7. ਕਹਾਣੀ ਨੰਬਰ 138 ਵਿਚ, ਮਿਤ੍ਰ ਨੂੰ ਭੈਣ ਬਣਾ ਕੇ ਭੋਗ ਕਰਨ ਦੀ ਕਹਾਣੀ ਹੈ।
8. ਕਹਾਣੀ ਨੰਬਰ 142 ਬਾਪ ਨੂੰ ਮਾਰ ਕੇ ਯਾਰ ਦੇ ਘਰ ਵੱਸਣ ਦੀ ਸਿੱਖਿਆ ਦਿੰਦੀ ਹੈ।
9. ਚਰਿਤ੍ਰੋ ਪਖਿਆਨ ਦੀ ਕਹਾਣੀ ਨੰਬਰ 212 ਸਕੀ ਭੈਣ ਨਾਲ ਸੰਭੋਗ ਕਰਨ ਦੀ ਸਿੱਖਿਆ ਦਿੰਦੀ ਹੈ।
10. ਕਹਾਣੀ ਨੰਬਰ 245 ਵਿਚ ਦੱਸਿਆ ਗਿਆ ਹੈ ਕਿ ਭਾਰੀ ਨਸ਼ੇ ਕਰ ਕੇ ਔਰਤਾਂ ਭੋਗੋ, ਜੇ ਨਸ਼ੇ ਨਹੀਂ ਕਰੋਗੇ ਤਾਂ ਕੁੱਤੇ ਦੀ ਮੌਤ ਮਰੋਗੇ।
11. ਕਹਾਣੀ ਨੰਬਰ 276 ਵਿਚ ਗੁਪਤ ਥਾਂ ‘ਤੋਂ ਵਾਲ਼ ਸਾਫ਼ ਕਰਨ ਅਤੇ ਭੰਗ ਪੀਣ ਦੀ ਸਿੱਖਿਆ ਹੈ।
12. ਕਹਾਣੀ ਨੰਬਰ 357 ਵਿਚ ਭੰਗ, ਅਫ਼ੀਮ ਤੇ ਪੋਸਤ ਖਾ ਕੇ ਔਰਤਾਂ ਨਾਲ਼ ਕਾਮ-ਕ੍ਰੀੜਾ ਰਚਾਉਣ ਦੀ ਸਿੱਖਿਆ ਹੈ। ਚਰਿਤ੍ਰੋ ਪਖਿਆਨ ਦੀਆਂ ਅਸ਼ਲ਼ੀਲ ਕਹਾਣੀਆਂ ਦਾ ਵੇਰਵਾ ਬਹੁਤ ਲੰਮਾ ਹੈ ਜੋ ਇਸ ਲੇਖ ਦਾ ਵਿਸ਼ਾ ਨਹੀਂ ਹੈ। ਇਹ ਆਪਣੇ ਆਪ ਵਿਚ ਇਕ ਪੂਰਾ ਵਿਸ਼ਾ ਹੈ, ਜੋ ਕਿਸੇ ਹੋਰ ਸਮੇਂ ਆਪ ਜੀ ਦੀ ਸੇਵਾ ਵਿਚ ਪੇਸ਼ ਕੀਤਾ ਜਾਏਗਾ।
ਦੋਖੀਆਂ ਵਲੋਂ ਦਸਮ ਗ੍ਰੰਥ ਨੂੰ ਇਲਾਹੀ ਬਾਣੀ ਦੀ ਬਰਾਬਰਤਾ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਵਿਚ ਕਿਸੇ ਦੀ ਜ਼ੁਰਅਤ ਨਹੀਂ ਕਿ ਕੋਈ ਗ਼ਲਤੀ ਕੱਢ ਸਕੇ ਜਾਂ ਕੋਈ ਲਗ ਮਾਤਰ ਹੀ ਬਦਲ ਸਕੇ। ਪਰ ਦਸਮ ਗ੍ਰੰਥ ਵਿਚ ਥਾਂ ਥਾਂ ਤੇ ਲਿਖਾਰੀ ਨੇ ਲਿਖਿਆ ਹੋਇਆ ਹੈ ਕਿ ਜੇ ਕੋਈ ਗ਼ਲਤੀ ਹੋਵੇ ਤਾਂ ਪਾਠਕ ਜਨ ਆਪ ਹੀ ਸੁਧਾਰ ਕਰ ਲੈਣ। "ਭੂਲ ਪਰੀ ਲਹੁ ਲੇਹੁ ਸੁਧਾਰਾ" ਵਰਗੀਆਂ ਹਿਦਾਇਤਾਂ ਬਹੁਤ ਥਾਈਂ ਲਿਖੀਆਂ ਮਿਲਦੀਆਂ ਹਨ।
ਹੁਣ ਆਪਾਂ ਅਸਲੀ ਮੁੱਦੇ ਵਲ ਆਈਏ ਕਿ ਦਸਮ ਗ੍ਰੰਥ ਦੇ ਲਿਖਾਰੀ ਨੇ ਕਿਵੇਂ ਕਿਵੇਂ ਗ਼ਲਤੀਆਂ ਕੀਤੀਆਂ ਹਨ।ਇਸ ਤੋਂ ਪਹਿਲਾਂ ਸਾਨੂੰ ਇਹ ਚੰਗੀ ਤਰ੍ਹਾਂ ਮਨ ਵਿਚ ਬਿਠਾ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਕੋ ਜੋਤਿ ਹੈ ਤੇ ਉਹੀ ਜੋਤਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਿਰਾਜਮਾਨ ਹੈ।"ਏਕਾ ਬਾਣੀ ਇਕ ਗੁਰ ਏਕੋ ਸ਼ਬਦ ਵਿਚਾਰ"।
ਦਸਾਂ ਹੀ ਗੁਰੂ ਸਾਹਿਬਾਂ ਵਿਚ ਇਕ ਹੀ ਜੋਤਿ ਹੈ ਤੇ ਅਕਾਲ ਪੁਰਖ ਦੇ ਮਿਲਾਪ ਦੀ ਜੁਗਤੀ ਵੀ ਇਕੋ ਹੀ ਹੈ।
ਪ੍ਰੇਮ ਸਿੰਘ ਕਲਸੀ
ਦਸਮ ਗ੍ਰੰਥ ਦਾ ਲਿਖਾਰੀ ਏਨਾ ਭੁਲੱਕੜ ਕਿ.. (Bwg 1)
Page Visitors: 3249