ਅਮਰੀਕੀ ਵੀਜ਼ੇ ਲਈ ਸਖਤ ਸੁਰੱਖਿਆ ਜਾਂਚ ਦਾ ਸਾਮ੍ਹਣਾ ਕਰਨਾ ਪਵੇਗਾ
ਵਾਸ਼ਿੰਗਟਨ, 2 ਦਸੰਬਰ (ਪੰਜਾਬ ਮੇਲ)- ਅਮਰੀਕਾ ਨੇ ਪੈਰਿਸ ਵਰਗੇ ਹਮਲੇ ਨੂੰ ਆਪਣੇ ਦੇਸ਼ ‘ਚ ਰੋਕਣ ਲਈ ਵੀਜ਼ਾ ਮੁਕਤ ਪ੍ਰੋਗਰਾਮ ‘ਚ ਬਦਲਾਅ ਦਾ ਐਲਾਨ ਕੀਤਾ ਹੈ। ਉਕਤ ਬਦਲਾਅ ਦਾ ਐਲਾਨ ਉਨ੍ਹਾਂ 38 ਦੇਸ਼ਾਂ ਦੇ ਯਾਤਰੀਆਂ ਦੀ ਜਾਂਚ ਲਈ ਕੀਤਾ ਗਿਆ ਹੈ, ਜਿਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਬਿਨਾਂ ਵੀਜ਼ਾ ਅਮਰੀਕਾ ‘ਚ ਪ੍ਰਵੇਸ਼ ਕਰਨ ਦੀ ਛੋਟ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਕੁਝ ਦੇਸ਼ਾਂ ਦੇ ਨਾਲ ਵੀਜ਼ਾ ਮੁਕਤ ਪ੍ਰੋਗਰਾਮ ਹੈ, ਜਿਸ ਦੇ ਤਹਿਤ ਇਨ੍ਹਾਂ ਦੇਸ਼ਾਂ ਦੇ ਵਾਸੀਆਂ ਨੂੰ ਅਮਰੀਕਾ ‘ਚ ਪ੍ਰਵੇਸ਼ ਕਰਨ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ, ਇਸ ਪ੍ਰੋਗਰਾਮ ‘ਚ ਆਉਣ ਵਾਲੇ ਬਹੁਤੇ ਦੇਸ਼ ਯੂਰਪੀਅਨ ਹਨ। ਅਮਰੀਕਾ ਦਾ ਭਾਰਤ ਨਾਲ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੈ, ਪਰ ਹਾਲੀਆ ਐਲਾਨ ਇਹ ਸੰਕੇਤ ਦਿੰਦਾ ਹੈ ਕਿ ਭਾਰਤੀ ਯਾਤਰੀਆਂ ਨੂੰ ਵੀ ਅਮਰੀਕਾ ‘ਚ ਪ੍ਰਵੇਸ਼ ਕਰਨ ਲਈ ਵੀਜ਼ਾ ਹਾਸਲ ਕਰਨ ਸਖ਼ਤ ਸੁਰੱਖਿਆ ਜਾਂਚ ਦਾ ਸਾਹਮਣਾ ਕਰਨਾ ਪਵੇਗਾ।
ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੋਸ਼ ਅਨਸਰਟ ਨੇ ਇਸ ਐਲਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਹਿਤ ਸਾਡੇ ਯੂਰਪੀਅਨ ਸਾਂਝੇਦਾਰਾਂ ਨਾਲ ਸੂਚਨਾਵਾਂ ਦਾ ਅਦਾਨ-ਪ੍ਰਦਾਨ ਹੋਰ ਬੇਹਤਰ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਵੀਜਾ ਮੁਕਤ ਪ੍ਰੋਗਰਾਮ ਦੇ ਤਹਿਤ ਪ੍ਰਤੀਸਾਲ 38 ਦੇਸ਼ਾਂ ਦੇ ਦੋ ਕਰੋੜ ਨਾਗਰਿਕਾਂ ਨੂੰ ਆਪਣੇ ਦੇਸ਼ ਦੀ ਯਾਤਰਾ ਦੀ ਅਗਿਆ ਦਿੰਦਾ ਹੈ।