ਇਕ ਅਰਬ 5 ਕਰੋੜ ਦੀ ਹੈਰੋਇਨ ਬਰਾਮਦ
ਫ਼ਿਰੋਜ਼ਪੁਰ/ ਖੇਮਕਰਨ, 21 ਨਵੰਬਰ (ਪੰਜਾਬ ਮੇਲ) – ਕੌਮਾਂਤਰੀ ਸਰਹੱਦ ‘ਤੇ ਸਥਿਤ ਫ਼ਿਰੋਜ਼ਪੁਰ ਸੈਕਟਰ ਤਹਿਤ ਪੈਂਦੀ ਗਜ਼ਲ ਚੌਾਕੀ ਨੇੜਿਓ ਬੀ.ਐਸ.ਐਫ. ਵੱਲੋਂ 21 ਹੈਰੋਇਨ ਦੇ ਪੈਕੇਟ ਬਰਾਮਦ ਕੀਤੇ ਹਨ, ਜਿੰਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਇਕ ਅਰਬ 5 ਕਰੋੜ ਰੁਪਏ ਕੀਮਤ ਬਣਦੀ ਹੈ | ਫ਼ਿਰੋਜ਼ਪੁਰ ਹੈੱਡਕੁਆਟਰ ‘ਤੇ ਗੱਲਬਾਤ ਕਰਦਿਆਂ ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਸ੍ਰੀ ਅਨਿਲ ਪਾਲੀਵਾਲ ਨੇ ਦੱਸਿਆ ਕਿ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਵੱਲੋਂ ਸਾਂਝੇ ਤੌਰ ‘ਤੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਨ੍ਹੀ ਵੱਡੀ ਮਾਤਰਾ ‘ਚ ਹੈਰੋਇਨ ਫੜੀ ਗਈ | ਇਸ ਮੌਕੇ ਫ਼ਿਰੋਜ਼ਪੁਰ ਸੈਕਟਰ ਦੇ ਡੀ.ਆਈ.ਜੀ. ਸ੍ਰੀ ਆਰ.ਕੇ. ਥਾਪਾ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਨਸ਼ਾ ਤਸਕਰ ਭਾਰਤ ਅੰਦਰ ਦਾਖਲ ਹੋ ਸਕਦੇ ਹਨ | ਬੀਤੀ ਦਰਮਿਆਨੀ ਰਾਤ ਨੂੰ ਜਦੋਂ ਬੀ.ਐਸ.ਐਫ. ਦੀ 191 ਬਟਾਲੀਅਨ ਦੇ ਜਵਾਨ ਸਰਹੱਦ ‘ਤੇ ਡਿਊਟੀ ਦੇ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਪਾਕਿਸਤਾਨੀ ਸਮੱਗਲਰ ਸਰਕੰਡਿਆ ਦਾ ਲਾਭ ਲੈਂਦੇ ਹੋਏ ਅੱਗੇ ਵੱਧਣ ਦੀ ਕੋਸ਼ਿਸ਼ ‘ਚ ਸਨ ਤੇ ਉਥੇ ਤਾਇਨਾਤ ਜਵਾਨਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਅੱਗੋਂ ਉਨ੍ਹਾਂ ਜਵਾਨਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੁੂ ਕਰ ਦਿੱਤੀਆਂ ਅਤੇ ਜਦੋਂ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਜਵਾਬੀ ਕਾਰਵਾਈ ਕੀਤੀ ਤਾਂ ਨਸ਼ਾ ਸਮੱਗਲਰ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਵਾਪਿਸ ਭੱਜ ਗਏ | ਬੀ.ਐਸ.ਐਫ. ਦੇ ਅਧਿਕਾਰੀਆਂ ਵੱਲੋਂ ਘਟਨਾ ਉਪਰੰਤ ਜਗ੍ਹਾ ਦਾ ਮੁਆਇਨਾ ਕੀਤਾ ਤਾਂ ਉਥੇ ਵੱਖ-ਵੱਖ ਪੋਲੀਥੀਨ ‘ਚ ਲਪੇਟੇ ਹੋਏ 21 ਪੈਕੇਟ ਹੈਰੋਇਨ, ਇਕ ਪਿਸਟਲ, ਇਕ ਪਿਸਤੌਲ ਦਾ ਮੈਗਜ਼ੀਨ, 5 ਰੋਂਦ 5 ਖੋਲ 12 ਬੋਰ ਖਾਲੀ ਬਰਾਮਦ ਕੀਤੇ ਗਏ, ,ਜਿਨ੍ਹਾਂ ‘ਤੇ ਮੇਡ ਪਾਕਿਸਤਾਨ ਮਾਅਰਕਾ ਲੱਗਾ ਹੈ | ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਦਾਅਵਾ ਕੀਤੀ ਕਿ ਇਸ ਸਾਲ ਅੰਦਰ ਬੀ.ਐੱਸ.ਐੱਫ. ਨੇ 316.41 ਕਿਲੋ ਹੈਰੋਇਨ ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ | ਕਾਊਾਟਰ ਇੰਟੈਲੀਜੈਂਸ ਪੰਜਾਬ ਦੇ ਏ.ਆਈ.ਜੀ. ਬਲਦੇਵ ਸਿੰਘ ਪ੍ਰਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਾਲ ਅੰਦਰ 105 ਕਿਲੋ ਹੈਰੋਇਨ ਬਰਾਮਦ ਕੀਤੀ ਗਈ |