ਅੰਮ੍ਰਿਤਸਰ ਦੇ ਰੇਲ ਕਾਰਗੋ ‘ਚੋਂ ਫੜੀ ੩੦ ਕਰੋੜ ਦੀ ਹੈਰੋਇਨ
ਪਾਕਿਸਤਾਨੀ ਰੇਲ ਡੱਬਿਆਂ ਵਿੱਚੋਂ ਹੈਰੋਇਨ ਦੀ ਖੇਪ ਰਿਕਵਰ ਕੀਤੀ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਮੇਲ) –ਅੰਮ੍ਰਿਤਸਰ ਵਾਲੇ ਇੰਟਰੈਸ਼ਨਲ ਰੇਲ ਕਾਰਗੋ ਉਤੇ ਇੱਕ ਵਾਰ ਫਿਰ ਡੀ ਆਰ ਆਈ ਦੀ ਟੀਮ ਨੇ ਛਾਪਾ ਮਾਰ ਕੇ ਪਾਕਿਸਤਾਨ ਤੋਂ ਆਈਆਂ ਬੋਗੀਆਂ ਵਿੱਚੋਂ ਛੇ ਕਿਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 30 ਕਰੋੜ ਰੁਪਏ ਅੰਕੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਖਰੀਦੀਆਂ ਚੀਜ਼ਾਂ ਅੰਮ੍ਰਿਤਸਰ ਲੈ ਕੇ ਆਈਆਂ ਰੇਲ ਬੋਗੀਆਂ ਵਿੱਚ ਪਾਕਿਸਤਾਨੀ ਤਸਕਰਾਂ ਨੇ ਹੈਰੋਇਨ ਦੀ ਇੱਕ ਵੱਡੀ ਖੇਪ ਛੁਪਾਈ ਹੋਈ ਹੈ, ਜਿਸ ਦੇ ਬਾਅਦ ਡੀ ਆਰ ਆਈ ਦੀ ਟੀਮ ਨੇ ਸੰਬੰਧਤ ਬੋਗੀ ਉੱਤੇ ਜਾ ਕੇ ਚੈਕਿੰਗ ਕੀਤੀ ਅਤੇ ਬੋਗੀ ਦੀਆਂ ਕੈਵਿਟੀਜ਼ ਵਿੱਚ ਪਈ ਛੇ ਕਿਲੋ ਹੈਰੋਇਨ ਨੂੰ ਜ਼ਬਤ ਕਰ ਲਿਆ। ਦੇਰ ਰਾਤ ਹੋਈ ਕਾਰਵਾਈ ਵਿੱਚ ਅਜੇ ਹੋਰ ਖੇਪ ਮਿਲਣ ਦੀ ਸੰਭਾਵਨਾ ਹੈ। ਅਜੇ ਤੱਕ ਇਸ ਖੇਪ ਸਬੰਧੀ ਕੋਈ ਤਸਕਰ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਸ ਘਟਨਾ ਨੇ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਰੇਲ ਕਾਰਗੋ ਵੱਲ ਸਭ ਸੁਰੱਖਿਆ ਏਜੰਸੀਆਂ ਦਾ ਧਿਆਨ ਕੇਂਦਰਿਤ ਕਰ ਦਿੱਤਾ ਹੈ, ਕਿਉਂਕਿ ਪਿਛਲੇ ਸਾਲਾਂ ਦੌਰਾਨ ਪਾਕਿਸਤਾਨ ਤੋਂ ਆਉਣ ਵਾਲੀ ਮਾਲ ਗੱਡੀ ਨਾਲ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਜ਼ਬਤ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਕਈ ਵਾਰ ਪਾਕਿਸਤਾਨੀ ਮਾਲ ਗੱਡੀ ਨੂੰ ਬੰਦ ਵੀ ਕਰ ਦਿੱਤਾ ਗਿਆ ਅਤੇ ਰੇਲ ਕਾਰਗੋ ਦੇ ਜ਼ਰੀਏ ਹੋਣ ਵਾਲਾ ਖਰੀਦੋ ਫਰੋਖਤ ਬੰਦ ਹੋ ਗਈ।