ਪੈਰਿਸ ਹਮਲਾ-ਵਧਦੀ ਜਾ ਰਹੀ ਮੌਤਾਂ ਦੀ ਗਿਣਤੀ
ਪੈਰਿਸ, 14 ਨਵੰਬਰ (ਪੰਜਾਬ ਮੇਲ)-ਦੁਨੀਆਂ ਭਰ ‘ਚ ‘ਫੈਸ਼ਨ ਦੀ ਰਾਜਧਾਨੀ’ ਦੇ ਨਾਂ ਨਾਲ ਮਸ਼ਹੂਰ ਪੈਰਿਸ ਨੂੰ ਅੱਤਵਾਦੀਆਂ ਨੇ ਇਕ ਵਾਰ ਫਿਰ ਲਹੂਲੁਹਾਨ ਕਰ ਦਿੱਤਾ। ਸ਼ੁੱਕਰਵਾਰ ਦੀ ਰਾਤ ਆਈਐਸ ਦੇ ਆਤਮਘਾਤੀ ਹਮਲਾਵਰਾਂ ਨੇ ਛੇ ਵੱਖ ਵੱਖ ਥਾਵਾਂ ‘ਤੇ ਹਮਲੇ ਕਰ ਕੇ 128 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਠੀਕ ਮੁੰਬਈ ਦੇ 26/111 ਦੀ ਤਰਜ਼ ‘ਤੇ ਹੋਏ ਲੜੀਵਾਰ ਹਮਲਿਆਂ ‘ਚ ਘੱਟੋ ਘੱਟ 250 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਸੌ ਲੋਕਾਂ ਦੀ ਹਾਲਤ ਗੰਭੀਰ ਹੈ। ਆਈਐਸ ਨੇ ਇਨ੍ਹਾਂ ਹਮਲਿਆਂ ਦੀ ਜ਼ਿਮੇਵਾਰੀ ਲੈਂਦਿਆਂ ਕਿਹਾ ਕਿ ਸੀਰੀਆ ਦਾ ਬਦਲਾ ਲੈਣ ਲਈ ਉਸ ਨੇ ਇਹ ਹਮਲੇ ਕੀਤੇ ਹਨ। ਉਸ ਨੇ ਇਕ ਬਿਆਨ ਜਾਰੀ ਕਰਦਿਆਂ ਭਵਿੱਖ ‘ਚ ਵੀ ਅਜਿਹੇ ਹਮਲੇ ਕਰਨ ਦੀ ਚਿਤਾਵਨੀ ਦਿੱਤੀ। ਦੂਜੇ ਪਾਸੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਇਸ ਨੂੰ ਫਰਾਂਸ ਵਿਰੱੁਧ ਜੰਗ ਕਰਾਰ ਦਿੱਤਾ ਹੈ। ਫਰਾਂਸ ‘ਚ ਤਿੰਨ ਦਿਨਾਂ ਦਾ ਕੌਮੀ ਸੋਗ ਐਲਾਨਿਆ ਗਿਆ ਹੈ। ਗੁਆਂਢੀ ਮੁਲਕਾਂ ਨਾਲ ਸਰਹੱਦ ਸੀਲ ਕਰ ਦਿੱਤੀ ਗਈ ਹੈ ਤੇ 1955 ਤੋਂ ਬਾਅਦ ਪਹਿਲੀ ਵਾਰ ਦੇਸ਼ ਵਿਚ ਐਮਰਜੰਸੀ ਲਾਈ ਗਈ ਹੈ। ਪੈਰਿਸ ਸ਼ਹਿਰ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਫ਼ੌਜ ਤੇ ਪੁਲਸ ਦੇ ਸੱਤ ਹਜ਼ਾਰ ਜਵਾਨ ਸੜਕਾਂ ‘ਤੇ ਉਤਾਰ ਦਿੱਤੇ ਗਏ ਹਨ। 1940 ਤੋਂ ਬਾਅਦ ਪਹਿਲੀ ਵਾਰ ਇੱਥੇ ਕਰਫਿਊ ਲਾਇਆ ਗਿਆ ਹੈ। ਇਸੇ ਸਾਲ ਜਨਵਰੀ ‘ਚ ਕਾਰਟੂਨ ਪਤਿ੫ਕਾ ਸ਼ਾਰਲੀ ਅਬਦੋ ਦੇ ਦਫ਼ਤਰ ਤੇ ਇਕ ਸੁਪਰ ਮਾਰਕਿਟ ‘ਚ ਹੋਏ ਅੱਤਵਾਦੀ ਹਮਲੇ ‘ਚ 17 ਵਿਅਕਤੀ ਮਾਰੇ ਗਏ ਸਨ। ਉਸ ਤੋਂ ਬਾਅਦ ਫਰਾਂਸ ਵਿਚ ਹਾਈ ਅਲਰਟ ਸੀ। ਸ਼ੁੱਕਰਵਾਰ ਰਾਤ ਪੈਰਿਸ ਨੈਸ਼ਨਲ ਸਟੇਡੀਅਮ ‘ਚ ਜਰਮਨੀ ਤੇ ਫਰਾਂਸ ਵਿਚਾਲੇ ਫੁੱਟਬਾਲ ਦਾ ਦੋਸਤਾਨਾ ਮੈਚ ਚੱਲ ਰਿਹਾ ਸੀ। ਰਾਸ਼ਟਰਪਤੀ ਓਲਾਂਦ ਵੀ ਇਸ ਸਟੇਡੀਅਮ ਵਿਚ ਮੌਜੂਦ ਸਨ। ਪਹਿਲੇ ਅੱਧ ਦੌਰਾਨ ਦੋ ਬੰਬ ਧਮਾਕੇ ਸੁਣੇ ਗਏ। ਇਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਭਿਅੰਕਰ ਹਮਲਾ ਬੈਤਾਕਲਾਂ ਥੀਏਟਰ ‘ਚ ਹੋਇਆ। ਏਕੇ 47 ਨਾਲ ਲੈਸ ਚਾਰ ਅੱਤਵਾਦੀ ‘ਅਲਾਹ ਹੂ ਅਕਬਰ’ ਕਹਿੰਦਿਆਂ ਥੀਏਟਰ ‘ਚ ਦਾਖ਼ਲ ਹੋਏ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ 82 ਵਿਅਕਤੀਆਂ ਨੂੰ ਮਾਰ ਦਿੱਤਾ। ਜ਼ਿਕਰਯੋਗ ਹੈ ਕਿ ਫਰਾਂਸ ਦੇ ਇਤਿਹਾਸ ‘ਚ ਪਹਿਲੀ ਵਾਰ ਆਤਮਘਾਤੀ ਹਮਲਾ ਕੀਤਾ ਗਿਆ ਹੈ। ਨਾਲ ਹੀ ਦੂਜੀ ਸੰਸਾਰ ਜੰਗ ਪਿੱਛੋਂ ਫਰਾਂਸ ‘ਤੇ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਵੀ ਹੈ। ਮਾਰੇ ਗਏ ਹਮਲਾਵਰਾਂ ਤੋਂ ਸੀਰੀਆ ਦੇ ਪਾਸਪੋਰਟ ਬਰਾਮਦ ਕੀਤੇ ਗਏ ਹਨ।