ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਅਖੋਤੀ ਸਰਬਤ ਖਾਲਸਾ ਦੇ ਨਾਮ ਤੇ , ਜਜਬਾਤੀ ਕੌਮ , ਇਕ ਵਾਰ ਫਿਰ ਬੁਰੀ ਤਰ੍ਹਾਂ ਠੱਗੀ ਗਈ।
ਅਖੋਤੀ ਸਰਬਤ ਖਾਲਸਾ ਦੇ ਨਾਮ ਤੇ , ਜਜਬਾਤੀ ਕੌਮ , ਇਕ ਵਾਰ ਫਿਰ ਬੁਰੀ ਤਰ੍ਹਾਂ ਠੱਗੀ ਗਈ।
Page Visitors: 2720

ਅਖੋਤੀ ਸਰਬਤ ਖਾਲਸਾ ਦੇ ਨਾਮ ਤੇ , ਜਜਬਾਤੀ ਕੌਮ , ਇਕ ਵਾਰ ਫਿਰ ਬੁਰੀ ਤਰ੍ਹਾਂ ਠੱਗੀ ਗਈ।
ਪਹਿਲਾਂ ਅਸੀ ਰਾਜਨੀਤਿਕ ਪਿਆਦਿਆਂ ਦੇ ਗੁਲਾਮ ਸੀ , ਹੁਣ ਅਸੀ ਸੰਤ ਸਮਾਜੀਆਂ ਅਤੇ ਸੰਪ੍ਰਦਾਈਆਂ ਦੇ ਗੁਲਾਮ ਬਣਾਂ ਦਿੱਤੇ ਗਏ ਹਾਂ । ਡੇਰਿਆਂ   ਨੂੰ ਰੋਂਦੇ ਸਾਂ, ਡੇਰੇਦਾਰਾਂ  ਦੇ ਹੀ ਅਧੀਨ ਕਰ ਦਿੱਤੇ ਗਏ ਹਾਂ । ਸੱਪਾਂ ਨੂੰ ਕੋਸਦੇ  ਸਾਂ, ਸੱਪਾਂ ਦੇ ਅਧੀਨ ਹੀ ਕਰ ਦਿੱਤੇ ਗਏ ਹਾਂ । ਸਾਡੀ ਕੌਮ ਨੇ ਹਮੇਸ਼ਾਂ ਗੁਲਾਮ ਬਣ ਕੇ ਹੀ ਰਹਿਣਾਂ  ਹੈ । ਇੱਨੇ ਵੱਡੇ ਇਕੱਠ ਨਾਲ ਹਾਸਿਲ ਕੀ ਹੋਇਆ ? ਸਿੱਫਰ ! ਸਿਰਫ , ਸਿਫਰ ! ਸਿਫਰ ਹੀ ਨਹੀ , ਅਸੀ ਤਾਂ ਹੋਰ ਵੀਹ ਸਾਲ ਪਿੱਛੇ ਧੱਕ ਦਿੱਤੇ ਗਏ ਹਾਂ।   ਕੌਮ ਦਾ ਮਜਾਕ ਇਕ ਵਾਰ ਫਿਰ ਉਡਾਇਆ ਗਿਆ ਹੈ । ਕੌਮ ਨੂੰ ਬੁਰੀ ਤਰ੍ਹਾਂ ਇਕ ਵਾਰ ਫਿਰ ਠੱਗਿਆ ਗਿਆ ਹੈ । ਪਹਿਲਾਂ ਅਕਾਲ ਤਖਤ ਦੇ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਗਈਆਂ , ਹੁਣ 'ਸਰਬੱਤ ਖਾਲਸਾ'  ਦੇ ਸਿਧਾਂਤ ਅਤੇ ਅਹਮਿਅਤ ਦੀਆਂ ਵੀ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਗਈਆਂ ਹਨ  । ਇਸ ਲਈ ਜਿੱਮੇਦਾਰ ਹੋਰ ਕੋਈ ਨਹੀ, ਅਸੀ ਆਪ ਹਾਂ ,ਜੋ ਬਿਨਾਂ ਕਿਸੇ ਤਫਤੀਸ਼ ਦੇ ਭੇਡਾਂ ਵਾਂਗ ਉਸ ਬੁਲਾਵੇ ਤੇ ਮੂਹ ਚੁੱਕ ਕੇ ਤੁੱਰ ਪਏ। ਇਹ ਵੀ ਨਾਂ ਸੋਚਿਆ ਕਿ ਇਸ ਦੇ ਪਿੱਛੇ ਕੌਣ ਲੋਗ ਹਨ।  ਇਸ ਤੋਂ ਇਹ ਪਤਾ ਲੱਗ ਗਿਆ ਹੈ , ਕੌਮ ਅਪਣਾਂ ਵਿਵੇਕ , ਬੁੱਧੀ ਅਤੇ ਨਿਰਣਾਂ ਕਰਣ ਦੀ ਤਾਕਤ,  ਪੂਰੀ ਤਰ੍ਹਾਂ  ਖੋ ਚੁਕੀ ਹੈ ।
  ਹੱਲੀ ਵੀ ਕੁੱਝ ਮੂਰਖ ਇਹ ਕਹੀ ਜਾਂਦੇ ਨੇ ਕਿ,  ਤੁਸੀ ਟੰਗਾਂ ਖਿੱਚਣ ਵਾਲੇ ਹੋ। ਕੋਈ ਕਹਿ ਰਿਹਾ ਹੈ ਕਿ ਤੁਸੀ ਆਰ. ਐਸ ਐਸ. ਦੇ ਬੰਦੇ ਹੋ, ਇਸ ਲਈ ਸਰਬੱਤ ਖਾਲਸਾ ਵਿੱਚ ਲਏ ਗਏ ਫੈਸਲਿਆਂ ਦਾ ਵਿਰੋਧ ਕਰ ਰਹੇ ਹੋ । ਇਹ ਭੋਲੇ  ਇਹ ਨਹੀ ਜਾਂਣਦੇ ਕਿ ਅਸੀ ਆਰ. ਐਸ ਐਸ ਦੇ ਬੰਦੇ ਨਹੀ, ਬਲਕਿ ਤੁਸੀ ਆਰ. ਐਸ .ਐਸ ਦੇ ਇਸ ਸਪਾਂਸਰਡ,  ਅਖੌਤੀ ਸਰਬੱਤ ਖਾਲਸਾ ਰਾਂਹੀ ਬੁਰੀ ਤਰ੍ਹਾਂ ਠੱਗੇ ਜਾ ਚੁਕੇ ਹੋ । ਜੋ ਆਰ. ਐਸ .ਐਸ. ਤੁਹਾਡੇ ਤੇ ਹੱਲੀ ਪੰਜਾਹ ਵਰ੍ਹੈ ਕਾਬਿਜ ਨਹੀ ਸੀ ਹੋ ਸਕਦਾ , ਉਹ ਤੁਹਾਡੇ ਬਣਾਏ ਅਖੌਤੀ ਸਰਬੱਤ ਖਾਲਸਾ ਰਾਂਹੀ ਤੁਹਾਡੇ ਤੇ ਇਕ ਦਿਨ ਵਿੱਚ ਕਾਬਿਜ ਹੋ ਗਿਆ ।
 ਗੁਰਬੱਚਨ ਜੂੰਡਲੀ ਬੁਰੀ ਤਰ੍ਹਾਂ ਬਦਨਾਮ ਹੋ ਗਈ ਸੀ ਅਤੇ ਦੁਤਕਾਰ ਦਿੱਤੀ ਗਈ ਸੀ। ਉਸ ਜੂੰਡਲੀ ਦੀ ਹੁਣ ਕਿਸੇ ਨੇ ਨਹੀ ਸੀ ਮਨਣੀ। ਬਾਦਲਾਂ ਨੂੰ ਵੀ ਲੋਕੀ ਗਾਲ੍ਹਾਂ ਕਡ੍ਹ ਰਹੇ ਸਨ। ਜੇ ਬਾਦਲਕੇ ਕੋਈ ਦੂਜੇ ਪੰਜ ਜਥੇਦਾਰ ਨਿਯੁਕਤ ਕਰਦੇ ਤਾਂ , ਉਹ ਵੀ ਕਿਸੁੇ ਨੇ ਨਹੀ ਸਨ ਮਨਣੇ । ਕੌਮ ਵੱਲੋ  ਉਨ੍ਹਾਂ ਜੱਥੇਦਾਰਾਂ ਨੂੰ ਦੁਤਕਾਰ ਦੇਣ ਨਾਲ । ਆਰ. ਐਸ ਐਸ ਦਾ ਬਹੁਤ ਵੱਡਾ ਨੁਕਸਾਨ ਹੋ ਚੁਕਾ ਸੀ। ਕਿਉਕਿ ਇਨ੍ਹਾਂ ਅਖੌਤੀ ਜਥੇਦਾਰਾਂ ਰਾਂਹੀ ਹੀ ਤਾਂ ਉਹ ਅਪਣੇ ਅਜੈੰਡੇ ,ਕੌਮ ਤੇ ਲਾਗੂ ਕਰਦੇ ਸਨ। ਭਾਂਵੇ ਨਾਨਕਸ਼ਾਂਹੀ ਕੈਲੰਡਰ ਰਿਹਾ ਹੋਵੇ , ਭਾਵੇ ਅਖੌਤੀ ਦਸਮ ਗ੍ਰੰਥ ਨਾਮ ਦੀ ਕੂੜ ਕਿਤਾਬ ਦਾ ਹਨੇਰਾ। ਆਰ. ਐਸ. ਐਸ. ਦੇ ਪੁਰਾਨੇ ਚੇਹਰਿਆ ਨੂੰ ਸਾਮ੍ਹਣੇ ਨਹੀ ਲਿਆਂਦਾ ਗਿਆ, ਪਹਿਲਾਂ ਤੋਂ ਹੀ ਤਿਆਰ ਗੋਟੀਆਂ ਫਿੱਟ ਕਰ ਦਿਤੀਆਂ ਗਈਆਂ। ਕਿਉਕਿ ਪੁਰਾਨੇ ਚੇਹਰੇ ਕੌਮ ਵਿੱਚ ਦੁਤਕਾਰੇ ਜਾ ਚੁਕੇ ਸਨ . ਉਨਹਾਂ ਨੂੰ ਕਿਸੇ ਨੇ ਪਰਵਾਨ ਨਹੀ ਸੀ ਕਰਣਾਂ।
ਭੋਲਿਉ  ! ਭੇਡਾਂ ਦੀ ਤਰ੍ਹਾਂ ਉਸ ਅਖੌਤੀ ਸਰਬੱਤ ਖਾਲਸੇ ਦੇ ਬੁਲਾਵੇ ਤੇ ਤੁਸੀ ਅਾਪਣੀਆ ਹੀ ਕਬਰਾਂ ਖੋਦਨ ਲਈ ਤੁਰ ਪਏ ! ਇਹ ਵੀ ਨਾਂ ਪੁਛਿਆ , ਇਹ ਵੀ ਨਾਂ ਜਾਂਣਿਆ ਕਿ ਇਹ ਸਰਬੱਤ ਖਾਲਸਾ ਹੈ,  ਕਿ ਕੌਮ ਦੇ ਪਿੰਡੇ ਤੇ ਨਾਸੂਰ ਬਣ ਚੁਕੇ ਡੇਰੇਦਾਰਾਂ ਅਤੇ ਸਾਧ ਲਾਣੇ ਵਲੋਂ ਖੇਡੀ ਗਈ  ਇਕ ਸਾਜਿਸ਼ ?  ਜਿਨ੍ਹਾਂ ਡੇਰੇਦਾਰਾਂ ਅਤੇ ਸਾਧਾ ਨੂੰ ਤੁਸੀ ਆਏ ਦਿਨ ਦੁਤਕਾਰਦੇ ਅਤੇ  ਲਾਨ੍ਹਤਾਂ ਪਾਂਦੇ ਨਹੀ ਸਾਉ  ਥਕਦੇ , ਉਨ੍ਹਾਂ ਦੇ ਫੈਲਾਏ ਜਾਲ ਵਿੱਚ ਹੀ ਬੁਰੀ ਤਰ੍ਹਾਂ ਫੰਸ ਗਏ ।
ਸਾਨੂੰ ਗਾਲ੍ਹਾਂ ਕਡ੍ਹਣ ਵਾਲਿਉ !  ਤੁਸਾਂ ਤਾਂ  ਕੁਝ ਵੀ ਨਾਂ ਸੋਚਿਆ !  ਜਦੋ ਪ੍ਰਸ਼ਾਸ਼ਨ ਨੇ ਤੁਹਾਨੂੰ ਉੱਥੇ ਜਾਂਣ ਤੋਂ ਰੋਕਿਆ ਨਹੀ । ਤੁਹਾਡੀ ਇਕ ਬੱਸ ਜਾਂ ਇਕ ਕਾਰ ਦੀ ਚੇਕਿੰਗ ਨਹੀ ਕੀਤੀ ਗਈ ? ਕੀ ਇਕ ਦਿਨ ਵਿੱਚ ਸਰਕਾਰ ਤੁਹਾਡੀ ਸੱਕੀ ਬਣ ਚੁਕੀ ਸੀ ? ਸ਼ਾਂਤੀ ਪੂਰਕ ਧਰਨਿਆਂ ਤੋਂ ਪ੍ਰਚਾਰਕਾਂ ਨੂੰ ਚੁੱਕ ਕੇ ਲੈ ਜਾਂਣ ਵਾਲੀ ਪੁਲਿਸ , ਤੁਹਾਨੂੰ ਉਥੇ ਜਾਂਣ ਲਈ ਤੁਹਾਡੇ ਵੱਲ ਵੇਖ ਵੀ ਨਹੀ ਸੀ ਰਹੀ। ਫਿਰ ਤੁਸੀ ਉਸ ਵੇਲੇ ਵੀ ਕੁਝ ਨਹੀ ਸਮਝ ਸਕੇ ਜਦੋ ਇਕ ਬੁਲਾਰਾ  ਬਾਦਲ ਦੇ ਖਿਲਾਫ ਇਕ ਪਰਚਾ ਪੜ੍ਹਨ ਲੱਗਾ , ਤਾਂ ਉਸ ਦਾ ਪਰਚਾ , ਉਸ ਦੇ ਹੱਥੋਂ ਖੋਹ ਲਿਆ ਗਿਆ । ਕੇ.ਪੀ .ਐਸ. ਗਿੱਲ ਤੇ ਬਰਾੜ ਨੂੰ ਜਾਨ ਬੁੱਝ ਕੇ 32 ਵਰ੍ਹੈ ਬਾਦ ਅਕਾਲ ਤਖਤ ਤੇ ਤਲਬ ਕੀਤਾ ਗਿਆ ਤੁਹਾਡੇ ਜਜਬਾਤਾਂ ਨੂੰ ਕੈਸ਼ ਕਰਣ ਲਈ , ਲੇਕਿਨ  ਉਸ ਨਾਲੋ ਵੀ ਕੌਮੀ ਨੁਕਸਾਨ ਕਰਣਵਾਲੇ ,  ਗੁਰਬਚਨ ਸਿੰਘ ਅਤੇ ਬਾਦਲਾਂ ਨੂੰ  ਅਕਾਲ ਤਖਤ ਤੇ ਤਲਬ ਨਹੀ ਕੀਤਾ ਗਿਆ , ਕਿਉ ? ਤੁਹਾਡਾ ਵਿਵੇਕ ਅਤੇ ਬੁੱਧੀ ਉਸ ਵੇਲੇ ਕਿਥੇ ਚਲੀ ਗਈ ਸੀ ? ਫਿਰ ਉਸ ਸਟੇਜ ਤੇ ਭਾਈ ਪੰਥ ਪ੍ਰੀਤ ਸਿੰਘ , ਡੰਡਰੀਆਂ ਵਾਲੇ ਅਤੇ ਉਹ ਪ੍ਰਚਾਰਕਾਂ ਦੀ ਗੈਰ ਹਾਜਰੀ ਨੇ ਵੀ ਤੁਹਾਡੀ ਸੋਚਣ ਸ਼ਕਤੀ ਨੂੰ ਪੇਰਾਲਾਈਜ ਕਿਉ ਕਰ ਦਿਤਾ ਸੀ, ਜਿਨ੍ਹਾਂ ਦੀ ਵਜ੍ਹਾਂ ਨਾਲ ਇਹ ਜਾਗਰੂਕਤਾ ਆਈ ਸੀ। ਇਸ ਕੌਮ ਦਾ ਤੁਹਾਡੇ ਵਰਗੀ ਭੇਡ ਚਾਲ ਚੱਲਣ ਵਾਲਿਆਂ ਦੀ ਸੋਚ ਨਾਲ ਕਦੀ ਭਲਾ ਨਹੀ ਹੋਣ ਵਾਲਾ। ਜਿਸ ਨੇ ਬੁਲਾਇਆ, ਲਾਈ ਲੱਗਾਂ ਵਾਂਗ   ਉਸਦੇ ਪਿੁੱਛੇ ਤੁਰ ਪਏ ।
ਜਗਤਾਰ ਸਿੰਘ ਹਵਾਰਾ ਦਾ ਨਾਮ ਲੈੰਦਿਆ ਹੀ ਤੁਸੀ ਜਕਾਰੇ ਛੱਡ ਛੱਡ ਕੇ ਹਲਕਾਨ ਹੋ ਗਏ, ਲੇਕਿਨ ਤੁਹਡੇ ਦਿਮਾਗ ਵਿੱਚ ਇਕ ਵਾਰ ਵੀ ਇਹ ਨਹੀ ਆਇਆ ਕਿ ਭਾਈ  ਜਗਤਾਰ ਸਿੰਘ ਹਵਾਰਾਂ ਕੋਲੋਂ ਇਸ ਗੱਲ ਦੀ ਪਰਵਾਨਗੀ ਵੀ ਲਈ ਗਈ ਹੈ ਕਿ ਨਹੀ ? ਉਹ ਅਕਾਲ ਤਖਤ ਦੇ ਜਥੇਦਾਰ ਬਨਣ ਲਈ ਰਾਜੀ ਵੀ ਹਨ ਕਿ ਨਹੀ ? ਉਹ ਜੇਲ ਵਿਚ ਰਹਿ ਕੇ ਵੀ ਕੌਮ ਦੀ ਅਗੁਆਈ  ਕਿਸ ਤਰ੍ਹਾਂ ਕਰ ਸਕਦੇ ਹਨ ? ਤੁਹਡੀਆਂ ਭਾਵਨਾਵਾਂ ਨੂੰ ਕੈਸ਼ ਕਰਣ ਲਈ ਹੀ ਇਹ ਨਾਟਕ ਕੀਤਾ ਗਿਆ ਸੀ। ਤੁਹਾਡੇ ਜਜਬਾਤਾਂ ਨੂੰ ਉਭਾਰਨ ਲਈ ਹੀ ਭਿੰਡਰਾਂ ਵਾਲਿਆ ਅਤੇ ਖਾਲਿਸਤਾਨ ਦੇ ਨਾਰੇ ਛੱਡੇ ਗਏ ਸਨ ।  ਸਿਮਰਨ ਜੀਤ ਸਿੰਘ ਮਾਨ , ਜਿਸ ਖਾਲਿਸਤਾਨ ਦਾ ਨਕਸ਼ਾ 32 ਸਾਲਾਂ ਵਿੱਚ  ਨਹੀ ਬਣਾਂ ਸਕੇ, ਉਨਹਾਂ ਨੇ ਖਾਲਿਸਤਾਨ ਕੀ  ਬਨਾਉਣਾਂ ਹੈ ? ਖਾਲਿਸਤਾਨ ਦੇ ਨਾਮ ਤੇ ਹੋਰ ਕਦੋਂ ਤਕ  ਮੂਰਖ ਬਣਦੇ ਰਹੋਗੇ ?  ਮੂਲ ਨਾਨਕ ਸ਼ਾਹੀ ਕੈਲੰਡਰ ਬਾਰੇ ਸਿਰਫ ਇਨ੍ਹਾਂ ਹੀ ਕਹਿਆ ਗਿਆ ਕਿ ਉਸ ਬਾਰੇ ਵਿਚਾਰ ਕੀਤਾ ਜਾਵੇਗਾ। ਮੂਲ ਨਾਨਕ ਸ਼ਾਹੀ ਕੈਲੰਡਰ ਬਹਾਲ ਕਿਉ ਨਹੀ ਕਿਤਾ ਗਿਆ ? ਭੋਲਿਉ  ! ਕਦੀ ਆਰ. ਐਸ . ਐਸ ਵੀ ਚਾਹੇਗਾ ਕਿ ਤੁਹਾਡਾ ਅਪਣਾਂ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਜਾਏ ਜਾਂ ਅਖੌਤੀ ਦਸਮ ਗ੍ਰੰਥ ਨਾਮ ਦੀ ਕੂੜ ਕਿਤਾਬ ਦਾ ਭੋਗ ਪੈ ਜਾਵੇ ? ਇਹ ਗੱਲਾਂ ਤਾਂ ਸਿਰਫ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹੀ ਕਿਤੀਆਂ ਗਈਆਂ। ਹੋਰ ਕੀ ਸੀ ਨਵਾਂ ਇਸ ਅਖੌਤੀ ਸਰਬੱਤ ਖਾਲਸਾ ਵਿੱਚ ?
ਅਮਰੀਕਾ ਤੋਂ ਆਏ ਵਿਦਵਾਨਾਂ ਅਤੇ  ਹੋਰ  ਬੁੱਧੀਜੀਵੀਆਂ ਨੂੰ ਕਿਉ ਨਹੀ ਬੋਲਣ ਦਿੱਤਾ ਗਿਆ ? ਕੀ ਉਹ ਇੱਨੀ ਦੂਰੋਂ ਤੁਹਾਡੇ ਵਾਂਗ , ਆਰ. ਐਸ. ਐਸ ਦਾ ਸਪਾਂਸਰਡ,  ਇਹ ਤਮਾਸ਼ਾ  ਵੇਖਣ ਆਏ ਸਨ ? ਉਨ੍ਹਾਂ ਦੇ ਇੰਟਰਵਿਉ ਨੂੰ ਵੇਖ ਕੇ ਲਗਦਾ ਸੀ ਕਿ ਜੇ ਇਹੋ ਜਹੇ ਵਿਦਵਾਨ ਕੌਮ ਦੀ ਚੜ੍ਹਦੀਕਲਾ ਲਈ ਅੱਗੇ ਆ ਜਾਂਣ ਤਾ ਕੌਮ ਦਾ ਭਲਾ ਹੋ ਸਕਦਾ ਹੈ । ਲੇਕਿਨ ਅਫਸੋਸ ਕਿ ਐਸੇ ਬੁੱਧੀਜੀਵੀਆਂ ਨੂੰ ਤਾਂ ਬੋਲਣ ਤਕ ਨਹੀ ਦਿਤਾ ਗਿਆ, ਉਨ੍ਹਾਂ ਦੇ ਵਿਚਾਰ ਅਤੇ ਮਤੇ ਸ਼ਾਮਿਲ ਕਰਣਾਂ ਤਾਂ ਦੂਰ ਦੀ ਗੱਲ ਸੀ। ਇਹੋ ਜਹੇ ਵਿਦਵਾਨ ਸਿੱਖਾਂ ਨੂੰ ਆਪ ਹੀ ਅੱਗੇ ਆ ਕੇ ਕੌਮ ਦੀ ਅਗੁਆਈ ਕਰਣੀ ਪੈਣੀ ਹੈ , ਤਾਂ ਹੀ ਕੌਮ ਦਾ ਕੁਝ ਭਲਾ ਹੋ ਸਕਦਾ ਹੈ ।
ਇਹ ਅਖੌਤੀ ਸਰਬਤ ਖਾਲਸਾ , ਆਰ ਐਸ ਐਸ  ਦੇ ਲੋਕਾਂ ਨੂੰ ਤੁਹਾਡੇ ਉੱਚ ਅਦਾਰਿਆਂ ਅਤੇ ਅਹੁਦਿਆਂ ਤੇ ਕਾਬਿਜ ਕਰਾਉਣ ਦੀ ਇਕ ਸੋਚੀ ਸਮਝੀ ਚਾਲ ਤੋਂ ਅਲਾਵਾ ਕੁਝ ਵੀ ਨਹੀ ਸੀ । ਜੋ ਕਮ ਉਹ ਪੰਜਾਹ ਵਰ੍ਹੇ ਨਹੀ ਸਨ ਕਰ ਸਕਦੇ , ਉਹ ਕਮ ਉਨ੍ਹਾਂ ਨੇ ਇਕ ਦਿਨ ਵਿੱਚ , ਤੁਹਾਡੀ ਪਰਵਾਨਗੀ ਨਾਲ ਕਰ ਵਖਾਇਆ। ਉਨ੍ਹਾਂ  ਨੇ ਤੁਹਾਡੇ ਧਰਮ ਤੇ ਨਾਨਕਸ਼ਾਹੀ ਕੈਲੰਡਰ ਦੇ  ਦੁਸ਼ਮਨਾਂ ਅਤੇ ਪੱਕੇ ਦਸਮ ਗ੍ਰੰਥੀਆਂ ਨੂੰ ਕਾਬਿਜ ਕਰ ਦਿਤਾ ਹੈ, ਜਿਨ੍ਹਾਂ ਨੂੰ ਤੁਸੀ ਹੱਥ ਖੜੇ ਕਰਕੇ ਸਵੀਕਾਰ ਵੀ ਕਰ ਲਿਆ ਹੈ । ਹੁਣ ਜੇ ਸਾਡੇ ਵਰਗਾ ਕੋਈ ਕੱਲ ਨੂੰ ਇਹ ਕਹੇ,  ਕਿ ਦਾਦੂਵਾਲ ਵਰਗਾ ਜਥੇਦਾਰ ਸਾਨੂੰ ਸਵੀਕਾਰ ਨਹੀ ਤਾਂ , ਤੁਹਾਡੇ ਵਰਗਿਆਂ ਨੇ ਹੀ ਸਾਨੂੰ ਗਾਲ੍ਹਾਂ ਕਡ੍ਹ ਕਡ੍ਹ ਕੇ ਇਹ ਕਹਿਣਾਂ ਹੈ ਕਿ, "ਟੰਗ ਖਿਚੱਣ ਵਾਲਿਉ, ਤੁਸੀ ਸਰਬੱਤ ਖਾਲਸਾ ਦੇ ਫੈਸਲੇ ਨਾਲੋ ਵੀ ਉੱਚੇ ਹੋ ਗਏ ? ਪਹਿਲਾਂ ਅਕਾਲ ਤਖਤ ਤੋਂ ਜਾਰੀ ਹੁਕਮਨਾਮਿਆ ਤੋਂ ਬਾਗੀ ਹੂੰਦੇ ਸਾਉ , ਹੁਣ ਤੁਸੀ ਸਰਬੱਤ ਖਾਲਸਾ ਨਾਲੋਂ ਵੀ ਉੱਚੇ ਹੋ ਗਏ। ਖਾਲਸਾ ਜੀ ! ਦੁਸ਼ਮਨ ਦੇ ਬਣਾਏ ਜਾਲ ਵਿੱਚ ਤੁਸੀ ਹੁਣ ਇੱਕ ਮੱਛੀ ਦੀ ਤਰ੍ਹਾਂ ਫੰਸ ਚੁਕੇ ਹੋ, ਜਿਸ ਵਿੱਚੋ ਨਿਕਲਨਾਂ ਹੁਣ ਇੱਨਾਂ ਅਸਾਨ ਨਹੀ । ਇਨ੍ਹਾਂ ਕੌਮ ਦੇ ਦੁਸ਼ਮਨਾਂ ਅਤੇ ਚੌਧਰ ਦੇ ਭੁੱਖੇ  ਲੋਕਾਂ ਨੇ ਅਪਣੀ ਇਕ ਬਦਨਾਮ  "A" ਟੀਮ ਦੀ ਥਾਂਵੇ ਦੂਜੀ "B" ਟੀਮ ਨੂੰ ਫਿੱਟ ਕਰਣ ਦੀ ਤੁਹਾਡੇ ਨਾਲ ਇਕ ਬਹੁਤ ਵਡੀ ਖੇਡ ਖੇਡੀ ਹੈ । ਭਵਿਖ ਵਿੱਚ ਇਸ ਤੋਂ ਵੱਧ ਨਮੋਸ਼ੀਆਂ ਅਤੇ ਨਿਘਾਰ ਦੀਆਂ ਕਾਲੀਆਂ ਬੋਲੀਆਂ ਰਾਤਾਂ ਦੀ ਖਮੋਸ਼ੀ ਝੱਲਣ ਲਈ ਤਿਆਰ ਹੋ ਜਾਉ !
ਇੰਦਰਜੀਤ ਸਿੰਘ, ਕਾਨਪੁਰ

 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.