ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਆਪਣੇ ਬੁਲਾਏ ਵਿਦਵਾਨਾ ਨੇ ਹੀ ਸ੍ਰੋਮਣੀ ਅਕਾਲੀ ਦਲ ਅਤੇ ਮੱਕੜ ਨੂੰ ਸੁਣਾਈਆਂ ਖਰੀਆਂ ਖਰੀਆਂ
ਆਪਣੇ ਬੁਲਾਏ ਵਿਦਵਾਨਾ ਨੇ ਹੀ ਸ੍ਰੋਮਣੀ ਅਕਾਲੀ ਦਲ ਅਤੇ ਮੱਕੜ ਨੂੰ ਸੁਣਾਈਆਂ ਖਰੀਆਂ ਖਰੀਆਂ
Page Visitors: 2542

ਆਪਣੇ ਬੁਲਾਏ ਵਿਦਵਾਨਾ ਨੇ ਹੀ ਸ੍ਰੋਮਣੀ ਅਕਾਲੀ ਦਲ ਅਤੇ ਮੱਕੜ ਨੂੰ ਸੁਣਾਈਆਂ ਖਰੀਆਂ ਖਰੀਆਂ

ਸ਼੍ਰੋਮਣੀ ਕਮੇਟੀ ਵਲੋਂ ਮੌਜੂਦਾ ਹਾਲਾਤਾਂ ’ਚੋਂ ਨਿਕਲਣ ਤੇ ਸਰਬੱਤ ਖ਼ਾਲਸਾ ਨੂੰ ਪ੍ਰਭਾਵਹੀਣ ਕਰਨ ਦਾ ਮਾਹੌਲ ਸਿਰਜਣ ਲਈ ਬੁੱਧੀਜੀਵੀਆਂ ਦੀ ਇਕੱਤਰਤਾ
ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਖਿਲਾਫ਼ ਟਿੱਪਣੀਆਂ ਨੂੰ ਦੇਖਦਿਆਂ ਬਹੁਤੇ ਵਿਦਵਾਨਾਂ ਨੂੰ ਨਹੀਂ ਦਿੱਤਾ ਗਿਆ ਬੋਲਣ ਦਾ ਸਮਾਂ 
ਅਨੰਦਪੁਰ ਸਾਹਿਬ: ਮੌਜੂਦਾ ਪੰਥਕ ਹਾਲਾਤਾਂ ਦੌਰਾਨ ਸਿਆਸੀ ਤੇ ਧਾਰਮਿਕ ਸੰਕਟ ਵਿਚੋਂ ਬਾਹਰ ਨਿਕਲਣ ਦੇ ਰਾਹ ਲੱਭਣ ਲਈ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਰਾਹੀਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਬੁਲਾਈ ਸਿੱਖ ਸਕਾਲਰਾਂ, ਬੁੱਧੀਜੀਵੀਆਂ ਤੇ ਵਿਦਵਾਨਾਂ ਦੀ ਇਕੱਤਰਤਾ ਉਲਟ ਪ੍ਰਭਾਵ ਵਾਲੀ ਸਾਬਤ ਹੋ ਗਈ। ਸੀਨੀਅਰ ਅਕਾਲੀ ਆਗੂਆਂ ਦੀ ਹਾਜ਼ਰੀ ’ਚ ਹੀ ਸਿੱਖ ਬੁੱਧੀਜੀਵੀ ਤੇ ਵਿਦਵਾਨ ਬੇਬਾਕੀ ਨਾਲ ਅਕਾਲੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਨੂੰ ਹੀ ਕਟਹਿਰੇ ’ਚ ਖੜ੍ਹਾ ਕਰ ਗਏ। ਮੌਜੂਦਾ ਪੰਥਕ ਹਾਲਾਤਾਂ ਲਈ ਅਕਾਲੀ ਲੀਡਰਸ਼ਿਪ ਨੂੰ ਕਸੂਰਵਾਰ ਠਹਿਰਾਉਂਦਿਆਂ ਵਿਦਵਾਨਾਂ ਨੇ ਆਗੂਆਂ ਨੂੰ ਸਿੱਖ ਪੰਥ ਤੋਂ ਮੁਆਫ਼ੀ ਮੰਗਣ ਅਤੇ ਸਿੱਖ ਪ੍ਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਆਪਣੇ ਅਹੁਦਿਆਂ ਤੋਂ ਤਰੁੰਤ ਪਾਸੇ ਹੋਣ ਦੀ ਰਾਏ ਦੀ ਦਿੱਤੀ ਹੈ। ਨਾਲ ਹੀ ਵਿਦਵਾਨਾਂ ਨੇ ਪੰਥਕ ਧਿਰਾਂ ਵਲੋਂ ਬੁਲਾਏ ਗਏ ਸਰਬੱਤ ਖ਼ਾਲਸਾ ਦੀ ਪ੍ਰਕਿਰਿਆ ਨੂੰ ਵੀ ਸਵਾਲਾਂ ਦੇ ਘੇਰੇ ’ਚ ਲਿਆਉਂਦਿਆਂ ਬੁਲਾਏ ਜਾ ਰਹੇ ਸਰਬੱਤ ਖ਼ਾਲਸਾ ਨੂੰ ਗੈਰ-ਵਾਜਬ ਦੱਸਿਆ।


 

ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ ਏ ਖ਼ਾਲਸਾ ਦੇ ਆਡੀਟੋਰੀਅਮ ਵਿਚ ਹੋਈ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਇਕੱਤਰਤਾ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਅੱਜ ਤੱਕ ਦਾ ਇਤਿਹਾਸ ਗਵਾਹ ਹੈ ਕਿ ਸਰਬੱਤ ਖ਼ਾਲਸਾ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਥੇਦਾਰ ਵਲੋਂ ਹੀ ਸੱਦਿਆ ਗਿਆ ਹੈ। ਦਸੰਬਰ, 1920 ਨੁੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦੇ ਸਰਬੱਤ ਖ਼ਾਲਸਾ ’ਚੋਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਆਏ ਸਨ। ਉਨ੍ਹਾਂ ਕਿਹਾ ਕਿ ਹੁਣ ਪੈਦਾ ਹੋਏ ਹਾਲਾਤਾਂ ਦੌਰਾਨ ਕੁਝ ਜਥੇਬੰਦੀਆਂ ਅਤੇ ਵਿਅਕਤੀਆਂ ਵਲੋਂ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਸੱਦਿਆ ਸਰਬੱਤ ਖ਼ਾਲਸਾ ਗਲਤ ਹੈ, ਜੋ ਜਿਥੇ ਸਿੱਖ ਸੰਗਤਾਂ ’ਚ ਦੁਬਿਧਾ ਦਾ ਕਾਰਨ ਬਣਿਆ ਹੋਇਆ ਹੈ ਉਥੇ ਹੀ ਸਿੱਖ ਪ੍ਰੰਪਰਾਵਾਂ ਦਾ ਵੀ ਘਾਣ ਹੈ ।
ਇਕੱਤਰਤਾ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੌਮ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ 10 ਨਵੰਬਰ ਨੁੂੰ ਸੱਦਿਆ ਜਾ ਰਿਹਾ ਸਰਬੱਤ ਖ਼ਾਲਸਾ ਵੀ ਸਿੱਖ ਸਿਧਾਤਾਂ ਦੇ ਉਲਟ ਹੈ ।


 

ਸਿੱਖ ਵਿਦਵਾਨ ਪ੍ਰੋ. ਸੁਖਦਿਆਲ ਸਿੰਘ ਨੇ ਕਿਹਾ ਕਿ ਅੱਜ ਦੇ ਹਾਲਾਤਾਂ ਲਈ ਤਖ਼ਤ ਸਾਹਿਬਾਨ ਦੇ ਜਥੇਦਾਰ ਵੀ ਜ਼ਿੰਮੇਵਾਰ ਹਨ। ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਸਰਬਪ੍ਰਮਾਣਿਤ ਨਿਯਮ ਤੈਅ ਕੀਤੇ ਜਾਣ ਅਤੇ ਮੌਜੂਦਾ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਹਾਲਾਤਾਂ ਦੇ ਮੁਤਾਬਿਕ ਸਰਬੱਤ ਖਾਲਸਾ ਸਿੱਖ ਜਥੇਬੰਦੀਆਂ ਵੀ ਸੱਦ ਸਕਦੀਆਂ ਹਨ ਤੇ ਸਰਬੱਤ ਖਾਲਸਾ ਨੂੰ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਕਿਸੇ ਵੀ ਜਗ੍ਹਾ ਤੇ ਕੀਤਾ ਜਾ ਸਕਦਾ ਹੈ।ਪਰ ਉਨ੍ਹਾਂ ਕਿਹਾ ਕਿ ਦੋ ਧਿਰਾਂ ਵੱਲੋਂ ਬੁਲਾਏ ਗਏ ਇਕੱਠ ਨੂੰ ਸਰਬੱਤ ਖਾਲਸਾ ਨਹੀਂ ਕਿਹਾ ਜਾ ਸਕਦਾ। ਸੁਖਦਿਆਲ ਸਿੰਘ ਨੇ ਜਦੋਂ ਕਿਹਾ ਕਿ ਜਥੇਦਾਰਾਂ ਨੂੰ ਅਹੁਦਿਆਂ ਤੋਂ ਸੇਵਾ ਮੁਕਤ ਕਰ ਦੇਣਾ ਚਾਹੀਦਾ ਹੈ ਤਾਂ ਸ਼੍ਰੋਮਣੀ ਕਮੇਟੀ ਮੁਲਾਜਮਾ ਨਾਲ ਭਰਿਆ ਹਾਲ ਤਾੜੀਆਂ ਦੀ ਆਵਾਜ ਨਾਲ ਗੂੰਜ ਉੱਠਿਆ।
ਡਾ. ਹਰਪਾਲ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਦੀ ਅੱਜ ਦੀ ਇਕੱਤਰਤਾ ਨੂੰ ਦੇਰ ਨਾਲ ਚੁੱਕਿਆ ਕਦਮ ਕਰਾਰ ਦਿੰਦਿਆ ਕਿਹਾ ਕਿ ਚੰਗਾ ਹੁੰਦਾ ਕਿ ਕਮੇਟੀ ਅਜਿਹੀ ਇਕੱਤਰਤਾ ਡੇਰਾ ਮੁਖੀ ਨੂੰ ਮੁਆਫੀ ਦੇਣ ਤੋਂ ਤੁਰੰਤ ਬਾਅਦ ਕਰਦੀ। ਉਨ੍ਹਾਂ ਕਿਹਾ ਕਿ ਅੱਜ ਕੌਮ ’ਚ ਪੈਦਾ ਹੋਏ ਹਾਲਾਤਾਂ ਲਈ ਸਿੱਖ ਲੀਡਰਸ਼ਿਪ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ, ਜਿਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਤਖ਼ਤ ਸਾਹਿਬਾਨ ਦੇ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਨ੍ਹਾਂ ਤੋਂ ਮੁਆਫੀ ਮੰਗਣ।ਉਨ੍ਹਾਂ ਨੇ ਵੀ ਕਿਹਾ ਕਿ ਦੋ ਧਿਰਾਂ ਵੱਲੋਂ ਸੱਦੇ ਇਕੱਠ ਨੂੰ ਸਰਬੱਤ ਖਾਲਸਾ ਦਾ ਨਾਮ ਨਹੀਂ ਦਿੱਤਾ ਜਾ ਸਕਦਾ।
ਡਾ. ਸਰਬਜਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਧਾਰਮਿਕ ਮਸਲਿਆਂ ਦੇ ਹੱਲ ਲਈ ਸਿੱਖ ਵਿਦਵਾਨਾਂ ਦੀ ਇਕ ਕੋਰ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਮਹਾਨ ਸਿੱਖ ਵਿਰਸੇ ਨੂੰ ਸੰਭਾਲ ਲਈ ਵੀ ਸਾਂਝੇ ਯਤਨ ਕੀਤੇ ਜਾਣ। ਇਕੱਤਰਤਾ ਨੂੰ ਪ੍ਰੋ. ਅਮਰਜੀਤ ਸਿੰਘ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਸੰਗਤਾਂ ਦੇ ਰੋਸ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਦੀ ਸੰਤੁਸ਼ਟੀ ਹੋਣ ਤੱਕ ਰੋਕਿਆ ਨਹੀਂ ਜਾ ਸਕਦਾ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ 10 ਨਵੰਬਰ ਨੂੰ ਪੰਥਕ ਜਥੇਬੰਦੀਆਂ ਵਲੋਂ ਸੱਦੇ ਸਰਬੱਤ ਖ਼ਾਲਸਾ ਨੂੰ ਨਕਾਰਦਿਆਂ ਇੱਥੋਂ ਤੱਕ ਆਖ ਦਿੱਤਾ ਕਿ ਸਮਾਂ ਆ ਗਿਆ ਹੈ ਕਿ ਪੰਥਕ ਜਥੇਬੰਦੀਆਂ ਦੀ ਪ੍ਰੀਭਾਸ਼ਾ ਵੀ ਤੈਅ ਕੀਤੀ ਜਾਵੇ । ਇਨ੍ਹਾਂ ਦੋਵਾਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਪੂਰਦਿਆਂ ਕਿਹਾ ਕਿ ਅਕਾਲੀ ਦਲ ਨੇ ਹੀ ਹਮੇਸ਼ਾ ਪੰਥਕ ਰਵਾਇਤਾਂ ’ਤੇ ਪਹਿਰਾ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੇ ਸੱਦੇ ’ਤੇ ਅੱਜ ਇਥੇ ਬੁਲਾਈ ਪੰਥਕ ਵਿਦਵਾਨਾਂ, ਬੁੱਧੀਜੀਵੀਆਂ ਤੇ ਸਕਾਲਰਾਂ ਦੀ ਇਕੱਤਰਤਾ ਵਿਚ ਦਿਲਚਸਪ ਗੱਲ ਇਹ ਰਹੀ ਕਿ ਆਪਣੇ ਹੀ ਬੁਲਾਏ ਵਿਦਵਾਨਾਂ ਵਲੋਂ ਜਦੋਂ ਪੰਥਕ ਹਾਲਾਤਾਂ ਲਈ ਅਕਾਲੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਖਿਲਾਫ਼ ਸਖ਼ਤ ਟਿੱਪਣੀਆਂ ਹੁੰਦੀਆਂ ਦੇਖੀਆਂ ਤਾਂ ਪ੍ਰਬੰਧਕਾਂ ਨੇ ਬਹੁਤ ਸਾਰੇ ਵਿਦਵਾਨਾਂ ਤੇ ਚਿੰਤਕਾਂ ਨੂੰ ਵਿਚਾਰ ਰੱਖਣ ਲਈ ਸਮਾਂ ਦੇਣ ਤੋਂ ਇਹ ਆਖ ਕੇ ਟਾਲਾ ਵੱਟ ਲਿਆ ਕਿ ਇਕੱਤਰਤਾ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੈ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੁੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ ਡਾ. ਧਰਮਿੰਦਰ ਸਿੰਘ ਉ¤ਭਾ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਰੇਸ਼ਮ ਸਿੰਘ, ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਸ਼੍ਰੋਮਣੀ ਕਮੇਟੀ ਪ੍ਰਿੰ. ਹਰਜੀਤ ਕੌਰ ਸਿੱਧੂ, ਪ੍ਰਿੰ. ਜਤਿੰਦਰ ਸਿੰਘ ਸਿੱਧੂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਆਦਿ ਸ਼ਾਮਲ ਸਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.