ਹੈਂ! 10 ਨਵੰਬਰ ਨੂੰ ਹੋਣ ਵਾਲੇ ਸਰਬਤ ਖ਼ਾਲਸਾ ਨੂੰ ਰਾਸ਼ਟਰੀਯਾ ਸਿੱਖ ਸੰਗਤ ਦੀ ਹਮਾਇਤ?
ਕਿਰਪਾਲ ਸਿੰਘ ਬਠਿੰਡਾ ਮੋਬ:98554-80797
ਹੈਂ! 10 ਨਵੰਬਰ ਨੂੰ ਹੋਣ ਵਾਲੇ ਸਰਬਤ ਖ਼ਾਲਸਾ ਨੂੰ ਰਾਸ਼ਟਰੀਯਾ ਸਿੱਖ ਸੰਗਤ ਦੀ ਹਮਾਇਤ? ਜ਼ੀ ਪੰਜਾਬ ਹਰਿਆਣਾ ਹਿਮਾਚਲ ਨਿਊਜ਼ ਚੈੱਨਲ ਉਪਰ ਘੁੰਮ ਰਹੀ ਪੱਟੀ ਮੁਤਾਬਿਕ ਤਾਂ ਇਹ ਸੱਚ ਹੈ। ਜੇ ਇਹ ਸੱਚ ਹੈ ਤਾਂ ਕੀ ਉਹ ਸਰਬਤ ਖ਼ਾਲਸਾ ਹੋ ਸਕਦਾ ਹੈ? ਕੀ ਰਾਸ਼ਟਰੀਯਾ ਸਿੱਖ ਸੰਗਤ ਦੀ ਹਮਾਇਤ ਨਾਲ ਹੋ ਰਹੇ ਐਸੇ ਸਰਬਤ ਖ਼ਾਲਸੇ ਤੋਂ ਪੰਥ ਦੇ ਕਿਸੇ ਭਲੇ ਦੀ ਆਸ ਰੱਖੀ ਜਾ ਸਕਦੀ ਹੈ?
ਜੇ ਹੋ ਰਹੇ ਸਰਬਤ ਖ਼ਾਲਸੇ ਦੇ ਪ੍ਰਬੰਧਕ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਹੇਠ ਲਿਖੇ ਨੁਕਤਿਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।
ਹੋਣ ਵਾਲਾ ਸਰਬਤ ਖ਼ਾਲਸਾ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਦੇ ਬੁਲਾਏ ਜਾਣ ਦੇ ਢੰਗ ’ਤੇ ਪਹਿਲਾਂ ਹੀ ਬਹੁਤ ਉਂਗਲਾਂ ਉਠ ਰਹੀਆਂ ਹਨ ਕਿਉਂਕਿ ਸਰਬਤ ਖ਼ਾਲਸਾ ਬੁਲਾਉਣ ਤੋਂ ਪਹਿਲਾਂ ਵਿਸ਼ਵ ਵਿੱਚ ਕੰਮ ਕਰ ਰਹੀਆਂ ਸਮੁਚੀਆਂ ਪੰਥਕ ਜਥੇਬੰਦੀ/ਸੰਸਥਾਵਾਂ ਦੀ ਰਾਇ ਨਹੀਂ ਲਈ ਗਈ ਅਤੇ ਨਾ ਹੀ ਕੋਈ ਵਿਉਂਤਵੰਦੀ ਕੀਤੀ ਗਈ ਹੈ। ਉਂਗਲੀਆਂ ਉਠਾ ਰਹੇ ਵਿਅਕਤੀਆਂ/ਸੰਸਥਾਵਾਂ ਦੀ ਇਹ ਵਜਨਦਾਰ ਦਲੀਲ ਹੈ ਕਿ ਪੰਜਾਬ ਜਾਂ ਭਾਰਤ ਦੇ ਕੁਝ ਖਿੱਤੇ ’ਚੋਂ ਕੁਝ ਦਲਾਂ ਵੱਲੋਂ ਸੱਦਿਆ ਗਿਆ ਇਕੱਠ ਸਰਬਤ ਖ਼ਾਲਸਾ ਨਹੀਂ ਅਖਵਾ ਸਕਦਾ। ਪੰਥਕ/ਧਾਰਮਿਕ ਖੇਤਰ ਵਿੱਚ ਵਿਸ਼ਵਭਰ ’ਚ ਕੰਮ ਕਰ ਰਹੀਆਂ ਪੰਥਕ ਜਥੇਬੰਦੀਆਂ/ਸੰਸਥਵਾਂ ਦੇ ਨੁੰਮਾਇੰਦੇ, ਪੰਥਕ ਵਿਦਵਾਨ ਅਤੇ ਬੁਧੀਜੀਵੀਆਂ ਵੱਲੋਂ ਮੀਟਿੰਗ ਵਿੱਚ ਸਾਂਝੇ ਤੌਰ ’ਤੇ ਲਏ ਫੈਸਲੇ ਨੂੰ ਹੀ ਸਰਬਤ ਖ਼ਾਲਸੇ ਦੇ ਫੈਸਲੇ ਕਿਹਾ ਜਾ ਸਕਦਾ ਹੈ। ਕਿਉਂਕਿ ਸੱਦੀ ਗਈ ਭੀੜ ਦਾ ਫੈਸਲਿਆਂ ਵਿੱਚ ਕੋਈ ਰੋਲ ਹੀ ਨਹੀਂ ਹੁੰਦਾ ਇਸ ਲਈ ਭੀੜ ਇਕੱਠੀ ਕਰਨ ਦਾ ਕੋਈ ਫਾਇਦਾ ਨਹੀਂ ਹੈ। ਪਰ ਜੇ ਸਿਆਸੀ ਤੌਰ ’ਤੇ ਵੱਡਾ ਇਕੱਠ ਕਰਨ ਦੀ ਲੋੜ ਜਾਪਦੀ ਵੀ ਹੈ ਤਾਂ ਉਸ ਦਾ ਨਾਮ ਬਦਲ ਕੇ ਸਿੱਖ ਕੰਨਵੈਂਨਸ਼ਨ ਜਾਂ ਪੰਥਕ ਕੰਨਵੈਂਸ਼ਨ ਰੱਖਿਆ ਜਾਵੇ ਤੇ ਉਸ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਜਾਣ:-
1. ਸਰਬਤ ਖ਼ਾਲਸੇ ਵੱਲੋਂ ਆਪਣੇ ਤੌਰ ’ਤੇ ਨਵੇਂ ਜਥੇਦਾਰ ਥਾਪਣ ਦੀ ਕੋਈ ਗਲਤੀ ਨਾ ਕੀਤੀ ਜਾਵੇ ਕਿਉਂਕਿ 1986 ਦੇ ਸਰਬਤ ਖ਼ਾਲਸੇ ਵੱਲੋਂ ਥਾਪੇ ਗਏ ਪੰਜਾਬ ਦੇ ਤਿੰਨ ਤਖ਼ਤਾਂ ਦੇ ਜਥੇਦਾਰ ਅਤੇ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰਥੀਆਂ ਦਾ ਤਜਰਬਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਉਨ੍ਹਾਂ ਪੰਜਾਂ ਦੇ ਹੀ ਕਿਰਦਾਰ ਦੀ ਜੇ ਪੁਣਛਾਣ ਕੀਤੀ ਜਾਵੇ ਤਾਂ ਉਨ੍ਹਾਂ ’ਚੋਂ ਬਹੁਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਨਾਲੋਂ ਵੀ ਮਾੜੇ ਸਿੱਧ ਹੋ ਚੁੱਕੇ ਹਨ।
2. ਬਾਦਲ ਵੀ ਕੋਈ ਐਸੀ ਚਾਲ ਚੱਲ ਸਕਦਾ ਹੈ ਕਿ ਜਾਗਰੂਕ ਧਿਰਾਂ ਨੂੰ ਸ਼ਾਂਤ ਕਰਨ ਲਈ ਜਾਂ ਫੁੱਟ ਪਾਉਣ ਦੇ ਮਕਸਦ ਨਾਲ ਜਾਗਰੂਕ ਧਿਰ ਵਿੱਚੋਂ ਕਿਸੇ ਮਰੀ ਹੋਈ ਜ਼ਮੀਰ ਵਾਲੇ ਵਿਅਕਤੀ ਨੂੰ ਜਥੇਦਾਰ ਥਾਪ ਸਕਦਾ ਹੈ। ਐਸਾ ਜਥੇਦਾਰ ਵੀ ਪੰਥ ਦਾ ਕੋਈ ਭਲਾ ਨਹੀਂ ਕਰ ਸਕਦਾ। ਸੋ ਸਰਬਤ ਖ਼ਾਲਸੇ ਵਿੱਚ ਮਤਾ ਪਾਸ ਕੀਤਾ ਜਾਵੇ ਕਿ ਬਾਦਲ ਸਮੇਤ ਕਿਸੇ ਵੀ ਸਿਆਸੀ ਧੜੇ ਵੱਲੋਂ ਥਾਪਿਆ ਕੋਈ ਜਥੇਦਾਰ ਕੌਮ ਨੂੰ ਪ੍ਰਵਾਨ ਨਹੀਂ ਹੋਵੇਗਾ। ਅਕਾਲ ਤਖ਼ਤ ਦਾ ਜਥੇਦਾਰ ਯੋਗਤਾ ਦੇ ਅਧਾਰ ’ਤੇ ਸਮੁਚੀਆਂ ਪੰਥਕ ਧਿਰਾਂ/ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਆਮ ਸਹਿਮਤੀ ਨਾਲ ਹੀ ਥਾਪਿਆ ਜਾ ਸਕਦਾ ਹੈ ਅਤੇ ਉਸ ਨੂੰ ਵੀ ਆਪਣੇ ਤੌਰ ’ਤੇ ਕੌਮ ਨਾਲ ਸਬੰਧਤ ਕਿਸੇ ਸਿਆਸੀ/ ਸਮਾਜਿਕ ਜਾਂ ਧਾਰਮਿਕ ਮਾਮਲਿਆਂ ਵਿੱਚ ਕੋਈ ਵੀ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਕੌਮੀ ਮਸਲੇ ਵੀਚਾਰਨ ਲਈ ਸਰਬਸੰਮਤੀ ਨਾਲ ਨਾਮਜ਼ਦ ਜਥੇਦਾਰ ਹਰ ਦੋ ਸਾਲ ਬਾਅਦ ਜਾਂ ਸੰਕਟ ਵਾਲੀ ਸਥਿਤੀ ਸਮੇਂ ਪੰਥਕ ਜਥੇਬੰਦੀਆਂ ਤੇ ਧਾਰਮਿਕ ਖੇਤਰ ਵਿੱਚ ਕੰਮ ਕਰ ਹਰੀਆਂ ਸੰਸਥਾਵਾਂ ਦੇ ਨੁੰਮਾਇੰਦਿਆਂ ਦਾ ਸਰਬਤ ਖ਼ਾਲਸਾ ਬੁਲਾਉਣ ਲਈ ਪਾਬੰਦ ਹੋਵੇ। ਮਿਸਲਾਂ ਦੇ ਸਮੇਂ ਵਾਂਗ ਫੈਸਲਾ ਸਰਬਤ ਖ਼ਾਲਸਾ ਦੇ ਮੈਂਬਰ ਗੁਰਬਾਣੀ ਅਤੇ ਸਿੱਖ ਇਤਿਹਾਸ/ ਰਵਾਇਤਾਂ ਤੋਂ ਸੇਧ ਲੈ ਕੇ ਸਰਬਸੰਮਤੀ ਨਾਲ ਕਰਨ ਅਤੇ ਜਥੇਦਾਰ ਕੇਵਲ ਉਸ ਫੈਸਲੇ ਨੂੰ ਅਕਾਲ ਤਖ਼ਤ ਦੀ ਫ਼ਸੀਲ ਤੋਂ ਪੜ੍ਹ ਕੇ ਹੀ ਸੁਣਾਵੇ ਅਤੇ ਸੰਗਤ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦੇਵੇ।
3. ਆਪਣੀ ਪਾਰਟੀ ਲਈ ਵੱਧ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਲਈ ਵੱਖ ਵੱਖ ਸਿਆਸੀ ਪਾਰਟੀਆਂ ਜਿਵੇਂ ਕਿ ਕਾਂਗਰਸ, ਭਾਜਪਾ, ਅਤੇ ਧਰਮ ਦੇ ਠੇਕੇਦਾਰ ਬਣੇ ਖ਼ੁਦ ਬਾਦਲ ਦਲ ਨੇ ਵੀ ਪੰਜਾਬ ਵਿੱਚ ਦੇਹਧਾਰੀ ਗੁਰੂ ਡੰਮ ਅਤੇ ਡੇਰਾਵਾਦ ਨੂੰ ਉਤਸ਼ਾਹਿਤ ਕੀਤਾ; ਕਿਉਂਕਿ ਇਹ ਡੇਰੇ ਵੱਖ ਵੱਖ ਪਾਰਟੀਆਂ ਦੇ ਵੋਟ ਬੈਂਕ ਦੇ ਤੌਰ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਦੇਹਧਾਰੀ ਗੁਰੂਡੰਮੀ/ ਡੇਰਿਆਂ ਦੀ ਬਦੌਲਤ ਹੀ ਪੰਜਾਬ ਅਤੇ ਸਿੱਖ ਧਰਮ ਦਾ ਅਸੂਲਣ ਤੌਰ ’ਤੇ ਬੇਹੱਦ ਨੁਕਸਾਨ ਹੋਇਆ ਹੈ ਅਤੇ ਮੌਜੂਦਾ ਦੌਰ ਵਿੱਚ ਵੀ ਕਰ ਰਹੇ ਹਨ। 1978 ਤੋਂ ਲੈ ਕੇ ਅੱਜ ਤੱਕ ਦੀਆਂ ਵਾਪਰ ਰਹੀਆਂ ਘਟਨਾਵਾਂ ਸਭ ਦੇ ਸਾਹਮਣੇ ਹਨ। ਇਨ੍ਹਾਂ ਘਟਨਾਵਾਂ ਕਾਰਣ ਸਿੱਖਾਂ ਦੀਆਂ ਜ਼ਖ਼ਮੀ ਹੋਈਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਬਾਦਲ ਦਲ ਨੇ ਸਿੱਖ ਧਰਮ ਵਿੱਚ ਸਿੱਧੇ ਤੌਰ ’ਤੇ ਸਿਆਸੀ ਦਖ਼ਲ ਅੰਦਾਜ਼ੀ ਕਰਨ ਦੇ ਸਾਰੇ ਰੀਕਾਰਡ ਤੋੜ ਦਿੱਤੇ ਹਨ। ਸ਼ਰਮ ਦੀ ਗੱਲ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਤੋਂ ਸੇਧ ਲੈਣ ਦੀ ਵਜਾਏ ਬਾਦਲ ਪ੍ਰਵਾਰ ਤੋਂ ਹਦਾਇਤਾਂ ਲੈ ਕੇ ਕੰਮ ਕਰ ਰਹੇ ਹਨ। ਪੰਜਾਬੀ ਪਾਰਟੀ ਬਣੇ ਬਾਦਲ ਦਲ ਦੀ ਧਰਮ ਵਿੱਚ ਸਿੱਧੀ ਦਖ਼ਲ ਅੰਦਾਜ਼ੀ ਸਿੱਖ ਧਰਮ ਲਈ ਡੇਰਾਵਾਦ ਤੋਂ ਵੀ ਵੱਧ ਘਾਤਕ ਸਿੱਧ ਹੋ ਰਹੀ ਹੈ। ਸੋ ਧਰਮ ਵਿੱਚ ਸਿਆਸੀ ਦਖ਼ਲ ਅੰਦਾਜ਼ੀ ’ਤੇ ਰੋਕ ਲਾਉਣ ਲਈ ਸਰਬਤ ਖ਼ਾਲਸੇ ਵਿੱਚ ਮਤਾ ਪਾਸ ਕੀਤਾ ਜਾਵੇ ਕਿ ਬਰਗਾੜੀ/ਕੋਟ ਕਪੂਰੇ ਦੀਆਂ ਘਟਨਾਵਾਂ ਤੋ ਸਿੱਖਾਂ ਵਿੱਚ ਉਪਜੇ ਰੋਸ ਦਾ ਲਾਹਾ ਲੈਣ ਲਈ ਬਣਿਆ ਕੋਈ ਵੀ ਪੰਥਕ ਮੋਰਚਾ/ਦਲ ਤਜਰਬੇ ਵਜੋਂ ਘੱਟ ਤੋਂ ਘੱਟ 20 ਸਾਲ ਤੱਕ ਕੋਈ ਵੀ ਸਿਆਸੀ ਚੋਣ ਨਹੀਂ ਲੜੇਗਾ। ਹੋਂਦ ਵਿੱਚ ਆਇਆ ਐਸਾ ਪੰਥਕ ਮੋਰਚਾ/ਦਲ ਕੇਵਲ ਆਪਣਾ ਵੋਟ ਬੈਂਕ ਬਣਾਏਗਾ ਜੋ ਸਿਆਸੀ ਚੋਣਾਂ ਵਿੱਚ ਕਿਸੇ ਐਸੀ ਪਾਰਟੀ ਜਿਸ ਦੇ ਆਗੂਆਂ ਨੇ ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਤ ਕੀਤਾ ਹੋਵੇ ਜਾਂ ਹੁਣ ਵੋਟਾਂ ਲਈ ਸਿੱਖ ਵਿਰੋਧੀ ਡੇਰਿਆਂ ’ਤੇ ਮੱਥੇ ਰਗੜਣ ਜਾਂਦੇ ਹੋਣ; ਦੇ ਉਮੀਦਵਾਰਾਂ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਵਰਗੀ ਉਸ ਪਾਰਟੀ ਨੂੰ ਜਿਤਾਉਣ ਲਈ ਸਿਰ ਤੋੜ ਯਤਨ ਕਰੇਗਾ ਜੋ ਮੂਲ ਰੂਪ ਵਿੱਚ ਭ੍ਰਿਸ਼ਟਾਚਾਰ, ਪਾਖੰਡੀ ਡੇਰਾਵਾਦ ਦੀ ਅਸਲੀਅਤ ਨੂੰ ਨੰਗਾ ਕਰਕੇ ੳਨ੍ਹਾਂ ਦੇ ਵਿਰੋਧ ਵਿੱਚ ਫੈਸਲੇ ਲੈਣ ਦੀ ਜੁਰ੍ਹਤ ਰਖਦੀ ਹੋਵੇ ਅਤੇ ਪੰਜਾਬ/ਸਿੱਖਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਮੰਨਣ ਲਈ ਵਿਸ਼ਵਾਸ਼ਯੋਗ ਭਰੋਸਾ ਦੇਣ ਦਾ ਵਾਅਦਾ ਕਰੇ।
4. ਵੋਟਾਂ ਰਾਹੀਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋਏ ਸਿਆਸੀ ਮਸੰਦਾਂ ਤੋਂ ਪੰਥਕ ਸੰਸਥਾਵਾਂ ’ਤੇ ਅਜ਼ਾਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਹੁਣੇ ਤੋਂ ਵਿਉਂਤਵੰਦੀ ਕਰ ਲੈਣੀ ਚਾਹੀਦੀ ਹੈ ਪਰ ਖ਼ਿਆਲ ਰੱਖਿਆ ਜਾਵੇ ਕਿ ਇਸ ਲਈ ਉਮੀਦਵਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦਾ ਪ੍ਰਚਾਰ ਕਰ ਰਹੀਆਂ ਸੰਸਥਾਵਾਂ ਦੇ ਨਿਸ਼ਕਾਮ ਵਰਕਰਾਂ ਜਾਂ ਬਿਨਾਂ ਕਿਸੇ ਛਲ ਕਪਟ ਅਤੇ ਨਿਜੀ ਸੁਆਰਥ ਦੇ ਨਿਰੋਲ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰ ਰਹੇ ਧੜੱਲੇਦਾਰ ਪ੍ਰਚਾਰਕਾਂ ਵਿੱਚੋਂ ਚੁਣੇ ਜਾਣ; ਜੋ ਬਾਦਲ ਵਰਗੀ ਗੰਦੀ ਸਿਆਸਤ ਤੋਂ ਕੋਹਾਂ ਦੂਰ ਰਹਿਣ ਦਾ ਹੁਣ ਤੱਕ ਪ੍ਰਮਾਣ ਦੇ ਚੁੱਕੇ ਹੋਣ। ਜੇ ਧਾਰਮਿਕ ਚੋਣਾਂ ਵਿੱਚ ਵੀ ਬਾਦਲ ਵਿਰੋਧੀ ਸਿਆਸੀ ਪੰਥਕ ਦਲਾਂ ਦੇ ਉਮੀਦਵਾਰ ਬਣਾ ਲਏ ਗਏ ਤਾਂ ਵੀ ਨਤੀਜੇ ਬਾਦਲ ਦਲ ਤੋਂ ਵੱਖਰੇ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਹੈ। ਬਾਦਲ ਵਿੱਚ ਵੀ ਜੇ ਅੱਜ ਸਾਨੂੰ ਬਹੁਤੇ ਨੁਕਸ ਦਿੱਸ ਰਹੇ ਹਨ ਤਾਂ ਉਹ ਕੇਵਲ ਰਾਜ ਗੱਦੀ ’ਤੇ ਬੈਠੇ ਰਹਿਣ ਦੀ ਲਾਲਸਾ ਕਾਰਣ ਹੀ ਹਨ। ਅਸੀਂ ਵੇਖਦੇ ਹਾਂ ਕਿ ਜਦੋਂ ਜਦੋਂ ਅਕਾਲੀ ਦਲ ਸਤਾ ਤੋਂ ਬਾਹਰ ਹੁੰਦਾ ਹੈ ਉਸ ਸਮੇਂ ਉਹ ਪੰਜਾਬ ਅਤੇ ਪੰਥ ਦੀ ਮੰਗਾਂ ਨੂੰ ਬੜੇ ਜੋਰ ਸ਼ੋਰ ਨਾਲ ਉਠਾਉਂਦੇ ਹਨ ਤੇ ਜਦੋਂ ਸਤਾ ਦੀ ਕੁਰਸੀ ’ਤੇ ਬੈਠ ਜਾਂਦੇ ਹਨ ਤਾਂ ਉਹ ਸਾਰੀਆਂ ਮੰਗਾਂ ਠੰਡੇ ਬਸਤੇ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ। ਸੋ ਸਿਆਸੀ ਅਕਾਲੀ ਦਲਾਂ ਦਾ ਵਿਰੋਧੀ ਧਿਰ ਵਿੱਚ ਹੋਣਾਂ ਹੀ ਪੰਜਾਬ ਅਤੇ ਪੰਥ ਦੇ ਭਲੇ ਵਿੱਚ ਹੈ।