-: ‘ਅਕਾਲ ਤਖਤ ਬਾਰੇ ਭੁਲੇਖੇ’ :-
ਇੱਕ ਸੱਜਣ ਨੂੰ ਸਵਾਲ ਕਰਦੇ ਹੋਏ ਇਕਬਾਲ ਸਿੰਘ ਢਿੱਲੋਂ ਲਿਖਦੇ ਹਨ:-
“ਆਪ ਜੀ! ਅਖੌਤੀ ਅਕਾਲ-ਤਖਤ ਨੂੰ ਕਿਸ ਅਧਾਰ ਤੇ ਮਾਨਤਾ ਦਿੰਦੇ ਹੋ?”
ਵਿਚਾਰ- ਇਕਬਾਲ ਸਿੰਘ ਖੁਦ ਆਪਣੀਆਂ ਲਿਖਤਾਂ ਵਿੱਚ ਮੰਨਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਲਕੁਲ ਕੋਲ ਅਤੇ ਸਾਹਮਣੇ ਅਕਾਲ ਬੁੰਗਾ ਨਾਮ ਦੇ ਸਥਾਨ ਦੀ ਸਥਾਪਨਾ ਕੀਤੀ, ਜਿੱਥੋਂ ਉਹ ਸਿੱਖ ਪੰਥ ਨਾਲ ਸੰਬੰਧਤ ਮਸਲਿਆਂ ਬਾਰੇ ਵਿਚਾਰਾਂ ਕਰਿਆ ਕਰਦੇ ਸਨ ਅਤੇ ਇੱਥੋਂ ਹੁਕਮਨਾਮੇ ਜਾਰੀ ਕਰਿਆ ਕਰਦੇ ਸਨ।
ਇਸ ਸੰਬੰਧੀ ਇਕਬਾਲ ਸਿੰਘ ਤੋਂ ਅਨੇਕਾਂ ਵਾਰੀਂ ਪੁੱਛਿਆ ਜਾ ਚੁੱਕਾ ਹੈ ਕਿ ਦਰਬਾਰ ਸਾਹਿਬ ਤੋਂ ਵੱਖਰੇ ਸਥਾਨ ਤੇ ਗੁਰੂ ਸਾਹਿਬ ਸਿੱਖਾਂ ਨਾਲ ਸੰਬੰਧਤ ਮਸਲਿਆਂ ਬਾਰੇ ਵਿਚਾਰਾਂ ਕਿਉਂ ਕਰਿਆ ਕਰਦੇ ਸਨ ਅਤੇ ਉੱਥੋਂ ਹੀ ਹੁਕਮਨਾਮੇ ਕਿਉਂ ਜਾਰੀ ਕਰਿਆ ਕਰਦੇ ਸਨ? ਇਹ ਕੰਮ ਦਰਬਾਰ ਸਾਹਿਬ ਤੋਂ ਹੀ ਕਿਉਂ ਨਹੀਂ ਕਰ ਲਿਆ ਕਰਦੇ ਸੀ? (ਨੋਟ- ਇਸ ਸਵਾਲ ਬਾਰੇ ਮੇਰੇ ਵਿਚਾਰ:- ਇਸ ਦਾ ਕਾਰਣ ਇਹ ਹੈ ਕਿ ਗੁਰੂ ਸਾਹਿਬ ਨਹੀਂ ਸੀ ਚਾਹੁੰਦੇ ਕਿ ਅਧਿਆਤਮਕ ਪੱਖ ਅਤੇ ਸਿਆਸੀ ਪੱਖ ਆਪਸ ਵਿੱਚ ਰਲਗੱਡ ਹੋਣ। ਦੋਨੋ ਪੱਖ ਵੱਖ ਵੱਖ ਪਰ ਇਕ ਦੂਜੇ ਦੇ ਸਹਾਇਕ ਹੋ ਕੇ ਨਾਲ ਨਾਲ ਚੱਲਣੇ ਚਾਹੀਦੇ ਹਨ)
ਪਰ ਇਸ ਗੱਲ ਦਾ ਜਵਾਬ ਇਕਬਾਲ ਸਿੰਘ ਅੱਜ ਤੱਕ ਨਹੀਂ ਦੇ ਸਕੇ। ਰਹੀ ਗੱਲ ‘ਅਕਾਲ ਤਖਤ’ ਨਾਮ ਦੀ; ਨਾਮ ‘ਅਕਾਲ ਬੁੰਗਾ ਹੋਵੇ ਜਾਂ ਅਕਾਲ ਤਖਤ’, ਇਸ ਨਾਲ ਕੀ ਫਰਕ ਪੈਂਦਾ ਹੈ? ਇਸ ਸਥਾਨ ਦਾ ਨਾਮ ‘ਅਕਾਲ ਬੁੰਗਾ’ਤਾਂ ਇਕਬਾਲ ਸਿੰਘ ਸਵਿਕਾਰ ਕਰਦੇ ਰਹੇ ਹਨ।ਪਰ ‘ਅਕਾਲ ਤਖਤ’ ਨਾਮ ਇਹਨਾਂ ਨੂੰ ਇਸ ਲਈ ਪਸੰਦ ਨਹੀਂ ਹੈ ਕਿਉਂਕਿ ਇਹਨਾਂ ਮੁਤਾਬਕ-
‘ਅਕਾਲ’ ਦਾ ਅਰਥ ਹੁੰਦਾ ਹੈ ‘ਪਰਮਾਤਮਾ’। ਇਸ ਤਰ੍ਹਾਂ ‘ਅਕਾਲ ਤਖਤ’ ਦਾ ਅਰਥ ਬਣਦਾ ਹੈ ‘ਅਕਾਲ ਪੁਰਖ ਦਾ ਤਖਤ’।ਅਤੇ ਇੱਟਾਂ ਦੀ ਬਣੀ ਕੋਈ ਬਿਲਡਿੰਗ ‘ਅਕਾਲ ਪੁਰਖ ਪਰਮਾਤਮਾ’ ਦਾ ਤਖਤ ਨਹੀਂ ਹੋ ਸਕਦੀ।
ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਇਸ ਤਰ੍ਹਾਂ ਤਾਂ ‘ਅਕਾਲ ਬੁੰਗਾ’ ਦਾ ਅਰਥ ਬਣਦਾ ਹੈ ‘ਅਕਾਲ ਪੁਰਖ ਦਾ ਬੁੰਗਾ, ਅਤੇ ਕੋਈ ਬਿਲਡਿੰਗ ‘ਅਕਾਲ ਪੁਰਖ ਪਰਮਾਤਮਾ’ ਦਾ ਬੁੰਗਾ ਨਹੀਂ ਹੋ ਸਕਦੀ।
ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਵਿੱਚ ਇੱਕ ਖੂਹ ਤਿਆਰ ਕਰਵਾਇਆ ਸੀ, ਜਿਸ ਦ ਨਾਮ- ਅਕਾਲਸਰ ਰੱਖਿਆ ਗਿਆ। ਤਾਂ ਕੀ ਇਸ ਦਾ ਮਤਲਬ ਪਰਮਾਤਮਾ ਦਾ ਖੂਹ ਹੋਇਆ ?
ਅੰਮ੍ਰਿਤਸਰ ਦਾ ਨਾਮ ਹਰਿਸਰ ਵੀ ਹੈ ਤਾਂ ਕੀ ਇਸ ਦਾ ਅਰਥ ਪਰਮਾਤਮਾ ਦਾ ਸਰੋਵਰ ਹੋਇਆ ?
ਗੁਰਬਾਣੀ ਵਿੱਚ ‘ਗੋਬਿੰਦ’ ਸ਼ਬਦ ਪਰਮਾਤਮਾ ਲਈ ਆਇਆ ਹੈ। ਇਸ ਤਰ੍ਹਾਂ ਤਾਂ (ਗੁਰੂ)ਹਰਿ ਗੋਬਿੰਦ ਸਾਹਿਬ ਅਤੇ (ਗੁਰੂ)ਗੋਬਿੰਦ ਸਿੰਘ ਜੀ ਦੇ ਨਾਮ ਵੀ ਇਹ ਨਹੀਂ ਹੋਣੇ ਚਾਹੀਦੇ ਸੀ।
ਕੀ ਇਕਬਾਲ ਸਿੰਘ ਦੱਸ ਸਕਦੇ ਹਨ ਕਿ, ਸਿੱਖਾਂ ਨੂੰ ਸਮੇਂ ਸਮੇਂ ਤੇ, ਵਕਤ ਦੀ ਸਰਕਾਰ ਵੱਲੋਂ ਜਾਂ ਬਹੁ-ਗਿਣਤੀ ਧਰਮ-ਵਿਰੋਧੀਆਂ ਵੱਲੋਂ ਪੈਦਾ ਕੀਤੇ ਜਾਂਦੇ ਮਸਲਿਆਂ ਅਤੇ ਔਖਿਆਈਆਂ ਨਾਲ ਨਜਿੱਠਣ ਲਈ ‘ਗ੍ਰੰਥ ਸਾਹਿਬ’ ਵਿੱਚੋਂ ਕੋਈ ਸੇਧ ਮਿਲਦੀ ਹੈ? ਕੀ ਇਕਬਾਲ ਸਿੰਘ ਦੱਸ ਸਕਦੇ ਹਨ ਕਿ ਮੌਜੂਦਾ ਸਮੇਂ ‘ਬਰਗਾੜੀ ਸੰਘਰਸ਼’ ਨਾਲ ਨਜਿੱਠਣ ਲਈ ‘ਗ੍ਰੰਥ ਸਾਹਿਬ’ ਵਿੱਚ ਦਰਜ ‘ਸ਼ਬਦ ਗੁਰੂ’ ਤੋਂ ਕੋਈ ਸੇਧ ਮਿਲਦੀ ਹੈ ? ਕੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੇਧ ਮਿਲਦੀ ਹੈ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਜੇ ਕੋਈ ਸੇਧ ਮਿਲਦੀ ਹੈ ਤਾਂ ਕੀ ਉਹ ਦੱਸਣਗੇ ਕਿ ਕਿਸ ਪੰਨੇ ਤੇ ਅਤੇ ਕਿਸ ਤਰ੍ਹਾਂ ਸੇਧ ਮਿਲਦੀ ਹੈ? ਕੀ ਸਿੱਖਾਂ ਨੂੰ ਪੇਸ਼ ਆਉਣ ਵਾਲੇ ਮਸਲਿਆਂ ਦੇ ਹਲ ਲਈ ਕਿਸੇ ਇੱਕ ਸਥਾਨ/ ਧੁਰੇ ਤੋਂ ਸੇਧ ਲੈਣ ਦੀ ਜਰੂਰਤ ਨਹੀਂ ? ਜੇ ਜਰੂਰਤ ਹੈ ਤਾਂ ਫੇਰ ਅਕਾਲ ਤਖਤ (ਇੱਕ ਸਥਾਨ, ਜੋ ਕਿ ਗੁਰੂ ਸਾਹਿਬ ਨੇ ਇਸੇ ਮਕਸਦ ਲਈ ਸਥਾਪਿਤ ਕੀਤਾ ਸੀ) ਦੀ ਜਰੂਰਤ ਤੋਂ ਇਨਕਾਰੀ ਕਿਵੇਂ ਹੋਇਆ ਜਾ ਸਕਦਾ ਹੈ ?
-----------
ਮੌਜੂਦਾ ਸਮੇਂ ਚੱਲ ਰਹੇ ਬਰਗਾੜੀ ਸੰਘਰਸ਼ ਸੰਬੰਧੀ ਫੇਸਬੁੱਕ ਤੇ ਚੱਲਦੇ ਵਿਚਾਰ ਵਟਾਂਦਰਿਆਂ ਵਿੱਚ ਕਿਸੇ ਸੱਜਣ ਦੇ ਸਵਾਲ ਦੇ ਜਵਾਬ ਵਿੱਚ ਮੇਰੇ ਕੁਝ ਵਿਚਾਰ:-
ਅਕਾਲ ਤਖਤ ਦੀ ਸਥਾਪਨਾ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਪੇਸ਼ ਆਉਣ ਵਾਲੇ ਸਿਆਸੀ ਮਸਲਿਆਂ ਨੂੰ ਹਲ ਕਰਨ ਲਈ ਕੀਤੀ ਗਈ ਸੀ। ਆਖਿਰ ਤਾਂ ਸਿੱਖ-ਮਸਲਿਆਂ ਦੇ ਹਲ ਲਈ ਸਾਰੇ ਸਿੱਖ ਜਗਤ ਨੂੰ ਕਿਸੇ ‘ਇੱਕ’ ਸਾਂਝੇ ਸਥਾਨ ਤੋਂ ਸਾਂਝੀ ਸੇਧ ਦੀ ਲੋੜ ਹੈ। ਗੁਰੂ ਸਾਹਿਬਾਂ ਦੇ ਸਮੇਂ ਇਹ ਕੰਮ ਗੁਰੂ ਸਾਹਿਬ ਖੁਦ ਕਰਿਆ ਕਰਦੇ ਸਨ। ਪਰ ਸਿੱਖਾਂ ਨੂੰ ਮਸਲੇ ਤਾਂ ਹੁਣ ਵੀ ਪੇਸ਼ ਆਉਂਦੇ ਹਨ ਅਤੇ ਮਸਲਿਆਂ ਨਾਲ ਨਜਿੱਠਣ ਲਈ ਸੇਧ ਤਾਂ ਹੁਣ ਵੀ ਚਾਹੀਦੀ ਹੈ। ਰਹੀ ਗੱਲ ਪੰਜ ਪਿਆਰਿਆਂ ਦੀ; ਅਕਾਲ ਤਖਤ-(ਜਾਣੀ ਕਿ ਇੱਕ ਧੁਰੇ) ਤੋਂ ਕੋਈ ਆਪਣੀਆਂ ਚੰਮ ਦੀਆਂ ਨਾ ਚਲਾ ਸਕੇ (ਜਿਸ ਤਰ੍ਹਾਂ ਕਿ ਅਖੌਤੀ ਜੱਥੇਦਾਰ ਚਲਾਉਂਦਾ ਰਿਹਾ ਹੈ), ਇਸ ਲਈ ਪੰਜ ਪਿਆਰਿਆਂ ਦੀ ਵਿਵਸਥਾ ਕੀਤੀ ਗਈ ਹੈ। ਵੈਸੇ ਤਾਂ ਪੰਜ ਪਿਆਰੇ ‘ਪੰਥ ਦਰਦੀ ਸੂਝਵਾਨ ਵਿਦਵਾਨਾਂ’ ਦੇ ਜਰੀਏ ਹੀ ਚੁਣੇ ਜਾਣੇ ਚਾਹੀਦੇ ਹਨ। ਮੌਜੂਦਾ ਪੰਜ ਪਿਆਰੇ ਕਿਵੇਂ ਚੁਣੇ ਗਏ ਜਾਂ ਕਿਵੇਂ ਨਹੀਂ ਇਹ ਵੱਖਰੀ ਗੱਲ ਹੈ ਪਰ ਮੌਜੂਦਾ ਸਮੇਂ ਇਹਨਾਂ ਨੇ ਜੋ ਰੋਲ ਅਦਾ ਕੀਤਾ ਹੈ, ਪੰਥਕ ਹਿਤਾਂ ਵਾਲਾ ਅਤੇ ਭਰਪੂਰ ਸਲਾਂਘਾਜੋਗ ਕਦਮ ਹੈ ।
ਬਹੁਤ ਸਾਰੇ ਸੂਝਵਾਨ ਸੱਜਣ ਵੀ (1) ਅਧਿਆਤਮ ਅਤੇ (2) ‘ਪੰਥਕ ਜੱਥੇਬੰਦੀ’ ਅਰਥਾਤ 1-‘ਦਰਬਾਰ ਸਾਹਿਬ ਅਤੇ 2- ਅਕਾਲ ਤਖਤ’ ਦੇ ਫਰਕ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਦਸਮ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਜਰੂਰ ਲਗਾਇਆ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਚੱਲਦੇ ਹੋਏ ਵੀ ਕੁੱਝ ਅੜਚਣਾਂ ਪੇਸ਼ ਆ ਸਕਦੀਆਂ ਹਨ। ਜਿਵੇਂ ਕਿ ਗੁਰੂ ਅਰਜੁਨ ਦੇਵ ਜੀ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਅਤੇ ਹੁਣ ਤੱਕ ਅਨੇਕਾਂ ਹੀ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਹੋਣਾ ਪਿਆ। ਮੌਜੂਦਾ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾਂਦੀ ਬੇਅਦਬੀ ਕਾਰਨ ਬਰਗਾੜੀ ਸੰਘਰਸ਼ ਚੱਲ ਰਿਹਾ ਹੈ ।
ਇਸੇ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਜਾਂ ਅਨ-ਧਰਮੀ ਬਹੁਗਿਣਤੀਆਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪੈ ਰਿਹਾ ਹੈ। ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸੇਧ ਨਹੀਂ ਮਿਲ ਸਕਦੀ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਖੇਤਰ ਤੋਂ ਬਾਹਰ ਦਾ ਵਿਸ਼ਾ ਹਨ। ਮਿਸਾਲ ਦੇ ਤੌਰ ਤੇ; ਸਜਾਵਾਂ ਭੁਗਤ ਚੁੱਕੇ ਸਿੱਖਾਂ ਨੂੰ ਜੇਹਲਾਂ ਵਿੱਚ ਡੱਕੀ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਕੀਤੀ ਜਾਣੀ, ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਡਬੋਇਆ ਜਾ ਰਿਹਾ ਹੈ ਅਤੇ ਹੋਰ ਅਨੇਕਾਂ ਗੁੱਝੇ ਤਰੀਕਿਆਂ ਨਾਲ ਸਿੱਖੀ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਸਾਰੇ ਮਸਲੇ ਗੁਰੂ ਗ੍ਰੰਥ ਸਾਹਿਬ ਦੇ ਖੇਤਰ ਤੋਂ ਬਾਹਰ ਦੇ ਵਿਸ਼ੇ ਹਨ। ਇਹਨਾਂ ਸਮੇਂ ਸਮੇਂ ਤੇ ਦਰ-ਪੇਸ਼ ਆਉਣ ਵਾਲੇ ਮਸਲਿਆਂ ਬਾਰੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਨਹੀਂ ਮਿਲ ਸਕਦੀ। ਇਸ ਸਭ ਕਾਸੇ ਬਾਰੇ ਸੂਝਵਾਨ ਸਿੱਖ ਵਿਦਵਾਨਾਂ ਦੁਆਰਾ ਵਿਚਾਰ ਵਟਾਂਦਰੇ ਕਰਕੇ ਨੀਤੀਆਂ ਉਲੀਕਣੀਆਂ ਪੈਣੀਆਂ ਹਨ। ਸਮੇਂ ਸਮੇਂ ਤੇ ਸਮੱਸਿਆਵਾਂ ਵੀ ਬਦਲਦੀਆਂ ਰਹਿੰਦੀਆਂ ਹਨ ਇਸ ਲਈ ਇਹਨਾਂ ਦੇ ਹਲ ਕਰਨ ਦੇ ਤਰੀਕੇ ਅਤੇ ਨੀਤੀਆਂ ਵੀ ਉਸੇ ਮੁਤਾਬਕ ਹੀ ਤੈਅ ਕਰਨੀਆਂ ਪੈਂਦੀਆਂ ਹਨ।
ਇਹ ਤਾਂ ਮੈਂ ਵੀ ਮੰਨਦਾ ਹਾਂ ਕਿ ਅਖੌਤੀ ਜੱਥੇਦਾਰ ਨੂੰ ਰੱਦ ਕਰਨਾ ਪੈਣਾ ਹੈ, ਪਰ ਫੇਰ ਵੀ ਇਹ ਤਾਂ ਸੋਚਣਾ ਹੀ ਪਏਗਾ ਕਿ ਇਹ ਅਹੁਦਾ ਰੱਦ ਕਰਕੇ ਫੇਰ ਕੀ ਹੋਣਾ ਚਾਹੀਦਾ ਹੈ ? ਏਹਨਾਂ ਮੌਜੂਦਾ ਪੰਜ ਪਿਆਰਿਆਂ ਵਿੱਚ ਬਾਬਾ ਬੋਹੜ(/ਬਾਦਲ) ਨੂੰ ਤਲਬ ਕਰਨ ਦੀ ਹਿੰਮਤ ਨਹੀਂ ਹੈ ਤਾਂ ਇਸ ਦਾ ਵੱਲ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਤੇ ਦਰਜ ਨਹੀਂ ਹੈ, ਜੇ ਹੈ ਤਾਂ ਦੱਸੋ ਕਿੱਥੇ ਦਰਜ ਹੈ ? ਹਾਂ ਇਹ ਜਰੂਰੀ ਹੈ ਕਿ ਲਏ ਜਾਂਦੇ ਫੈਸਲੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਉਲਟ ਨਹੀਂ ਹੋਣੇ ਚਾਹੀਦੇ।
ਸਾਨੂੰ ‘ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ’ ਦੇ ਸੰਕਲਪਾਂ ਅਤੇ ਇਹਨਾਂ ਦੇ ਫਰਕ ਨੂੰ ਸਮਝਣ ਦੀ ਜਰੂਰਤ ਹੈ।
ਮੌਜੂਦਾ ਬਰਗਾੜੀ ਸੰਘਰਸ਼ ਸਮੇਂ ਪੰਜ ਪਿਆਰਿਆਂ ਨੇ ਜੋ ਰੋਲ ਅਦਾ ਕੀਤਾ ਹੈ ਬਹੁਤ ਵਧੀਆ ਅਤੇ ਸ਼ਲਾਂਘਾ ਜੋਗ ਕਦਮ ਹੈ। ਪਰ ਇਸ ਅਹੁਦੇ ਤੇ ਹੁੰਦਿਆਂ ਕੋਈ ਆਪਣੀਆਂ ਚੰਮ ਦੀਆਂ ਨਾ ਚਲਾ ਸਕੇ, ਇਸ ਬਾਰੇ ਪੱਕੇ ਤੌਰ ਤੇ ਵਿਵਸਥਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਹ ਪੰਥ ਦਰਦੀ ਵਿਦਵਾਨਾਂ ਦੇ ਸੋਚਣ ਵਿਚਾਰਨ ਦਾ ਵਿਸ਼ਾ ਹੈ।ਸੂਝਵਾਨ ਪੰਥ-ਦਰਦੀ ਵਿਦਵਾਨ, ਵਿਚਾਰ ਵਟਾਂਦਰੇ ਕਰਕੇ ਕੋਈ ਪੁਖਤਾ ਵਿਵਸਥਾ ਉਲੀਕ ਸਕਦੇ ਹਨ।”
ਇੱਕ ਹੋਰ ਸਵਾਲ ਦੇ ਜਵਾਬ ਵਿੱਚ:-
“ਵੀਰ … ਸਿੰਘ ਜੀ! ਬੜੇ ਅਫਸੋਸ ਦੀ ਗੱਲ ਹੈ, ਤੁਸੀਂ ਗੁਰਬਚਨੇ ਅਤੇ ਮੱਕੜ ਨੂੰ ਸਾਹਮਣੇ ਰੱਖਕੇ ਆਪਣੇ ਵਿਚਾਰ ਦੇਈ ਜਾ ਰਹੇ ਹੋ। ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਤੁਸੀਂ ਅਨਜਾਣੇ ਵਿੱਚ ਹੀ ਗੁਰੂ ਸਾਹਿਬ ਦੁਆਰਾ ਬਖਸ਼ੇ ਅਕਾਲ ਤਖਤ ਤੇ ਹੀ ਸਵਾਲੀਆ ਨਿਸ਼ਾਨ ਲਗਾ ਰਹੇ ਹੋ। ਅਤੇ ਇਕਬਾਲ ਸਿੰਘ ਢਿੱਲੋਂ ਵਰਗੇ ‘…’ ਦਾ ਹੀ ਪੱਖ ਪੂਰ ਰਹੇ ਹੋ। ਜੇ ਜੱਥੇਦਾਰ ਦੀ ਲੋੜ ਨਹੀਂ ਤਾਂ ਅਕਾਲ ਤਖਤ ਦੀ ਵੀ ਲੋੜ ਨਹੀਂ। ਜੇ 84 ਵੇਲੇ ਇਸ ਨੂੰ ਢਾਹ ਦਿੱਤਾ ਗਿਆ ਸੀ ਤਾਂ ਢਿਹਾ ਰਹਿਣ ਦੇਣਾ ਸੀ (ਇਕਬਾਲ ਸਿੰਘ ਢਿੱਲੋਂ ਵਰਗੇ ਵੀ ਇਹੀ ਚਾਹੁੰਦੇ ਹਨ)। ਤੁਹਾਡਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖ ਸਕਦੀ ਹੈ। ਦੱਸ ਸਕਦੇ ਹੋ ਕਿ ਕੀ ਗੁਰੂ ਗ੍ਰੰਥ ਸਾਹਿਬ ਤੋਂ ਸਿਆਸੀ ਮਸਲਿਆਂ ਨਾਲ ਨਜਿੱਠਣ ਲਈ ਵੀ ਅਗਵਾਈ ਮਿਲਦੀ ਹੈ ? ਸਿੱਖਾਂ ਵਿੱਚ ਬ੍ਰਹਮਣੀ ਘੁਸਪੈਠ ਸਿਖਰਾਂ ਤੇ ਪਹੁੰਚ ਚੁੱਕੀ ਹੈ, ਪੰਜਾਬ ਨਸ਼ਿਆਂ ਦੇ ਹੜ੍ਹ ਵਿੱਚ ਗਰਕਿਆ ਪਿਆ ਹੈ, ਸਿੱਖ-ਜਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ। ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਿੱਖਾਂ ਨੂੰ ਜੇਹਲਾਂ ਵਿੱਚ ਡੱਕਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਵੀ ਕੀਤੀ ਜਾ ਰਹੀ ਹੈ। ਉਲਟਾ ਇਸ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਪੰਥ ਦਰਦੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਹਲਾਂ ਵਿੱਚ ਡੱਕਿਆ ਜਾ ਰਿਹਾ ਹੈ। ਦੱਸ ਸਕਦੇ ਹੋ ਕਿ ਇਸ ਸਭ ਕਾਸੇ ਤੋਂ ਛੁਟਕਾਰੇ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਿਵੇਂ ਅਗਵਾਈ ਮਿਲਦੀ ਹੈ ?
(ਨੋਟ:- ਇਹ ਲੇਖ ਕਈ ਦਿਨ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀ, ਪਰ ਸਮੇਂ ਦੀ ਕਮੀਂ ਕਰਕੇ ਪੂਰਾ ਨਹੀਂ ਸੀ ਕੀਤਾ ਜਾ ਸਕਿਆ। ਇਸ ਦੌਰਾਨ ਮੌਜੂਦਾ ਚੱਲ ਰਹੇ ਸੰਘਰਸ਼ ਦੌਰਾਨ ਫੜੇ ਗਏ ਪੰਜਗਰਾਈਂ ਦੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੋਨੋ ਭਰਾ ਰਿਹਾ ਹੋ ਗਏ ਹਨ। ਅਤੇ ਇਹ ਸਿੱਖ ਸੰਗਤਾਂ ਦੇ ਆਪਸੀ ਵਿਚਾਰ ਵਟਾਂਦਰਿਆਂ ਅਤੇ ਆਪਸੀ ਸਹਿਜੋਗ ਸਦਕਾ ਹੋ ਸਕਿਆ ਹੈ। ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਮਸਲੇ ਨਾਲ ਨਜਿੱਠਣ ਲਈ ਸੇਧ ਲਿਖੀ ਨਹੀਂ ਮਿਲਦੀ)।
ਤੁਸੀਂ ਕੀ ਸਮਝਦੇ ਹੋ ਕਿ ਦਰਬਾਰ ਸਾਹਿਬ ਵਿੱਚ (ਗੁਰੂ) ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੌਜੂਦ ਹੋਣ ਦੇ ਬਾਵਜੂਦ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਬਿਲਕੁਲ ਕੋਲ ਅਤੇ ਨਾਲ ਲੱਗਦੇ ਸਾਹਮਣੇ ਸਥਾਨ ਤੇ ‘ਅਕਾਲ ਬੁੰਗਾ/ ਅਕਾਲ ਤਖਤ’ ਦੀ ਸਥਾਪਨਾ ਬੇ ਮਤਲਬ ਹੀ ਕਰ ਦਿੱਤੀ ਸੀ ? ਜਿੱਥੋਂ ਉਹ ਹੁਕਮਨਾਮੇ ਜਾਰੀ ਕਰਿਆ ਕਰਦੇ ਸਨ ?
… ਸਿੰਘ ਜੀ! ਗੁਰੂ ਗ੍ਰੰਥ ਸਾਹਿਬ ਤੋਂ ਸਿਆਸੀ ਅਤੇ ਪੰਥ-ਵਿਰੋਧੀ ਅਨਸਰਾਂ ਨਾਲ ਨਜਿੱਠਣ ਦੀ ਸੇਧ ਬਿਲਕੁਲ ਨਹੀਂ ਮਿਲਦੀ। ਇਸੇ ਕਰਕੇ ਗੁਰੂ ਸਾਹਿਬ ਨੇ ਪੰਥ ਨੂੰ ਸਮੇਂ ਸਮੇਂ ਤੇ ਦਰ-ਪੇਸ਼ ਆਉਣ ਵਾਲੇ ਮਸਲਿਆਂ ਨਾਲ ਨਜਿੱਠਣ ਲਈ ਦਰਬਾਰ ਸਾਹਿਬ ਤੋਂ ਵੱਖਰੇ ਅਕਾਲ ਤਖਤ ਦੀ ਸਥਾਪਨਾ ਕੀਤੀ ਸੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਕ ਪੱਖ ਵਿੱਚ ਸਿਆਸੀ ਗੱਲਾਂ ਦੀ ਰਲਗੱਡ ਨਾ ਹੋਵੇ। ਜਿਵੇਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਇਕ ਦੂਜੇ ਤੋਂ ਵੱਖ ਵੱਖ ਹੁੰਦੇ ਹੋਏ ਵੀ ਇੱਕ ਦੂਜੇ ਦੇ ਨਾਲ ਨਾਲ ਹਨ, ਉਸੇ ਤਰ੍ਹਾਂ ਗੁਰਮਤਿ ਦਾ ਅਧਿਆਤਮਕ ਪੱਖ ਅਤੇ ਸਿਆਸੀ ਪੱਖ ਆਪਸ ਵਿੱਚ ਰਲ-ਗੱਡ ਨਹੀਂ ਹੋਣੇ ਚਾਹੀਦੇ ਨਾਲ ਨਾਲ ਚੱਲਣੇ ਚਾਹੀਦੇ ਹਨ।
… ਸਿੰਘ ਜੀ! ਮੈਂ ਵੀ ਮੰਨਦਾ ਹਾਂ ਕਿ ਅੱਜ ਮੌਜੂਦਾ ਪੰਜ ਪਿਆਰੇ ਸਹੀ ਹਨ, ਕਲ੍ਹ ਨੂੰ ਗ਼ਲਤ ਵੀ ਹੋ ਸਕਦੇ ਹਨ। ਜੇ ਗੁਰਬਚਨਾ, ਜਾਂ ਮੱਕੜ ਪੰਥ ਦੋਖੀ ਸਾਬਤ ਹੋਏ ਹਨ ਜਾਂ ਕਲ੍ਹ ਨੂੰ ਪੰਜ ਪਿਆਰੇ ਵੀ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਉਣੋ ਕਤਰਾ ਜਾਂਦੇ ਹਨ ਤਾਂ ਇਸ ਦੇ ਲਈ ਕੋਈ ਸੁਚੱਜੀ ਵਿਵਸਥਾ ਖੋਜਣੀ ਬਣਦੀ ਹੈ। ਨਾ ਕਿ ਇਸ ਪੱਖ ਵੱਲੋਂ ਅੱਖਾਂ ਹੀ ਮੀਟ ਲਈਏ ਅਤੇ ਦੁਸ਼ਮਣ ਜੋ ਕਰਦਾ ਹੈ ਕਰੀ ਜਾਵੇ। ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ ਤਾਂ ਕਰੀ ਜਾਵੇ। ਸਿੱਖੀ ਵਿੱਚ ਬ੍ਰਹਮਵਾਦ ਵਾੜਿਆ ਜਾ ਰਿਹਾ ਹੈ ਤਾਂ ਵੜੀ ਜਾਣ ਦਿਉ। ਵਿਵਸਥਾ ਵਿਗੜੀ ਹੋਣ ਕਰਕੇ, ਅਕਾਲ ਤਖਤ ਦੀ ਹੋਂਦ ਅਤੇ ਇਸ ਦੀ ਜਰੂਰਤ ਤੇ ਹੀ ਸਵਾਲੀਆ ਨਿਸ਼ਾਨ ਲਗਾਣਾ ਉਚਿਤ ਨਹੀਂ ਹੈ। ਦਰਬਾਰ ਸਾਹਿਬ ਦੇ ਹੁੰਦਿਆਂ ਗੁਰੂ ਸਾਹਿਬ ਨੇ ਬੜੀ ਦੂਰਅੰਦੇਸ਼ੀ ਨਾਲ ਵੱਖਰੇ ਪਰ ਨਾਲ ਲੱਗਦੇ ਸਥਾਨ ਤੇ ਇਸ ਦੀ ਸਥਾਪਨਾ ਕੀਤੀ ਹੈ। ਗੱਲ ਨੂੰ ਜ਼ਰਾ ਗਹਿਰਾਈ ਅਤੇ ਗੰਭੀਰਤਾ ਨਾਲ ਸੋਚਣ ਦੀ ਕੋਸ਼ਿਸ਼ ਕਰੋ ਜੀ ।
ਜਸਬੀਰ ਸਿੰਘ ਵਿਰਦੀ
04-11-2015