ਦੂਰ ਦਾ ਚਸ਼ਮਾਂ ਲਾਅ ਕੇ ਵੇਖੋ, ਭੋਲਿਉ ! ਸਭ ਕੁਝ ਸਾਫ ਸਾਫ ਨਜਰ ਆ ਜਾਵੇਗਾ।
ਦੁਸ਼ਮਨ ਬਹੁਤ ਚਾਲਾਕ ਹੈ , ਨੀਤੀਵਾਨ ਅਤੇ ਤਾਕਤਵਰ ਹੈ । ਸਾਡੀ ਕੌਮ ਬਹੁਤ ਭੋਲੀ ਹੈ । ਖਾਲਿਸਤਾਨ ਦੇ ਨਾਅਰੇ , ਖੂਨ ਦੇ ਪਿਆਲੇ , ਕਾਲੇ ਝੰਡੇ , ਲਾਲ ਕਿਲੇ ਦੀਆਂ ਮਾਰਚਾਂ । ਸੜਕਾਂ ਤੇ ਧਰਨੇ , ਸੜਕਾਂ ਤੇ ਕਾਲੀਆਂ ਝੰਡੀਆਂ , ਅਖੌਤੀ ਸਰਬਤ ਖਾਲਸੇ , ਕੰਨਵੇਨਸ਼ਨਾਂ ਅਤੇ ਕਾਂਨਫ੍ਰੇੰਸਾਂ , ਇਹ ਸਭ ਤੁਹਾਡੇ ਰੋਸ਼ ਅਤੇ ਗੁੱਸੇ ਦਾ ਮੁਜਾਹਿਰਾ ਤਾਂ ਹੋ ਸਕਦੀਆ ਨੇ , ਕੌਮ ਨੂੰ ਬਚਾਉਣ ਦੇ ਸਾਧਨ ਵੀ ਇਕੱਠੇ ਕਰਣੇ ਪੈਣੇ ਹਨ ! ਕੌਮ ਨੂੰ ਬਚਾਉਣ ਲਈ ਕੋਈ ਠੋਸ ਨੀਤੀ ਅਤੇ ਨੀਅਤ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਅਤੇ ਦਿਸ਼ਾ ਉੱਤੇ ਤੁਰਨ ਵਾਲਿਆਂ ਦੇ ਇਕੱਠ ਦੀ ਵੀ ਜਰੂਰਤ ਹੈ , ਜੋ ਸਾਡੇ ਕੋਲ ਉੱਕਾ ਹੀ ਨਹੀ ਹੈ । ਉਸਦਾ ਕਾਰਣ ਇਹ ਹੈ ਕਿ ਅਸੀ ਸਾਰੇ ਹੀ ਚੌਧਰੀ ਹਾਂ , ਅਸੀਂ ਸਾਰੇ ਹੀ ਵਿਦਵਾਨ ਅਤੇ ਸਾਰੇ ਹੀ ਲੀਡਰ ਹਾਂ , ਵਾਲੇੰਟੀਅਰ ਕੋਈ ਵੀ ਨਹੀ ।
ਕੌਮ ਦੇ ਹਾਲਾਤ ਬਹੁਤ ਭਿਆਨਕ ਮੋੜ ਤੇ ਆ ਚੁਕੇ ਹਨ। ਇਸ ਖੁਸ਼ਫਹਮੀ ਵਿੱਚ ਰਹਿਣ ਦੀ ਕੋਈ ਜਰੂਰਤ ਨਹੀ ਹੈ ਕਿ ਬਾਦਲ ਦੀ ਮਿੱਟੀ ਪਲੀਤ ਹੋ ਗਈ, ਜਾਂ ਜੱਥੇਦਾਰਾਂ ਦਾ ਅੰਤ ਹੋ ਗਿਆ । ਪੁਰਾਨੇ ਪੁਜਾਰੀਆਂ ਦੀ ਥਾਂ ਤੇ ਨਵੇਂ ਚੰਗੇ ਪੁਜਾਰੀ ਆ ਗਏ । ਰਾਗੀਆਂ ਨੇ ਗੁਰਬਚਨੇ ਨੂੰ ਭਜਾ ਦਿੱਤਾ । ਕੌਮ ਬਹੁਤ ਜਾਗਰੂਕ ਹੋ ਗਈ ਆਦਿਕ । ਇਕ ਮਰੇਗਾ ਤੇ ਹਜਾਰ ਜਹਰੀਲਾ ਬੂਟ ਉੱਗ ਜਾਵੇਗਾ । ਦੁਸ਼ਮਨ ਨੇ ਸਿੱਖੀ ਦੇ ਵੇੜ੍ਹੇ ਵਿੱਚ ਜਹਰੀਲੇ ਖੜਪਤਵਾਰਾਂ ਦੀ ਫਸਲ ਬੋ ਦਿੱਤੀ ਹੈ, ਜੋ ਹੌਲੀ ਹੌਲੀ ਸਾਡੀ ਨਵੀ ਪਨੀਰੀ ਨੂੰ ਅਪਣੇ ਵਰਗਾ ਬਣਾਂ ਦੇਵੇਗੀ । ਸਿੱਖੀ ਦਾ ਸਰੂਪ ਅਤੇ ਹੋਂਦ ਮਿਟਾਉਣ ਦੇ ਸਾਰੇ ਉਪਰਾਲੇ ਸਿੱਖੀ ਦੇ ਦੁਸ਼ਮਨਾਂ ਵਲੋਂ ਪੂਰੇ ਕਰ ਲਏ ਗਏ ਹਨ।
ਖਾਲਸਾ ਜੀ ! ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋਣ ਵਾਲੇ ਜੇ , ਹੱਲੀ ਵੀ ਚੇਤ ਜਾਉ ਤੇ ਇਕੱਠੇ ਹੋਏ ਹੋ ਤਾਂ , ਕੋਈ ਨੀਤੀ ਬਣਾਂ ਲਵੋ । ਹੋਸ਼ ਵਿੱਚ ਆਏ ਹੋ , ਤਾਂ ਕੌਮ ਦੀ ਚੜ੍ਹਦੀਕਲਾ ਲਈ ਕੋਈ ਚੰਗੀ ਨੀਅਤ ਬਣਾਂ ਲਵੋ ! ਬਿਨਾਂ ਚੰਗੇ ਆਗੂਆਂ ਦੇ , ਕੌਮ ਦਿਸ਼ਾਹੀਨ ਹੋ ਕੇ ਸੜਕਾਂ ਤੇ ਭਟਕ ਰਹੀ ਹੈ। ਜੇ ਕੋਈ ਕਹਿੰਦਾ ਹੈ ਕਿ ਬਾਦਲ ਨੂੰ ਖੂਨ ਪਿਆਣ ਚਲੀਏ , ਤਾਂ ਲੋਕੀ ਉਸ ਦੇ ਨਾਲ ਤੁਰ ਪੈੰਦੇ ਹਨ। ਕੋਈ ਕਹਿੰਦਾ ਹੈ ਕਿ ਸੜਕਾਂ ਤੇ ਕਾਲੀਆਂ ਝੰਡੀਆਂ ਲੈ ਕੇ ਤੁਰ ਪਵੋ , ਤਾਂ ਲੋਕੀ ਕਾਲੀਆਂ ਝੰਡੀਆਂ ਲੈ ਕੇ ਤੁਰ ਪੈੰਦੇ ਨੇ । ਜੇ ਕੋਈ ਕਹਿੰਦਾ ਹੈ ਲਾਲ ਕਿਲੇ ਨੂੰ ਚਲੀਏ , ਤਾਂ ਲੋਕੀ ਲਾਲ ਕਿਲੇ ਵੱਲ ਤੁਰ ਪੈੰਦੇ ਨੇ । ਮੋਮਬੱਤੀਆਂ ਹੀ ਜਗਾਈ ਜਾਂਦੇ ਹਨ । ਇਹ ਕੀ ਹੋ ਰਿਹਾ ਹੈ ? ਕੀ ਅਸੀ ਕਦੀ ਸੋਚਿਆ ਹੈ ਕਿ ਅਸੀਂ ਕਰ ਕੀ ਰਹੇ ਹਾਂ ? ਅਪਣੇ ਰੋਸ਼ ਨੂੰ , ਅਪਣੇ ਅੰਦਰ ਬੱਲ ਰਹੀ ਅੱਗ ਨੂੰ ਕੌਮ ਦੀ ਚੜ੍ਹਦੀਕਲਾ ਵੱਲ ਲੈ ਜਾਂਣ ਲਈ ਵਰਤੋ । ਇਸ ਅੱਗ ਨੂੰ ਅਪਣੇ ਅੰਦਰ ਸਾਂਭ ਕੇ ਰੱਖੋ , ਇਸਨੂੰ ਕੌਮ ਦੀ ਚੜ੍ਹਦੀਕਲਾ ਲਈ ਵਰਤੋ । ਕਿਤੇ ਕੁਝ ਦਿਨ ਬਾਦ ਇਹ ਅੱਗ ਠੰਡੀ ਨਾਂ ਪੈ ਜਾਵੇ ।
ਦੁਸ਼ਮਨ ਤਾਂ ਇਹ ਚਾਂਉਦਾ ਹੀ ਹੈ, ਕਿ ਤੁਸੀ ਇਹੋ ਜਹੇ ਰੋਸ਼ ਮੁਜਾਹਰਿਆਂ ਵਿੱਚ ਰੁੱਝੇ ਰਹੋ, ਤੇ ਤੁਹਾਡਾ ਧਿਆਨ ਅਸਲ ਮੁੱਦਿਆਂ ਤੋਂ ਭਟਕ ਕੇ ਹੋਰ ਪਾਸੇ ਤੁਰ ਜਾਵੇ । ਰੋਜ ਰੋਜ ਨਵੇਂ ਸ਼ੋਸ਼ੇ ਛੱਡੇ ਜਾ ਰਹੇ ਨੇ । ਘੁਸਪੈਠੀਏ ਅਪਣੇ ਕਮ ਲੱਗੇ ਹੋਏ ਨੇ , ਤੇ ਅਸੀ ਉਨ੍ਹਾਂ ਦੇ ਲਾਈ ਲੱਗ ਬਣਕੇ ਉਨ੍ਹਾਂ ਦੇ ਮਗਰ ਮਗਰ ਬਿਨਾਂ ਕੁਝ ਸੋਚੇ ਸਮਝੇ ਤੁਰੀ ਜਾਂਦੇ ਹਾਂ !
ਖਾਲਸਾ ਜੀ ਧਿਆਨ ਦਿਉ ! ਸੌਦਾ ਸਾਧ ਨੂੰ ਆਰ. ਐਸ. ਐਸ ਦੇ ਕਹਿਨ ਤੇ ਗੁਰਬਚਨੇ ਨੇ ਮੁਆਫ ਕੀਤਾ । ਗੁਰਬਚਨੇ ਦੀ ਫਜੀਹਤ ਹੋਣ ਲੱਗ ਪਈ , ਇਨ੍ਹਾਂ ਜੱਫੇਮਾਰਾਂ ਤੇ ਅਟੈਕ ਹੋਣ ਲੱਗ ਪਏ । ਇਸ ਗਲ ਵਲੋਂ ਧਿਆਨ ਹਟਾਉਣ ਲਈ , ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ , ਧਿਆਨ ਉਸ ਪਾਸੇ ਮੋੜ ਦਿੱਤਾ ਗਿਆ । ਦੋ ਸਿੰਘ ਸ਼ਹੀਦ ਕਰ ਦਿੱਤੇ ਗਏ , ਬੇਦੋਸ਼ੇ ਸਿੰਘ ਫੜ ਲਏ ਗਏ, ਤੁਹਾਡਾ ਧਿਆਨ ਉਨ੍ਹਾਂ ਦੀ ਰਿਹਾਈ ਵਲ ਚਲਾ ਗਿਆ । ਭਾਈ ਪੰਥ ਪ੍ਰੀਤ ਸਿੰਘ ਅਤੇ ਢੰਡਰੀਆਂ ਵਾਲਿਆ ਦੀ ਚਲਾਈ ਲਹਿਰ ਨੂੰ ਤਹਿਸ ਨਹਿਸ ਕਰਣ ਲਈ ਡੱਡੂਵਾਲੇ ਆਨ ਧਮਕੇ, ਨਾਲ ਹੀ ਕਾਲੀਆਂ ਦੇ ਪੀਰ ਵੀ ਭੇਜ ਦਿੱਤੇ ਗਏ । ਗੱਲ ਸਮਝ ਆਂਉਦੀ, ਉਸਤੋਂ ਪਹਿਲਾਂ ਹੀ ਬਾਦਲ ਨੂੰ ਖੂੰਨ ਦਾ ਪਿਆਲਾ ਪੀਆਉਣ ਲਈ ਲੋਕੀ ਚੰਦੀਗੜ੍ਹ ਜਾ ਪੁੱਜੇ । ਥੋੜੇ ਬਹੁਤ ਲੋਕੀ ਰਹਿ ਗਏ ਸਨ ,ਉਨ੍ਹਾਂ ਨੂੰ ਦਿੱਲੀ ਲਾਲਕਿਲੇ ਤੇ ਝੰਡਾ ਗੱੜ੍ਹਣ ਲਈ ਬਾਦਲਕਿਆਂ ਦੇ ਟੱਟੂ ਲੈ ਕੇ ਤੁਰ ਪਏ ? ਹੁਣ ਕਾਲੀਆਂ ਝੰਡੀਆਂ ਦੀਆਂ ਕਤਾਰਾਂ ! ਇਹ ਸਿਲਸਿਲਾ ਕੱਦ ਤਕ ਚੱਲੇਗਾ ? ਕੱਲ ਕਿਸੇ ਹੋਰ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ ਜਾਵੇਗੀ, ਕੀ ਅਸੀਂ ਇਸ ਬਿਮਾਰੀ ਨਾਲ ਲੜਨ ਦੀ ਕੋਈ ਦਵਾਈ ਇਜਾਦ ਕੀਤੀ ਹੈ ? ਜਾਂ ਇੱਸੇ ਤਰ੍ਹਾਂ ਅਸੀਂ ਭੰਗ ਦੇ ਭਾੜੇ, ਸਿੱਖ ਨੌਜੁਆਨਾਂ ਦੀਆਂ ਸ਼ਹਾਦਤਾਂ ਦੁਆਂਦੇ ਰਹਾਂਗੇ ?
ਮੈਂ ਨਹੀ ਕਹਿੰਦਾ ਕਿ ਕੌਮ ਤੇ ਹੋ ਰਹੇ ਤਸ਼ਦੱਦ ਅਤੇ ਸ਼ਬਦ ਗੁਰੂ ਦੀ ਬੇਅਦਬੀ ਤੇ ਰੋਸ਼ ਅਤੇ ਪਰੋਟੇਸਟ ਕਰਨਾਂ ਨਹੀ ਚਾਹੀਦਾ । ਲੇਕਿਨ ਇਹ ਘਟਨਾਵਾਂ ਨਾਂ ਹੋਣ ਇਸ ਲਈ ਸਾਨੂੰ ਮਿਲ ਬਹਿ ਕੇ ਕੋਈ ਨੀਤੀ ਅਤੇ ਪਰੋਗਰਾਮ ਵੀ ਬਨਾਉਣਾਂ ਚਾਹੀਦਾ ਹੈ। ਇਹ ਕੰਮ ਇੱਨਾਂ ਸੌਖਾ ਨਹੀ ਹੈ ਲੇਕਿਨ ਨਾਂਮੁਮਕਿਨ ਵੀ ਨਹੀ ਹੈ । ਸਾਡੇ ਅੰਦਰ ਦੁਸ਼ਮਨ ਦੇ ਬਹੁਤ ਸਾਰੇ ਘੁੱਸਪੈਠੀਏ ਵੀ ਵੱੜ ਚੁਕੇ ਹਨ, ਜੋ ਸਾਡੇ ਕਿਸੇ ਵੀ ਇਕੱਠ ਨੂੰ ਫੌਰਨ ਹਾਈਜੈਕ ਕਰ ਲੈੰਦੇ ਹਨ, ਅਤੇ ਅਸੀ ਮੁੱੜ ਕਈ ਕੋਹਾਂ ਦੂਰ ਜਾ ਡਿਗਦੇ ਹਾਂ । ਏਕੇ ਦੇ ਨਾਮ ਤੇ ਇਹੋ ਜਹੇ ਅਨਸਰਾਂ ਨਾਲ ਸਾਂਝ ਕਰਨਾਂ ਸਾਡੀ ਸਭਤੋਂ ਵੱਡੀ ਭੁੱਲ ਸਾਬਿਤ ਹੋਈ ਹੈ। ਭਾਈ ਪੰਥ ਪ੍ਰੀਤ ਸਿੰਘ ਅਤੇ ਢੰਡਰੀਆ ਵਾਲਿਆਂ ਦਵਾਰਾ ਤਿਆਰ ਕੀਤੀ ਗਈ ਲਹਿਰ ਨੂੰ ਦਾਦੂਵਾਲ ਅਤੇ ਪੀਰ ਮੁਹੱਮਦ ਵਰਗੇ ਲੋਕਾਂ ਪਾਸੋਂ ਹਾਈਜੈਕ ਕਰਣ ਦੀ ਘਟਨਾਂ ਦਾ ਤਾਜਾ ਸਬੂਤ ਸਾਡੇ ਸਾਮ੍ਹਣੇ ਮੌਜੂਦ ਹੈ।
ਭੋਲੇ ਵੀਰੋ ! ਕੁਝ ਤਾਂ ਵਿਵੇਕ ਤੋਂ ਕਮ ਲਵੋ ! ਦੁਸ਼ਮਨ ਦੀਆਂ ਸਾਜਿਸ਼ਾਂ ਨੂੰ ਸਮਝੋ। ਜੋਸ਼ ਨਾਲ ਹੋਸ਼ ਦਾ ਵੀ ਇਸਤਮਾਲ ਕਰੋ ! ਹਾਰਿਆ ਹੋਇਆ ਜਖਮੀ ਸੱਪ ਹੋਰ ਖਤਰਨਾਕ ਹੋ ਜਾਂਦਾ ਹੈ। ਇਨ੍ਹਾਂ ਹਾਰਿਆਂ ਹੋਇਆਂ ਸੱਪਾਂ ਨੇ ਹੱਲੀ ਅਪਣੇ ਜਹਿਰ ਦਾ ਪੂਰਾ ਜੋਰ ਲਾਅ ਕੇ ਸਾਡੇ ਤੇ ਵਾਰ ਕਰਣਾਂ ਹੈ। ਬੇਸ਼ਕ ਕੌਮ ਵਿੱਚ ਜਾਗਰੂਕਤਾ ਆ ਗਈ ਹੋਵੇਗੀ , ਲੇਕਿਨ ਨਾਲ ਹੀ ਤੁਸੀ ਵੇਖੋ ਕਿ ਕੌਮ ਬਿਨਾਂ ਕਿਸੇ ਚੰਗੇ ਆਗੂ ਦੇ ਦਿਸ਼ਾਹੀਨ ਹੋ ਕੇ ਖਿਲੱਰ ਪੁਲੱਰ ਚੁਕੀ ਹੈ। ਜੇੜ੍ਹਾ ਪਿੱਛੇ ਲਾਂਦਾ ਹੈ ਉਸ ਦੇ ਮਗਰ ਤੁਰ ਪੈੰਦੀ ਹੈ । ਇਹ ਇਕ ਬਹੁਤ ਹੀ ਖਤਰਨਾਕ ਮੰਜਰ ਹੈ । ਤੁਫਾਨ ਆਉਣ ਵਾਲਾ ਹੈ, ਉਸ ਤੁਫਾਨ ਦੇ ਆਉਣ ਤੋਂ ਪਹਿਲਾਂ ਦੀ ਖਾਮੋਸ਼ੀ ਨੂੰ ਸ਼ਾਂਤੀ ਸਮਝ ਕੇ ਕਿਤੇ ਅਵੇਸਲੇ ਹੋ ਕੇ ਬਹਿ ਨਾਂ ਜਾਇਉ । ਜਿਸ ਪੁਜਾਰੀਵਾਦ ਦੇ ਖਿਲਾਫ , ਜਿਸ ਜਥੇਦਾਰੀ ਦੇ ਅਹੁਦੇ ਦੇ ਖਿਲਾਫ ਇਹ ਲਹਿਰ ਬਣੀ ਸੀ, ਕਿਤੇ ਉਸ ਲਹਿਰ ਨੂੰ ਹੀ ਭੁਲਾ ਨਾਂ ਦੇਣਾਂ । ਵਾਰ ਵਾਰ ਕਹਿ ਰਿਹਾ ਹਾਂ ਕਿ ਆਉਣ ਵਾਲਾ ਵਕਤ ਬਹੁਤ ਭਿਆਨਕ ਹੈ, ਦੂਰ ਦਾ ਚਸ਼ਮਾਂ ਲਾਅ ਕੇ ਵੇਖੋ ! ਸਭ ਸਾਫ ਸਾਫ ਨਜਰ ਆ ਜਾਵੇਗਾ।
ਇੰਦਰਜੀਤ ਸਿੰਘ, ਕਾਨਪੁਰ