-: ਸੱਦੇ ਜਾ ਰਹੇ ਸਰਬੱਤ ਖਾਲਸਾ ਬਾਰੇ :-
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਚੱਲ ਰਹੇ ਮੌਜੂਦਾ ਸੰਘਰਸ਼ ਸੰਬੰਧੀ ਸੱਦੇ ਜਾ ਰਹੇ ਸਰਬੱਤ ਖਾਲਸਾ ਵਿੱਚ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਨੇ ਵਿਚਾਰੇ ਜਾਣ ਲਈ ਕੁਝ ਨੁਕਤੇ ਪੇਸ਼ ਕੀਤੇ ਹਨ, ਜੋ ਕਿ ਹੇਠਾਂ ਲਿਖੇ ਮੁਤਾਬਕ ਹਨ:-
1. “ਬਾਦਲ ਦਲ ਕਿਉਂਕਿ ਪਿਛਲੇ ਲੰਬੇ ਸਮੇਂ ਵਿੱਚ ਪਰਖਿਆ ਜਾ ਚੁੱਕਾ ਹੈ, ਜੋ ਸਿੱਖੀ ਲਈ ਅਤਿ ਘਾਤਕ ਸਾਬਤ ਹੋਇਆ ਹੈ, ਇਸ ਲਈ ਬਾਦਲ ਦਲ ਦੇ ਕਿਸੇ ਇਕੱਠ, ਕਾਨਪ੍ਰੰਸ ਵਿੱਚ ਜਾਂ ਜਿੱਥੇ ਇਸ ਦਲ ਦੇ ਕਿਸੇ ਮੈਂਬਰ ਨੇ ਭੀ ਆਉਣਾ ਹੋਵੇ, ਓਥੇ ਕੋਈ ਨਾ ਜਾਵੇ, ਪੂਰਨ ਬਾਈਕਾਟ ਕੀਤਾ ਜਾਵੇ।ਬਾਦਲ ਦਲ ਦੇ ਕਿਸੇ ਮੈਂਬਰ ਨੂੰ ਭੀ ਕਿਸੇ ਕਿਸਮ ਦਾ ਕੋਈ ਸਹਿਜੋਗ ਨਾ ਦਿੱਤਾ ਜਾਵੇ।
2. ਸਿਆਸੀ ਤੌਰ ਤੇ ਜਿਹੜਾ ਭੀ ਸਿਆਸੀ ਸੰਗਠਨ ਸਿੱਖੀ ਦੇ ਸਿਧਾਂਤ ਅਤੇ ਸਰੂਪ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਹਰ ਸਮੇਂ, ਹਰ ਤਰ੍ਹਾਂ ਨਾਲ ਸਹਾਇਕ ਹੋਣ ਲਈ ਵਚਨਬੱਧ ਹੋਵੇ, ਓਸੇ ਸਿਆਸੀ ਸੰਗਠਨ ਦਾ ਸਾਥ ਦਿੱਤਾ ਜਾਵੇ।
3. ਗੁਰਦੁਆਰਾ ਪ੍ਰਬੰਧ ਵਿੱਚ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰੁ” ਅਨੁਸਾਰ ਗੁਰਬਾਣੀ ਗੁਰਮਤਿ ਦਾ ਧਾਰਨੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ-ਰੂਪ ਵਿੱਚ ਮੰਨਣ ਵਾਲਾ ਗੁਰਸਿੱਖ ਹੀ ਪਰਵਾਣ ਕੀਤਾ ਜਾਵੇ, ਜੋ ਕਿਸੇ ਭੀ ਸਿਆਸੀ ਪਾਰਟੀ ਦਾ ਮੈਂਬਰ ਨਾ ਹੋਵੇ।
4. ਕੋਈ ਭੀ ਸੰਸਥਾ ਜਾਂ ਪ੍ਰਿੰਟਰ, ਪਬਲੀਸ਼ਰ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਾਪਤ ਹੁੰਦਾ ਹੋਵੇ, ਉਹ ਜਿਸ ਨੂੰ ਭੀ ਸਰੂਪ ਦੇਵੇ, ਉਸ ਸੰਸਥਾ ਗੁਰਦੁਆਰਾ ਜਾਂ ਘਰ ਵਾਸਤੇ ਸਰੂਪ ਦੇਣ ਵਕਤ ਉਸਦਾ ਨਾਮ, ਅਡਰੈਸ ਆਦਿ ਆਪਣੇ ਕੋਲ ਰਜਿਸਟਰ ਕਰਕੇ, ਉਸਦੇ ਸਾਇਨ ਲਵੇ*, ਅਤੇ ਸਰੂਪ ਪਰਾਪਤ ਕਰਨ ਵਾਲਾ ਸਰੂਪ ਦੇ ਅਦਬ ਦਾ ਜੁੰਮੇਵਾਰ ਹੋਵੇਗਾ। (*ਮੇਰੇ ਵੱਲੋਂ ਜੋੜਿਆ ਜਾ ਰਿਹਾ ਹੈ- “ਪ੍ਰਿੰਟਰ ਜਾਂ ਪਬਲੀਸ਼ਰ ਸਰੂਪ ਲੈਣ ਵਾਲੇ ਦੀ ਬਾਕਾਇਦਾ ਆਈ ਡੀ ਚੈਕ ਕਰਕੇ ਆਪਣੇ ਕੋਲ ਨੋਟ ਕਰੇ ਅਤੇ ਸਾਇਨ ਲਵੇ।ਗੁਰੂ ਗ੍ਰੰਥ ਸਾਹਿਬ ਦੇ ਅਖੀਰਲੇ ਪੰਨੇ ਤੇ ਆਪਣੀ ਮੋਹਰ ਲਗਾ ਕੇ ਬਿੱਲ ਨੰਬਰ ਅਤੇ ਤਰੀਕ ਪਾਵੇ ਅਤੇ ਆਪਣੇ ਸਾਇਨ ਕਰੇ)
5. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਸਿੱਖ ਰਹਿਤ ਮਰਿਆਦਾ ਸੰਪਾਦਨ ਕਰਕੇ, ਹਰ ਗੁਰੂ-ਅਸਥਾਨ ਤੇ ਲਾਗੂ ਕੀਤੀ ਜਾਵੇ, ਕਿਸੇ ਭੀ ਥਾਵੇਂ ਆਪਣੀ ਮਨਮਤਿ, ਦੀਵੇ, ਆਰਤੀ, ਬਕਰੇ ਝਟਕਾਉਣੇ, ਗੁਰਦੁਆਰਿਆਂ ਵਿੱਚ ਭੰਗ ਆਦਿ ਰਗੜਨੀ, ਸੇਵਨ ਕਰਨੀ ਬਿਲਕੁਲ ਮਨ੍ਹਾ ਹੋਵੇ।
6. ਹਰ ਦੋ ਸਾਲ ਬਾਅਦ ਸਰਬੱਤ ਖਾਲਸਾ ਨਿਸਚਿਤ ਹੋਵੇ।ਜਿਸ ਵਿੱਚ ਵਸੋਂ ਦੇ ਮੁਤਾਬਕ ਹਰ ਦੇਸ਼ ਦੀਆਂ ਸੰਗਤਾਂ ਵੱਲੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਜੀਵਨ ਵਾਲੇ ਚੁਣੇ ਹੋਏ ਨੁਮਾਇੰਦੇ ਸ਼ਾਮਲ ਹੋਣ, ਜਿਸ ਵਿੱਚ ਕੌਮੀ ਅਤੇ ਧਾਰਮਿਕ ਮਸਲੇ ਵਿਚਾਰੇ ਜਾਣ।ਕੌਮ ਵਿੱਚ ਆਉਂਦੀਆਂ ਹਰ ਮੁਸ਼ਕਲਾਂ ਸੰਬੰਧੀ ਗੁਰਬਾਣੀ ਦੀ ਅਗਵਾਈ ਵਿੱਚ ਵਿਚਾਰ ਕਰਕੇ ਫੈਸਲੇ ਲਏ ਜਾਣ।ਧਾਰਮਿਕ ਆਚਰਣਕ ਅਣਗਹਿਲੀ ਪੱਖੋਂ ਅਤੇ ਗੁਰਦੁਆਰਾ ਗੋਲਕ ਦੀ ਕਿਸੇ ਭੀ ਨਜਾਇਜ਼ ਵਰਤੋਂ ਲਈ ਗੁਰਦੁਆਰਾ ਪ੍ਰਬੰਧ, ਸਰਬੱਤ ਖਾਲਸਾ ਸਾਹਮਣੇ ਜੁਆਬ-ਦੇਅ ਹੋਵੇ।ਸਰਬੱਤ ਖਾਲਸੇ ਦੀ ਇਕੱਤਰਤਾ ਵਿੱਚ ਭੀ ਲੋੜ ਪੈਣ ਤੇ ਕਿਸੇ ਸਿੱਖ ਤੇ ਲੱਗੇ ਕਿਸੇ ਦੋਸ਼ ਸੰਬੰਧੀ ਫੈਸਲਾ, ਉਸ ਦੀ ਹਾਜ਼ਰੀ ਵਿੱਚ ਉਸਦਾ ਸਪੱਸ਼ਟੀਕਰਣ ਲੈਣ ਤੋਂ ਬਾਅਦ ਹੀ ਕੀਤਾ ਜਾਵੇ।ਆਖਰ ਵਿੱਚ ਸਰਬੱਤ ਖਾਲਸਾ ਵਿੱਚ ਇਕੱਤਰ ਸੰਗਤ ਵਿੱਚੋਂ ਪੰਜ ਪਿਆਰੇ ਚੁਣੇ ਜਾਣ, ਜੋ ਗੁਰਬਾਣੀ ਦੀ ਰੋਸ਼ਨੀ ਵਿੱਚ ਸਰਬੱਤ ਖਾਲਸੇ ਵੱਲੋਂ ਕੀਤੇ ਫੈਸਲਿਆਂ ਨੂੰ ਸੰਗਤ ਵਿੱਚ ਘੋਸ਼ਿਤ ਕਰਨ।
7. ਸ੍ਰੀ ਅਕਾਲ ਤਖਤ ਸਾਹਿਬ ਸਮੇਤ ਤਖਤ ਅਸਥਾਨ ਲਈ ਸੇਵਾਦਾਰ ਸਰਬੱਤ ਖਾਲਸੇ ਵਿੱਚੋਂ ਪ੍ਰਵਾਣਗੀ ਨਾਲ ਨਿਯੁਕਤ ਕੀਤੇ ਜਾਣ, ਜੋ ਕੌਮ ਵਿੱਚ ਗੁਰਬਾਣੀ ਗੁਰਮਤਿ ਦੇ ਮੁੱਖ ਪ੍ਰਚਾਰਕ ਦੇ ਰੂਪ ਵਿੱਚ ਹੋਣ।“ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਖਾੜੇ॥” ਮਹਲਾ 5 ਪੰਨਾ 379 ਵਾਲੇ ਅਧਿਕਾਰ ਉਹਨਾਂ ਕੋਲ ਬਿਲਕੁਲ ਨਾ ਹੋਣ, ਇਹ ਗੁਰਬਾਣੀ ਗੁਰਮਤਿ ਨੂੰ ਪ੍ਰਵਾਣ ਨਹੀਂ ਹਨ।
8. ਸਰਬਉੱਚ ਪਦਵੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਰਬੱਤ ਖਾਲਸੇ ਦੀ ਮੰਨੀ ਜਾਵੇ।(ਮੇਰੇ ਵੱਲੋਂ- ਕਿਉਂਕਿ ਪੰਜ ਪਿਆਰੇ ਸਰਬੱਤ ਖਾਲਸਾ ਦੁਆਰਾ ਚੁਣੇ ਗਏ ਹੋਣਗੇ, ਇਸ ਲਈ ਉਹਨਾਂ ਪੰਜ ਪਿਆਰਿਆਂ ਦੀ ਪਦਵੀ ਸਰਬੱਤ ਖਾਲਸਾ ਜਿੰਨੀ ਹੀ ਮੰਨੀ ਜਾਵੇ)।
------------
ਮੇਰੀ ਸਮਝ ਮੁਤਾਬਕ ਇਹ ਸਾਰੇ ਨੁਕਤੇ ਬਿਲਕੁਲ ਠੀਕ ਹਨ।ਇਸੇ ਤਰ੍ਹਾਂ ਹੀ ਜੱਥੇਦਾਰੀ ਸਿਸਟਮ ਤੋਂ ਛੁਟਕਾਰਾ ਮਿਲ ਸਕਦਾ ਹੈ।
ਮੇਰੇ ਕੁੱਝ ਹੋਰ ਸੁਝਾਵ ਹਨ ਜੋ ਕਿ ਸਰਬੱਤ ਖਾਲਸਾ ਵਿੱਚ ਵਿਚਾਰੇ ਜਾਣੇ ਚਾਹੀਦੇ ਹਨ:-
ਗੁਰਦੁਆਰਿਆਂ ਦੀ ਆਮਦਨ ਅਤੇ ਖਰਚਿਆਂ ਦਾ ਪੂਰਾ ਹਿਸਾਬ ਹਰ ਛੇ ਮਹੀਨੇ ਬਾਅਦ ਚੁਣੇ ਗਏ ਪੰਜ ਪਿਆਰਿਆਂ ਨੂੰ ਭੇਜਿਆ ਜਾਵੇ।ਪੰਜ ਪਿਆਰੇ ਇਸ ਆਮਦਨ ਅਤੇ ਖਰਚੇ ਦੇ ਹਿਸਾਬ ਨੂੰ ਅਗਲੇ ਸਰਬੱਤ ਖਾਲਸਾ ਵੇਲੇ ਪੇਸ਼ ਕਰਨ।ਤਾਂ ਕਿ ਇਸ ਦੀ ਵਰਤੋਂ ਬਾਰੇ ਵਿਉਂਤ-ਬੰਦੀ ਕੀਤੀ ਜਾ ਸਕੇ।ਬਿਨਾ ਸਰਬੱਤ ਖਾਲਸਾ ਦੀ ਇਜਾਜਤ ਤੋਂ ਕਿਸੇ ਵੀ ਸਥਾਨ ਤੇ ਸੋਨਾ ਆਦਿ ਨਾ ਲਗਾਇਆ ਜਾਵੇ।ਕਿਸੇ ਨਿਰਧਾਰਿਤ ਰਾਸ਼ੀ ਤੋਂ ਵੱਧ ਕੋਈ ਵੀ ਖਰਚਾ, ਬਿਨਾ ਸਰਬੱਤ ਖਾਲਸਾ ਦੀ ਇਜਾਜਤ ਤੋਂ ਨਾ ਕੀਤਾ ਜਾਵੇ।
ਕਿਸੇ ਵੀ ਵਿਅਕਤੀ ਜਾਂ ਸੰਸਥਾ ਦਾ ਕੋਈ ਸੁਝਾਵ ਜਾਂ ਸ਼ਕਾਇਤ ਹੋਵੇ ਤਾਂ ਉਹ ਆਪਣਾ ਸੁਝਾਵ ਜਾਂ ਸ਼ਿਕਾਇਤ, (ਦੋ ਸਾਲਾਂ ਲਈ) ਚੁਣੇ ਗਏ ਪੰਜ ਪਿਆਰਿਆਂ ਤੱਕ ਪੁਚਾਵੇ।ਪੰਜ ਪਿਆਰੇ ਅੱਗੋਂ ਇਹ ਸੁਝਾਵ ਜਾਂ ਸ਼ਕਾਇਤ (ਉਸੇ ਵੇਲੇ, ਇਲੈਕਟ੍ਰੌਨਿਕ ਮੀਡੀਆ ਦੁਆਰਾ) ਪੰਥ ਦੇ ਸੂਝਵਾਨ ਵਿਦਵਾਨਾਂ ਤੱਕ ਵਿਚਾਰ ਵਟਾਂਦਰਿਆਂ ਲਈ ਪਹੁੰਚਾ ਦੇਣ।ਪੰਥ ਦੇ ਸੂਝਵਾਨ ਵਿਦਵਾਨ ਸੁਝਾਵਾਂ, ਸ਼ਿਕਾਇਤਾਂ, ਆਮਦਨ-ਖਰਚੇ, ਪੰਥ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਆਦਿ ਬਾਰੇ ਪਹਿਲਾਂ ਨਿਜੀ ਤੌਰ ਤੇ ਅਤੇ ਫੇਰ ਸਰਬੱਤ ਖਾਲਸਾ ਵੇਲੇ ਸਾਂਝੇ ਤੌਰ ਤੇ ਵਿਚਾਰ ਵਟਾਂਦਰੇ ਕਰਨ।ਉਪਰੰਤ ਅਗਲੇ ਸਰਬੱਤ ਖਾਲਸਾ ਇਕੱਠ (ਜੋ ਕਿ ਵਿਸਾਖੀ ਵਾਲੇ ਦਿਨ ਹੋਵੇ ਤਾਂ ਬਿਹਤਰ ਹੈ) ਤੱਕ ਲਈ ਫੇਰ ਤੋਂ ਅਗਲੇ ਦੋ ਸਾਲਾਂ ਲਈ ਪੰਜ ਪਿਆਰੇ ਚੁਣਨ।ਅਤੇ ਚੁਣੇ ਗਏ ਪੰਜ ਪਿਆਰੇ, ਮੌਜੂਦਾ ਇੱਕਠ ਵਿੱਚ ਲਏ ਗਏ ਫੈਸਲਿਆਂ ਨੂੰ ਸਿੱਖ ਸੰਗਤ ਵਿੱਚ ਘੋਸ਼ਿਤ ਕਰਨ।(ਸਰਬੱਤ ਖਾਲਸਾ ਵੇਲੇ ਦੀ ਸਾਰੀ ਰਿਕੌਰਡਿੰਗ ਕੀਤੀ ਜਾਵੇ)
ਕਿਸੇ ਖਾਸ ਮਕਸਦ ਜਾਂ ਮਜਬੂਰੀ ਵੇਲੇ ਜੇ ਸਰਬੱਤ ਖਾਲਸਾ ਸਮੇਂ ਤੋਂ ਪਹਿਲਾਂ ਬੁਲਾਉਣ ਦੀ ਜਰੂਰਤ ਪੈਂਦੀ ਹੈ ਤਾਂ ਇਲੈਕਟ੍ਰੋਨਿਕ ਮੀਡੀਆ ਦੁਆਰਾ ਵਿਦਵਾਨ ਆਪਸ ਵਿੱਚ ਰਾਬਤਾ ਕਰਕੇ ਪੰਜ ਪਿਆਰਿਆਂ ਨੂੰ ਸੂਚਿਤ ਕਰ ਦੇਣ ਅਤੇ ਪੰਜ ਪਿਆਰੇ ਨਿਰਧਾਰਿਤ ਕੀਤੀ ਗਈ ਤਰੀਕ ਅਤੇ ਸਮਾਂ ਘੋਸ਼ਿਤ ਕਰ ਦੇਣ।
ਕੁੱਝ ਸੱਜਣ ਇਤਰਾਜ ਕਰ ਸਕਦੇ ਹਨ ਕਿ ਜੱਥੇਦਾਰੀ ਸਿਸਟਮ ਤੋਂ ਛੁਟਕਾਰਾ ਹੋ ਕੇ ਪੰਜ ਪਿਆਰਿਆਂ ਵਾਲਾ ਸਿਸਟਮ ਆ ਜਾਵੇਗਾ, ਗੱਲ ਫੇਰ ਓਥੇ ਦੀ ਓਥੇ ਹੀ ਰਹਿ ਜਾਵੇਗੀ।ਫੇਰ ਪੰਜ ਪਿਆਰੇ ਚੰਮ ਦੀਆਂ ਚਲਾਉਣਗੇ।ਪਰ ਨਹੀਂ-
ਪਹਿਲੀ ਤਾਂ ਗੱਲ ਇਹ ਹੈ ਕਿ ਪੰਜ ਪਿਆਰਿਆਂ ਨੂੰ ਸਿੱਖ ਕੌਮ ਚੁਣੇਗੀ, ਕੋਈ ਸਿਆਸੀ ਪਾਰਟੀ ਨਹੀਂ।
ਦੂਸਰੀ ਗੱਲ- ਪੰਜ ਪਿਆਰੇ ਪੱਕੇ ਤੌਰ ਤੇ ਜਾਂ ਲੰਬੇ ਸਮੇਂ ਲਈ ਨਹੀਂ ਦੋ ਸਾਲਾਂ ਲਈ ਹੀ ਚੁਣੇ ਜਾਣਗੇ।
ਤੀਸਰੀ ਗੱਲ- ਫੈਸਲੇ ਪੰਜ ਪਿਆਰੇ ਨਹੀਂ ਪੰਥ ਦੇ ਸੂਝਵਾਨ ਵਿਦਵਾਨਾਂ ਨੇ ਸਰਬੱਤ ਖਾਲਸਾ ਦੇ ਜਰੀਏ ਆਪਸੀ ਵਿਚਾਰ ਵਟਾਂਦਰਿਆਂ ਦੇ ਜਰੀਏ ਕਰਨੇ ਹਨ।
ਪੰਜਾਬ ਤੋਂ ਬਾਹਰ ਦੇ ਸੂਬਿਆਂ ਜਾਂ ਵਿਦੇਸ਼ਾਂ ਵਿੱਚ ਵੀ ਜੇ ਸਥਾਨਕ ਪੰਜ ਪਿਆਰੇ ਹੋਣ ਤਾਂ ਉਹ ਵੀ ਸਰਬੱਤ ਖਾਲਸਾ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਹੀ ਆਪਣੀ ਕੋਈ ਵੀ ਕਾਰਵਾਈ ਕਰਨ।ਸਥਾਨਕ ਪੰਜ ਪਿਆਰਿਆਂ ਨੂੰ ਨਿਜੀ ਤੌਰ ਤੇ ਕੋਈ ਫੈਸਲਾ ਲੈਣ ਦਾ ਹੱਕ ਨਾ ਹੋਵੇ।ਜੇ ਕਿਸੇ ਕਾਰਨ ਕੋਈ ਫੈਸਲਾ ਲੈਣਾ ਪੈਂਦਾ ਹੈ ਜਾਂ ਕਿਸੇ ਵੀ ਹੋਰ ਕਾਰਵਾਈ ਲਈ ਸਥਾਨਕ ਪੰਜ ਪਿਆਰੇ ਅਕਾਲ ਤਖਤ (ਸਰਬੱਤ ਖਾਲਸਾ) ਨੂੰ ਜਵਾਬ ਦੇਅ ਹੋਣ।
ਸਾਰੇ ਫੈਸਲੇ ਸਰਬੱਤ ਖਾਲਸਾ ਨੇ ਹੀ ਕਰਨੇ ਹਨ ਪਰ “ਅਕਾਲ ਤਖਤ ਤੋਂ ਪੰਜ ਪਿਆਰਿਆਂ ਦੇ ਜਰੀਏ” ਫੈਸਲੇ ਸੁਨਾਉਣ ਦਾ ਮਕਸਦ ਏਨਾ ਹੈ ਕਿ ਸਾਰੀ ਸਿੱਖ ਕੌਮ ਇੱਕ ਧੁਰੇ ਨਾਲ ਬੱਝੀ ਹੋਵੇਗੀ।ਨਹੀਂ ਤਾਂ ਵੱਖ ਵੱਖ ਧੜੇ-ਬੰਦੀਆਂ ਬਣਨ ਦਾ ਡਰ ਹੈ।
ਅਖੀਰ’ਚ ਜੋ ਲਿਖ ਰਿਹਾ ਹਾਂ ਦਰਅਸਲ ਇਹ ਸਭ ਤੋਂ ਪਹਿਲੀ ਗੱਲ ਹੈ ਕਿ ਅਕਾਲ ਤਖਤ ਨੂੰ ਅਖੌਤੀ ਜੱਥੇਦਾਰ ਤੋਂ “ਆਜ਼ਾਦ” ਕਰਵਾਉਣ ਦੇ ਤਰੀਕਿਆਂ ਬਾਰੇ ਸੋਚਿਆ ਵਿਚਾਰਿਆ ਜਾਵੇ ਅਤੇ ਸਰਬੱਤ ਖਾਲਸਾ ਦੀਆਂ ਸਾਰੀਆਂ ਕਾਰਵਾਈਆਂ ਅਕਾਲ ਤਖਤ ਤੋਂ ਹੀ ਹੋਣੀਆਂ ਚਾਹੀਦੀਆਂ ਹਨ।
ਬਾਦਲ ਜਾਂ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਮੌਜੂਦਾ ਜੱਥੇਦਾਰ ਨੂੰ ਹਟਾ ਕੇ ਨਵਾਂ ਜੱਥੇਦਾਰ ਨਿਯੁਕਤ ਕਰਨ ਵਰਗੇ ਝਾਂਸਿਆਂ ਵਿੱਚ ਨਾ ਫਸਿਆ ਜਾਵੇ।ਅਤੇ ਜੱਥੇਦਾਰੀ ਸਿਸਟਮ ਨੂੰ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਾ ਕੀਤਾ ਜਾਵੇ।
ਜਸਬੀਰ ਸਿੰਘ ਵਿਰਦੀ
02-11-2015