-: ਸ਼ਬਦ ਗੁਰੂ ਬਾਰੇ ਵਿਚਾਰ :-
ਸਿੱਖੀ ਸਰੂਪ ਵਾਲੇ ਹੀ ਕੁਝ ਲੋਕਾਂ ਵੱਲੋਂ ਸਿੱਖ ਜਗਤ ਵਿੱਚ ਬੜੇ ਭਰਮ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ।ਇਹਨਾਂ ਭੁਲੇਖੇ ਪਾਉਣ ਵਾਲਿਆਂ ਵਿੱਚੋਂ ਹੀ ਇਕ ਹਨ- ਇਕਬਾਲ ਸਿੰਘ ਢਿੱਲੋਂ।ਇਹਨਾਂ ਦੀਆਂ ਲਿਖਤਾ ਹਮੇਸ਼ਾਂ ਸਿੱਖ ਜਗਤ ਵਿੱਚ ਭੁਲੇਖੇ ਖੜ੍ਹੇ ਕਰਨ ਵਾਲੀਆਂ ਹੀ ਹੁੰਦੀਆਂ ਹਨ।ਪਤਾ ਨਹੀਂ ਉਹਨਾਂ ਨੂੰ ਸਿੱਖ ਜਗਤ ਨਾਲ ਕੀ ਪੁਰਾਣੀ ਦੁਸ਼ਮਣੀ ਹੈ।ਕੁਝ ਦਿਨ ਪਹਿਲਾਂ, ਕਿਸੇ ਸੱਜਣ ਨੂੰ ਸੰਬੋਧਿਤ ਹੋ ਕੇ, ਆਪਣੇ ਇੱਕ ਪੱਤਰ ਵਿੱਚ ਲਿਖਦੇ ਹਨ:-
“.. ਆਪ ਜੀ ਦਸਵੇਂ ਗੁਰੂ ਜੀ ਨੂੰ ਇਹ ਫੁਰਮਾਉਂਦੇ ਹੋਏ ਦਰਸਾਉਂਦੇ ਹੋ:- ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ …ਕੀ ਆਪ ਜੀ ਇਹ ਦੱਸ ਸਕਦੇ ਹੋ ਕਿ ਦਸਵੇਂ ਗੁਰੂ ਜੀ ਦੇ ਕਹੇ ਹੋਏ ਇਹੋ ਜਿਹੇ ਸ਼ਬਦ ਕਿੱਥੇ ਉਪਲਭਦ ਹਨ?”
ਵਿਚਾਰ- ਇਕਬਾਲ ਸਿੰਘ ਦੂਜਿਆਂ ਨੂੰ ਸਵਾਲ ਕਰਨ ਦੀ ਬਜਾਏ ਆਪਣੀ ਹੀ ਲਿਖਤ ਕਿਉਂ ਨਹੀਂ ਪੜ੍ਹ ਲੈਂਦੇ? ਜਵਾਬ ਆਪੇ ਮਿਲ ਜਾਏਗਾ।ਆਪਣੇ ਇੱਕ ਲੇਖ ਵਿੱਚ ਇਕਬਾਲ ਸਿੰਘ ਲਿਖਦੇ ਹਨ:-
“…ਇਹ ਉੱਤਰ ਬਹੁਤ ਹੀ ਘੱਟ ਮਿਲੇਗਾ ਕਿ ਸਿੱਖਾਂ ਦੇ ‘ਗਿਆਰਾਂ’ ਗੁਰੂ ਹੋਏ ਹਨ ਭਾਵੇਂ ਕਿ ਪਤਾ ਸਭ ਨੂੰ ਹੈ ਕਿ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਤਿਆਗਣ ਤੋਂ ਪਹਿਲਾਂ ਹੀ ਸਿੱਖ ਧਰਮ ਵਿੱਚ ਚੱਲੀ ਆ ਰਹੀ ਦੇਹਧਾਰੀ ਗੁਰੂਆਂ ਦੀ ਪ੍ਰਥਾ ਨੂੰ ਸਮਾਪਤ ਕਰਦੇ ਹੋਏ ਨੰਦੇੜ ਵਿਖੇ ਗੁਰਗੱਦੀ ਸ਼ਬਦ-ਗੁਰੂ ਭਾਵ ਸਿੱਖਾਂ ਦੀ ਧਾਰਮਿਕ ਪੁਸਤਕ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਨੂੰ ਸੌਂਪ ਦਿੱਤੀ ਸੀ।ਇਸ ਤਰ੍ਹਾਂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸ਼ਬਦ-ਗੁਰੂ ਸਿੱਖਾਂ ਦੇ ਗਿਆਰ੍ਹਵੇਂ, ਆਖਰੀ ਪਰ ਸਦੀਵੀ ਗੁਰੂ ਦੇ ਤੌਰ ਤੇ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਦੇ ਰੂਪ ਵਿੱਚ ਸ਼ਬਦ-ਗੁਰੂ ਪਰਗਟ ਹੋਏ।ਬਾਕੀ ਸਭ ਧਰਮਾਂ ਦੇ ਆਪਣੇ ਆਪਣੇ ਗ੍ਰੰਥ ਤਾਂ ਮੌਜੂਦ ਹਨ ਪਰ ਹਰੇਕ ਧਰਮ ਦੇ ਸਰਵਉੱਚ ਸਥਾਨ ਉੱਤੇ ਕੋਈ ਨਾ ਕੋਈ ਮਨੁੱਖੀ ਸ਼ਖਸੀਅਤ ਹੀ ਬਿਰਾਜਮਾਨ ਹੈ।ਸ਼ਬਦ-ਗੁਰੂ ਨੂੰ ਸਰਵਉੱਚ ਪਦਵੀ ਦੁਨੀਆਂ ਦੇ ਕਿਸੇ ਧਰਮ ਵਿੱਚ ਨਹੀਂ ਦਿੱਤੀ ਗਈ।
…ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸੰਸਾਰਕ ਯਾਤਰਾ ਸਮਾਪਤ ਹੋਣ ਤੋਂ ਪਹਿਲਾਂ ਸਨ 1708 ਵਿੱਚ ਨੰਦੇੜ ਵਿਖੇ ਦਮਦਮੀ ਬੀੜ ਨੂੰ ਸਾਹਮਣੇ ਰੱਖਕੇ ਹੀ ਸ਼ਬਦ-ਗੁਰੂ ਨੂੰ ਗਿਆਰ੍ਹਵੇਂ ਗੁਰੂ ਸਾਹਿਬ ਵਜੋਂ ਗੁਰਗੱਦੀ ਪਰਦਾਨ ਕੀਤੀ ਸੀ।”
ਵਿਚਾਰ- ਪਹਿਲੀ ਤਾਂ ਗੱਲ ਇਹ ਹੈ ਕਿ ਜਿਸ ‘ਸ਼ਬਦ ਗੁਰੂ’ (ਸਬਦੁ ਗੁਰੂ ਸੁਰਤਿ ਧੁਨਿ ਚੇਲਾ) ਦਾ ਗੁਰਬਾਣੀ ਵਿੱਚ ਜ਼ਿਕਰ ਕੀਤਾ ਗਿਆ ਹੈ, ਅਤੇ ਇਕਬਾਲ ਸਿੰਘ ਜਿਸ ਦੇ ਹਵਾਲੇ ਨਾਲ ਗੱਲ ਕਰ ਰਹੇ ਹਨ, ਉਸ ਨੂੰ ਗੁਰਗੱਦੀ ਨਹੀਂ ਸੌਂਪੀ ਜਾ ਸਕਦੀ ਹੈ।ਕਿਉਂਕਿ ਉਹ ਤਾਂ ਸਰਬ ਵਿਆਪਕ ਅਤੇ ਸਰਬ-ਕਾਲ ਹੈ।ਉਹ ਕਾਲ (ਸਮੇਂ) ਦੀ ਬੰਦਿਸ਼ ਵਿੱਚ ਆਉਣ ਵਾਲਾ ਨਹੀਂ।‘1708 ਵਿੱਚ ਗੁਰਗੱਦੀ ਪ੍ਰਦਾਨ ਕਰਨ ਵਰਗੀਆਂ ਗੱਲਾਂ ਉਸ ‘ਸ਼ਬਦ-ਗੁਰੂ’ ਤੇ ਲਾਗੂ ਨਹੀਂ ਹੁਦੀਆਂ।ਜਿਸ ‘ਸ਼ਬਦ ਗੁਰੂ’ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਗਿਆ ਹੈ, ਉਹ ਤਾਂ ਅਜ਼ਲ ਤੋਂ ਹੈ, ਮੁੱਢ ਕਦੀਮਾਂ ਤੋਂ ਹੈ, ਉਸ ਨੂੰ ਤਾਂ ਗੁਰੂ ਅਰਜੁਨ ਦੇਵ ਜੀ ਨੇ ਵੀ ਸੁਖਮਨੀ ਸਾਹਿਬ ਦੇ ਸ਼ੁਰੂ ਵਿੱਚ ‘ਆਦਿ ਗੁਰੂ, ਜੁਗਾਦਿ ਗੁਰੂ’ ਕਿਹਾ ਹੈ।ਉਹ ਤਾਂ ਸਿੱਖਾਂ ਦੇ ਪਹਿਲੇ ਗੁਰੂ ਤੋਂ ਵੀ ਪਹਿਲਾਂ ਦਾ ਹੈ।ਜਿਸ ਨੂੰ ਪਹਿਲੇ ਗੁਰੂ ਸਾਹਿਬ ਨੇ ਵੀ ਆਪਣਾ ਗੁਰੂ ਦੱਸਿਆ ਹੋਵੇ, ਉਹ ਸਿੱਖਾਂ ਦਾ ‘ਗਿਆਰ੍ਹਵਾਂ ਗੁਰੂ’ ਕਿਵੇਂ ਹੋ ਸਕਦਾ ਹੈ?
ਇਕਬਾਲ ਸਿੰਘ ਢਿੱਲੋਂ ਅੱਗੇ ਲਿਖਦੇ ਹਨ-
“ … ਗੁਰਬਾਣੀ ਦੇ ਉਪਦੇਸ਼ ਮੁਤਾਬਕ ‘ਗ੍ਰੰਥ’ ਭਾਵ ‘ਪੁਸਤਕ ਰੂਪ’ ਸਿੱਖਾਂ ਦਾ ਗੁਰੂ ਨਹੀਂ ਬਲਕਿ ‘ਸ਼ਬਦ’ ਹੀ ਗੁਰੂ ਹੈ।”
ਵਿਚਾਰ:- ਦੇਖੋ ਇਕਬਾਲ ਸਿੰਘ ਸਿੱਖਾਂ ਨੂੰ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।ਗੁਰੂ ਗ੍ਰੰਥ ਸਾਹਿਬ ਨੂੰ ‘ਪੁਸਤਕ’ ਹੀ ਦੱਸਦੇ ਹਨ।
ਇਕਬਾਲ ਸਿੰਘ ਖੁਦ ਲਿਖਦੇ ਹਨ- ਸਨ 1708 ਵਿੱਚ ਨੰਦੇੜ ਵਿਖੇ ਦਮਦਮੀ ਬੀੜ ਨੂੰ ਸਾਹਮਣੇ ਰੱਖਕੇ ਹੀ ਸ਼ਬਦ-ਗੁਰੂ ਨੂੰ ਗਿਆਰ੍ਹਵੇਂ ਗੁਰੂ ਸਾਹਿਬ ਵਜੋਂ ਗੁਰਗੱਦੀ ਪਰਦਾਨ ਕੀਤੀ ਸੀ।”
ਜਿਵੇਂ ਕਿ ਉਪਰ ਦੱਸਿਆ ਜਾ ਚੁੱਕਾ ਹੈ ਕਿ ਜਿਸ ਸ਼ਬਦ-ਗੁਰੂ ਦੀ ਗੱਲ ਇਕਬਾਲ ਸਿੰਘ ਕਰ ਰਹੇ ਹਨ, ਉਸ ਨੂੰ ਗੁਰਗੱਦੀ ਪਰਦਾਨ ਨਹੀਂ ਕੀਤੀ ਜਾ ਸਕਦੀ ‘ਉਹ ਤਾਂ ਖੁਦ ਹੀ ਆਦਿ ਤੋਂ ਗੁਰੂ ਹੈ’।ਅਤੇ ਇਹ ਵੀ ਗੱਲ ਤਰਕ ਸੰਗਤ ਨਹੀਂ ਕਹੀ ਜਾ ਸਕਦੀ ਕਿ ‘1708 ਈ: ਵਿੱਚ ਦਮਦਮੀ ਬੀੜ ਨੂੰ ਸਾਹਮਣੇ ਰੱਖਕੇ ਗੁਰੂ ਸਾਹਿਬ ਨੇ ਕਿਹਾ ਹੋਵੇ ਕਿ ਹੁਣ ਇਸ ਦਮਦਮੀ ਬੀੜ ਵਿੱਚਲਾ ‘ਸ਼ਬਦ ਗੁਰੂ’ ਗਿਆਰ੍ਹਵਾਂ ਗੁਰੂ ਹੋਵੇਗਾ।ਸੋ ਇਕਬਾਲ ਸਿੰਘ ਦੇ ਆਪਣੇ ਹੀ ਵਿਚਾਰਾਂ ਦੇ ਆਧਾਰ ਤੇ, ਗੱਲ ਸਾਬਤ ਹੋ ਜਾਂਦੀ ਹੈ ਕਿ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ‘ਗ੍ਰੰਥ ਸਾਹਿਬ’ ਨੂੰ ਗੁਰਗੱਦੀ ਪ੍ਰਦਾਨ ਕੀਤੀ ਸੀ।
ਦੂਸਰੀ ਗੱਲ- ਇਕਬਾਲ ਸਿੰਘ ਲਿਖਦੇ ਹਨ- “ਗੁਰਗੱਦੀ ਸ਼ਬਦ-ਗੁਰੂ ਭਾਵ ਸਿੱਖਾਂ ਦੀ ਧਾਰਮਿਕ ਪੁਸਤਕ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਨੂੰ ਸੌਂਪ ਦਿੱਤੀ ਸੀ।……. ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਦੇ ਰੂਪ ਵਿੱਚ ਸ਼ਬਦ-ਗੁਰੂ ਪਰਗਟ ਹੋਏ।”
ਇਕਬਾਲ ਸਿੰਘ ਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ, ਜਿਸ ‘ਸ਼ਬਦ ਗੁਰੂ’ ਦਾ ਅਤੇ ਆਦਿ ਜੁਗਾਦੀ ਗੁਰੂ ਦਾ ਜ਼ਿਕਰ ਗੁਰੂ ਸਾਹਿਬਾਂ ਨੇ ਕੀਤਾ ਹੈ, ਉਹ ਇਹਨਾਂ ਹੱਥਾਂ, ਅੱਖਾਂ, ਕੰਨਾਂ ਨਾਲ ਲਿਖੇ, ਪੜ੍ਹੇ, ਸੁਣੇ ਜਾਣ ਵਾਲਾ ਨਹੀਂ, ਉਹ ਪੁਸਤਕ ਜਾਂ ਗ੍ਰੰਥ ਵਿੱਚ ਲਿਖੇ ਜਾਣ ਵਾਲਾ ਨਹੀਂ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਤੋਂ ਉਸ ਬਾਰੇ ਗਿਆਨ ਹਾਸਲ ਕੀਤਾ ਜਾ ਸਕਦਾ ਹੈ।
ਇਕਬਾਲ ਸਿੰਘ ‘ਬੀੜ ਰੂਪ’ “ਗ੍ਰੰਥ ਸਾਹਿਬ” ਨੂੰ ਆਪਣਾ ਗੁਰੂ ਨਹੀਂ ਮੰਨਦੇ ਤਾਂ ਨਾ ਮੰਨਣ।ਪਰ ‘ਗ੍ਰੰਥ ਸਾਹਿਬ’ ‘ਬੀੜ ਰੂਪ’ ਵਿੱਚ ਸਿੱਖਾ ਦਾ ਗੁਰੂ ਹੈ।
‘ਗੁਰੂ’ ਸ਼ਬਦ ਬਾਰੇ ਵਿਚਾਰ:-
ਕਾਹਨ ਸਿੰਘ ਨਾਭਾ “ਗੁਰੂ” ਸ਼ਬਦ ਦੇ ਅਰਥ ਇਸ ਤਰ੍ਹਾਂ ਲਿਖਦੇ ਹਨ:-
“ਗੁਰੂ- ਇਹ ਸ਼ਬਦ ‘ਗ੍ਰੀ’ ਧਾਤੂ ਤੋਂ ਬਣਿਆ ਹੈ।ਇਸ ਦੇ ਅਰਥ ਹਨ ਨਿਗਲਨਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ।”
ਸਵਾਲ- ਕੀ ਇਕਬਾਲ ਸਿੰਘ ਢਿੱਲੋਂ ਦੱਸ ਸਕਦੇ ਹਨ ਕਿ ਗੁਰੂ ਗ੍ਰੰਥ ਸਾਹਿਬ (ਬੀੜ ਰੂਪ) ਤੋਂ ਤਤ੍ਵਗ੍ਯਾਨ ਹਾਸਲ ਨਹੀਂ ਹੂੰਦਾ? ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਪਦੇਸ਼ ਅਗ੍ਯਾਨ ਨੂੰ ਨਹੀਂ ਖਾ ਜਾਂਦਾ? ਜੇਕਰ ਗ੍ਰੰਥ ਸਾਹਿਬ ਵਿੱਚ ਇਹ ਉੱਪਰ ਦੱਸੇ ਸਾਰੇ ਗੁਣ ਹਨ ਤਾਂ ਫੇਰ ‘ਗ੍ਰੰਥ ਸਾਹਿਬ (ਬੀੜ ਰੂਪ)’ ‘ਗੁਰੂ’ ਕਿਉਂ ਨਹੀਂ ਹੋ ਸਕਦਾ? ਫੁਰਮਾਨ ਹੈ:-
“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥”
ਸਵਾਲ- ਕੀ ‘ਗੁਰੂ ਗ੍ਰੰਥ ਸਾਹਿਬ’ ਵਿੱਚ ਗੁਰੂ ਸਾਹਿਬਾਂ ਦੁਆਰਾ ਉਚਾਰੀ ਅੰਮ੍ਰਿਤ-ਮਈ ਬਾਣੀ ਦਰਜ ਨਹੀਂ ਹੈ? ਜੇ ਹੈ ਤਾਂ, ਫੇਰ ‘ਗ੍ਰੰਥ ਸਾਹਿਬ’ ‘ਗੁਰੂ’ ਕਿਉਂ ਨਹੀਂ ਹੋ ਸਕਦਾ?ਜਸਬੀਰ ਸਿੰਘ ਵਿਰਦੀ
01-11-2015