ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਗੁਰਦੁਆਰੇ ’ਚ ਨਹੀਂ ਵੜਨ ਦਿੱਤੇ ਅਕਾਲੀ ਲੀਡਰ
ਗੁਰਦੁਆਰੇ ’ਚ ਨਹੀਂ ਵੜਨ ਦਿੱਤੇ ਅਕਾਲੀ ਲੀਡਰ
Page Visitors: 2561

ਗੁਰਦੁਆਰੇ ’ਚ ਨਹੀਂ ਵੜਨ ਦਿੱਤੇ ਅਕਾਲੀ ਲੀਡਰ
ਕਪੂਰਥਲਾ, 22 ਅਕਤੂਬਰ (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਨਾਰਾਜ਼ ਸਿੱਖ ਸੰਗਠਨਾਂ ਨੇ ਹੁਣ ਰਾਜ ਸਰਕਾਰ ਦੇ ਪ੍ਰਤੀਨਿਧਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅਕਾਲੀ ਲੀਡਰਾਂ ਨੂੰ ਸਟੇਟ ਗੁਰਦੁਆਰਾ ਸਾਹਿਬ ਵਿੱਚ ਵੜਨ ਤੋਂ ਕੱਲ੍ਹ ਸਿੱਖ ਸੰਗਤਾਂ ਵੱਲੋਂ ਰੋਕ ਦਿੱਤਾ ਗਿਆ ਹੈ।
ਕੱਲ੍ਹ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਉੱਤੇ ਸਟੇਟ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਸੰਗਠਨਾਂ ਨੇ ਸਵੇਰੇ ਅੱਠ ਵਜੇ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਚਾਲੇ ਸੜਕ ਧਰਨਾ ਲਾ ਕੇ ਰਸਤਾ ਰੋਕ ਦਿੱਤਾ ਗਿਆ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹੇ ਉੱਤੇ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਪਹੁੰਚੀ। ਇਸ ਦੀ ਭਣਕ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਉਪਿੰਦਰਜੀਤ ਕੌਰ ਮੱਥਾ ਟੇਕਣ ਦੇ ਬਾਅਦ ਗੁਰਦੁਆਰਾ ਸਾਹਿਬ ਦੇ ਪਿਛਲੇ ਗੇਟ ਤੋਂ ਵਾਪਸ ਗਈ। ਇਸ ਦੇ ਬਾਅਦ ਸਿੱਖ ਸੰਗਠਨਾਂ ਨੇ ਕਿਸੇ ਵੀ ਅਕਾਲੀ ਨੇਤਾ ਨੂੰ ਗੁਰਦੁਆਰਾ ਸਾਹਿਬ ਵੜਨ ਤੋਂ ਰੋਕਣਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਮਾਰਕਿਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ, ਅਕਾਲੀ ਨੇਤਾ ਅਮਰਜੀਤ ਸਿੰਘ ਢਪਈ ਤੇ ਕੁਲਵੰਤ ਸਿੰਘ ਜੋਸਨ ਨਾਲ ਮੱਥਾ ਟੇਕਣ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਇਸ ਦੌਰਾਨ ਚੇਅਰਮੈਨ ਦੇ ਨਾਲ ਧੱਕਾਮੱਕੀ ਵੀ ਹੋਈ। ਡੀ ਐਸ ਪੀ ਦਲਜੀਤ ਸਿੰਘ ਢਿੱਲੋਂ ਨੇ ਬਚਾਅ ਕਰਕੇ ਚੇਅਰਮੈਨ ਅਤੇ ਅਕਾਲੀ ਲੀਡਰਾਂ ਨੂੰ ਬਾਹਰ ਲਿਆਂਦਾ।
ਇਸ ਪਿੱਛੋਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵੱਖਵਾਦੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪ੍ਰਦਰਸ਼ਨ ਦੀ ਅਗਵਾਈ ਅਕਾਲੀ ਦਲ ਮਾਨ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਖੁਸਰੋਪੁਰ, ਜਸਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਕਰ ਰਹੇ ਸਨ। ਅਕਾਲੀ ਦਲ ਬਾਦਲ ਦੇ ਜ਼ਿਲਾ ਉਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸੁਰਿੰਦਰ ਸਿੰਘ ਠੇਕੇਦਾਰ ਵੀ ਉਨ੍ਹਾਂ ਵਿੱਚ ਸ਼ਾਮਲ ਸਨ। ਠੇਕੇਦਾਰ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕ੍ਰਮ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਪੰਜਾਬ ਸਰਕਾਰ ਤੇ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਕ  ਵਜੇ ਦੇ ਕਰੀਬ ਪ੍ਰਦਰਸ਼ਨਕਾਰੀ ਧਰਨੇ ਤੋਂ ਉਠੇ। ਜ਼ਿਲਾ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ।………………………….
ਟਿੱਪਣੀ:- ਅਕਾਲੀਆਂ ਦੇ ਲਾਲਚ, ਸਵਾਰਥ ਅਤੇ ਕਮ-ਅਕਲ਼ੀ ਦੀ ਤਸਵੀਰ ਪੇਸ਼ ਕਰਦੀ ਹੈ ਇਹ ਖਬਰ। ਜੋ ਅਕਾਲੀ ਕਿਸੇ ਵੇਲੇ ਗੁਰਦੁਆਰਿਆਂ ਵਿਚ ਸਤਿਕਾਰੇ ਜਾਂਦੇ ਸਨ, ਅੱਜ ਆਪਣੀਆਂ ਕਰਤੂਤਾਂ ਸਦਕਾ ਸੰਗਤ ਦੀ ਨਿਗਾਹ ਵਿਚੋਂ ਏਨੇ ਡਿਗ ਗਏ ਹਨ ਕਿ ਸੰਗਤ ਉਨ੍ਹਾਂ ਨੂੰ ਗੁਰਦੁਆਰੇ ਵਿਚ ਵੜਨ ਵੀ ਨਹੀਂ ਦੇਣਾ ਚਾਹੁੰਦੀ।
        ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.