ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਸ਼ਹੀਦੀ” ਸਾਕਾ ਨਨਕਾਣਾ ਸਾਹਿਬ ਦੀ ਇਕ ਝਾਕੀ
“ਸ਼ਹੀਦੀ” ਸਾਕਾ ਨਨਕਾਣਾ ਸਾਹਿਬ ਦੀ ਇਕ ਝਾਕੀ
Page Visitors: 2799

“ਸ਼ਹੀਦੀ” ਸਾਕਾ ਨਨਕਾਣਾ ਸਾਹਿਬ ਦੀ ਇਕ ਝਾਕੀ  
(ਦੁਸ਼ਮਣ ਤਕੜਾ ਅਤੇ ਚਾਲਾਕ ਹੈ।ਸਿੱਖਾਂ ਦਾ ਘਾਣ ਕਰਨ ਦਾ ਬਹਾਨਾ ਹੀ ਭਾਲਦਾ ਹੈ।ਇਸ ਲਈ ਸੁਚੇਤ ਰਹਿਣ ਦੀ ਲੋੜ ਹੈ।ਇਹ ਲੇਖ ਕਿਸੇ ਹੋਰ ਨੁਕਤੇ ਬਾਰੇ ਕਿਸੇ ਸੱਜਣ ਦੇ ਸਵਾਲ ਦੇ ਜਵਾਬ ਵਿੱਚ ਕੁਝ ਸਾਲ ਪਹਿਲਾਂ ਲਿਖਿਆ ਗਿਆ ਸੀ।ਮੌਜੂਦਾ ਸਮੇਂ ਦੇ ਸੰਘਰਸ਼ ਵਾਸਤੇ ਸੇਧ ਲਈ ਲਾਹੇਵੰਦ ਹੋ ਸਕਦਾ ਹੈ:-)
….. ਪ੍ਰਸਤੁਤ ਹੈ … ਨਨਕਾਣਾ ਸਾਹਿਬ ਨੂੰ ਜੱਥੇਦਾਰ ਭਾਈ ਲਛਮਣ ਸਿੰਘ ਜੀ ਦੇ ਸ਼ਹੀਦੀ ਜੱਥਾ ਲਿਜਾਣ ਦਾ ਹਾਲ।
19 ਫ਼ਰਵਰੀ 1921 ਨੂੰ ਚੂਹੜਕਾਣੇ ਤੋਂ ਭਾਈ ਲਛਮਣ ਸਿੰਘ ਨੂੰ ਕਰਤਾਰ ਸਿੰਘ ਝੱਬਰ ਜੀ ਦਾ ਸੁਨੇਹਾਂ ਮਿਲ ਗਿਆ ਕਿ “ਜੱਥਾ ਲੈ ਕੇ ਤੁਰ ਪੈਣਾ ਹੈ”।ਇਹ ਖਬਰ ਸੁਣਦਿਆਂ ਸਾਰ ਹੀ ਭਾਈ ਲਛਮਣ ਸਿੰਘ ਜੀ ਭੱਜੇ ਭੱਜੇ ਆਪਣੇ ਭਰਾ ਟਹਿਲ ਸਿੰਘ ਕੋਲ ਪਹੁੰਚੇ ਅਤੇ ਕਹਿਣ ਲੱਗੇ ਭਰਾਵਾ ਸ਼ਹੀਦੀ ਲਈ ਕਮਰ-ਕੱਸੇ ਕਰਨ ਲੱਗੇ ਹਾਂ, ਇਕ ਵੇਰ ਜਾਂਦੀ ਵਾਰੀਂ ਘੁੱਟਕੇ ਜੱਫ਼ੀ ਪਾ ਕੇ ਮਿਲ ਤਾਂ ਲਈਏ। ਇਹ ਕਹਿਕੇ ਉਨ੍ਹਾਂਨੇ ਏਨੀਂ ਜੋਰ ਦੀ ਘੁੱਟ ਕੇ ਜੱਫ਼ੀ ਪਾਈ ਕਿ ਕੋਟ ਦੀ ਜੇਬ ਵਿੱਚ ਪਈ ਡਾਇਰੀ ਦੀ ਦੱਬ ਨਾਲ ਉਨ੍ਹਾਂ ਦੇ ਭਰਾ ਦੀ ਪਸਲੀ ਹੀ ਟੱਟ ਗਈ (ਨੋਟ: ਉਨ੍ਹਾਂਦੀ ਉਹ ਪਸਲੀ ਅਜੇ ਟੱਟੀ ਹੋਈ ਸੀ ਜਦੋਂ ਕਿਤਾਬ ਲਿਖਣ ਤੋਂ ਪਹਿਲਾਂ ਲੇਖਕ ਸ: ਟਹਿਲ ਸਿੰਘ ਜੀ ਨੂੰ ਮਿਲਣ ਲਈ ਗਏ)।ਭਾਈ ਲਛਮਣ ਸਿੰਘ ਜੀ ਨੇ ਸਵੇਰੇ ਅੱਠ ਵਜੇ ਭਾਈ ਈਸ਼ਰ ਸਿੰਘ ਨੂੰ ਘੋੜੀ ਦੇ ਕੇ ਸ਼ਾਹ ਕੋਟ, ਧੰਨੂ ਆਣਾ, ਘਸੀਟ ਪੁਰਾ, ਬੰਡਾਲਾ ਨਿਹਾਲੋਆਣਾ, ਬੁਰਜ ਚੱਕ ਨੰ: 55, ਲਹੁਕੇ ਚੱਕ ਨੰ:75 ਨੂੰ ਸੁਨੇਹਾ ਦੇ ਕੇ ਘੱਲ ਦਿੱਤਾ ਕਿ ਜਿਨ੍ਹਾਂ ਸਿੰਘਾਂ ਨੇ ਸ਼ਹੀਦੀ ਜੱਥੇ ਲਈ ਨਾਮ ਲਿਖਵਾਏ ਸਨ, ਉਨ੍ਹਾਂਨੂੰ ਸ੍ਰੀ ਨਨਕਾਣੇ ਸਾਹਿਬ ਵੱਲ ਤੋਰੀ ਚੱਲੋ।ਇਸੇ ਤਰ੍ਹਾਂ ਭਾਈ ਮੂਲ ਸਿੰਘ ਬਲ਼ੇ ਨੂੰ, ਭਾਈ ਚਰਨ ਸਿੰਘ ਜੀ ਨੂੰ, ਭਾਈ ਮੰਗਲ ਸਿੰਘ ਜੀ ਕ੍ਰਿਪਾਨ ਬਹਾਦਰ ਨੂੰ ਅਤੇ ਭਾਈ ਹਰਬੰਸ ਸਿੰਘ ਜੀ ਨੂੰ ਵੱਖ ਵੱਖ ਪਿੰਡਾਂ ਵੱਲ ਸ਼ਹੀਦੀਆਂ ਲਈ ਜੱਥੇ ਲੈ ਕੇ ਨਨਕਾਣਾ ਸਾਹਿਬ ਪਹੁੰਚਣ ਲਈ ਸੂਚਿਤ ਕਰਨ ਲਈ ਭੇਜ ਦਿੱਤਾ ਗਿਆ।
ਭਾਈ ਲਛਮਣ ਸਿੰਘ ਜੀ ਨੇ ਅਰਦਾਸਾ ਸੋਧਿਆ ਤੇ ਰਾਤ ਦੇ ਸਾਢੇ ਅੱਠ ਵਜੇ ਜੱਥੇ ਨੇ ਜੈਕਾਰਾ ਛੱਡਕੇ ਕੂਚ ਕਰ ਦਿੱਤਾ। ਪਿੰਡ ਦੇ ਬਹੁਤ ਸਾਰੇ ਲੋਕੀਂ ਉਤਸ਼ਾਹ ਨਾਲ ਨਗਰ ਵਿੱਚੋਂ ਬਾਹਰ ਤੱਕ ਇਸ ਸ਼ਹੀਦੀ ਜੱਥੇ ਨੂੰ ਤੋਰਨ ਲਈ ਗਏ। ਜੱਥੇ ਵਿੱਚੋਂ ਭਾਈ ਈਸ਼ਰ ਸਿੰਘ ਨੇ ਨਗਰ ਵੱਲ ਪਿਛਾਂਹ ਮੂੰਹ ਭਵਾ ਕੇ ਵੇਖਿਆ ਤੇ ਆਖਿਆ ਕਿ ਅੱਛਾ ਨਗਰਾ ਸੁਖੀ ਵੱਸ! ਤੇ ਨਾਲ ਹੀ ਕਿਹਾ ਹੇ ਮਨਾ! ਜੇ ਤੇਰਾ ਸਿਰ ਗੁਰੂ ਕੇ ਚਰਨਾਂ ਤੇ ਲੱਗ ਜਾਵੇ ਤਾਂ ਫੇਰ ਹੋਰ ਕੀ ਚਾਹੀਦਾ ਹੈ। ਏਨੀਂ ਗੱਲ ਕਹਿਕੇ ਪਿਛਾਂਹ ਭੱਜ ਕੇ ਜੱਥੇ ਨੂੰ ਜਾ ਮਿਲੇ।ਜੱਥਾ ਰਾਤ ਦੇ ਨੌਂ ਵਜੇ ਨਜ਼ਾਮਪੁਰ ਦੇਵਾ ਸਿੰਘ ਵਾਲੇ ਗੁਰਦੁਆਰੇ ਪੁੱਜ ਗਿਆ। ਅਤੇ ਇੱਥੇ ਹੋਰ ਵੀ ਬਹੁਤ ਸਾਰੇ ਸਿੰਘ ਜਮ੍ਹਾ ਹੋ ਗਏ। ਇੱਥੋਂ ਲੰਗਰ ਛਕਕੇ ਅਰਦਾਸਾ ਸੋਧਿਆ ਗਿਆ ਅਤੇ ਰਾਤ ਦੇ ਦਸ ਵਜੇ ਦੇ ਕਰੀਬ ਜੱਥੇ ਨੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸ਼ਬਦ ਪੜ੍ਹਦਿਆਂ ਹੋਇਆਂ ਚਾਲੇ ਪਾ ਦਿੱਤੇ।
ਨਿਜ਼ਾਮਪੁਰ ਦੇਵਾ ਸਿੰਘ ਵਾਲੇ ਤੋਂ ਤੁਰ ਕੇ ਜੱਥਾ ਸਿੱਧਾ ਜਰਮੀ ਡੱਲੇ ਚੱਕ ਨੰ: 83 ਪੁੱਜ ਗਿਆ। ਇੱਥੋਂ ਹੋਰ ਸਿੰਘਾਂ ਨੂੰ ਨਾਲ ਲੈ ਕੇ ਜੱਥਾ ਕੋਟਲੇ ਕਾਲਵਾਂ ਦੇ ਜਾ ਪੁੱਜਾ।ਇੱਥੋਂ ਵੀ ਕਈ ਸਿੰਘ ਨਾਲ ਰਲ ਗਏ।
ਸੰਤ ਪਾਲ ਸਿੰਘ ਨਿਰਮਲੇ ਨੂੰ ਪਹਿਲਾਂ ਹੀ 7 ਫ਼ੱਗਣ ਨੂੰ ਪਿੰਡ ਦੇਵਾ ਸਿੰਘ ਵਾਲਿਓਂ ਕਮੇਟੀ ਦੇ ਪਾਸ ਕਰਨ ਤੇ ਮਹੰਤ ਨਰੈਣ ਦਾਸ ਦੇ ਪ੍ਰਬੰਧ ਬਾਰੇ ਨਨਕਾਣੇ ਸਾਹਿਬ ਤੋਂ ਪਤਾ ਲੈਣ ਲਈ ਭੇਜਿਆ ਹੋਇਆ ਸੀ, ਜੋ ਉਥੋਂ ਵਾਪਸ ਆ ਕੇ ਕੋਟਲੇ ਰੁਕੇ ਹੋਏ ਸਨ ਕਿਉਂਕਿ ਜੱਥੇ ਨੇ ਇੱਥੋਂ ਹੀ ਲੰਘਣਾ ਸੀ।
ਜਦ ਭਾਈ ਲਛਮਣ ਸਿੰਘ ਜੀ ਜੱਥੇ ਸਮੇਤ ਕੋਟਲੇ ਪਹੁੰਚੇ ਤਾਂ ਸੰਤ ਪਾਲ ਸਿੰਘ ਜੀ ਨਿਰਮਲੇ ਨੇ ਮਹੰਤ ਦੀਆਂ ਖਤਰਨਾਕ ਤਿਆਰੀਆਂ ਦਾ ਹਾਲ ਬੜੇ ਵਿਸਥਾਰ ਨਾਲ ਦੱਸਿਆ ਕਿ ਗੁਰਦੁਆਰੇ ਦੇ ਆਪਣੇ ਸਾਰੇ ਪਿੰਡਾਂ ਦੇ ਮੁਜ਼ਾਰੇ, ਤੇ ਇਲਾਕੇ ਦੇ ਚੋਣਵੇਂ ਦੂਰ-ਨੇੜਿਓਂ ਬਹੁਤ ਸਾਰੇ ਘਾਣੂ ਬਦਮਾਸ਼ ਇੱਕਠੇ ਕੀਤੇ ਹੋਏ ਹਨ। ਪੰਝੀ ਤੀਹ ਪਠਾਣ ਤਲਬ ਤੇ ਰੱਖੇ ਹੋਏ ਹਨ। ਦਿਨੇ ਰਾਤ ਦਰਬਾਰ ਸਾਹਿਬ ਦੇ ਆਲੇ ਦੁਆਲੇ ਪਹਿਰਾ ਲੱਗਾ ਰਹਿੰਦਾ ਹੈ।ਦਰਸ਼ਨੀ ਡਿਉੜੀ ਦੇ ਬੂਹਿਆਂ ਤੇ ਮੋਟੇ ਲੋਹੇ ਦੀ ਚਾਦਰ ਦੇ ਪੱਤਰੇ ਚੜ੍ਹਾਏ ਗਏ ਹਨ। ਇਨ੍ਹਾਂ ਬੂਹਿਆਂ ਵਿੱਚੋਂ ਗੋਲੀਆਂ ਚਲਾਉਣ ਲਈ ਮੋਰੀਆਂ ਰੱਖਕੇ ਮੋਰਚਾਬੰਦੀ ਕਾਇਮ ਕੀਤੀ ਗਈ ਹੈ। ਜਨਮ ਅਸਥਾਨ ਅੰਦਰ ਭੱਠੀਆਂ ਲਗਾਕੇ ਛਵੀਆਂ, ਕੁਹਾੜੇ, ਟਕੂਏ, ਆਦਿ ਹਥਿਆਰ ਤਿਆਰ ਕੀਤੇ ਗਏ ਹਨ।ਲਾਹੌਰ ਤੋਂ ਬੰਦੂਕਾਂ ਪਿਸਤੌਲ ਤੇ ਹੋਰ ਅਸਲਾ ਮੰਗਵਾਇਆ ਗਿਆ ਹੈ।ਮਿੱਟੀ ਦੇ ਤੇਲ ਦੇ ਪੀਪੇ ਮੰਗਵਾਏ ਗਏ ਹਨ। ਪੱਥਰਾਂ ਦੇ ਢੇਰ ਛੱਤ ਤੇ ਲਗਵਾਏ ਹਏ ਹਨ। ਗੁਰਦੁਆਰਾ ਜਨਮ ਅਸਥਾਨ ਦੀਆਂ ਕੰਧਾਂ ਉਚੀਆਂ ਕਰਕੇ ਉਪਰ ਸ਼ੀਸ਼ੀਆਂ ਲਾਈਆਂ ਗਈਆਂ ਹਨ। ਸੰਤ ਪਾਲ ਸਿੰਘ ਜੀ ਕਹਿਣ ਲੱਗੇ ਕਿ ਮੈਂ ਸ: ਉਤਮ ਸਿੰਘ ਜੀ ਨੂੰ ਭੀ ਕਾਰਖਾਨੇ ਜਾ ਕੇ ਮਿਲਿਆ ਸੀ ਉਨ੍ਹਾਂਨੇ ਸੁਨੇਹਾ ਦਿੱਤਾ ਹੈ ਕਿ ਜੇ ਜੱਥੇ ਨਾਲ ਦੋ-ਢਾਈ ਹਜਾਰ ਤੋਂ ਸਿੰਘ ਘੱਟ ਹੋਣ ਤਾਂ ਉਕਾ ਹੀ ਨਾ ਆਉਣ। ਇਹ ਗੱਲਾਂ ਬਾਤਾਂ ਕਰਦਿਆ ਜੱਥਾ ਆਪਣੀ ਲਗਨ ਅਤੇ ਧੁਨ ਵਿੱਚ ਮਸਤ ਹੋਇਆ ਮਾਰਚ ਕਰਦਾ ਜਾਂਦਾ ਸੀ।ਅਗੋਂ ਭਾਈ ਲਛਮਣ ਸਿੰਘ ਜੀ ਨੇ ਜਵਾਬ ਦਿੱਤਾ- ਕਿ ਸੰਤ ਜੀ ਕੋਈ ਤੌਖਲੇ ਵਾਲ਼ੀ ਗੱਲ ਨਹੀਂ ਹੈ, ਜੋ ਹੋਵੇਗਾ ਸਭ ਭਾਣੇ ਅਤੇ ਹੁਕਮ ਅੰਦਰ ਹੀ ਹੋਵੇਗਾ। ਅਗੋਂ ਪਾਲ ਸਿੰਘ ਜੀ ਨੇ ਕਿਹਾ ਇਹ ਗੱਲ ਠੀਕ ਹੈ ਪਰ ਜੇ ਸ਼ੇਰ ਦੇ ਮੂੰਹ ਵਿੱਚ ਬਾਂਹ ਦੇਈਏ ਤਾਂ ਕੀ ਨਤੀਜਾ ਨਿਕਲਦਾ ਹੈ? ਬਲਦੀ ਅੱਗ ਵਿੱਚ ਛਾਲ ਮਾਰਨ ਵਾਲ਼ੇ ਨਾਲ ਕੀ ਬੀਤਦੀ ਹੈ? ਇਹ ਸਿੱਧੀ ਅਤੇ ਸਾਫ਼ ਗੱਲ ਹੈ ਕਿ ਉਥੇ ਜੇਹੜਾ ਵੀ ਜਾਵੇਗਾ ਸਭ ਮਾਰਿਆ ਜਵੇਗਾ। ਅਗੋਂ ਭਾਈ ਲਛਮਣ ਸਿੰਘ ਜੀ ਨੇ ਜਵਾਬ ਦਿੱਤਾ ਕਿ ਅਸੀਂ ਕਰਤਾਰ ਸਿੰਘ ਜੀ ਝੱਬਰ ਨਾਲ ਇਕਰਾਰ ਕਰਕੇ ਆਏ ਹਾਂ ਇਸ ਲਈ ਅਸੀਂ ਵਾਪਸ ਨਹੀਂ ਮੁੜਨਾ। ਪ੍ਰਵਾਨੇ ਕਦੇ ਨਾਲ ਦੇ ਸਾਥੀਆਂ ਨੂੰ ਨਹੀਂ ਲੈਣ ਜਾਇਆ ਕਰਦੇ। ਇਹ ਸਭ ਕਰਤਾਰ ਦੀਆਂ ਖੇਡਾਂ ਹਨ, ਬੰਦੇ ਦੇ ਵੱਸ ਦੀ ਕੋਈ ਗੱਲ ਨਹੀਂ ਹੈ। ਇਹ ਜਵਾਬ ਸੁਣਕੇ ਸੰਤ ਜੀ ਕੋਟਲੇ ਨੂੰ ਵਾਪਸ ਮੁੜ ਗਏ। ਇੱਥੋਂ ਜੱਥਾ ਕਾਵਾਂ ਵਾਲੀ ਅਤੇ ਭੋਲੇ ਚੱਕ ਨੂੰ ਹੋ ਤੁਰਿਆ।ਅੱਗੋਂ ਗੱਡਿਆਂ ਤੇ ਆਉਂਦੇ ਰਾਹੀਆਂ ਨੇ ਵੀ ਇਹੀ ਗੱਲ ਦੱਸੀ ਕਿ ਅੱਗੇ ਮਹੰਤ ਦੇ ਛਵੀਆਂ ਗੰਡਾਸੇ ਲਿਸ਼ਕਾਏ ਹੋਏ ਹਨ। ਉਥੇ ਕੋਈ ਵਿਰਲੇ ਹੀ ਮਾਈ ਕੇ ਲਾਲ ਨਿਤਰਣਗੇ।ਤਦ ਭਾਈ ਲਛਮਣ ਸਿੰਘ ਜੀ ਨੇ ਜੱਥੇ ਦੇ ਸਿੰਘਾਂ ਨੂੰ ਆਖਿਆ ਕਿ ਖਾਲਸਾ ਜੀ! ਜਿੱਧਰ ਆਏ ਹੋ ਸਤਿਨਾਮ ਆਖਕੇ ਤੁਰੀ ਚੱਲੋ, ਸਾਨੂੰ ਲੋਕਾਂ ਦੀਆਂ ਇਨ੍ਹਾਂ ਗੱਲਾਂ ਨਾਲ ਕੀ?
ਜੱਥਾ ਵੱਡੀ ਨਹਿਰ ਦੇ ਮੋਲਣ ਵਾਲੇ ਪੁਲ ਤੇ ਪੁਜ ਗਿਆ। ਇਥੇ ਪੰਦਰਾਂ ਸਿੰਘ ਧੰਨੂ ਆਣੇ ਦੇ ਮਿਲ ਪਏ।ਇੱਥੇ ਭਾਈ ਲਛਮਣ ਸਿੰਘ ਜੀ ਦੀ ਪਤਨੀ ਇੰਦਰ ਕੌਰ ਵੀ ਹੋਰ ਬੀਬੀਆਂ ਨੂੰ ਨਾਲ ਲੈ ਕੇ ਪਹੁੰਚ ਗਏ।ਆਪਣੇ ਸਾਰੇ ਸਾਥੀਆਂ ਨੂੰ ਬਿਠਾਕੇ ਭਾਈ ਲਛਮਣ ਸਿੰਘ ਜੀ ਕਹਿਣ ਲੱਗੇ ਕਿ “ਲੌ ਸਿੰਘੋ ਆਪ ਜੀ ਇੱਥੇ ਚੁਪ-ਚਾਪ ਬੈਠਕੇ ਸਭ ਅਗਲੇ ਪਿਛਲੇ ਸਾਥੀਆਂ ਨੂੰ ਮਿਲ ਲਓ। ਗੱਲਾਂ ਬਾਤਾਂ ਬੰਦ ਰੱਖੋ ਤਾਂ ਕਿ ਕੋਈ ਮਹੰਤ ਦਾ ਸੂਹੀਆ ਸੁਣਕੇ ਪਤਾ ਨਾ ਕਰ ਲਵੇ ਕਿਉਂਕਿ ਉਸਨੇ ਇਰਦ ਗਿਰਦ ਇਲਾਕੇ ਵਿੱਚ ਸੂਹਾਂ ਲੈਣ ਲਈ ਘਲੇ ਹੋਏ ਹਨ।ਇਸ ਵੇਲੇ ਤਿੰਨ ਵਜੇ ਦਾ ਸਮਾਂ ਹੋਵੇਗਾ। ਭਾਈ ਲਛਮਣ ਸਿੰਘ ਜੀ ਨੇ ਭਾਈ ਦਿਆਲ ਸਿੰਘ ਜੀ ਅਤੇ ਭਾਈ ਗੰਡਾ ਸਿੰਘ ਜੀ ਨਜ਼ਾਮਪੁਰੇ ਨੂੰ ਚੰਦਰਕੋਟ ਦੀ ਝਾਲ ਵੱਲ ਝੱਬਰ ਜੀ ਦੇ ਜੱਥੇ ਦਾ ਪਤਾ ਕਰਨ ਲਈ ਘੱਲਿਆ। ਇਹ ਦੋਵੇਂ ਜਾਣੇ ਥੋੜ੍ਹੀ ਦੂਰ ਹੀ ਗਏ ਹੋਣਗੇ ਕਿ ਅੱਠ-ਦਸ ਬੰਦੇ ਹੋਰ ਮਗਰੇ ਹੀ ਜੱਥੇ ਦਾ ਪਤਾ ਲੈਣ ਲਈ ਉਠ ਭੱਜੇ।ਅਤੇ ਬਾਕੀ ਜੱਥਾ ਉਥੇ ਹੀ ਉਨ੍ਹਾਂ ਦੀ ਉਡੀਕ ਵਿੱਚ ਬੈਠਾ ਰਿਹਾ। ਥੋੜ੍ਹੀ ਦੇਰ ਪਿੱਛੋਂ ਭਾਈ ਟਹਿਲ ਸਿੰਘ ਨੇ ਕਿਹਾ ਕਿ ਇੱਥੇ ਸਮਾਂ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਅਗੇ ਚੱਲਦੇ ਹਾਂ। ਇਹ ਗੱਲ ਸੁਣ ਕੇ ਸਾਰੇ ਸਿੰਘ ਨਨਕਾਣਾ ਸਾਹਿਬ ਦੀ ਸੇਧ ਵਿੱਚ ਤੁਰ ਪਏ।
ਥੋੜ੍ਹੀ ਦੂਰ ਅਗੇ ਚੱਲ ਕੇ ਮੈਦਾਨ ਆ ਗਿਆ। ਇੱਥੇ ਲਛਮਣ ਸਿੰਘ ਜੀ ਨੇ ਜੱਥੇ ਪਾਸੋਂ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ, ਵਿੱਚੋਂ ਕੁਝ ਸਿੰਘਾਂ ਨੇ ਇਸ ਗੱਲ ਦੀ ਮੁਖ਼ਾਲਫ਼ਤ ਕੀਤੀ ਕਿ ਸਾਡੀ ਸ਼ਾਂਤਮਈ ਸਰਕਾਰ ਨਾਲ ਹੈ, ਸਾਧਾਂ ਨਾਲ ਨਹੀਂ। ਭਾਈ ਲਛਮਣ ਸਿੰਘ ਜੀ ਨੇ ਉਤਰ ਦਿੱਤਾ ਜੇ ਇਹ ਗੱਲ ਹੈ ਤਾਂ ਆਪਣਾ ਹੋਰ ਜੱਥੇਦਾਰ ਚੁਣ ਲਵੋ, ਯਾਂ ਘਰਾਂ ਨੂੰ ਵਾਪਸ ਮੁੜ ਚੱਲੋ, ਇਸ ਸਮੇਂ ਬਾਲਕ ਸ਼ਹੀਦ ਦਰਬਾਰਾ ਸਿੰਘ ਜੀ ਆਖਣ ਲੱਗੇ ਕਿ “ਬਿਲਕੁਲ ਨਹੀਂ, ਅਸੀਂ ਘਰਾਂ ਨੂੰ ਵਾਪਸ ਜਾਣ ਲਈ ਨਹੀਂ ਆਏ ਹਾਂ, ਸਿੱਧੇ ਨਨਕਾਣਾ ਸਾਹਿਬ ਚੱਲਾਂਗੇ”।
ਇੱਥੇ ਭਾਈ ਲਛਮਣ ਸਿੰਘ ਜੀ ਨੇ ਖੂੰਡੇ ਨਾਲ ਲਕੀਰ ਖਿੱਚ ਦਿੱਤੀ ਤੇ ਆਖਿਆ ਕਿ “ਜਿਨ੍ਹਾਂ ਗੁਰੂ ਕੇ ਪਿਆਰਿਆ ਨੇ ਸ਼ਾਤਮਈ ਰਹਿਕੇ ਸ਼ਹੀਦੀਆਂ ਪਾਉਣੀਆਂ ਹਨ, ਹੱਥ ਨਹੀਂ ਚੁੱਕਣਾ, ਵਾਰ ਨਹੀਂ ਕਰਨਾ, ਆਪ ਗੁਰੂ ਦੇ ਲੇਖੇ ਲੱਗ ਜਾਣਾ ਹੈ, ਉਹ ਲੀਕ ਟੱਪ ਚੱਲਣ, ਬਾਕੀ ਸਿੰਘ ਪਿਛਾਂਹ ਪਿੰਡਾਂ ਨੂੰ ਮੁੜ ਜਾਣ। ਸਭ ਸਿੰਘ ਛਾਲਾਂ ਮਾਰ ਕੇ ਲੀਕ ਟੱਪ ਗਏ ਤੇ ਆਖਣ ਲੱਗੇ ਕਿ “ਇੱਥੋਂ ਹੁਣ ਲੀਕ ਲੁਆਕੇ ਘਰਾਂ ਨੂੰ ਵਾਪਸ ਮੁੜਨਾਂ ਸੂਰਮਿਆਂ ਦਾ ਕੰਮ ਨਹੀਂ ਹੈ”।ਅਗੇ ਨਨਕਾਣਾ ਸਾਹਿਬ ਦੀ ਹੱਦ ਤੇ ਪਹੁੰਚਕੇ ਭਾਈ ਲਛਮਣ ਸਿੰਘ ਜੀ ਨੇ ਸਾਰੇ ਜੱਥੇ ਨੂੰ ਬਿਠਾਕੇ ਕਿਹਾ “ਖਾਲਸਾ ਜੀ! ਹੁਣ ਨਨਕਾਣਾ ਸਾਹਿਬ ਨੇੜੇ ਹੈ, ਤੁਸੀਂ ਸਰਬ ਸੰਮਤੀ ਨਾਲ ਆਪਣਾ ਕੋਈ ਜੱਥੇਦਾਰ ਚੁਣ ਲਵੋ। ਤਾਂ ਸਭ ਨੇ ਬਾਹਾਂ ਖੜੀਆਂ ਕਰਕੇ ਆਪ ਜੀ ਨੂੰ ਹੀ ਸਰਬ-ਸੰਮਤੀ ਨਾਲ ਜੱਥੇਦਾਰ ਪ੍ਰਵਾਣ ਕੀਤਾ। ਇਸ ਸਮੇਂ ਫੇਰ ਆਪ ਨੇ ਸ਼ਾਤਮਈ ਰਹਿਣ ਦਾ ਸਭ ਪਾਸੋਂ ਪ੍ਰਣ ਲੈ ਕੇ ਅਰਦਾਸਾ ਸੋਧਿਆ ਤੇ ਫ਼ਤਹਿ ਬੁਲਾਈ। ਇੱਥੋਂ ਚੱਲ ਕੇ ਜੱਥਾ ਤਹਿਸੀਲ ਨਨਕਾਣਾ ਸਾਹਿਬ ਵਾਲੇ ਭਠਿਆਂ ਤੇ ਪੁਜ ਗਿਆ। ਇੱਥੇ ਸਭ ਨੇ ਸਲਾਹ ਕਰਕੇ ਤਿੰਨਾਂ ਬੀਬੀਆਂ ਨੂੰ ਭਾਈ ਹਾਕਮ ਸਿੰਘ ਜੀ ਧਾਰੋਵਾਲੀ ਨਾਲ ਤੰਬੂ ਸਾਹਿਬ ਘਲਾ ਦਿੱਤਾ। ਇੱਥੇ ਭਾਈ ਲਛਮਣ ਸਿੰਘ ਜੀ ਨੇ ਸ਼ਾਤਮਈ ਰਹਿਣ ਦਾ ਪ੍ਰਣ ਇਕ ਵਾਰੀਂ ਫੇਰ ਦੁਹਰਾਉਂਦੇ ਹੋਏ ਕਹਿਣ ਲੱਗੇ ਕਿ ਇਸ ਥਾਂ ਤੋਂ ਅਗੇ ਉਹ ਜਾਵੇ ਜਿਸ ਨੇ ਸ਼ਹੀਦ ਹੋਣਾ ਹੈ। ਜਿਸ ਨੇ ਪਿੱਠ ਵਖਾਕੇ ਉਥੋਂ ਭੱਜਣਾ ਹੈ ਉਹ ਇੱਥੋਂ ਹੀ ਲਾਂਭੇ ਹੋ ਜਾਵੇ।ਪਰ ਸਭ ਨੇ ਇਕ ਜ਼ੁਬਾਨ ਹੋ ਕੇ ਗੱਲ ਕਹੀ ਕਿ “ਅਸੀਂ ਸਿੱਧੇ ਹੋ ਕੇ ਸੀਸ ਦਿਆਂਗੇ”। ਇਸ ਵਕਤ ਕੋਈ ਪੌਣੇ ਛੇ ਦਾ ਸਮਾਂ ਹੋਵੇਗਾ ਪਰ ਧੁੰਦ ਪੈਣ ਕਰਕੇ ਅਜੇ ਹਨੇਰਾ ਹੀ ਸੀ। ਤਿੰਨ ਚਾਰ ਬੰਦਿਆਂ ਨੂੰ ਗੁਰਦੁਆਰੇ ਦੇ ਦਰਵਾਜੇ ਖੁਲ੍ਹੇ ਹੋਣ ਦਾ ਪਤਾ ਲਗਾਉਣ ਲਈ ਘੱਲਿਆ ਗਿਆ ਅਤੇ ਇਹ ਸ਼ਬਦ (ਕੋਡ ਵਰਡ) ਬਣਾ ਦਿੱਤੇ ਕਿ ਜੇ ਬੂਹੇ ਖੁਲ੍ਹੇ ਹੋਣ ਤਾਂ ਦੂਰੋਂ ਹੀ ਆਵਾਜ਼ ਮਾਰਕੇ ਆਖ ਦੇਣਾ ਕਿ “ਟਿਕਟ ਖੁਲ੍ਹ ਗਈ ਹੈ, ਚਲੋ ਭਜ ਕੇ ਗੱਡੀ ਚੜ੍ਹੀਏ”।
ਉਧਰੋਂ ਦਰਵਾਜੇ ਖੁਲ੍ਹੇ ਹੋਣ ਦਾ ਇਸ਼ਾਰਾ ਮਿਲ ਗਿਆ।
ਇੱਥੇ ਚੌਧਰੀ ਪਾਲ ਸਿੰਘ ਤੇ ਭਾਈ ਵਰਿਆਮ ਸਿੰਘ ਭੀ ਮਿਲ ਪਏ ਤੇ ‘ਚੌਧਰੀ’ ਪਾਲ ਸਿੰਘ ਭਾਈ ਲਛਮਣ ਸਿੰਘ ਜੀ ਨੂੰ ਜੱਫ਼ੀ ਪਾ ਕੇ ਕਹਿਣ ਲੱਗਾ “ਪੰਥ ਦਾ ਹੁਕਮ ਅੱਜ ਜੱਥੇ ਲੈ ਜਾਣ ਦਾ ਨਹੀਂ ਹੈ”। ਜੱਥੇ ਵਿਚੋਂ ਇਕ ਸਿੰਘ ਪਾਲ ਸਿੰਘ ਨੂੰ ਝੰਜੋੜ ਕੇ ਕਹਿਣ ਲੱਗਾ ਚੌਧਰੀ ਜੀ! ਜੇ ਨਾਲ ਨਹੀਂ ਜਾਣ ਹੁੰਦਾ ਤਾਂ ਪਰ੍ਹੇ ਹੋ ਕੇ ਮਰ, ਤੂੰ ਕੌਣ ਹੈ ਸਾਨੂੰ ਡੱਕਣ ਵਾਲਾ? ਜੱਥਾ ਸਿਧਾ ਗੁਰਦੁਆਰੇ ਦੇ ਅੰਦਰ ਪੌਣੇ ਛੇ ਵਜੇ ਜਾ ਦਾਖਲ ਹੋਇਆ ਤੇ ਦਰਸ਼ਨੀ ਡਿਉੜੀ ਦਾ ਬੂਹਾ ਅੰਦਰ ਵੜਦਿਆਂ ਹੀ ਬੰਦ ਕਰ ਲਿਆ।
ਇੱਥੋਂ ਤੱਕ ਸੀ ਜੱਥੇਦਾਰ ਭਾਈ ਲਛਮਣ ਸਿੰਘ ਜੀ ਦੇ ਸ਼ਹੀਦੀ ਜੱਥੇ ਦਾ ਧਰਮ ਦੇ ਰਾਹ ਤੇ ਚਾਈਂ ਚਾਈਂ ਸ਼ਹੀਦੀਆਂ ਪਾਉਣ ਲਈ ਨਨਕਾਣਾ ਸਾਹਿਬ ਪੁੱਜਣ ਦਾ ਹਾਲ।ਥਿੜਕਣਾ ਤਾਂ ਦੂਰ ਧਰਮ ਦੇ ਰਾਹ ਤੇ ਚੱਲਣ ਲਈ ਭਰਪੂਰ ਉਤਸ਼ਾਹ ਅਤੇ ਜੋਸ਼ ਨਾਲ ਕਿਸ ਤਰ੍ਹਾਂ ਸਿੱੰਘਾਂ ਨੇ ਸ਼ਹੀਦੀਆਂ ਪਾਉਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ਇਹ ਸਾਰਾ ਹਾਲ ਫੇਰ ਕਦੇ ਪੇਸ਼ ਕੀਤਾ ਜਾਵੇਗਾ। ਫ਼ਿਲਹਾਲ ਇਸੇ ਇਕ ਕਾਰਨਾਮੇ ਤੋਂ ਅੰਦਾਜਾ ਲੱਗ ਜਾਂਦਾ ਹੈ ਕਿ …..।
ਨੋਟ: ਇਹ ਹਾਲ, ਲੇਖਕ ਸ: ਗੁਰਬਖਸ਼ ਸਿੰਘ ‘ਸ਼ਮਸ਼ੇਰ’ ਝੁਬਾਲੀਆ ਦੀ ਕਿਤਾਬ “ਸ਼ਹੀਦੀ ਜੀਵਨ” ਪ੍ਰਕਾਸ਼ਕ :ਗੁਰਦੁਆਰਾ ਕਮੇਟੀ ਨਨਕਾਣਾ ਸਾਹਿਬ” ਵਿੱਚੋਂ ਲਿਆ ਗਿਆ ਹੈ।ਇਹ ਸਾਰਾ ਹਾਲ ਲੇਖਕ (ਗੁਰਬਖਸ਼ ਸਿੰਘ ਸ਼ਮਸ਼ੇਰ) ਨੇ ਆਪ ਪਿੰਡ-ਪਿੰਡ ਜਾ ਕੇ ਸੰਬੰਧਤ ਵਿਅਕਤੀਆਂ ਕੋਲੋਂ ਸਾਰੇ ਹਾਲਾਤ ਅਤੇ ਗਲਾਂ ਬਾਰੇ ਜਾਣਕਾਰੀ ਹਾਸਲ ਕਰਕੇ ਬਿਆਨ ਕੀਤੇ ਸਨ।
ਜਸਬੀਰ ਸਿੰਘ ਵਿਰਦੀ                      
  22-10-2015 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.