ਸ਼ਿਵਸੈਨਿਕਾਂ ਨੇ ਸੁਧੀਂਦਰ ਕੁਲਕਰਨੀ ਦਾ ਕੀਤਾ ਮੂੰਹ ਕਾਲਾ
ਮੁੰਬਈ, 12 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨੀ ਹਸਤੀਆਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਸ਼ਿਵ ਸੈਨਿਕਾਂ ਨੇ ਇਕ ਕਦਮ ਹੋਰ ਅੱਗੇ ਵਧ ਕੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓਆਰਐਫ) ਦੇ ਚੇਅਰਮੈਨ ਸੁਧੀਂਦਰ ਕੁਲਕਰਨੀ ਦਾ ਮੂੰਹ ਕਾਲਾ ਕਰ ਦਿੱਤਾ। ਸ਼ਿਵ ਸੈਨਿਕਾਂ ਨੇ ਇਹ ਕਦਮ ਕੁਲਕਰਨੀ ਦੀ ਸੰਸਥਾ ਵੱਲੋਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਕਿਤਾਬ ਦੀ ਰਿਲੀਜ਼ ਦੇ ਵਿਰੋਧ ‘ਚ ਚੁੱਕਿਆ। ਉਨ੍ਹਾਂ ਕਸੂਰੀ ਨੂੰ ਦੇਸ਼ ਵਿਰੋਧੀ ਅਤੇ ਕੁਲਕਰਨੀ ਨੂੰ ਪਾਕਿਸਤਾਨ ਦਾ ਏਜੰਟ ਤੇ ਦੇਸ਼ਧ੍ਰੋਹੀ ਕਰਾਰ ਦਿੱਤਾ। ਇਸ ਹਮਲੇ ਦੇ ਚਲਦੇ ਭਾਜਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੁਲਕਰਨੀ ਦਾ ਮੂੰਹ ਕਾਲਾ ਕਰਨ ਦੀ ਸਖ਼ਤ ਸ਼ਬਦਾਂ ‘ਚ ਆਲੋਚਨਾ ਕੀਤੀ ਹੈ। ਪਾਕਿਸਤਾਨੀ ਗ਼ਜ਼ਲ ਗਾਇਕ ਗੁਲਾਮ ਅਲੀ ਦੇ ਪ੍ਰੋਗਰਾਮ ਨੂੰ ਰੱਦ ਕਰਾਉਣ ਤੋਂ ਬਾਅਦ ਸ਼ਿਵ ਸੈਨਾ ਨੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਕਸੂਰੀ ਦੀ ਲਿਖੀ ਕਿਤਾਬ ‘ਨਾਈਦਰ ਏ ਹਾਕ, ਨਾਰ ਏ ਡਵ : ਐਨ ਇਨਸਾਈਡਰਸ ਅਕਾਊਂਟਸ ਆਫ ਫਾਰੇਨ ਪਾਕਿਸਤਾਨ ਪਾਲਿਸੀ’ ਦਾ ਮੁੰਬਈ ‘ਚ ਰਿਲੀਜ਼ ਸਮਾਗਮ ਦਾ ਜੰਮ ਕੇ ਵਿਰੋਧ ਕੀਤਾ। ਤਿੰਨ ਦਿਨ ਪਹਿਲਾਂ ਹੀ ਭਾਜਪਾ ਦੇ ਸਾਬਕਾ ਨੇਤਾ ਅਤੇ ਲਾਲ ਿਯਸ਼ਨ ਅਡਵਾਨੀ ਦੇ ਸਕੱਤਰ ਰਹੇ ਸੁਧੀਂਦਰ ਕੁਲਕਰਨੀ ਨੂੰ ਚਿਤਾਵਨੀ ਦੇ ਦਿੱਤੀ ਸੀ। ਕੁਲਕਰਨੀ ਨੂੰ ਕਿਹਾ ਗਿਆ ਸੀ ਕਿ ਜੇਕਰ ਮੁੰਬਈ ਦੇ ਨਹਿਰੂ ਸੈਂਟਰ ‘ਚ ਸੋਮਵਾਰ ਦੀ ਸ਼ਾਮ ਨੂੰ ਕਰਵਾਇਆ ਜਾ ਰਿਹਾ ਵਿਦੇਸ਼ ਨੀਤੀ ਦੇ ਥਿੰਕ ਟੈਂਕ ਓਆਰਐਫ ਦਾ ਇਹ ਸਮਾਗਮ ਰੱਦ ਨਾ ਹੋਇਆ ਤਾਂ ਉਹ ਪ੍ਰਬੰਧਕਾਂ ਨੂੰ ਸਬਕ ਸਿਖਾਉਣਗੇ। ਇਸ ਤੋਂ ਬਾਅਦ ਕੁਲਕਰਨੀ ਐਤਵਾਰ ਦੀ ਰਾਤ ਮਾਤੋਸ਼੍ਰੀ ‘ਚ ਸ਼ਿਵ ਸੈਨਾ ਮੁਖੀ ਉਦਵ ਠਾਕਰੇ ਨਾਲ ਮਿਲੇ, ਪਰ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਮਿਲਿਆ। ਫਿਰ ਸ਼ਿਵ ਸੈਨਾ ਦੀ ਧਮਕੀ ਦੀ ਸ਼ਿਕਾਇਤ ਕੱਲ੍ਹ ਰਾਤ ਹੀ ਕੁਲਕਰਨੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਮੁੰਬਈ ਦੇ ਪੁਲਸ ਕਮਿਸ਼ਨਰ ਅਹਿਮਦ ਜਾਵੇਦ ਨੂੰ ਕੀਤੀ। ਹਾਲਾਂਕਿ ਸੋਮਵਾਰ ਦੀ ਸਵੇਰੇ ਮੁੰਬਈ ਦੇ ਹੰਗਾਮੇ ਤੋਂ ਬਾਅਦ ਮੁੱਖ ਮੰਤਰੀ ਫੜਨਵੀਸ ਦੀ ਸਖ਼ਤ ਹਦਾਇਤ ‘ਤੇ ਸ਼ਾਮ ਨੂੰ ਪੁਸਤਕ ਰਿਲੀਜ਼ ਸਮਾਗਮ ਸ਼ਾਂਤੀ ਪੂਰਵਕ ਨਿਪਟ ਗਿਆ। ਸ਼ਿਵ ਸੈਨਿਕਾਂ ਨੇ ਹੰਗਾਮਾ ਨਹੀਂ ਕੀਤਾ।
ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਜਦੋਂ ਸੁਧੀਂਦਰ ਕੁਲਕਰਨੀ ਕਿੰਗਸ ਸਰਕਲ ਸਥਿਤ ਆਪਣੇ ਘਰ ਤੋਂ ਕਾਰ ਰਾਹੀਂ ਨਿਕਲੇ ਤਾਂ 15 ਸ਼ਿਵ ਸੈਨਿਕਾਂ ਨੇ ਉਨ੍ਹਾਂ ਨੂੰ ਘੇਰਿਆ ਅਤੇ ਸ਼ਿਵ ਸੈਨਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਦੇ ਚਿਹਰੇ ‘ਤੇ ਕਾਲੀ ਸਿਆਹੀ ਮੱਲ ਦਿੱਤੀ। ਸਵੇਰੇ 11.30 ਵਜੇ ਮੁੰਬਈ ਦੇ ਉਨ੍ਹਾਂ ਦੇ ਦਫ਼ਤਰ ਵਿਚ ਹੀ ਖੁਰਸ਼ੀਦ ਕਸੂਰੀ ਦੀ ਗ਼ੈਰ ਰਸਮੀ ਗੱਲਬਾਤ ਹੋਣੀ ਸੀ।
………………………………………………………………..
ਟਿੱਪਣੀ:- ਅੱਜ-ਕਲ ਭਾਰਤ ਵਿਚ ਪੁਲਸ-ਪ੍ਰਸ਼ਾਸਨ ਦਾ ਘੱਟ ਆਰ.ਐਸ.ਐਸ. ਦੀਆਂ ਸਹਾਇਕ ਜਥੇਬੰਦੀਆਂ ਦਾ ਜ਼ਿਆਦਾ ਪ੍ਰਭਾਵ ਹੈ, ਭਾਰਤ ਦੇ ਦੂਸਰੇ ਸੂਬਿਆਂ ਵਿਚ ਵੀ ਡੰਗਰਾਂ ਦੇ ਵਪਾਰੀਆਂ ਦੀ ਚੈਕਿੰਗ ਸ਼ਿਵ-ਸੈਨਾ, ਬਜਰੰਗ-ਦਲ ਅਤੇ ਸਾਥੀਆਂ ਵਲੋਂ ਹੀ ਹੁੰਦੀ ਹੈ, ਵਪਾਰੀਆਂ ਦੀ ਮਾਰ-ਕੁਟਾਈ, ਉਨ੍ਹਾਂ ਦੀਆਂ ਗੱਡੀਆਂ ਦੀ ਭੰਨ-ਤੋੜ, ਅਤੇ ਮਾਲ ਨੂੰ ਏਧਰ-ਓਧਰ ਕਰਨਾ ਵੀ ਇਨ੍ਹਾਂ ਦਾ ਹੀ ਕੰਮ ਹੈ, ਇਸ ਮਾਮਲੇ ਵਿਚ ਪੁਲਸ ਕੋਈ ਦਖਲ ਦੇਣ ਤੋਂ ਕਤਰਾਉਂਦੀ ਹੈ । ਜੇ ਕੋਈ ਸਰਕਾਰ ਹੈ ਤਾਂ, ਉਸ ਨੂੰ ਬੇਨਤੀ ਹੈ ਕਿ ਕਾਨੂਨ ਦਾ ਕੰਮ ਪੁਲਸ ਕੋਲੋਂ ਕਰਵਾਇਆ ਜਾਵੇ, ਗੁੰਡਾ-ਰਾਜ ਨੂੰ ਪ੍ਰੋਤੁਸਾਹਿਤ ਨਾ ਕੀਤਾ ਜਾਵੇ ।
ਅਮਰ ਜੀਤ ਸਿੰਘ ਚੰਦੀ