ਗਿਆਨੀ ਮੱਲ ਸਿੰਘ ’ਤੇ ਹਮਲਾ !
8 ਅਕਤੂਬਰ ਦੀ ਸੰਪਾਦਕੀ ਵਿੱਚ ਗਿਆਨੀ ਮੱਲ ਸਿੰਘ ’ਤੇ ਹਮਲਾ ਸਿਰਲੇਖ ਹੇਠ ਵਿਦਵਾਨ ਸੰਪਾਦਕ ਜੀ ਨੇ ਹਮਲੇ ਦੇ ਕਾਰਣਾਂ ਦਾ ਠੀਕ ਢੰਗ ਨਾਲ ਵਿਸ਼ਲੇਸ਼ਣ ਨਹੀਂ ਕੀਤਾ। ਉਨ੍ਹਾਂ ਹਮਲੇ ਦਾ ਸਾਰੇ ਦਾ ਸਾਰਾ ਦੋਸ਼ ਗਰਮ ਦਲੀਆਂ ’ਤੇ ਥੋਪਦਿਆਂ ਲਿਖਿਆ ਹੈ ਕਿ “ਤੱਤੇ ਅਨਸਰ ਦਲੀਲ ਸੁਣਨ ਦੇ ਆਦੀ ਨਹੀਂ ਹੁੰਦੇ। ਗਿਆਨੀ ਮੱਲ ਸਿੰਘ ’ਤੇ ਹਮਲਾ ਇਸੇ ਪ੍ਰਕਰਣ ਦਾ ਹਿੱਸਾ ਹੈ”। ਵਿਦਵਾਨ ਸੰਪਾਦਕ ਜੀ ਦੀ ਇਹ ਲਿਖਤ ਨਿਰਪੱਖਤਾ ਦੀ ਕਸਵੱਟੀ ’ਤੇ ਬਿਲਕੁਲ ਪੂਰੀ ਨਹੀਂ ਉਤਰਦੀ। ਅਸਲ ਵਿੱਚ ਹਮਲਾ ਕੇਵਲ ਗਿਆਨੀ ਮੱਲ ਸਿੰਘ ’ਤੇ ਨਹੀਂ ਹੈ ਬਲਕਿ ਜਥੇਦਾਰਾਂ ਦੀ ਕਾਰਜ ਪ੍ਰਣਾਲੀ ਅਤੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅਕਾਲੀ ਧੜੇ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਸਿੱਖਾਂ ਦੀ ਸਰਬਉਚ ਸੰਸਥਾ ਸ਼੍ਰੀ ਅਕਾਲ ਤਖ਼ਤ ਦੀ ਬੜੀ ਹੀ ਨਿਰਲੱਜਤਾ ਨਾਲ ਦੁਰਵਰਤੋਂ ਦੀ ਦਿਨੋ ਦਿਨ ਵਧ ਰਹੀ ਪ੍ਰਵਿਰਤੀ ’ਤੇ ਹੈ। ਸਿਆਸੀ ਪ੍ਰਭਾਵ ਹੇਠ ਅਕਾਲ ਤਖ਼ਤ ਤੋਂ ਕਿਸ ਤਰ੍ਹਾਂ ਹੁਕਮਨਾਮੇ ਜਾਰੀ ਹੁੰਦੇ ਹਨ ਇਸ ਦਾ ਦੋਸ਼ ਕੇਵਲ ਬਾਦਲ ਵਿਰੋਧੀ ਸਿੱਖ ਹੀ ਨਹੀਂ ਲਾਉਂਦੇ ਸਗੋਂ ਦੋ ਸਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਇਲਾਵਾ ਮੌਜੂਦਾ ਜਥੇਦਾਰ ਗਿਆਨੀ ਇਕਬਾਲ ਸਿੰਘ (ਜਿਸ ਸਮੇਂ ਇਸ ਦਾ ਵੇਦਾਂਤੀ ਨਾਲ ਮਤਭੇਦ ਪੈਦਾ ਹੋ ਗਏ ਸਨ) ਵੱਲੋਂ ਦਿੱਤੇ ਗਏ ਬਿਆਨ ਵੀ ਕਾਬਜ਼ ਧੜੇ ਰਾਹੀ ਨਾਗਪੁਰ ਸਥਿਤ ਸੰਸਥਾ ਦੀ ਦਖ਼ਲ ਅੰਦਾਜ਼ੀ ਦੀ ਤਸਦੀਕ ਕਰ ਰਹੇ ਹਨ। ਸੋ ਗਿਆਨੀ ਮੱਲ ਸਿੰਘ ’ਤੇ ਹਮਲੇ ਦੇ ਜਿੰਮੇਵਾਰ ਕਥਤਿ ਤੱਤੇ ਅਨਸਰ ਨਹੀਂ ਬਲਕਿ ਅਕਾਲ ਤਖ਼ਤ ਦੀ ਦੁਰਵਤੋਂ ਕਰ ਰਿਹਾ ਬਾਦਲ ਧੜਾ ਅਤੇ ਆਪਣੀਆਂ ਜਥੇਦਾਰੀਆਂ ਬਚਾਉਣ ਲਈ ਉਨ੍ਹਾਂ ਦੇ ਹੱਥਾਂ ਦੇ ਮੋਹਰੇ ਬਣੇ ਇਹ ਜਥੇਦਾਰ ਖ਼ੁਦ ਹਨ। ਬੇਸ਼ੱਕ ਅਕਾਲ ਤਖ਼ਤ ਦੀ ਦੁਰਵਰਤੋਂ ਪਹਿਲਾਂ ਵੀ ਹੋ ਰਹੀ ਸੀ ਪਰ ਜਥੇਦਾਰ ਟੌਹਰਾ ਤੋਂ ਪਿੱਛੋਂ ਜਦੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ’ਤੇ ਪੂਰੇ ਦਾ ਪੂਰਾ ਕਬਜ਼ਾ ਬਾਦਲ ਪ੍ਰਵਾਰ ਦੇ ਹੱਥ ਆਇਆ ਹੈ ਉਸ ਸਮੇਂ ਤੋਂ ਅਕਾਲ ਤਖ਼ਤ ਦੀ ਦੁਰਵਰਤੋਂ ਬ੍ਰਦਾਸ਼ਤ ਕਰਨ ਦੀ ਹੱਦ ਤੋਂ ਵਧ ਚੁੱਕੀ ਹੈ। ਖਾਸ ਕਰਕੇ ਜਦੋਂ ਤੋਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਬਣਿਆ ਉਸ ਸਮੇਂ ਤੋਂ ਤਾਂ ਦੁਰਵਰਤੋਂ ਦੇ ਸਾਰੇ ਹੱਦਾਂ ਬੰਨੇ ਪਾਰ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੂੰ ਛੇਕਣਾ, ਨਾਨਕਸ਼ਾਹੀ ਕੈਲੰਡਰ ਦਾ ਕਤਲ, ਗੁਰਦੁਆਰਾ ਢਾਹੇ ਜਾਣ ’ਤੇ ਰਾਧਾ ਸਵਾਮੀ ਡੇਰਾ ਬਿਆਸ ਨੂੰ ਕਲੀਨ ਚਿੱਟ ਦੇਣਾ ਅਤੇ ਹੁਣ ਬਹੁਤ ਹੀ ਆਪਹੁਦਰੇ ਢੰਗ ਨਾਲ ਸਿਰਸਾ ਡੇਰਾ ਮੁਖੀ ਨੂੰ ਬਿਨਾਂ ਹੀ ਦੋਸ਼ ਕਬੂਲਿਆਂ ਅਤੇ ਮੁਆਫੀ ਮੰਗਿਆਂ ਉਸ ਵਿਰੁੱਧ ਜਾਰੀ ਹੁਕਮਨਾਮਾ ਵਾਪਸ ਲੈਣਾ ਸ਼ਾਮਲ ਹਨ। ਇਨ੍ਹਾਂ ਕੇਸਾਂ ਵਿੱਚ ਪੰਥਕ ਭਾਵਨਾਵਾਂ ਨੂੰ ਅਣਗੌਲਿਆਂ ਕਰਨ ਤੇ ਕਿਸੇ ਤਰ੍ਹਾਂ ਦੀ ਦਲੀਲ ਸੁਣਨ ਤੋਂ ਇਨਕਾਰੀ ਬਾਦਲ ਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਉਨ੍ਹਾਂ ਦੀਆਂ ਕਠਪੁਤਲੀਆਂ ਬਣੇ ਇਹ ਜਥੇਦਾਰ ਹਨ ਨਾ ਕਿ ਸੰਪਾਦਕ ਜੀ ਵੱਲੋਂ ਕਥਿਤ ਤੌਰ ’ਤੇ ਦੋਸ਼ੀ ਗਰਦਾਨੇ ਗਏ ਤੱਤੇ ਅਨਸਰ।
ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ’ਤੇ ਹਜਾਰਾਂ ਸਮਰਥਕਾਂ ਸਮੇਤ ਆਪਣਾ ਸਪਸ਼ਟੀਕਰਨ ਦੇਣ ਲਈ ਅਕਾਲ ਤਖ਼ਤ ’ਤੇ ਪਹੁੰਚੇ ਪਰ ਇਨ੍ਹਾਂ ਜਥੇਦਾਰਾਂ ਨੇ ਆਪਣੇ ਸਕੱਤਰੇਤ ਤੋਂ ਬਾਹਰ ਨਿਕਲ ਕੇ ਉਨ੍ਹਾਂ ਦਾ ਪੱਖ ਸੁਣਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦੇ ਜਾਣ ਉਪ੍ਰੰਤ ਅਕਾਲ ਤਖ਼ਤ ’ਤੇ ਆ ਕੇ ਝੂਠ ਬੋਲਿਆ ਕਿ ਉਹ ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ’ਤੇ ਬੈਠੇ ਉਡੀਕਦੇ ਰਹੇ ਪਰ ਉਹ ਹਾਜਰ ਨਹੀਂ ਹੋਇਆ। ਸੋ ਅਕਾਲ ਤਖ਼ਤ ’ਤੇ ਹਾਜਰ ਨਾ ਹੋਣ ਦਾ ਦੋਸ਼ ਲਾ ਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਿਸ ਪਿੱਛੇ ਅਸਲ ਕਾਰਣ ਇਹ ਸੀ ਕਿ ਉਨ੍ਹਾਂ ਵੱਲੋਂ ਬਾਦਲੀਲ ਨਿਰੋਲ ਗੁਰਬਾਣੀ ਅਧਾਰਤ ਕੀਤਾ ਜਾ ਰਿਹਾ ਪ੍ਰਚਾਰ ਬਾਦਲ ਦਲ ਅਤੇ ਘੱਟ ਗਿਣਤੀਆਂ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰਨ ਦੀ ਨੀਤੀ ’ਤੇ ਚੱਲ ਰਹੀ ਆਰਐੱਸਐੱਸ ਨੂੰ ਮੁਆਫਕ ਨਹੀਂ ਸੀ। ਪ੍ਰੋ: ਦਰਸ਼ਨ ਸਿੰਘ ਨੂੰ ਛੇਕਣ ਬਾਅਦ ਕੁਝ ਰੂੜੀਵਾਦੀ ਡੇਰਾਵਾਦੀ ਸਮਰਥਕਾਂ ਨੇ ਪ੍ਰੋ: ਦਰਸ਼ਨ ਸਿੰਘ ’ਤੇ ਵੀ ਹਮਲੇ ਕੀਤੇ ਸਨ ਤਾਂ ਉਸ ਸਮੇਂ ਉਨ੍ਹਾਂ ਨੂੰ ਛੇਕਣ ਵਾਲੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਹਮਲੇ ਅਤੇ ਹਮਾਲਵਰਾਂ ਦੀ ਨਿੰਦਾ ਕਰਨ ਦੀ ਥਾਂ ਉਨ੍ਹਾਂ ਨੂੰ ਗੁਰੂ ਦੇ ਲਾਲ ਕਹਿ ਕੇ ਸਤਿਕਾਰਦੇ ਰਹੇ। ਉਸ ਸਮੇਂ ਟ੍ਰਿਬਿਊਨ ਸਮੇਤ ਕਿਸੇ ਵੀ ਰੀਜਨਲ ਜਾਂ ਕੌਮੀ ਮੀਡੀਏ ਨੇ ਹਮਲਾਵਰਾਂ, ਇਨ੍ਹਾਂ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨਾਂ ਨੂੰ ਇਸ ਤਰ੍ਹਾਂ ਮੰਦਭਾਗਾ ਨਹੀਂ ਸੀ ਲਿਖਿਆ ਜਿਵੇਂ ਹੁਣ ਗਿਆਨੀ ਮੱਲ ਸਿੰਘ ’ਤੇ ਹੋਏ ਹਮਲੇ ਨੂੰ ਮੰਦਭਾਗਾ ਦੱਸ ਕੇ ਇਸ ਦਾ ਦੋਸ਼ ਕਥਿਤ ਗਰਮ ਦਲੀਆਂ ਨੂੰ ਨਹੀਂ ਦਿੱਤਾ ਗਿਆ ਹੈ। ਸਿਰਸਾ ਡੇਰਾ ਮੁਖੀ ਨੂੰ ਮੁਆਫ ਕਰਨ ਸਮੇਂ ਵੀ ਪੰਥਕ ਹਿੱਤ ਨਹੀਂ ਬਲਕਿ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀ ਚੋਣਾਂ ਵਿੱਚ ਅਕਾਲੀ ਭਾਜਪਾ ਲਈ ਸਿਰਸਾ ਪ੍ਰੇਮੀਆਂ ਦੀਆਂ ਵੋਟਾਂ ਦੀ ਉਮੀਦ ਹੈ ਇਸੇ ਕਾਰਣ ਪ੍ਰੋ: ਦਰਸ਼ਨ ਸਿੰਘ ਦੇ ਕੇਸ ਨਾਲੋਂ ਬਿਲਕੁਲ ਵੱਖਰੀ ਵਿਧੀ ਅਪਣਾਈ ਗਈ।
ਭਾਵ ਸਪਸ਼ਟੀਕਰਨ ਦੇਣ ਲਈ ਸਿਰਸਾ ਮੁਖੀ ਨੇ ਖ਼ੁਦ ਤਾਂ ਕੀ ਜਾਣਾ ਸੀ ਬਲਕਿ ਉਸ ਦਾ ਸਪਸ਼ਟੀਕਰਨ ਕੌਣ ਲੈ ਕੇ ਆਇਆ; ਇਸ ਭੇਦ ਤੋਂ ਪ੍ਰਦਾ ਉਠਾਉਣ ਤੋਂ ਵੀ ਜਥੇਦਾਰ ਬਿਲਕੁਲ ਇਨਕਾਰੀ ਹਨ। ਇਸ ਤੋਂ ਇਲਾਵਾ ਸਿਰਸਾ ਮੁਖੀ ਨੂੰ ਮੁਆਫ ਕਰਨ ਸਮੇਂ ਜਥੇਦਾਰਾਂ ਵੱਲੋਂ ਇਹ ਦਲੀਲ ਦਿੱਤੀ ਕਿ 2007 ਵਾਲੇ ਹੁਕਮਨਾਮੇ ਕਾਰਨ ਪੰਜਾਬ ਵਿੱਚ ਭਾਈਚਾਰਕ ਸਾਂਝ ਵਿੱਚ ਤਰੇੜਾਂ ਪਈਆਂ ਜਿਨ੍ਹਾਂ ਨੂੰ ਮਿਟਾਉਣ ਲਈ ਹੀ ਉਹ ਹੁਕਮਨਾਮਾ ਹੁਣ ਵਾਪਸ ਲਿਆ ਜਾਂਦਾ ਹੈ। ਜਥੇਦਾਰਾਂ ਦੀ ਇਸ ਦਲੀਲ ਨੇ ਜਿੱਥੇ ਤ੍ਰੇੜਾਂ ਪਾਉਣ ਦੇ ਮੁਖ ਦੋਸ਼ੀ ਸਵਾਂਗਧਾਰੀ ਅਤੇ ਸਟੰਟਬਾਜ਼ ਸਿਰਸਾ ਮੁਖੀ ਤੇ ਉਨ੍ਹਾਂ ਦੇ ਡੇਰਾ ਪ੍ਰੇਮੀਆਂ ਜਿਨ੍ਹਾਂ ਨੇ ਬਠਿੰਡਾ ਵਿੱਚ ਤਿੰਨ ਦਿਨ ਭਾਰੀ ਮਾਤਰਾ ਵਿੱਚ ਇੱਟਾਂ ਰੋੜੇ ਅਤੇ ਡਾਂਗਾਂ ਨਾਲ ਲੈਸ ਹੋ ਕੇ ਧਰਨਾ ਲਾ ਕੇ ਸ਼ਹਿਰ ਦੀ ਕਨੂੰਨ ਅਵਸਥਾ ਤਹਿਸ਼ ਨਹਿਸ਼ ਕਰਕੇ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਭੜਕਾਇਆ; ਉਨ੍ਹਾਂ ਨੂੰ ਬਿਲਕੁਲ ਹੀ ਦੋਸ਼ ਮੁਕਤ ਕਰ ਦਿੱਤਾ; ਉਥੇ ਭਾਈਚਾਰਕ ਸਾਂਝ ਵਿੱਚ ਵਿਗਾੜ ਪੈਦਾ ਕਰਨ ਦਾ ਸਾਰੇ ਦਾ ਸਾਰਾ ਦੋਸ਼ 2007 ਵਾਲਾ ਹੁਕਮਨਾਮਾ ਅਤੇ ਉਸ ਨੂੰ ਲਾਗੂ ਕਰਵਾ ਰਹੇ ਸਿੱਖਾਂ ਉਪਰ ਮੜ੍ਹ ਦਿੱਤਾ। ਸੋ ਜੇ ਜਥੇਦਾਰਾਂ ਨੇ ਖ਼ੁਦ ਹੀ ਸਵੀਕਾਰ ਕਰ ਲਿਆ ਹੈ ਕਿ ਅਕਾਲ ਤਖ਼ਤ ਤੋਂ ਬਿਨਾਂ ਪੜਤਾਲ ਕੀਤਿਆਂ ਗਲਤ ਹੁਕਮਨਾਮਾ ਜਾਰੀ ਹੋਇਆ ਸੀ ਤਾਂ ਇਹ ਹੁਕਮਨਾਮੇ ਜਾਰੀ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਸਜਾ ਦੇਣ ਦਾ ਖਾਸ ਕਰਕੇ ਉਸ ਸਮੇਂ ਹੋਰ ਕਿਹੜਾ ਢੰਗ ਹੋ ਸਕਦਾ ਹੈ; ਜਦੋਂ ਕਿ ਕਾਬਜ਼ ਧੜਾ ਕਿਸੇ ਦਲੀਲ ਅਪੀਲ ਸੁਣਨ ਤੋਂ ਬਿਲਕੁਲ ਇਨਕਾਰੀ ਹੋ ਬੈਠੇ ਅਤੇ ਕਾਨੂੰਨਣ ਤੌਰ ’ਤੇ ਇਨਸਾਫ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ ਕਾਬਜ਼ ਧੜੇ ਦੇ ਪੂਰਨ ਤੌਰ ’ਤੇ ਕਬਜ਼ੇ ਹੇਠ ਹੋਣ ਕਰਕੇ ਅਪੀਲਾਂ ਨੂੰ ਨਜ਼ਰਅੰਦਾਜ਼ ਕਰਕੇ ਜਾਂ ਲਟਕਾ ਕੇ ਸ਼ਿਕਾਇਤ ਕਰਤਾਵਾਂ ਨੂੰ ਪ੍ਰੇਸ਼ਾਨ ਕਰਨ ਤੋਂ ਬਿਨਾਂ ਕੁਝ ਵੀ ਉਨ੍ਹਾਂ ਦੇ ਹੱਥ ਪੱਲੇ ਨਾ ਪਾਉਣ।
ਜਿਵੇਂ ਕਿ ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਸਾਹਿਬਾਨ ਦੇ ਕਿਰਦਾਰ ’ਤੇ ਗੰਭੀਰ ਕਿਸਮ ਦੇ ਦੋਸ਼ ਲਾਉਣ ਵਾਲੀ (ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਵਿੱਚੋਂ ਛਪਵਾਈ ਗਈ) ਸਿੱਖ ਇਤਿਹਾਸ ਪੁਸਤਕ (ਹਿੰਦੀ) ਦੇ ਸਬੰਧ ਵਿੱਚ ਪੰਚ ਪ੍ਰਧਾਨੀ ਦੇ ਮੀਤ ਪਧਾਨ ਭਾਈ ਬਲਦੇਵ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿੱਚ ਪਾਏ ਗਏ ਕੇਸਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਸਬੰਧ ਵਿੱਚ ਬਣਾਈ ਕਮੇਟੀ ਦਾ ਹਸ਼ਰ ਸਾਡੇ ਸਭ ਦੇ ਸਾਹਮਣੇ ਹੈ।
ਬੇਸ਼ੱਕ ਗਿਆਨੀ ਮੱਲ ਸਿੰਘ ’ਤੇ ਹਮਲੇ ਦਾ ਮੈਂ ਨਿਜੀ ਤੌਰ ’ਤੇ ਹਮਾਇਤੀ ਨਹੀਂ ਹਾਂ ਪਰ ਕਈ ਵਾਰ ਨਿੰਦਣਯੋਗ ਘਟਨਾ ਵੀ ਅਤਿ ਦੇ ਪਏ ਨਿਘਾਰ ਦੇ ਸੁਧਾਰ ਲਈ ਇੱਕ ਚੰਗਾ ਕਦਮ ਹੋ ਨਿਬੜਦਾ ਹੈ। ਸਤਾ ਦੇ ਨਸ਼ੇ ਵਿੱਚ ਦਲੀਲ ਸੁਣਨ ਤੋਂ ਤਾਂ ਇਹ ਜਥੇਦਾਰ ਅਤੇ ਉਨ੍ਹਾਂ ਦੇ ਮਾਲਕ ਸਿਆਸੀ ਆਗੂ ਬਿਲਕੁਲ ਇਨਕਾਰੀ ਹੋਏ ਬੈਠੇ ਹਨ। ਸੋ ਆਸ ਕੀਤੀ ਜਾਂਦੀ ਹੈ ਕਿ ਜਥੇਦਾਰਾਂ ਦੇ ਆਪਹੁਦਰੇ ਹੁਕਨਾਮੇ ਦਾ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਅਤੇ ਗਿਆਨੀ ਮੱਲ ਸਿੰਘ ’ਤੇ ਸ਼੍ਰੋਮਣੀ ਕਮੇਟੀ ਦੇ ਹੀ ਇੱਕ ਮੁਲਾਜ਼ਮ ਵੱਲੋਂ ਹਮਲਾ ਇਸ ਸੁਧਾਰ ਵੱਲ ਇੱਕ ਚੰਗਾ ਕਦਮ ਹੋ ਨਿਬੜੇ ਜਿਸ ਨਾਲ ਪਹਿਲੀ ਵਾਰ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜਾ ਅਤੇ ਜਥੇਦਾਰ ਆਪਣੀਆਂ ਗਲਤੀਆਂ ਨੂੰ ਅੰਤਰ ਆਤਮੇ ਮਹਿਸੂਸ ਕਰਨ ਲੱਗ ਪੈਣ।
ਸੋ ਗਿਆਨੀ ਮੱਲ ਸਿੰਘ ਦੀ ਦਾਨਿਸ਼ਮੰਦੀ ਇਸ ਵਿੱਚ ਨਹੀਂ ਹੈ ਕਿ ਉਸ ਨੇ ਆਪਣੇ ਹਮਲਾਵਰ ਨੂੰ ਮੁਆਫ ਕਰਕੇ ਪੁਲਿਸ ਕਾਰਵਾਈ ਰੁਕਵਾ ਦਿੱਤੀ ਹੈ ਸਗੋਂ ਅਸਲੀ ਦਾਨਿਸ਼ਮੰਦੀ ਇਸ ਵਿੱਚ ਹੈ ਕਿ ਪੰਜੇ ਹੀ ਜਥੇਦਾਰ ਅਤੇ ਉਨ੍ਹਾਂ ਨੂੰ ਕਠਪੁਤਲੀਆਂ ਵਾਂਗ ਵਰਤ ਰਹੇ ਸਿਆਸਤਦਾਨ ਆਪਣੀਆਂ ਗਲਤੀਆਂ ਜਨਤਕ ਤੌਰ ’ਤੇ ਸਵੀਕਾਰ ਕਰਕੇ ਪੰਥ ਤੋਂ ਮੁਆਫੀ ਮੰਗਣ। ਖਾਸ ਕਰਕੇ ਗਿਆਨੀ ਗੁਰਬਚਨ ਸਿੰਘ ਦੇ ਸਮੇਂ ਦੇ ਜਾਰੀ ਹੋਏ ਸਾਰੇ ਹੀ ਹੁਕਮਨਾਮੇ ਵਾਪਸ ਲੈਣ ਅਤੇ ਅੱਗੇ ਤੋਂ ਪੰਥਕ ਭਾਵਨਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਿਧਾਂਤਾਂ ਦੀ ਅਣਦੇਖੀ ਕਰਕੇ ਹੁਕਮਨਾਮੇ ਜਾਰੀ ਕਰਨ ਤੋਂ ਤੋਬਾ ਕਰਨ।
ਕਿਰਪਾਲ ਸਿੰਘ