-: ਬਾਜੀਗਰਿ ਜੈਸੇ ਬਾਜੀ ਪਾਈ :-
ਇਹ ਲੇਖ ਸਤਿਨਾਮ ਸਿੰਘ ਮੌਂਰਟੀਅਲ ਨਾਲ ਹੋਏ ਮੇਰੇ ਵਿਚਾਰ ਵਟਾਂਦਰੇ ਤੇ ਆਧਾਰਿਤ ਹੈ।
ਜਸਬੀਰ ਸਿੰਘ ਵਿਰਦੀ:- ਜੇ ਗੁਰਮਤਿ ਅਨੁਸਾਰ ਇਸ ਜਨਮ ਤੋਂ ਬਾਅਦ ਫੇਰ ਜਨਮ ਨਹੀਂ ਹੈ ਤਾਂ- “ਕੀ ਗੁਰਬਾਣੀ ਦੀ ਕੋਈ ਇੱਕ ਵੀ ਪੰਗਤੀ ਜਾਂ ਸ਼ਬਦ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਦਾ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ ‘ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁੱਖ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਫੇਰ ਜਨਮ ਨਹੀਂ ਹੁੰਦਾ”?
ਸਤਿਨਾਮ ਸਿੰਘ ਮੌਂਟਰੀਅਲ:-
ੴ ਸਤਿਗੁਰ ਪ੍ਰਸਾਦਿ॥
ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ।
ਸਾਂਗੁ ਉਤਾਰਿ ਥੰਮ੍ਹਿਓ ਪਾਸਾਰਾ॥ ਤਬ ਏਕੋ ਏਕੰਕਾਰਾ॥1॥
ਕਵਨ ਰੂਪ ਦ੍ਰਿਸਟਿਓ ਬਿਨਸਾਇਓ॥ ਕਤਹਿ ਗਇਓ ਉਹੁ ਕਤ ਤੇ ਆਇਓ॥ਰਹਾਉ॥
ਜਲ ਤੇ ਊਠਹਿ ਅਨਿਕ ਤਰੰਗਾ॥ ਕਨਿਕ ਭੂਖਨ ਕੀਨੇ ਬਹੁ ਰੰਗਾ॥
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ॥ ਫਲ ਪਾਕੇ ਤੇ ਏਕੰਕਾਰਾ॥2॥
ਸਹਸ ਘਟਾ ਮਹਿ ਏਕੁ ਆਕਾਸਾ॥ ਘਟ ਫੂਟੇ ਤੇ ਓਹੀ ਪ੍ਰਗਾਸਾ॥
ਭਰਮ ਲੋਭ ਮੋਹ ਮਾਇਆ ਵਿਕਾਰ॥ ਭ੍ਰਮ ਛੂਟੇ ਤੇ ਏਕੰਕਾਰ॥3॥
ਓਹੁ ਅਬਿਨਾਸੀ ਬਿਨਸਤ ਨਾਹੀ॥ ਨਾ ਕੋ ਆਵੈ ਨਾ ਕੋ ਜਾਹੀ॥
ਗੁਰਿ ਪੂਰੈ ਹਉਮੈ ਮਲੁ ਧੋਈ॥ ਕਹੁ ਨਾਨਕ ਮੇਰੀ ਪਰਮਗਤਿ ਹੋਈ॥4॥ (ਪੰਨਾ 736)
ਅਰਥ:- ਹੇ ਭਾਈ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ।(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ ਕਿੱਥੇ ਚਲਾ ਜਾਂਦਾ ਹੈ।ਰਹਾਉ।
ਹੇ ਭਾਈ! ਜਿਵੇਂ ਕਿਸੇ ਬਾਜੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ, ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿੱਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ) ਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ, ਤਦੋਂ ਇੱਕ ਆਪ ਹੀ ਆਪ ਰਹਿ ਜਾਂਦਾ ਹੈ।1
ਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿੱਚ ਰਲ਼ ਜਾਂਦੀਆਂ ਹਨ)।ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿੱਚ ਸੋਨਾ ਹੀ ਹੁੰਦੇ ਹਨ)।(ਕਿਸੇ ਰੁੱਖ ਦਾ) ਬੀ ਬੀਜ ਕੇ ਸ਼ਾਖਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿੱਚ ਆ ਜਾਂਦਾ ਹੈ।(ਰੁੱਖ ਦੇ) ਫਲ਼ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇੱਕ ਪਰਮਾਤਮਾ ਹੀ ਹੈ।2
ਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿੱਚ (ਵੱਖ ਵੱਖ ਦਿਸਦਾ ਹੈ) ਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿਸਦਾ ਰਹਿ ਜਾਂਦਾ ਹੈ।ਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿੱਚ) ਭਟਕਣਾ, ਲੋਭ, ਮੋਹ ਆਦਿਕ ਵਿਕਾਰ ਉੱਠਦੇ ਹਨ।ਭ੍ਰਮ ਮਿਟ ਜਾਣ ਨਾਲ ਇੱਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।3
ਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਹ ਕਦੇ ਨਾਸ ਨਹੀਂ ਹੁੰਦਾ।(ਉਹ ਪ੍ਰਭੂ ਜੀਵਾਤਮਾ-ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਮਰਦਾ ਹੈ।
ਹੇ ਨਾਨਕ! ਆਖ ਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ, ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿਸ ਰਿਹਾ ਹੈ)।4।
ਸਤਿਨਾਮ ਸਿੰਘ ਮੌਂਟਰੀਅਲ, ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਸਹਿਤ ਇਹ ਸ਼ਬਦ ਪੇਸ਼ ਕਰਕੇ ਅੱਗੇ ਲਿਖਦੇ ਹਨ:-
“ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥਾਂ ਅਨੁਸਾਰ- ਪਾਠਕ ਵੀਰੋ! ਧਿਆਨ ਨਾਲ ਪੜ੍ਹੋ, ਰਹਾਉ ਵਾਲੀ ਤੁਕ ਇਸ ਸ਼ਬਦ ਦਾ ਮੂਲ ਹੈ।
ਗੁਰੂ ਜੀ ਇੱਕ ਉਧਾਰਨ ਪਹਿਲਾਂ ਅਤੇ ਤਿੰਨ ਉਧਾਰਨਾਂ ਰਹਾਉ ਵਾਲੀ ਤੁਕ ਤੋਂ ਵਾਦ ਇਸ ਮੂਲ ਤੁਕ ਨੂੰ ਸਮਝਾਉਣ ਲਈ ਵਰਤਦੇ ਹਨ।
ਪਾਠਕ ਵੀਰੋ! ਧਿਆਨ ਨਾਲ ਪੜ੍ਹੋ, ਇਸ ਰਹਾਉ ਵਾਲੀ ਤੁਕ ਵਿੱਚ ਨਾ ਕੋਈ ਗੁਰਮੁਖ ਦਾ ਜ਼ਿਕਰ ਹੈ ਨਾ ਕੋਈ ਮਨਮੁਖ ਦਾ ਜ਼ਿਕਰ ਹੈ, ਪਰ ਜੇ ਕਿਸੇ ਨੂੰ ਫਿਰ ਵੀ ਸਮਝ ਨਹੀਂ ਲੱਗਦੀ, ਉਸਨੂੰ ਫਿਰ ਦਿਮਾਗ਼ੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਅਤੇ ਅਖੀਰਲੀਆਂ ਤੁਕਾਂ ਵਿੱਚ ਗੁਰੂ ਜੀ ਇਹ ਦਸਦੇ ਹਨ ਕਿ ਸਾਨੂੰ ਇਨਾਂ ਗੱਲਾਂ ਦੀ ਸਮਝ ਇਸ ਕਰਕੇ ਨਹੀਂ ਲੱਗ ਰਹੀ ਕਿਉਂਕਿ ਸਾਡੇ ਅੰਦਰ ਭ੍ਰਮ, ਭਟਕਣਾ, ਲੋਭ, ਮੋਹ ਆਦਿਕ ਵਿਕਾਰ ਉਠਦੇ ਰਹਿੰਦੇ ਹਨ, ਪਰ ਜਿਸ ਦਾ ਭ੍ਰਮ ਮਿਟ ਜਾਂਦਾ ਹੈ ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਸਾਰਾ ਕੁੱਝ ਇੱਕ ਹੀ ਹੈ।
ਇਸ ਪਹਿਰੇ ਦੇ ਅਰਥ ਪੜ੍ਹਕੇ ਤਾਂ ਪਰਮਾਤਮਾ ਦਾ ਸਾਰਾ ਖੇਡ ਸਮਝ ਲੱਗ ਜਾਂਦਾ ਹੈ (-ਸਤਿਨਾਮ ਸਿੰਘ ਮੌਂਟਰੀਅਲ)
ਜਸਬੀਰ ਸਿੰਘ ਵਿਰਦੀ:- (ਨੋਟ:- ਕਿਉਂਕਿ ਸਤਿਨਾਮ ਸਿੰਘ ਮੌਂਟਰੀਅਲ ਨੇ ਇਹ ਉੱਪਰ ਵਾਲਾ ਲੇਖ/ ਪੱਤਰ ਮੇਰੇ ਸਵਾਲ ਦੇ ਜਵਾਬ ਵਿੱਚ ਲਿਖਿਆ ਸੀ ਅਤੇ ਡਾਕਟਰ ਦੀ ਸਲਾਹ ਲੈਣ ਵਰਗੀ ਸ਼ਬਦਾਵਲੀ ਮੇਰੇ ਲਈ ਵਰਤੀ ਗਈ ਸੀ।ਇਸ ਲਈ ਮੈਂ ਸੰਪਾਦਕ ਜੀ ਦੇ ਨਾਮ ਹੇਠਾਂ ਲਿਖੀ ਬੇਨਤੀ ਕੀਤੀ ਸੀ:-
“ਸੰਪਾਦਕ ਸ: …. ਸਿੰਘ ਜੀ! ਸਤਿਨਾਮ ਸਿੰਘ ਜੀ ਲਿਖਦੇ ਹਨ-“ਪਰ ਜੇ ਕਿਸੇ ਨੂੰ ਫਿਰ ਵੀ ਸਮਝ ਨਹੀਂ ਲੱਗਦੀ, ਉਸਨੂੰ ਫਿਰ ਦਿਮਾਗ਼ੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।” ਸੰਪਾਦਕ ਜੀ! ਇੱਥੇ ਇਸ ਸਾਇਟ ਤੇ ਗੁਰਮਤਿ ਬਾਰੇ ਵਿਚਾਰ ਹੁੰਦੀ ਹੈ ਜੋ ਕਿ ਸੁਖਾਵੇਂ ਮਹੌਲ ਵਿੱਚ ਹੀ ਹੋਣੀ ਚਾਹੀਦੀ ਹੈ।ਹਰ ਇਕ ਦੀ ਆਪਣੀ ਆਪਣੀ ਸਮਝ ਅਤੇ ਸੋਚ ਹੁੰਦੀ ਹੈ।ਵੱਖ ਵੱਖ ਸੋਚ ਹੋਣ ਕਰਕੇ ਵਿਚਾਰਾਂ ਦਾ ਵਖਰੇਵਾਂ ਹੋਣਾ ਵੀ ਕੁਦਰਤੀ ਗੱਲ ਹੈ।ਇਹ ਇਨਸਾਨੀ ਫਿਤਰਤ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਸਹੀ ਹੀ ਸਮਝਦਾ ਹੈ।ਪਰ ਕਿਸੇ ਵੀ ਹਾਲਤ ਵਿੱਚ ਕਿਸੇ ਦਾ ਇਹ ਹੱਕ ਨਹੀਂ ਬਣਦਾ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਸਤਿਨਾਮ ਸਿੰਘ ਨੇ ਵਰਤੀ ਹੈ ਉਸ ਤਰ੍ਹਾਂ ਦੀ ਸ਼ਬਦਾਵਲੀ ਗੁਰਮਤਿ ਵਿਚਾਰ ਵਟਾਂਦਰੇ ਦੌਰਾਨ ਵਰਤੀ ਜਾਵੇ।ਸੋ ਵੀਰ ਜੀ! ਆਪ ਜੀ ਅੱਗੇ ਬੇਨਤੀ ਹੈ ਕਿ ਇਹੋ ਜਿਹੇ ਸੱਜਣਾਂ ਨੂੰ ਚੇਤਾਵਨੀ ਦਿੱਤੀ ਜਾਵੇ ਕਿ ਇਸ ਤਰ੍ਹਾਂ ਦੀ ਅਣ-ਸੁਖਾਵੀਂ ਸ਼ਬਦਾਵਲੀ ਦਾ ਪ੍ਰਯੋਗ ਨਾ ਕਰਨ।ਇਹੋ ਜਿਹੀ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਮਾਹੌਲ ਖਰਾਬ ਕਰਨ ਵਾਲੇ ਵੀਰਾਂ ਦੇ ਖਿਲਾਫ ਆਪ ਜੀ ਨੂੰ ਕੋਈ ਸਖਤ ਕਦਮ ਪੁੱਟਣਾ ਚਾਹੀਦਾ ਹੈ।ਉਮੀਦ ਹੈ ਮੇਰੀ ਬੇਨਤੀ ਸਵੀਕਾਰ ਕਰੋਗੇ।ਧੰਨਵਾਦ।”
ਪਰ ਸੰਪਾਦਕ ਜੀ ਦੀ ਸੋਚ ਨਿਰਪੱਖ ਨਾ ਹੋਣ ਕਰਕੇ ਅਤੇ ਉਹਨਾਂ ਦੀ ਸੋਚ ਦਾ ਝੁਕਾਵ ਇੱਕ-ਤਰਫਾ ਅਤੇ ਮੇਰੇ ਵਿਚਾਰਾਂ ਦੇ ਖਿਲਾਫ ਹੋਣ ਕਰਕੇ, ਉਹਨਾਂ ਨੇ ਮੇਰੀ ਬੇਨਤੀ ਨੂੰ ਨਜ਼ਰ ਅੰਦਾਜ ਕਰਦੇ ਹੋਏ ਗ਼ਲਤ ਸ਼ਬਦਾਵਲੀ ਵਰਤੇ ਜਾਣ ਦੇ ਖਿਲਾਫ ਕੋਈ ਸੰਪਾਦਕੀ ਨੋਟ ਨਹੀਂ ਸੀ ਲਿਖਿਆ।
ਸਤਿਨਾਮ ਸਿੰਘ ਵਰਗੇ ਲੇਖਕਾਂ ਨੂੰ ਇਸ ਤਰ੍ਹਾਂ ਸ਼ਹਿ ਮਿਲਨ ਕਰਕੇ ਹੀ ਇਹ ਲੋਕ ਆਪਣੇ ਆਪ ਨੂੰ ਉੱਚ ਕੋਟੀ ਦੇ ਵਿਦਵਾਨ ਹੋਣ ਦਾ ਭ੍ਰਮ ਪਾਲੀ ਬੈਠੇ ਹਨ)
ਲੇਖ / ਪੱਤਰ ਬਾਰੇ ਵਿਚਾਰ:-
ਸਤਿਨਾਮ ਸਿੰਘ ਮੌਂਟਰੀਅਲ ਜੀ!
ਰਹਾਉ ਦੀ ਪੰਗਤੀ ਇਸ ਤਰ੍ਹਾਂ ਹੈ- ਅਨੇਕਾਂ ਹੀ ਰੂਪ ਦਿਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ।(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ ਕਿੱਥੇ ਚਲਾ ਜਾਂਦਾ ਹੈ”।
ਇਸ ਪੰਗਤੀ ਵਿੱਚ ਦੱਸਿਆ ਗਿਆ ਹੈ ਕਿ ਜੀਵ ਕਿੱਥੋਂ ਆਇਆ ਅਤੇ ਕਿੱਥੇ ਚਲਾ ਜਾਂਦਾ ਹੈ, ਕੋਈ ਨਹੀਂ ਦੱਸ ਸਕਦਾ।ਵੀਰ ਜੀ! ਇਹ ਵਿਚਾਰ ਬਿਲਕੁਲ
“ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥” ਅਤੇ
“ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੋਏ॥”
ਵਾਲੀ ਹੀ ਹੈ। ਅਤੇ ਇਸ ਵਿਚਾਰ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਆਵਾਗਵਨ ਹੁੰਦਾ ਹੀ ਨਹੀਂ। ਬਲਕਿ ਇਸ ਨਾਲ ਤਾਂ ਸਿੱਧ ਹੁੰਦਾ ਹੈ ਕਿ ਆਵਾਗਵਣ ਹੁੰਦਾ ਹੈ। ਜੇ ਐਸਾ ਨਾ ਹੁੰਦਾ ਤਾਂ “ਨਾਨਕ ਏਵ ਨ *ਜਾਪਈ*’ ਅਤੇ *ਕਿਆ ਜਾਤੀ ਕਿਆ ਹੁਣਿ ਹੋਇ*” ਵਰਗੀਆਂ ਗੱਲਾਂ ਨਹੀਂ ਸੀ ਕਹੀਆਂ ਹੋਣੀਆਂ।
“ਆਵਾਗਵਨ ਹੁੰਦਾ ਹੀ ਨਹੀਂ” ਅਤੇ “ਪਤਾ ਨਹੀਂ ਕਿਸ ਜੂਨ ਵਿੱਚ ਪੈਂਦਾ ਹੈ” ਦਾ ਫਰਕ ਸਮਝਣ ਦੀ ਜ਼ਰੂਰਤ ਹੈ।
ਪਹਿਲੇ ਬੰਦ ਵਿੱਚ ਬਾਜੀਗਰ ਦੀ ਮਿਸਾਲ ਦੇ ਕੇ ਸਮਝਾਇਆ ਹੈ ਕਿ; ਜਿਵੇਂ ਬਾਜੀਗਰ ਖੇਡ ਦਿਖਾਂਦਾ ਹੈ ਅਤੇ ਸਵਾਂਗ ਬਣਾ ਕੇ, ਖੇਡ ਵਿੱਚ ਕਈ ਕਿਸਮ ਦਾ ਸਮਾਨ ਬਣਾ ਕੇ ਦਿਖਾਂਦਾ ਹੈ। ਉਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ ਰੂਪੀ ਖੇਡ ਰਚੀ ਹੋਈ ਹੈ, ਇਹ ਜਗਤ ਪਸਾਰਾ (ਸਰਗੁਣ ਰੂਪ), ਸਭ ਉਸੇ ਦੀ ਖੇਡੀ ਜਾ ਰਹੀ ਖੇਡ ਦਾ ਵਰਤਾਰਾ ਹੋ ਰਿਹਾ ਹੈ।ਅਤੇ ਜਦੋਂ ਉਹ ਰਚਣਹਾਰ ਸੰਸਾਰ-ਰੂਪੀ ਖੇਡ ਸਮੇਟ ਲੈਂਦਾ ਹੈ ਤਾਂ ਸਿਰਫ ਉਹੀ (ਬਿਨਾ ਸਵਾਂਗ ਤੋਂ ਨਿਰਗੁਣ) ਰੂਪ ਰਹਿ ਜਾਂਦਾ ਹੈ।
ਇਸ ਬੰਦ ਵਿੱਚ ਆਵਾਗਵਣ ਬਾਰੇ ਕੋਈ ਵਿਚਾਰ ਨਹੀਂ ਦਿੱਤੀ ਗਈ।ਬਲਕਿ ਸਾਰਾ ਸੰਸਾਰਕ ਪਸਾਰਾ ਖਤਮ ਹੋਣ ਦੀ ਗੱਲ ਕੀਤੀ ਗਈ ਹੈ।(ਯਾਦ ਰਹੇ ਕਿ, ਆਵਾਗਵਨ, ਖੇਡੀ ਜਾ ਰਹੀ ਖੇਡ ਦਾ ਹੀ ਹਿੱਸਾ ਹੈ)।
ਦੂਸਰੇ ਬੰਦ ਵਿੱਚ ਸੰਸਾਰ ਦੇ ਮੁੱਖ ਸੌਮੇ ਪਰਮਾਤਮਾ ਬਾਰੇ ਸਮੁੰਦਰ, ਸੋਨੇ ਅਤੇ ਦਰਖਤ ਦੇ ਬੀਜ ਦੀ ਉਦਾਹਰਣ ਦੇ ਕੇ ਸਮਝਾਇਆ ਹੈ, ਕਿ ਉਸ ਪਰਮਾਤਮਾ ਤੋਂ ਸੰਸਾਰ ਉਤਪੰਨ ਹੁੰਦਾ ਹੈ ਅਤੇ ਅਖੀਰ ਉਸੇ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ।ਇੱਥੇ ਵੀ ਕਿਤੇ ਆਵਾਗਵਣ ਸਿਧਾਂਤ ਬਾਰੇ ਗੱਲ ਨਹੀਂ ਕੀਤੀ ਗਈ।ਜਗਤ-ਪਸਾਰਾ ਖ਼ਤਮ ਹੋ ਜਾਣ ਤੇ ਅਖੀਰ ਸਿਰਫ ਏਕੰਕਾਰ (ਪਰਮਾਤਮਾ) ਹੀ ਰਹਿ ਜਾਣ ਦੀ ਗੱਲ ਕੀਤੀ ਗਈ ਹੈ। ਅਰਥਾਤ ਸਾਰਾ ਪਸਾਰਾ ਉਸੇ ਇਕ ਵਿੱਚ ਹੀ ਸਮਾ ਜਾਂਦਾ ਹੈ। ਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿੱਚ, ਸੋਨੇ ਦੇ ਗਹਿਣੇ ਸੋਨੇ ਵਿੱਚ, ਦਰਖਤ ਦਾ ਬੀਜ ਆਪਣੇ ਮੂਲ ਰੂਪ ਵਿੱਚ ਆ ਜਾਂਦਾ ਹੈ। (ਇੱਥੇ ਵੀ ਸਾਰੇ ਜਗਤ ਪਸਾਰੇ ਵਾਲੀ ਖੇਡ ਖਤਮ ਹੋਣ ਵੇਲੇ ਦੀ ਗੱਲ ਕੀਤੀ ਗਈ ਹੈ)।2
ਤੀਸਰੇ ਬੰਦ ਵਿੱਚ-
“ਸਹਸ ਘਟਾ ਮਹਿ ਏਕੁ ਆਕਾਸਾ॥ ਘਟ ਫੂਟੇ ਤੇ ਓਹੀ ਪ੍ਰਗਾਸਾ॥
ਭਰਮ ਲੋਭ ਮੋਹ ਮਾਇਆ ਵਿਕਾਰ॥ਭ੍ਰਮ ਛੂਟੇ ਤੇ ਏਕੰਕਾਰ॥3॥”
ਮਿਸਾਲ ਦੇ ਕੇ ਸਮਝਾਇਆ ਹੈ ਕਿ ਜਿਵੇਂ ਹਜ਼ਾਰਾਂ ਘੜਿਆਂ ਵਿੱਚ ਪਾਣੀ ਪਿਆ ਹੋਵੇ ਉਨ੍ਹਾਂ ਸਭਨਾਂ ਵਿੱਚ ਆਕਾਸ਼ ਦਾ ਪਰਛਾਵਾਂ ਵੱਖ ਵੱਖ ਦਿਸਦਾ ਹੈ। ਪਰ ਜਦੋਂ ਸਾਰੇ ਘੜੇ ਟੁੱਟ ਜਾਣ ਤਾਂ ਸਿਰਫ ਆਕਾਸ਼ ਹੀ ਰਹਿ ਜਾਂਦਾ ਹੈ। ਇਸੇ ਤਰਾਂ, ਭ੍ਰਮ ਕਾਰਨ ਮਨੁੱਖ ਨੂੰ ਇਹ ਦਿਸਦਾ ਸੰਸਾਰ ਉਸ ਪ੍ਰਭੂ ਤੋਂ ਵੱਖਰਾ ਅਤੇ ਖੁਦ ਦੀ ਉਸ ਪ੍ਰਭੂ ਤੋਂ ਵੱਖਰੀ ਹਸਤੀ ਹੋਣ ਦਾ ਭ੍ਰਮ ਹੈ। ਇਸ ਭ੍ਰਮ ਕਾਰਨ ਸੰਸਾਰ ਦੀਆਂ ਵਸਤਾਂ ਆਪਣੀਆਂ ਬਨਾਣ ਦੇ ਲੋਭ, ਮੋਹ, ਹੰਕਾਰ ਵਿੱਚ ਫਸਿਆ ਰਹਿੰਦਾ ਹੈ। ਪਰ ਜਦੋਂ ਇਸ ਦੇ ਭਰਮ ਦਾ ਪਰਦਾ ਉੱਠਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਲੋਭ, ਮੋਹ, ਅਹੰਕਾਰ ਆਦਿ ਸਾਰਾ ਮਾਇਅਕ ਪਸਾਰਾ ਉਸੇ ਦੀ ‘ਬਾਜੀਗਰ ਵਾਲੀ ਖੇਡ’ ਹੈ ਅਤੇ ਇਸ ਦੀ ਸੰਸਾਰਕ ਵਸਤਾਂ ਨੂੰ ਆਪਣੀਆਂ ਬਨਾਉਣ ਵਾਲੀ ਭਟਕਣਾ, ਲੋਭ, ਮੋਹ, ਅਹੰਕਾਰ ਛੁੱਟ ਜਾਂਦੇ ਹਨ। ਇੱਥੇ ਵੀ ਆਵਾਗਵਣ ਦੀ ਗੱਲ ਨਹੀਂ ਕੀਤੀ ਗਈ।
ਸ਼ਬਦ ਵਿੱਚ *ਇਸ ਜਨਮ* ਤੋਂ ਬਾਅਦ ਬਾਰੇ ਵਿਚਾਰ ਨਹੀਂ ਦਿੱਤੀ ਗਈ, ਬਲਕਿ *ਸੰਸਾਰ-ਖੇਡ ਵਾਲੇ ਪਸਾਰੇ* ਅਤੇ ਇਸ ਦੇ ਸਮੇਟੇ ਜਾਣ ਬਾਰੇ ਹੈ।
ਚੌਥੇ ਬੰਦ ਵਿੱਚ-
“ਓਹੁ ਅਬਿਨਾਸੀ ਬਿਨਸਤ ਨਾਹੀ॥ ਨਾ ਕੋ ਆਵੈ ਨਾ ਕੋ ਜਾਹੀ॥”
ਅਰਥਾਤ ਜਿਵੇਂ ਪ੍ਰਭੂ ਅਬਿਨਾਸੀ ਹੈ ਕਿਤੋਂ ਆਉਂਦਾ, ਕਿਤੇ ਜਾਂਦਾ ਨਹੀਂ। ਉਸੇ ਤਰ੍ਹਾਂ ਜੀਵ ਵੀ ਅਬਿਨਾਸੀ ਹੈ, ਕਿਤੋਂ ਆਉਂਦਾ, ਕਿਤੇ ਜਾਂਦਾ ਨਹੀਂ।ਜਦੋਂ ਬੰਦੇ ਦੀ ਆਤਮਕ ਅਵਸਥਾ ਉੱਚੀ ਬਣ ਜਾਂਦੀ ਹੈ, ਉਸ ਨੁੰ ਸੋਝੀ ਆ ਜਾਂਦੀ ਹੈ ਕਿ ਸਾਰਾ ਜਗਤ ਉਸੇ ਪਰਮਾਤਮਾ ਦਾ ਆਪਣਾ ਹੀ ਰੂਪ ਹੈ।ਅਬਿਨਾਸੀ ਪਰਮਾਤਮਾ ਦੀ ਤਰ੍ਹਾਂ ਉਸ ਦੀ ਅੰਸ਼-ਜੀਵਾਤਮਾ ਦਾ ਵੀ ਕਦੇ ਨਾਸ਼ ਨਹੀਂ ਹੁੰਦਾ। ਅਰਥਾਤ ਜੀਵਾਤਮਾ ਕਦੇ ਜੰਮਦੀ ਮਰਦੀ ਨਹੀਂ ਕੇਵਲ ਸਰੀਰਕ-ਚੋਲਾ ਹੀ ਬਦਲਿਆ ਜਾਂਦਾ ਹੈ।
ਜੀਵ ਉਹੀ ਹੈ, ਕਦੇ ਕਿਸੇ ਦੀ ਮਾਂ ਬਣ ਕੇ ਆ ਜਾਂਦਾ ਹੈ ਕਦੇ ਕਿਸੇ ਦਾ ਬਾਪ, ਕਦੇ ਕਿਸੇ ਦਾ ਭਰਾ, ਕਦੇ ਕਿਸੇ ਦਾ ਸੰਗੀ ਸਾਥੀ- “ਜੁੜਿ ਜੁੜਿ ਵਿਛੁੜੇ ਵਿਛੁੜੇ ਜੁੜੇ॥ ਜੀਵਿ ਜੀਵਿ ਮੁਏ ਮੁਏ ਜੀਵੇ॥
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥
ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੋਏ॥
ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ॥
ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ॥” (ਪੰਨਾ 1238)
ਬਦਲਦੇ ਸੰਸਾਰ ਦਾ ਰੂਪ ਹੀ ਬਦਲਦਾ ਹੈ। ਪਰਮਾਤਮਾ ਜਾਂ ਉਸ ਦੀ ਅੰਸ਼ ਜੀਵਾਤਮਾ ਕਦੇ ਨਹੀਂ ਬਦਲਦੇ।
ਸਾਰੇ ਸ਼ਬਦ ਵਿੱਚ, ਇਸ ਸੰਸਾਰ-ਰੂਪੀ ਖੇਡ ਦੀ ‘ਬਾਜੀਗਰ ਦੀ ਖੇਡ’ ਨਾਲ ਤੁਲਨਾ ਕੀਤੀ ਹੈ। ਜਿਵੇਂ ਬਾਜੀਗਰ ਆਪਣੇ ਜਾਦੂਈ-ਪਟਾਰੇ ਵਿੱਚੋਂ ਕਿਸਮ ਕਿਸਮ ਦਾ ਸਮਾਨ ਕੱਢਕੇ ਖਿਲਾਰ ਦਿੰਦਾ ਹੈ।ਉਸੇ ਤਰ੍ਹਾਂ ਪ੍ਰਭੂ ਦੁਆਰਾ ਰਚੇ ਸੰਸਾਰ-ਖਿਲਾਰੇ ਦੀ ਅਸਲੀਅਤ ਇਹ ਹੈ ਕਿ- ਇਸ ਵਿੱਚੋਂ ਹਾਸਲ ਕਰਨ ਲਈ ਕੁਝ ਵੀ ਨਹੀਂ। ਪਰ ਸੰਸਾਰੀ ਜੀਵ ਇਹਨਾਂ ਨੂੰ ਆਪਣੀਆਂ ਬਨਾਉਣ ਦੇ ਆਹਰੇ ਲੱਗਾ ਰਹਿੰਦਾ ਹੈ।ਜਦੋਂ ਪ੍ਰਭੂ ਸੰਸਾਰ-ਖੇਡ ਸਮੇਟ ਲੈਂਦਾ ਹੈ ਤਾਂ ਸਭ ਕੁਝ ਉਸੇ ਵਿੱਚ ਹੀ ਸਮਾ ਜਾਂਦਾ ਹੈ।
-----
ਗੁਰਮਤਿ ਦੇ ਕੁੱਝ ਕੁ ਨੁਕਤੇ ਜਿਹਨਾਂ ਬਾਰੇ ਸਤਿਨਾਮ ਸਿੰਘ ਮੌਂਟਰੀਲ ਵਰਗੇ ਕੁੱਝ ਸੱਜਣ ਭੁਲੇਖੇ ਵਿੱਚ ਪਏ ਹੋਏ ਹਨ (ਜਾਂ ਜਾਣ ਬੁੱਝ ਕੇ ਭੁਲੇਖੇ ਖੜ੍ਹੇ ਕਰ ਰਹੇ ਹਨ) ਨੂੰ ਸਮਝਣ ਦੀ ਜਰੂਰਤ ਹੈ-
1- “ਨਾ ਕੋ ਆਵੈ ਨਾ ਜਾਹੀ॥”
ਵਰਗੀਆਂ ਪੰਗਤੀਆਂ ਦਾ ਹਮੇਸ਼ਾਂ ਗ਼ਲਤ ਅਰਥ ਸਮਝ ਲਿਆ ਜਾਂਦਾ ਹੈ।ਇਸ ਦਾ ਹਮੇਸ਼ਾਂ ਅਰਥ ਇਹ ਕੀਤਾ ਜਾਂਦਾ ਹੈ ਕਿ **ਇਸ ਜਨਮ ਤੋਂ ਬਾਅਦ** ਫੇਰ ਕੋਈ ਆਉਂਦਾ ਜਾਂਦਾ ਨਹੀਂ ਅਰਥਾਤ ਫੇਰ ਕੋਈ ਜੰਮਦਾ ਮਰਦਾ ਨਹੀਂ। ਜਦਕਿ ਇਸ ਦਾ ਅਰਥ ਹੈ ਕਿ ਜਿਸ ਤਰ੍ਹਾਂ ਪਰਮਾਤਮਾ ਕਿਤੋਂ ਆਉਂਦਾ ਤੇ ਕਿਤੇ ਜਾਂਦਾ ਨਹੀਂ ਉਸੇ ਤਰ੍ਹਾਂ ਜੀਵ ਵੀ ਉਸੇ ਦੀ ਅੰਸ਼ ਹੋਣ ਕਰਕੇ ਕਿਤੋਂ ਆਉਂਦਾ ਕਿਤੇ ਜਾਂਦਾ ਨਹੀਂ। ਜੀਵ ਇੱਥੇ ਹੀ ਸੰਸਾਰ ਤੇ ਸਰੀਰਕ ਚੋਲਾ ਬਦਲਦਾ ਹੈ ਜਾਂ ਪ੍ਰਭੂ ਦਾ ਰੂਪ ਹੋ ਕੇ ਹਮੇਸ਼ਾਂ ਲਈ ਉਸ ਵਿੱਚ ਸਮਾ ਜਾਂਦਾ ਹੈ।
2- ਸਤਿਨਾਮ ਸਿੰਘ ਮੌਂਟਰੀਅਲ ਨਾਲ ਜਦੋਂ ਕਿਸੇ ਵੀ ਨੁਕਤੇ ਤੇ ਵਿਚਾਰ ਵਟਾਂਰਾ ਹੁੰਦਾ ਹੈ, ਹਮੇਸ਼ਾਂ ‘ਇੱਕ’ ਦੀ ਗੱਲ ਤਾਂ ਕਰਦੇ ਹਨ, ਪਰ ਕੀ ਉਹ ਖੁਦ ਉਸ ‘ਇੱਕ’ ਦਾ ਮਤਲਬ ਵੀ ਸਮਝਦੇ ਹਨ?
ਸਤਿਨਾਮ ਸਿੰਘ ਖਾਸ ਕਰਕੇ ਧਿਆਨ ਦੇਣ ਕਿ- ਸਾਰਾ ਦਿਸਦਾ ਸੰਸਾਰ ਉਸੇ ‘ਇੱਕ’ ਦਾ ਹੀ ਪਸਾਰਾ ਹੈ ਅਤੇ ਸਾਰੇ ਜੀਵਾਂ ਵਿੱਚ ਉਸੇ ‘ਇੱਕ’ ਦੀ ਹੀ ਜੋਤਿ ਹੈ।
‘ਪਰ’ ਜਿਵੇਂ ਸਮੁੰਦਰ ਦੇ ਪਾਣੀ ਵਿੱਚ ਉਪਜਿਆ ‘ਬੁਦਬੁਦਾ’ ਪਾਣੀ ਦਾ ਹੀ ਅੰਸ਼ ਹੈ।ਪਰ ਸਮੁੰਦਰ ਦੀ ਅੰਸ਼ ਹੋਣ ਦੇ ਬਾਵਜੂਦ ਵੀ, ਅਤੇ ਪਾਣੀ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ, ਮੌਜੂਦਾ ਹਾਲਤ ਵਿੱਚ ਬੁਦਬੁਦਾ ਪਾਣੀ ਤੋਂ ਵੱਖ ਹੀ ਹੈ।ਇਸ ਨੂੰ ਪਾਣੀ ਨਾਲੋਂ ਵੱਖ ਕਰਨ ਵਾਲੀ ਹੈ ਇਸ ਦੇ ਅੰਦਰਲੀ ਹਵਾ।ਇਸ ਵਿੱਚੋਂ ਹਵਾ ਨਿਕਲਣ ਤੇ, ਇਹ ਜਿਸ ਪਾਣੀ ਦਾ ਹਿੱਸਾ ਹੈ ਫੇਰ ਉਸੇ ਵਿੱਚ ਸਮਾਉਣ ਦੇ ਕਾਬਲ ਹੋ ਜਾਂਦਾ ਹੈ।
ਇਸੇ ਤਰ੍ਹਾਂ ਜੀਵ, ਪਰਮਾਤਮਾ ਦੀ ਹੀ ਅੰਸ਼ ਹੋਣ ਦੇ ਬਾਵਜੂਦ, ‘ਹਉਮੈਂ ਦੇ ਭ੍ਰਮ’ ਸਹਿਤ ਜਿਸ ਹਾਲਤ ਵਿੱਚ ਇਹ ਮੌਜੂਦਾ ਸਮੇਂ ਹੈ, ਇਹ ਪਰਮਾਤਮਾ ਨਹੀਂ ਹੈ। ਇਸ ਨੂੰ ਪਰਮਾਤਮਾ ਤੋਂ ਵੱਖ ਕਰਨ ਵਾਲੀ ਹੈ ਇਸ ਵਿਚਲੀ ‘ਹਉਮੈ (ਪ੍ਰਭੂ ਤੋਂ ਆਪਣੀ ਵੱਖ ਹਸਤੀ ਸਮਝਣ ਦਾ ਭ੍ਰਮ)’
“ਹਉਮੈ ਕਰਿ ਕਰਿ ਜੰਤ ਉਪਾਇਆ॥”
ਜਿੰਨੀ ਦੇਰ ਇਸ ਦਾ ਹਉਮੈ ਦਾ ਭ੍ਰਮ ਨਹੀਂ ਜਾਂਦਾ, ਇਹ ਪ੍ਰਭੂ ਦੀ ਅੰਸ਼ ਹੁੰਦੇ ਹੋਏ ਵੀ ਪ੍ਰਭੂ ਨਾਲ ਇਕ-ਮਿੱਕ ਹੋਣ ਦੇ ਕਾਬਲ ਨਹੀਂ। ਅਤੇ ਮੌਜੂਦਾ ਹਾਲਤ ਵਿੱਚ ਇਹ ਪ੍ਰਭੂ ਨਹੀਂ ਹੈ। ਮਿਸਾਲ ਦੇ ਤੌਰ ਤੇ, ਸਾਰਾ ਇੱਕੋ ਦਾ ਪਸਾਰਾ ਹੋਣ ਦੇ ਬਾਵਜੂਦ ਵੀ ਗੁਰਮੀਤ ਰਾਮ ਰਹੀਮ ਪ੍ਰਭੂ ਨਹੀਂ ਹੈ। ਅਖੌਤੀ ਬਾਪੂ) ਆਸਾ ਰਾਮ ਪਰਮਾਤਮਾ ਨਹੀਂ ਹੈ। ਸਭ ਇਕ ਦਾ ਹੀ ਪਸਾਰਾ ਹੋਣ ਦੇ ਬਾਵਜੂਦ ਕੋਈ ਕੀੜੇ, ਪਤੰਗੇ ਹਨ। ਕੋਈ ਹਾਥੀ, ਮੱਛੀ, ਹਿਰਨ ਹਨ…।
ਮਨੁੱਖ’ਚੋਂ ਹਉਮੈ ਦਾ ਭ੍ਰਮ ਜਾਣ ਤੇ ਇਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ-
“ਹਉਮੈ ਬੂਝੈ ਤਾ ਦਰੁ ਸੂਝੈ॥”।
ਨੋਟ:- ਸਤਿਨਾਮ ਸਿੰਘ ਦੁਆਰਾ ਦਿੱਤੀ ਗਈ
‘ਬਾਜੀਗਰਿ ਜੈਸੇ ਬਾਜੀ ਪਾਈ’
ਵਾਲੀ ਉਦਾਹਰਣ ਵਿੱਚ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਦਾ ਇਸ ਲਈ ਜਿਹੜੇ ਵੀਰ ਗੁਰਬਾਣੀ ਅਨੁਸਾਰ ਇਸ ਜਨਮ ਤੋਂ ਬਾਅਦ ਫੇਰ ਜਨਮ ਨਾ ਹੋਣ ਦੀ ਗੱਲ ਕਰਦੇ ਹਨ, ਕੀ ਉਹ- “ ਗੁਰਬਾਣੀ ਦੀ ਕੋਈ ਇੱਕ ਵੀ ਪੰਗਤੀ ਜਾਂ ਸ਼ਬਦ ਪੇਸ਼ ਕਰ ਸਕਦੇ ਹਨ ਜਿਸ ਦਾ ਸਾਫ ਲਫਜ਼ਾਂ ਵਿੱਚ ਅਰਥ ਹੋਵੇ ਕਿ ‘ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁੱਖ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਫੇਰ ਜਨਮ ਨਹੀਂ ਹੁੰਦਾ”?
*****
ਜਸਬੀਰ ਸਿੰਘ ਵਿਰਦੀ
08-10-2015