ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਜੋਤੀ ਮਹਿ ਜੋਤਿ ਰਲਿ ਜਾਇਆ, ਭਾਗ 3 :-
-: ਜੋਤੀ ਮਹਿ ਜੋਤਿ ਰਲਿ ਜਾਇਆ, ਭਾਗ 3 :-
Page Visitors: 2914

-: ਜੋਤੀ ਮਹਿ ਜੋਤਿ ਰਲਿ ਜਾਇਆ, ਭਾਗ 3 :-
ਸਤਿਨਾਮ ਸਿੰਘ ਮੌਂਟਰੀਅਲ ਦੇ ਲੇਖ-ਨੁਮਾ ਪੱਤਰ ਵਿੱਚੋਂ “ਪਰ” ਬਾਰੇ ਵਿਚਾਰ:-
ਸਤਿਨਾਮ ਸਿੰਘ ਮੌਂਟਰੀਅਲ ਜੀ ਲਿਖਦੇ ਹਨ-
“ਪਰ”
ਜਦੋਂ ਮਨੁੱਖ ਆਤਮਿਕ ਮੌਤੇ ਮਰਦਾ ਹੈ, ਜਾਂ ਕਹਿ ਲਉ ਕਿ ਉਸ ਦੇ ਅੰਦਰ ਜ਼ਮੀਰ (ਸੱਚਾਈ) ਦੀ ਮੌਤ ਹੁੰਦੀ ਹੈ ਉਸ ਦੇ ਸਿੱਟੇ ਬੜੇ ਭਿਆਨਕ ਨਿਕਲਦੇ ਹਨ, ਮਨੁੱਖ ਲਈ ਵੀ ਅਤੇ ਮਨੁੱਖਤਾ ਲਈ ਵੀ, ਫਿਰ ਜਦੋਂ ਉਸ ਮਰੀ ਹੋਈ ਜ਼ਮੀਰ ਦੇ ਅੰਦਰ ਜੋ ਵਿਕਾਰਾਂ (ਬੁਰਾਈਆਂ” ਬੁਰੇ ਵਿਚਾਰਾਂ) ਦੇ ਜਨਮ ਮਰਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਉਹਨਾਂ ਦੀ ਤਾਂ ਸ਼ਾਇਦ ਗਿਣਤੀ ਵੀ ਨਾ ਹੋ ਸਕੇ, ਇੱਕ ਕਥਨ ਅਨੁਸਾਰ ਮਨੁੱਖ ਦੇ ਅੰਦਰ ਚੌਵੀ ਘੰਟੇ ਵਿੱਚ ਸੱਠ(60) ਹਜ਼ਾਰ ਵਿਚਾਰਾਂ ਦਾ ਜਨਮ ਮਰਨ ਹੁੰਦਾ ਹੈ।ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹਨਾਂ ਜਨਮਾਂ ਲਈ ਚੌਰਾਸੀ ਲੱਖ ਦਾ ਪ੍ਰਚੱਲਤ ਮੁਹਾਵਰਾ ਵਰਤਿਆ ਹੋਇਆ ਹੈ, (ਭਾਵ-ਬੇਅੰਤ) ਮਨੁੱਖ ਇਹਨਾਂ ਜਨਮ ਮਰਨ ਦੇ ਚੱਕਰਾਂ ਵਿੱਚ ਪੈ ਆਪਣੇ ਅਸਲੀ ਜੀਵਨ ਤੋਂ ਭਟਕ ਕੇ ਸੱਚ ਤੋਂ ਉਲਟ ਦਿਸ਼ਾ ਵੱਲ ਨੂੰ ਚੱਲ ਪੈਂਦਾ ਹੈ।ਮਨੁੱਖ ਲਈ ਇਹੀ ਸਭ ਤੋਂ ਵੱਡਾ ਦੁਖ ਤੇ ਲੰਮੀ ਸਜ਼ਾ ਹੈ।ਪਰ ਮਨੁੱਖ ਨੂੰ ਇਸ ਦਾ ਅਹਿਸਾਸ ਹੀ ਨਹੀਂ ਹੈ।ਗੁਰਬਾਣੀ ਵਿੱਚ ਇਸ ਜਨਮ ਮਰਨ ਦਾ ਅਹਿਸਾਸ ਕਰਾਉਣ ਦੀ ਬਾਰ ਬਾਰ ਕੋਸ਼ਿਸ਼ ਕੀਤੀ ਹੋਈ ਹੈ..”
ਵਿਚਾਰ-
ਜਿਵੇਂ ਕਿ ਗੁਰਬਾਣੀ ਦਾ ਕਥਨ ਹੈ- “ਲੋਗਨ ਰਾਮੁ ਖਿਲਉਨਾ ਜਾਨਾਂ॥” ਉਸੇ ਤਰ੍ਹਾਂ ਅਜੋਕੇ ਕੁੱਝ ਗੁਰਮਤਿ ਪ੍ਰਚਾਰਕ-ਵਿਦਵਾਨਾਂ ਨੇ ‘ਗੁਰਬਾਣੀ’ ਨੂੰ ਖਿਲੌਨਾ ਹੀ ਸਮਝ ਰੱਖਿਆ ਹੈ।  ਗੁਰਬਾਣੀ ਨਾਲ ਜਿਵੇਂ ਮਰਜ਼ੀ ਖਿਲਵਾੜ ਕਰੀ ਜਾਵੋ, ਕੋਈ ਰੋਕਣ ਟੋਕਣ ਵਾਲਾ ਨਹੀਂ, ਆਪਣੀ ਬਣੀ ਸੋਚ ਮੁਤਾਬਕ ਗੁਰਬਾਣੀ ਦੇ ਅਰਥ, ਭਾਵਾਰਥ ਘੜਕੇ ਸਿੱਖ ਜਗਤ ਵਿੱਚ ਭੁਲੇਖੇ ਖੜ੍ਹੇ ਕਰੀ ਜਾਵੋ।  ਇਹੋ ਜਿਹੇ ਗੁਰਮਤਿ ਪ੍ਰਚਾਰਕਾਂ ਵਿੱਚੋਂ ਹੀ ਹਨ, ਸਤਿਨਾਮ ਸਿੰਘ ਮੌਂਟਰੀਅਲ
ਸਤਿਨਾਮ ਸਿੰਘ ਦੀ ਲਿਖਤ ਵਿਚੱੋਂ ਵਿਚਾਰਨਜੋਗ ਕੁਝ ਖਾਸ ਗੱਲਾਂ:-
ਸਤਿਨਾਮ ਸਿੰਘ ਲਿਖਦੇ ਹਨ:- “ਇੱਕ ਕਥਨ ਅਨੁਸਾਰ ਮਨੁੱਖ ਦੇ ਅੰਦਰ ਚੌਵੀ ਘੰਟੇ ਵਿੱਚ ਸੱਠ(60) ਹਜ਼ਾਰ ਵਿਚਾਰਾਂ ਦਾ ਜਨਮ ਮਰਨ ਹੁੰਦਾ ਹੈ।  ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹਨਾਂ ਜਨਮਾਂ ਲਈ ਚੌਰਾਸੀ ਲੱਖ ਦਾ ਪ੍ਰਚੱਲਤ ਮੁਹਾਵਰਾ ਵਰਤਿਆ ਹੋਇਆ ਹੈ।”
ਵਿਚਾਰ- ਇੱਥੇ ਸਤਿਨਾਮ ਸਿੰਘ ਦੀ ਸਮਝ ਉੱਪਰ ਅਫਸੋਸ ਕੀਤਾ ਜਾਵੇ, ਗੁਰਮਤਿ ਪ੍ਰਚਾਰ ਪ੍ਰਤੀ ਇਮਾਨਦਾਰੀ ਦੀ ਘਾਟ ਸਮਝੀ ਜਾਵੇ, ਜਾਂ ਫੇਰ ਗੁਰੂ ਪ੍ਰਤੀ ਬੇ-ਵਫਾਈ ਅਤੇ ਸਿੱਖਾਂ ਨਾਲ ਧੋਖਾ  ?
  ਕਿੰਨੇ ਅਫਸੋਸ ਅਤੇ ਦੁਖ ਦੀ ਗੱਲ ਹੈ ਕਿ ਇਹਨਾਂ ਸਿੱਖੀ ਸਰੂਪ ਵਾਲੇ ਆਪਣੇ ਹੀ ਭਰਾਵਾਂ ਵੱਲੋਂ, ਆਪਣੀ ਛੋਟੀ ਸੋਚ ਨੂੰ ਗੁਰੂ ਸਾਹਿਬਾਂ ਦੀ ਸੋਚ ਦੱਸ ਕੇ ਗੁਰੂ ਸਾਹਿਬਾਂ ਦੀ ਸੋਚ ਨੂੰ ਵੀ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਗੁਰੂ ਸਾਹਿਬਾਂ ਦੇ ਅਸਲੀ ਸੁਨੇਹੇਂ ਨੂੰ ਗੰਧਲਾ ਕਰਕੇ ਸਿੱਖ ਜਗਤ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।ਉਪਰੋਂ ਚਲਾਕੀ ਇਹ ਖੇਡੀ ਜਾ ਰਹੀ ਹੈ ਕਿ ਜਿਹੜੇ ਇਹਨਾਂ ਲੋਕਾਂ ਦੇ ਝੂਠ ਦੇ ਪਾਜ ਖੋਲ੍ਹਦੇ ਹਨ ਉਹਨਾਂ ਨੂੰ ਬ੍ਰਹਮਣਵਾਦੀ ਕਹਿਕੇ ਉਹਨਾਂ ਪ੍ਰਤੀ ਸਿੱਖ ਜਗਤ ਵਿੱਚ ਨਫਰਤ ਭਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 
 84 ਲੱਖ ਦੀ ਪਚੱਲਤ ਮਾਨਤਾ ਤਾਂ ‘ਜੂਨਾਂ’ ਬਾਰੇ ਹੈ, ਪਰ ਸਾਡੇ ਇਹ ਵਿਦਵਾਨ ਜੀ 84 ਲੱਖ ਮੁਹਾਵਰੇ ਨੂੰ ਜੋੜ ਰਹੇ ਹਨ ‘ਵਿਚਾਰਾਂ’ ਨਾਲ।
ਜੂਨਾਂ ਦਾ ਤੇ ਵਿਚਾਰਾਂ ਦਾ ਆਪਸ ਵਿੱਚ ਕੀ ਮੇਲ? 
 ਸੋਚਣ ਵਾਲੀ ਗੱਲ ਹੈ ਕਿ ਜੂਨਾਂ ਬਾਰੇ ਮਾਨਤਾ ਤਾਂ ‘84 ਲੱਖ’ ਹੈ।ਪਰ ਸਤਿਨਾਮ ਸਿੰਘ ਨੂੰ ‘84 ਲੱਖ’ ਅਤੇ ‘60 ਹਜ਼ਾਰ’ ਵਿੱਚ ਕੋਈ ਫਰਕ ਹੀ ਨਹੀਂ ਲੱਗਦਾ। ਜੇ ‘ਜੂਨਾਂ ਵਾਲੀ ਗੱਲ ਨੂੰ ਨਜ਼ਰ ਅੰਦਾਜ ਕਰ ਦੇਈਏ ਤਾਂ ਵੀ, ‘60 ਹਜ਼ਾਰ…’ ਤੋਂ ‘84 ਲੱਖ…’ ਵਾਲਾ ਮੁਹਾਵਰਾ ਕਿਵੇਂ ਬਣ ਗਿਆ? ਮਿਸਾਲ ਦੇ ਤੌਰ ਤੇ “ਲਖ ਚਉਰਾਸੀਹ ਭ੍ਰਮਤਿਆ…॥” ਨੂੰ “ਸੱਠ ਹਜ਼ਾਰ” ਕਿਵੇਂ ਮੰਨਿਆ ਜਾ ਸਕਦਾ ਹੈ? ਜੇ 84 ਲੱਖ ਨੂੰ ਮੁਹਾਵਰੇ ਵਜੋਂ ਲੈਣਾ ਹੈ ਤਾਂ ਇਸ ਦਾ ਤਾਂ ਸੰਬੰਧ ‘ਜੂਨਾਂ’ ਨਾਲ ਹੀ ਹੈ, ਕਿਉਂਕਿ ਪ੍ਰਚੱਲਤ ਮਾਨਤਾ  ‘84 ਲੱਖ ਜੂਨਾਂ’ ਦੀ ਹੈ।  ਜੇ ਇਸ ਦਾ ਭਾਵ ‘ਵਿਚਾਰਾਂ’ ਨਾਲ ਜੋੜਨਾ ਹੈ ਤਾਂ 84 ਲਖ ਦੀ ਬਜਾਏ 60 ਹਜ਼ਾਰ ਹੋਣਾ ਚਾਹੀਦਾ ਸੀ।  ਵੈਸੇ ਵੀ ਗੁਰਮਤਿ ਦਾ ਵਿਚਾਰਾਂ ਦੀ ਗਿਣਤੀ ਨਾਲ ਕੀ ਲੈਣਾ ਦੇਣਾ ?  ਜੇ ਇਹ ਮੰਨ ਵੀ ਲਈਏ ਕਿ ਮਨੁੱਖ ਦੇ ਅੰਦਰ ਚੌਵੀ ਘੰਟਿਆਂ ਵਿੱਚ 60 ਹਜ਼ਾਰ ਵਿਚਾਰਾਂ ਦਾ ਜਨਮ ਮਰਨ ਹੁੰਦਾ ਹੈ, ਅਤੇ ਇਸ ਨੂੰ ਗੁਰਬਾਣੀ ਵਿੱਚ ਜੰਮਣ ਮਰਨ ਕਿਹਾ ਹੈ ਤਾਂ- ਚੌਵੀ ਘੰਟੇ ਵਿੱਚ 60 ਹਜ਼ਾਰ ਵਿਚਾਰਾਂ ਦੇ ਜੰਮਣ ਮਰਨ ਦਾ ਸਿਲਸਿਲਾ ਤਾਂ ਹਰ ਮਨੁੱਖ ਦੇ ਅੰਦਰ ਚੱਲਦਾ ਹੈ।  ਇਹ ਤਾਂ ਹੈ ਨਹੀਂ ਕਿ ਮਰੀ ਹੋਈ ਜ਼ਮੀਰ ਵਾਲੇ ਦੇ ਅੰਦਰ ਇਹ ਸਿਲਸਲਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਉਂਦੀ ਜ਼ਮੀਰ ਵਾਲੇ ਦੇ ਅੰਦਰ ਕੋਈ ਵਿਚਾਰ ਜਨਮ ਨਹੀਂ ਲੈਂਦੇ।  ਜੇ ਹਰ ਮਨੁੱਖ ਦੇ ਅੰਦਰ 60 ਹਜ਼ਾਰ ਵਿਚਾਰ ਚੌਵੀ ਘੰਟੇ ਵਿੱਚ ਜੰਮਦੇ ਮਰਦੇ ਹਨ ਤਾਂ ਗੁਰਬਾਣੀ ਵਿੱਚ ਇਹ ਮੁਹਾਵਰਾ (?) ਵਰਤਣ ਦਾ ਮਤਲਬ ਕੀ ਬਣਦਾ ਹੈ ? ਮਿਸਾਲ ਦੇ ਤੌਰ ਤੇ-
ਲਖ ਚਉਰਾਸੀ ਭ੍ਰਮਤਿਆ ਦੁਲਭ ਜਨਮੁ ਪਾਇਓ॥” (ਪੰਨਾ 50)
ਤਾਂ ਕੀ ਇਸ ਦਾ ਮਤਲਬ ਇਹ ਹੈ ਕਿ 60 ਹਜ਼ਾਰ ਵਿਚਾਰਾਂ ਦੇ ਜਨਮ ਮਰਨ ਵਿੱਚ ਭ੍ਰਮਣ ਤੋਂ ਬਾਅਦ ਦੁਰਲਭ ਮਨੁੱਖਾ ਜਨਮ ਮਿਲਿਆ ਹੈ ?
ਹਰਿ ਕੇ ਚਰਨ ਹਿਰਦੈ ਕਰਿ ਓਟ॥ਜਨਮ ਮਰਨ ਤੇ ਹੋਵਤ ਛੋਟ॥” (ਪੰਨਾ 198)
 ਤਾਂ ਕੀ ਇਸ ਦਾ ਮਤਲਬ ਹੈ ਕਿ ਪ੍ਰਭੂ ਦੇ ਚਰਨਾਂ ਦਾ ਓਟ ਆਸਰਾ ਲੈਣ ਨਾਲ ਮਨੁੱਖ ਦੇ ਅੰਦਰ ਵਿਚਾਰਾਂ ਦਾ ਜਨਮ ਮਰਨ ਸਮਾਪਤ ਹੋ ਜਾਂਦਾ ਹੈ ? ਜੇ ਇਸੇ ਤਰ੍ਹਾਂ ਹੋਵੇ, ਫੇਰ ਤਾਂ ਐਸੇ ਮਨੁੱਖ ਦਾ ਜੀਵਨ ਜਾਨਵਰਾਂ ਵਾਙੂੰ; ਖਾਣ, ਪੀਣ, ਸੌਣ ਤੱਕ ਹੀ ਸੀਮਿਤ ਹੋ ਕੇ ਰਹਿ ਜਾਏਗਾ।
 ਚੰਗੇ ਮੰਦੇ ਸੰਸਕਾਰਾਂ ਦੇ ਆਧਾਰ ਤੇ ਬੰਦਾ ਵਿਚਾਰਾਂ ਦੀ ਲੜੀ ਨੂੰ ਅੱਗਲੇ ਪੜਾਵ ਵੱਲ ਤੋਰ ਲੈਂਦਾ ਹੈ।ਪਰ ਵਿਚਾਰ ਤਾਂ ਹਰ ਇੱਕ ਦੇ ਮਨ ਅੰਦਰ ਜੰਮਦੇ ਮਰਦੇ ਹੀ ਹਨ।ਫੇਰ ਇਹ ਮੁਹਾਵਰਾ ਕੇਵਲ ਮੰਦੇ ਵਿਚਾਰਾਂ ਵਾਲਿਆਂ ਲਈ ਕਿਵੇਂ ਵਰਤਿਆ ਜਾ ਸਕਦਾ ਹੈ ? ਕੀ ਕੋਈ ਸਟਡੀ ਇਹ ਕਹਿੰਦੀ ਹੈ ਕਿ ਮੰਦੇ ਵਿਚਾਰਾਂ ਵਾਲਿਆਂ ਦੇ ਅੰਦਰ ਹੀ ਵਿਚਾਰਾਂ ਦਾ ਜਨਮ ਮਰਨ ਹੁੰਦਾ ਹੈ, ਚੰਗੇ ਵਿਚਾਰਾਂ ਵਾਲਿਆਂ ਦੇ ਅੰਦਰ ਨਹੀਂ ?
ਸਤਿਨਾਮ ਸਿੰਘ ਲਿਖਦੇ ਹਨ:- “ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹਨਾਂ ਜਨਮਾਂ ਲਈ ਚੌਰਾਸੀ ਲੱਖ ਦਾ ਪਰਚੱਲਤ ਮੁਹਾਵਰਾ ਵਰਤਿਆ ਹੋਇਆ ਹੈ,
**(ਭਾਵ- ਬੇਅੰਤ) ਮਨੁੱਖ** ਇਹਨਾਂ ਜਨਮ ਮਰਨ ਦੇ ਚੱਕਰਾਂ ਵਿੱਚ ਪੈ ਆਪਣੇ ਅਸਲੀ ਜੀਵਨ ਤੋਂ ਭਟਕ ਕੇ ਸੱਚ ਤੋਂ ਉਲਟ ਦਿਸ਼ਾ ਵੱਲ ਨੂੰ **ਚੱਲ ਪੈਂਦਾ ਹੈ**।
ਵਿਚਾਰ:- ਸਤਿਨਾਮ ਸਿੰਘ ਦੇ ਇਸ ਲਾਇਨ ਵਿਚਲੇ ਸਾਰੇ ਲਫਜ਼ਾਂ ਨੂੰ ਜ਼ਰਾ ਧਿਆਨ ਨਾਲ ਵਿਚਾਰਿਆ ਜਾਵੇ।ਦੇਖੋ ਸਤਿਨਾਮ ਸਿੰਘ ਜੀ ਕਿਵੇਂ ਪਲਟੀਆਂ ਮਾਰ ਰਹੇ ਹਨ।
ਪਹਿਲਾਂ- ‘84 ਲੱਖ’-‘ਜੂਨਾਂ’ ਅਤੇ ‘60 ਹਜ਼ਾਰ’- ‘ਵਿਚਾਰਾਂ’ ਵਾਲੀ ਗੱਲ ਨੂੰ ਰਲਗੱਡ ਕੀਤਾ ਗਿਆ ਹੈ।
ਹੁਣ ਇਥੇ ਬਣ ਗਿਆ- ਚਉਰਾਸੀ ਲੱਖ= **ਬੇਅੰਤ ‘ਮਨੁੱਖ’** ।
ਇੱਥੇ ਹੀ ਬੱਸ ਨਹੀਂ, ਇਹ ਲਾਇਨ ਪੂਰੀ ਹੁੰਦੇ-ਹੁੰਦੇ ਅਖੀਰ ਤੇ ਬਣ ਗਿਆ ‘ਉਲਟ ਦਿਸ਼ਾ ਵੱਲ **ਚੱਲ ‘ਪੈਂਦਾ ਹੈ’** । ਬੇਅੰਤ ਮਨੁੱਖਾਂ ਤੋਂ ਇੱਕ ਵਚਨ **ਪੈਂਦਾ ਹੈ** ਬਣ ਗਿਆ।ਜਾਣੀ ਕਿ ‘ਬੇਅੰਤ ਮਨੁੱਖ …ਚੱਲ ਪੈਂਦਾ ਹੈ’)। ਇਹ ਸਾਰਾ ਘਾਲ-ਮਾਲਾ, ਅਸਲੀ ਅਰਥ ਬਦਲਕੇ ਜ਼ਬਰਦਸਤੀ ਆਪਣੇ ਅਰਥ ਘੜਨ ਦਾ ਹੀ ਨਤੀਜਾ ਹੈ।
ਸਾਡੇ ਇਸ ਵਿਦਵਾਨ ਜੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਵਿਚਾਰਾਂ ਦਾ ਜੰਮਣਾ ਮਰਨਾ ਤਾਂ ਪ੍ਰਭੂ ਵੱਲੋਂ ਮਿਲੀ ਇੱਕ ਅਨਮੋਲ ਸੌਗਾਤ ਹੈ।ਵਿਚਾਰਾਂ ਦੇ ਜੰਮਣ ਮਰਨ ਕਰਕੇ ਹੀ ਸੰਸਾਰ ਤਰੱਕੀ ਦੀਆਂ ਮੰਜਿਲਾਂ ਤੈਅ ਕਰ ਰਿਹਾ ਹੈ।ਵਿਗਿਆਨਕ ਅੱਜ ਤੱਕ ਜੋ ਤਰੱਕੀ ਕਰ ਸਕੇ ਹਨ, ਉਹ ਵਿਚਾਰਾਂ ਦੇ ਜੰਮਣ ਮਰਨ ਸਦਕਾ ਹੀ ਹੋ ਸਕਿਆ ਹੈ ਅਤੇ ਹੋ ਰਿਹਾ ਹੈ।ਵਿਚਾਰ ਧੁਰੋਂ ਹਰ ਇੱਕ ਦੇ ਮਨ ਵਿੱਚ ਉਤਪੰਨ ਹੁੰਦੇ ਰਹਿੰਦੇ ਹਨ।ਹਰ ਵਿਅਕਤੀ ਆਪਣੀ ਸਮਝ ਅਤੇ ਪਹਿਲਾਂ ਤੋਂ ਹਾਸਲ ਕੀਤੇ ਗਿਆਨ ਦੇ ਸਹਾਰੇ ਨਵੇਂ ਉਪਜੇ ਵਿਚਾਰਾਂ ਤੇ ਕੰਮ ਕਰਕੇ ਨਵੀਆਂ ਖੋਜਾਂ ਕਰਨ ਦੇ ਸਮਰੱਥ ਹੋ ਜਾਂਦਾ ਹੈ।
ਜੇ ਸਤਿਨਾਮ ਸਿੰਘ ਦੀ ਗੱਲ ਮੰਨ ਲਈ ਜਾਵੇ, ਫੇਰ ਤਾਂ ਵਿਚਾਰਾਂ ਦੇ ਜੰਮਣ ਮਰਨ ਦਾ ਸਿਲਸਲਾ ਰੋਕਣ ਲਈ ਜੋਗੀਆਂ ਵਾਲਾ ਰਸਤਾ ਹੀ ਅਪਨਾਉਣਾ ਪਏਗਾ।  ਸੰਸਾਰ ਤੋਂ ਵਿਰਕਤ ਰਹੋ, ਵਿਚਾਰਾਂ ਦਾ ਉਪਜਣਾ ਆਪੇ ਘਟ/ ਬੰਦ ਹੋ ਜਾਏਗਾ।ਇਹੀ ਤਾਂ ਜੋਗੀ ਕਰ ਰਹੇ ਸਨ।
  ਸਤਿਨਾਮ ਸਿੰਘ ਲਿਖਦੇ ਹਨ:- “ਐ ਦੁਨੀਆਂ ਦੇ ਲੋਕੋ (ਖਾਸ ਕਰਕੇ ਸਿੱਖੋ)! ਸਰੀਰਕ ਮੌਤ ਤੋਂ ਬਾਦ ਦੀਆਂ ਜੂਨਾਂ ਦਾ ਭਰਮ ਛੱਡਕੇ ਅੱਜ ਦੀਆਂ ਜੂਨਾਂ ਦਾ ਫਿਕਰ ਕਰੋ, ਜੋ ਸਾਡੇ ਅੰਦਰ ਫੁਨਿ ਫੁਨਿ (ਪਲ ਪਲ) ਜਨਮ ਲੈ ਰਹੀਆਂ ਹਨ, ਇਸ ਆਵਾਗਵਨ ਦੇ ਪ੍ਰਸੰਗ (ਲੜੀ) ਨੂੰ ਤੋੜਨ ਦਾ ਜਤਨ ਕਰੋ।”
 ਵਿਚਾਰ:- ਸਤਿਨਾਮ ਸਿੰਘ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਿਵੇਂ ਕਬੂਤਰ ਦੇ ਅੰਖਾਂ ਬੰਦ ਕਰ ਲੈਣ ਨਾਲ, ਉਸ ਦੇ ਲਈ ਬਿੱਲੀ ਦਾ ਖਤਰਾ ਟਲ਼ ਨਹੀਂ ਜਾਣਾ।ਉਸੇ ਤਰ੍ਹਾਂ ਜੇ ਆਪਾਂ ਇਸ ਜਨਮ ਤੋਂ ਬਾਅਦ ਫੇਰ ਜੂਨਾਂ ਦੀ ਗੱਲ ਨਹੀਂ ਮੰਨਾਂਗੇ ਤਾਂ ਇਸ ਨਾਲ ਪ੍ਰਭੂ ਦਾ ਨਿਜਾਮ ਬਦਲ ਨਹੀਂ ਜਾਣਾ।ਸੱਚਾਈ ਨੂੰ ‘ਭਰਮ’ ਨਾਮ ਦੇਣ ਨਾਲ ਵੀ ਸੱਚਾਈ ਭਰਮ ਨਹੀਂ ਬਣ ਜਾਣੀ। ਬਿਹਤਰ ਇਹੀ ਹੈ ਕਿ ਜੋ ਸੱਚਾਈ ਹੈ ਉਸ ਨੂੰ ਉਸੇ ਤਰ੍ਹਾਂ ਸਵਿਕਾਰ ਕੀਤਾ ਜਾਵੇ।  ਜੇ ਗੁਰਬਾਣੀ ਦਾ ਸੱਚ ਸਵਿਕਾਰ ਕਰਨ ਨੂੰ ਦਿਲ ਨਹੀਂ ਮੰਨਦਾ ਤਾਂ ਨਾ ਸਹੀ, ਪਰ ਗੁਰਬਾਣੀ ਦੇ ਅਰਥ ਬਦਲਕੇ ਗੁਮਰਾਹ ਕਰਨ ਦਾ ਇਹਨਾਂ ਨੂੰ ਕੋਈ ਹੱਕ ਨਹੀਂ ਹੈ।
 ਸਤਿਨਾਮ ਸਿੰਘ, ਸਰੀਰਕ ਮੌਤ ਤੋਂ ਬਾਅਦ ਜੂਨਾਂ ਵਿੱਚ ਪੈਣ ਦਾ ਭਰਮ ਛੱਡਣ ਅਤੇ ਇਹ ਜਨਮ ਸਵਾਰਨ ਲਈ ਹਮੇਸ਼ਾਂ ਗੱਲ ਕਰਦੇ ਰਹਿੰਦੇ ਹਨ।
ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ, ਗੁਰਮਤਿ ਅਨੁਸਾਰ ਇਹ ਮਨੁੱਖਾ ਜਨਮ ਕਰਮ ਭੂਮੀ ਹੈ। ਜਿਹੋ ਜਿਹੇ ਕਰਮ ਬੰਦਾ ਇਸ ਜਨਮ ਵਿੱਚ ਕਰਦਾ ਹੈ, ਉਹੋ ਜਿਹੇ ਫਲ ਉਹ ਅੱਗੇ ਪਾਉਂਦਾ ਹੈ।ਜੋ ਕੁਝ ਚੰਗਾ ਮੰਦਾ ਕਰਨਾ ਹੈ, ਇਸੇ ਜਨਮ ਵਿੱਚ ਹੀ ਕਰਨਾ ਹੈ।ਇਸ ਜਨਮ ਦੇ ਕੀਤੇ ਚੰਗੇ ਮੰਦੇ ਕਰਮ ਹੀ ਇਸ ਜਨਮ ਤੋਂ ਬਾਅਦ ਜਨਮ ਮਰਨ ਦੇ ਗੇੜ ਵਿੱਚ ਪੈਣ ਦੀ ਜਾਂ ਜਨਮ ਮਰਨ ਤੋਂ ਮੁਕਤੀ ਦੀ ਰਾਹਦਾਰੀ ਬਣਦੇ ਹਨ। ਜੇ ਇਹ ਜਨਮ ਸਵਾਰਿਆ ਹੈ ਤਾਂ ਹੀ ਅੱਗੇ ਇਸ ਦਾ ਚੰਗਾ ਫਲ਼ ਮਿਲਨਾ ਹੈ।
“ਸਰੀਰਕ ਮੌਤ ਤੋਂ ਬਾਦ ਦੀਆਂ ਜੂਨਾਂ ਦਾ ਭਰਮ ਛੱਡਕੇ ਅੱਜ ਦੀਆਂ ਜੂਨਾਂ ਦਾ ਫਿਕਰ ਕਰੋ” ਵਰਗੀਆਂ ਗੱਲਾਂ ਸਤਿਨਾਮ ਸਿੰਘ ਜੀ ਸਿਰਫ ਗੁਮਰਾਹ ਕਰਨ ਲਈ ਅਤੇ ਭੁਲੇਖਾ ਪਾਉਣ ਲਈ ਕਰਦੇ ਹਨ।ਕਦੇ ਕਿਸੇ ਨੇ ਦੇਖਿਆ ਹੈ ਕਿ ਕੋਈ ਇਹ ਸੋਚਕੇ ਕੁਕਰਮ ਕਰੀ ਜਾਂਦਾ ਹੈ ਕਿ ਇਹ ਜਨਮ ਸਵਾਰਨ ਦੀ ਲੋੜ ਨਹੀਂ ਅੱਗਲਾ ਜਨਮ ਸਵਾਰੋ? ਅਗਲਾ ਜਨਮ ਸਵਾਰਨ ਦੀ ਗੱਲ ਕਰਨ ਵਾਲਾ ਹਮੇਸ਼ਾਂ ਇਹ ਜਨਮ ਸਵਾਰਨ ਦੀ ਹੀ ਗੱਲ ਪਹਿਲਾਂ ਕਰੇਗਾ, ਤਾਂ ਕਿ ਇਸ ਜਨਮ ਤੋਂ ਬਾਅਦ ਮੁੜ ਜਨਮ ਮਰਨ ਦੇ ਗੇੜ ਵਿੱਚ ਨਾ ਪੈਣਾ ਪਵੇ।
 ਇਸ ਦੇ ਉਲਟ ਇਸ ਜਨਮ ਤੋਂ ਬਾਅਦ ਫੇਰ ਜਨਮ ਨਾ ਮੰਨਣ ਵਾਲੇ ਨੂੰ ਜਿੰਨਾ ਮਰਜ਼ੀ ਉਪਦੇਸ਼ ਦੇ ਲਵੋ ਕਿ ਇਹ ਜਨਮ ਸਵਾਰਨਾ ਹੈ। ਪਰ ਉਸ ਦੇ ਮਨ ਦੇ ਧੁਰ ਅੰਦਰ ਇਹੀ ਵਿਚਾਰ ਬਣਿਆ ਰਹੇਗਾ ਕਿ ਇਸ ਜਨਮ ਤੋਂ ਬਾਅਦ ਫੇਰ ਜਨਮ ਤਾਂ ਹੈ ਨਹੀਂ, ਜਿਹੜੇ ਮਰਜ਼ੀ ਢੰਗ ਨਾਲ ਹੋਵੇ, ਦੌਲਤ ਇਕੱਠੀ ਕਰੋ ਅਤੇ ਐਸ਼ ਦੀ ਜ਼ਿੰਦਗੀ ਬਸਰ ਕਰੋ।ਉਸ ਦੇ ਭਾ ਦਾ, ਇਸ ਜਨਮ ਵਿੱਚ ਕੀਤੇ ਚੰਗੇ ਮੰਦੇ ਕਰਮ ਦੇਖਣ ਵਾਲਾ ਅਤੇ ਇਸ ਦਾ ਫਲ਼ ਦੇਣ ਵਾਲਾ ਕੋਈ ਨਹੀਂ ।
 ਸਤਿਨਾਮ ਸਿੰਘ ਨੂੰ ਇਹ ਨਹੀਂ ਪਤਾ ਕਿ ਇਸ ਜਨਮ ਤੋਂ ਬਾਅਦ ਜੂਨਾਂ ਦੀ ਚਿੰਤਾ ਜਾਂ ਉਸ ਤੋਂ ਬਚਾਵ ਲਈ ਕੋਈ ਵੱਖਰੇ ਉਪਰਾਲੇ ਨਹੀਂ ਕਰਨੇ। ਬਲਕਿ ਇਸ ਜਨਮ ਵਿੱਚ ਦੀ ਆਤਮਕ ਮੌਤ (ਸਤਿਨਾਮ ਸਿੰਘ ਮੁਤਬਕ ਇਸ ਜਨਮ ਦੀਆਂ ਜੂਨਾਂ) ਹੀ ਇਸ ਜਨਮ ਤੋਂ ਬਾਅਦ ਜਨਮ ਮਰਨ ਦਾ ਕਾਰਨ ਬਣਦੀ ਹੈ। ਇਹ ਜਨਮ ਹੀ ਅਗਲੇ ਜਨਮ ਦਾ ਪ੍ਰਤਿਬਿੰਬ ਅਤੇ ਪ੍ਰਤੀਕਰਮ ਹੈ। ਪਿਛਲੇ ਮਨੁੱਖਾ ਜਨਮ ਦੇ ਕੀਤੇ ਕਰਮ ਇਸ ਜਨਮ ਦੇ ਲੇਖ ਬਣਦੇ ਹਨ ਅਤੇ ਇਸ ਜਨਮ ਦੇ ਕੀਤੇ ਕਰਮ ਅਗਲੇ ਜਨਮ ਦੇ ਲੇਖ ਬਣਦੇ ਹਨ।
ਸਤਿਨਾਮ ਸਿੰਘ ਇਹ ਜਨਮ ਸਵਾਰਨ ਦੀ ਗੱਲ ਕਰਦੇ ਹਨ, ਪਰ ਆਵਾਗਵਨ ਨੂੰ ਮੰਨਣ ਵਾਲੇ ਵੀ ਤਾਂ ਇਹ ਜਨਮ ਸਵਾਰਨ ਦੀ ਹੀ ਗੱਲ ਕਰਦੇ ਹਨ
ਗੁਰਮੁਖ ਮਨੁੱਖ ਅਨੁਸਾਰ, ਜੇ ਇਹ ਜਨਮ ਨਹੀਂ ਸਵਾਰਿਆ ਤਾਂ ਫੇਰ ਸਿਰਫ ਪਛਤਾਵਾ ਹੀ ਹੋ ਸਕਦਾ ਹੈ (ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ॥) ਇਸ ਤੋਂ ਵੱਧ ਕੁਝ ਨਹੀਂ ਕੀਤਾ ਜਾ ਸਕਦਾ।
 ਫਰਕ ਬੱਸ ਏਨਾ ਹੈ ਕਿ ਸਤਿਨਾਮ ਸਿੰਘ ਅਤੇ ਇਹਨਾਂ ਵਰਗੇ ਹੋਰ ਵਿਦਵਾਨ ਗੱਲ ਨੂੰ ਇੱਥੇ ਹੀ ਮੁਕਾ ਦਿੰਦੇ ਹਨ ਕਿ ਇਹ ਜਨਮ ਸਵਾਰਨਾ ਹੈ। ਜੇ ਕਿਸੇ ਨੇ  ਇਹ ਜਨਮ ਨਹੀ ਸਵਾਰਿਆ ਤਾਂ ਫੇਰ ਕੀ, ਇਸ ਬਾਰੇ ਇਹ ਲੋਕ ਚੁੱਪ ਹਨ। ਪਰ ਗੁਰਬਾਣੀ ਅਧੂਰੀ ਗੱਲ ਨਹੀਂ ਕਰਦੀ।ਗੁਰਬਾਣੀ ਇਸ ਤੋਂ ਅੱਗੇ ਦੀ ਗੱਲ ਵੀ ਕਰਦੀ ਹੈ ਕਿ ਜੇ ਇਹ ਜਨਮ ਨਾ ਸਵਾਰਿਆ ਤਾਂ ਇਸ ਜਨਮ ਤੋਂ ਬਾਅਦ ਫੇਰ ਜੂਨਾਂ ਵਿੱਚ ਪੈਣਾ ਪੈ ਸਕਦਾ ਹੈ। ਪਰ ਅਜੋਕੇ ਵਿਦਵਾਨਾਂ ਨੂੰ ਇਹ ਦੂਸਰੀ ਗੱਲ ਪਸੰਦ ਨਹੀਂ ਇਸ ਲਈ ਇਸ ਗੱਲ ਵੱਲੋਂ ਕਬੂਤਰ ਵਾਙੂੰ ਅੱਖਾਂ ਹੀ ਬੰਦ ਕਰ ਲੈਂਦੇ ਹਨ। ਜਾਂ ਫੇਰ ਗੁਰਬਾਣੀ ਦੇ ਅਰਥ ਬਦਲ ਕੇ ਆਪਣੀ ਸੋਚ ਮੁਤਾਬਕ ਅਰਥ ਕਰ ਲੈਂਦੇ ਹਨ। ਇਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਪਾਠਕਾਂ ਸਰੋਤਿਆਂ ਨੂੰ ਭੁਲੇਖੇ ਵਿੱਚ ਪਾ ਕੇ ਗੁਮਰਾਹ ਕੀਤਾ ਜਾ ਸਕਦਾ ਹੈ, ਉਸੇ ਤਰ੍ਹਾਂ ਸੰਸਾਰ ਦਾ ਨਿਜਾਮ ਬਨਾਉਣ ਅਤੇ ਚਲਾਉਣ ਵਾਲਾ (ਪ੍ਰਭੂ) ਵੀ ਧੋਖਾ ਖਾ ਕੇ ਨਿਜਾਮ ਹੀ ਬਦਲ ਦੇਵੇਗਾ।
 ਸਵਾਲ ਪੈਦਾ ਹੁੰਦਾ ਹੈ ਕਿ ਜੇ ਇਸ ਜਨਮ ਤੋਂ ਬਾਅਦ ਕੋਈ ਜੂਨਾਂ ਨਹੀਂ, ਫੇਰ ਤਾਂ ਇਹ ਜਨਮ ਸਵਾਰਨ ਦੀ ਸਿਖਿਆ ਦੇਣੀ ਵੀ ਕਿਸੇ ਕੰਮ ਨਹੀਂ। ਹਰ ਕੋਈ ਆਪਣੀ ਮਨ ਮਰਜ਼ੀ ਮੁਤਾਬਕ ਜੀਵਨ ਬਿਤਾਈ ਜਾਂਦਾ ਹੈ ਅਤੇ ਅੱਗੋਂ ਬਿਤਾਈ ਜਾਵੇ। ਇਸ ਜਨਮ ਤੋਂ ਬਾਅਦ ਫੇਰ ਜਨਮ ਨਾ ਮੰਨਣ ਵਾਲੇ ਇਹ ਜਨਮ ਸਵਾਰਨ ਦੀ ਜਿੰਨੀ ਵੀ ਗੱਲ ਕਰਦੇ ਹਨ, ਇਹ ਸਭ ਕੱਚੀਆਂ ਗੱਲਾਂ ਹਨ। ਅਤੇ ਇਹਨਾਂ ਦੀਆਂ ਕੱਚੀਆਂ ਗੱਲਾਂ ਨੂੰ ਠੀਕ ਮੰਨਣ ਵਾਲੇ ਵੀ ਕੱਚੇ ਹਨ।ਇਹ ਕਹਦੇ ਕਚੇ ਸੁਣਦੇ ਕਚੇ ਕਂਚੀ ਆਖਿ ਵਖਾਣੀ॥’ ਵਾਲੀ ਗੱਲ ਹੈ।             ਸਤਿਨਾਮ ਸਿੰਘ ਲਿਖਦੇ ਹਨ:- “ਮਨੁੱਖ ਇਹਨਾਂ ਜਨਮ ਮਰਨ ਦੇ ਚੱਕਰਾਂ ਵਿੱਚ ਪੈ ਆਪਣੇ ਅਸਲੀ ਜੀਵਨ ਤੋਂ ਭਟਕ ਕੇ ਸੱਚ ਤੋਂ ਉਲਟ ਦਿਸ਼ਾ ਵੱਲ ਨੂੰ ਚੱਲ ਪੈਂਦਾ ਹੈ। ਮਨੁੱਖ ਲਈ ਇਹੀ ਸਭ ਤੋਂ ਵੱਡਾ ਦੁਖ ਤੇ ਲੰਮੀ ਸਜ਼ਾ ਹੈ।ਪਰ ਮਨੁੱਖ ਨੂੰ ਇਸ ਦਾ ਅਹਿਸਾਸ ਹੀ ਨਹੀਂ ਹੈ।  ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ ਆਤਮਿਕ ਮੌਤ ਤੋਂ ਬਚਿਆ ਨਹੀਂ ਜਾ ਸਕਦਾ ? ਜਾਂ ਬੇਕਾਰ ਦੇ ਜਨਮ ਮਰਨ ਨੂੰ ਰੋਕਿਆ ਨਹੀਂ ਜਾ ਸਕਦਾ ?”
(ਨੋਟ- ਇਸ ਤੋਂ ਅੱਗੇ ਸਤਿਨਾਮ ਸਿੰਘ ਆਤਮਕ ਮੌਤ ਦਾ ਇਲਾਜ ਦੱਸਦੇ ਹਨ)
ਵਿਚਾਰ:- ਇਸ ਜਨਮ ਤੋਂ ਬਾਅਦ ਫੇਰ ਜਨਮ ਮੰਨਣ ਵਾਲਾ ਜਿਹੜਾ ਸੋਚਦਾ ਹੈ ਕਿ ਇਸ ਜਨਮ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਦਾ ਲੇਖਾ ਦੇਣਾ ਪੈਣਾ ਹੈ- ‘ਲੇਖਾ ਰਬ ਮੰਗੇਸੀਆ’ ਉਹ ਉਲਟ ਦਿਸ਼ਾ ਵੱਲ ਕਿਵੇਂ ਚੱਲ ਪੈਂਦਾ ਹੈ ?
ਬਲਕਿ ਆਵਾਗਵਨ ਨੂੰ ਨਾ ਮੰਨਣ ਵਾਲਾ ਮਨੁੱਖ ਉਲਟ ਦਿਸ਼ਾ ਵੱਲ ਚੱਲ ਪੈਂਦਾ ਹੈ। ਜਿਹੜਾ ਸੋਚਦਾ ਹੈ ਕਿ ਇਸ ਜਨਮ ਤੋਂ ਬਾਅਦ ਫੇਰ ਜਨਮ ਤਾਂ ਹੈ ਨਹੀਂ ਕਿ ਕੀਤੇ ਕਰਮਾਂ ਦਾ ਲੇਖਾ ਦੇਣਾ ਪੈਣਾ ਹੈ। ਇਸ ਲਈ ਚਾਹੇ ਧੋਖਾ-ਧੜੀ, ਠੱਗੀ, ਪਰਾਇਆ ਹੱਕ ਹੀ ਕਿਉਂ ਨਾ ਮਾਰਨਾ ਪਵੇ, ਇਹ ਜਨਮ ਆਪਣੀ ਮਨ ਮਰਜ਼ੀ ਦਾ ਐਸ਼ ਕਰਦੇ ਹੋਏ ਗੁਜ਼ਾਰੋ।
ਜਨਮ ਮਰਨ ਦੇ ਚੱਕਰ ਵਿੱਚ ਮਨੁੱਖ ਆਪਣੀ ਮਰਜ਼ੀ ਅਤੇ ਖੁਸ਼ੀ ਨਾਲ ਨਹੀਂ ਪੈਂਦਾ। ਜਨਮ ਮਰਨ ਦਾ ਚੱਕਰ ਪਰਮਾਤਮਾ ਨੇ ਬਣਾਇਆ ਹੈ। ਉਸ ਦੇ ਹੁਕਮ ਨਾਲ ਹੀ ਮਨੁੱਖ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਹੈ। ਇਸ ਲਈ ਇਸ ਬਾਰੇ ਨਾ ਸੋਚਣ ਨਾਲ ਇਸ ਦਾ ਖਾਤਮਾ ਨਹੀਂ ਹੋ ਜਾਣਾ।
  ਸਤਿਨਾਮ ਸਿੰਘ ਆਤਮਕ ਮੌਤ ਤੋਂ ਬਚਣ ਦਾ ਰਾਹ ਦੱਸਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਮਨੁੱਖ ਨੂੰ ਅਹਿਸਾਸ ਹੀ ਨਹੀਂ ਕਿ ਉਹ ਆਤਮਕ ਮੌਤੇ ਮਰਿਆ ਲੰਮੀ ਸਜ਼ਾ ਭੁਗਤ ਰਿਹਾ ਹੈ, ਦੁਖ ਸਹਾਰ ਰਿਹਾ ਹੈ।
ਸਵਾਲ ਪੈਦਾ ਹੁੰਦਾ ਹੈ ਕਿ “ਆਤਮਕ ਮੌਤ” ਤੋਂ ਬਚਣਾ ਕਿਸ ਨੇ ਹੈ? ਜਿਸ ਨੂੰ ਇਹ ਅਹਿਸਾਸ ਵੀ ਨਹੀਂ ਹੈ ਕਿ ਉਹ ਕੋਈ ਲੰਮੀ ਸਜ਼ਾ ਭੁਗਤ ਰਿਹਾ ਹੈ, ਕੋਈ ਦੁਖ ਸਹਾਰ ਰਿਹਾ ਹੈ ?
ਕਮਾਲ ਦੀ ਗੱਲ ਹੈ ਕਿ ਜਿਸ ਨੂੰ ਕਿਸੇ ਲੰਮੀਂ ਸਜ਼ਾ, ਕਿਸੇ ਦੁਖ ਦਾ ਅਹਿਸਾਸ ਵੀ ਨਹੀਂ ਹੈ, ਸਤਿਨਾਮ ਸਿੰਘ ਜੀ ਉਸ ਨੂੰ ਇਲਾਜ ਦੱਸ ਰਹੇ ਹਨ।

                                *****
ਨੋਟ:- ਇਸੇ ਵਿਸ਼ੇ ਨਾਲ ਸੰਬੰਧਤ ਇੱਕ ਹੋਰ ਲੇਖ ਹੇਠਾਂ ਦਿੱਤੇ ਲਿੰਕ ਤੇ ਪੜ੍ਹਿਆ ਜਾਵੇ-
http://www.thekhalsa.org/frame.php?path=340&article=2752
  ਨੋਟ 2- ਇਸ ਉੱਪਰ ਦਿੱਤੇ ਲਿੰਕ ਵਾਲੇ ਲੇਖ ਵਿੱਚ ਲਿਖੇ ‘ਇੱਕ ਵਿਦਵਾਨ’ ਨੂੰ ‘ਸਤਿਨਾਮ ਸਿੰਘ ਮੌਂਟਰੀਅਲ’ ਪੜ੍ਹਿਆ ਜਾਵੇ।

ਜਸਬੀਰ ਸਿੰਘ ਵਿਰਦੀ                              
     03-10-2015


 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.