ਕਾਂਗਰਸ ਵਲੋਂ ਮੋਦੀ ਦੇ ਤਿਰੰਗੇ ਝੰਡੇ ਤੇ ਆਟੋਗ੍ਰਾਫ ਦੇਣ ਦੀ ਆਲੋਚਨਾ
• ਸਰਕਾਰ ਨੂੰ ਦੇਣਾ ਪਿਆ ਸਪੱਸ਼ਟੀਕਰਨ
ਨਿਊਯਾਰਕ, ਨਵੀਂ ਦਿੱਲੀ, 25 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਥਿਤ ਤੌਰ ‘ਤੇ ਭਾਰਤ ਦੇ ਕੌਮੀ ਝੰਡੇ ਤਿਰੰਗੇ ‘ਤੇ ਆਟੋਗ੍ਰਾਫ ਦੇ ਕੇ ਉਸ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਲਈ ਤੋਹਫੇ ਵਜੋਂ ਭੇਜਣ ਦੇ ਮਾਮਲੇ ‘ਤੇ ਵਿਵਾਦ ਭਖ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਵਿਚ ਪ੍ਰਧਾਨ ਮੰਤਰੀ ਦੀ ਅਲੋਚਨਾ ਹੋ ਰਹੀ ਹੈ ਅਤੇ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਨੇ ਵੀ ਪ੍ਰਧਾਨ ਮੰਤਰੀ ਸ੍ਰੀ ਮੋਦੀ ‘ਤੇ ਹੱਲਾ ਬੋਲਦਿਆਂ ਉਨ੍ਹਾਂ ਤੋਂ ਸਪਸ਼ਟੀਕਰਨ ਮੰਗਿਆ ਹੈ | ਦੂਜੇ ਪਾਸੇ ਵਿਵਾਦ ਵਧਦਾ ਦੇਖ ਕੇ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕੱਪੜੇ ਦੇ ਜਿਸ ਟੁਕੜੇ ‘ਤੇ ਪ੍ਰਧਾਨ ਮੰਤਰੀ ਨੇ ਦਸਤਖਤ ਕੀਤੇ ਸਨ ਉਹ ਕੌਮੀ ਝੰਡਾ ਤਿਰੰਗਾ ਨਹੀਂ ਹੈ | ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਡਾਇਰੈਕਟਰ ਜਨਰਲ ਫਰਾਂਕ ਨੋਰੋਨਹਾ ਨੇ ਨਵੀਂ ਦਿੱਲੀ ਵਿਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਲ ਵਿਚ ਇਕ ਅਪਾਹਜ਼ ਲੜਕੀ ਨੇ ਆਪਣੇ ਹੱਥ ਨਾਲ ਇਕ ਛੋਟੇ ਕੱਪੜੇ ‘ਤੇ ਚਿੱਤਰਕਾਰੀ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਸ ਲੜਕੀ ਨਾਲ ਹਮਦਰਦੀ ਜਤਾਉਂਦਿਆਂ ਉਸ ‘ਤੇ ਆਟੋਗ੍ਰਾਫ ਦਿੱਤੇ ਸਨ | ਉਨ੍ਹਾਂ ਕਿਹਾ ਕਿ ਜਿਸ ਕੱਪੜੇ ‘ਤੇ ਪ੍ਰਧਾਨ ਮੰਤਰੀ ਨੇ ਦਸਤਖਤ ਕੀਤੇ ਸਨ ਉਸ ਦੇ ਤਿੰਨ ਰੰਗ ਹੀ ਹਨ ਪਰ ਉਹ ਕੌਮੀ ਝੰਡਾ ਤਿਰੰਗਾ ਨਹੀਂ ਹੈ ਕਿਉਂਕਿ ਉਸ ਵਿਚ ਨਾ ਤਾਂ ਸਫੇਦ ਰੰਗ ਹੈ ਅਤੇ ਨਾ ਹੀ ਅਸ਼ੋਕ ਚੱਕਰ ਉਨ੍ਹਾਂ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਵਿਚ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਆਟੋਗ੍ਰਾਫ ਵਾਲੇ ਕੱਪੜੇ ਨੂੰ ਜ਼ਬਤ ਕਰ ਲਿਆ ਹੈ ਜਦਕਿ ਅਜਿਹੀਆਂ ਖ਼ਬਰਾਂ ਵਿਚ ਕੋਈ ਸੱਚਾਈ ਨਹੀਂ ਹੈ | ਇਸ ਤੋਂ ਪਹਿਲਾਂ ਅੱਜ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੇ ਸ਼ਬਦਾਂ ਵਿਚ ਨੁਕਤਾਚੀਨੀ ਕਰਦਿਆਂ ਸਪਸ਼ਟੀਕਰਨ ਦੀ ਮੰਗ ਕੀਤੀ | ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਤਿਰੰਗੇ ਦੇ ਸਨਮਾਨ ਨੂੰ ਸਭ ਤੋਂ ਉਪਰ ਦੱਸਦਿਆਂ ਕਿਹਾ ਕਿ ਸਾਰੇ ਦੇਸ਼ ਵਾਸੀਆਂ ਅਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇਹ ਫਰਜ਼ ਬਣਦਾ ਹੈ ਕਿ ਕੌਮੀ ਝੰਡੇ ਤਿਰੰਗੇ ਦਾ ਸਨਮਾਨ ਯਕੀਨੀ ਬਣਾਉਣ | ਇਸੇ ਦੌਰਾਨ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਫਲੈਗ ਕੋਡ ਦੇ ਪੈਰਾ 2.1 ਅਤੇ 3.28 ਮੁਤਾਬਿਕ ਝੰਡੇ ‘ਤੇ ਕੁਝ ਵੀ ਲਿਖਣ ਦੀ ਮਨਾਹੀ ਹੈ, ਜਿਸ ਲਈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ | ਦੂਜੇ ਪਾਸ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਜਾਣਬੁਝ ਕੇ ਵਿਵਾਦ ਖੜ੍ਹਾ ਕਰ ਰਹੀ ਹੈ ਜਦਕਿ ਸਚਾਈ ਸਭ ਦੇ ਸਾਹਮਣੇ ਹੈ |
……………………………………….
ਟਿੱਪਣੀ:- ‘ਜਿਸ ਕੀ ਲਾਠੀ ਉਸ ਕੀ ਭੈਂਸ ’ ਜਿਸ ਦਾ ਰਾਜ ਹੋਵੇ ਤਾਕਤ ਉਸ ਦੇ ਹੱਥ ਵਿਚ ਹੀ ਹੁੰਦੀ ਹੈ। ਭਾਰਤ ਵਿਚ ਕਾਨੂਨ ਨਾਂ ਦੀ ਕੋਈ ਚੀਜ਼ ਨਹੀਂ ਹੈ, 31 ਸਾਲਾਂ ਵਿਚ ਸਿੱਖ ਇਹ ਵੀ ਸਾਬਤ ਨਹੀਂ ਕਰ ਸਕੇ ਕਿ ਉਨ੍ਹਾਂ ਦੇ ਹਜ਼ਾਰਾਂ ਬੰਦਿਆਂ ਨੂੰ ਕਿਸੇ ਨੇ ਮਾਰਿਆ ਸੀ? ਜਾਂ ਉਹ ਆਪ ਹੀ ਮਰ ਗਏ ਸਨ ? ਜੇ ਕਿਸੇ ਨੇ ਮਾਰਿਆ ਸੀ ਤਾਂ ਕਿਸ ਨੇ ? ਸਾਬਤ ਕਰੋ। ਅਤੇ ਜੇ ਆਪ ਹੀ ਮਰ ਗਏ ਤਾਂ ਕੇਸ ਕਾਹਦਾ ? ਇਵੇਂ ਹੀ ਤੁਸੀਂ ਸਾਰੀ ਉਮਰ ਵੀ ਇਹ ਨਹੀਂ ਸਾਬਤ ਕਰ ਸਕਦੇ ਕਿ , ਜਿਸ ਕਪੜੇ ਤੇ ਮੋਦੀ ਨੇ ਦਸਖਤ ਕੀਤੇ ਹਨ, ਉਹ ਭਾਰਤ ਦਾ ਤਿਰੰਗਾ ਝੰਡਾ ਹੈ ? ਜਾਂ ਇਕ ਆਮ ਜਿਹਾ ਕਪੜਾ ? ਜਿਹੜੀ ਪਿਰਤ ਤੁਸੀਂ ਪਾਈ ਹੈ, ਉਸ ਦਾ ਖਮਿਆਜ਼ਾ ਸਿੱਖ ਤਾਂ ਭੁਗਤ ਹੀ ਰਹੇ ਹਨ, ਪਰ ਉਸ ਦਾ ਖਮਿਆਜ਼ਾ ਇਕ ਦਿਨ ਭਾਰਤ ਨੂੰ ਵੀ ਆਰ.ਐਸ.ਐਸ. ਹੱਥੋਂ ਭੁਗਤਣਾ ਪਵੇਗਾ ।
ਅਮਰ ਜੀਤ ਸਿੰਘ ਚੰਦੀ