ਵਣਜਾਰੇ ਸਿੱਖਾਂ ਦਾ ਦਰਦ ਕੁਝ ਹੋਰ ਹੈ, ਮਰ੍ਹਮ ਅਸੀਂ ਕਿਤੇ ਹੋਰ ਲਾਈ ਜਾ ਰਹੇ ਹਾਂ !
ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਧਿਰਾਂ ਅੱਜ ਵਣਜਾਰੇ ਸਿੱਖਾਂ ਦੀ ਦੇਖ ਭਾਲ ਅਤੇ ਉਨ੍ਹਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਸਲਾਘਾ ਜੋਗ ਕੰਮ ਕਰ ਰਹੀਆਂ ਨੇ । ਇਹ ਕੰਮ ਇਨਾਂ ਸੌਖਾ ਨਹੀ ਹੈ, ਜਿਨ੍ਹਾਂ ਅਸੀ ਸਮਝਦੇ ਹਾਂ। ਪੰਥ ਦਰਦ ਕਰਕੇ ਅਸੀਂ ਇਨ੍ਹਾਂ ਦੀ ਮਦਦ ਲਈ ਸੰਸਥਾਵਾਂ ਤੇ ਬਣਾਂ ਲੈੰਦੇ ਹਾਂ ਲੇਕਿਨ ਬਹੁਤ ਹੀ ਛੇਤੀ, ਹਾਲਾਤਾਂ ਅਤੇ ਪੈਸੇ ਦੀ ਕਮੀ ਨੂੰ ਵੇਖਦੇ ਹੋਏ ਥਕ ਜਾਂਦੇ ਹਾਂ। ਇਹ ਵਣਜਾਰੇ ਸਿੰਘ , ਗੁਰੂ ਘਰ ਦੇ ਜਾਂਬਾਜ ਸਿੱਖ ਯੋਧੇ ਬਚਿਤੱਰ ਸਿੰਘ ਅਤੇ ਹੋਰ ਸ਼ਹੀਦਾਂ ਦੀ ਅੰਸ਼ ਵਿਚੋਂ ਹਨ , ਜੋ ਗੁਰੂ ਦੀਆਂ ਫੌਜਾਂ ਦੇ ਸ਼ਸ਼ਤਰ ਬਨਾਉਣ ਤੋਂ ਲੈ ਕੇ ਲੋੜ ਪੈਣ ਤੇ ਗੁਰੂ ਦੀਆਂ ਫੌਜਾਂ ਵਿੱਚ ਸ਼ਾਮਿਲ ਹੋਕੇ ਵਡੀਆਂ ਵਡੀਆਂ ਜੰਗਾਂ ਵੀ ਜਿਤਦੇ ਰਹੇ ਹਨ ਅਤੇ ਸ਼ਹੀਦੀਆਂ ਦਾ ਜਾਮ ਵੀ ਪੀੰਦੇ ਰਹੇ ਹਨ ।
ਸਾਡੇ ਸ਼ਹਿਰ ਕਾਨਪੁਰ ਦੇ ਨਾਲ ਲੱਗੇ ਪਿੰਡ ਮੰਧਨਾਂ, ਚੌਬੇਪੁਰ ਅਦਿਕ ਵਿੱਚ ਇਨ੍ਹਾਂ ਦੀ ਬਹੁਤ ਵਡੀ ਗਿਣਤੀ ਵਿੱਚ ਅਬਾਦੀ ਹੈ । ਸਾਡੇ ਮਿਤੱਰ ਸਰਦਾਰ ਹਰਚਰਨ ਸਿੰਘ ਭੱਠੇ ਵਾਲਿਆ ਨੇ ਇਨ੍ਹਾਂ ਵਣਜਾਰੇ ਸਿੱਖਾਂ ਲਈ ਬਹੁਤ ਕੰਮ ਕੀਤਾ ਹੈ । ਉਨ੍ਹਾਂ ਦੇ ਇੱਟਾਂ ਦੇ ਭੱਠੇ ਉਨ੍ਹਾਂ ਇਲਾਕਿਆਂ ਵਿੱਚ ਹਨ , ਜਿੱਥੇ ਇਹ ਸਿੱਖ ਬਹੁਤਾਤ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਨਾਲ ਸਾਨੂੰ ਵੀ ਇਨ੍ਹਾਂ ਪਿੰਡਾਂ ਵਿੱਚ ਵਿਚਰ ਕੇ ਪ੍ਰਚਾਰ ਕਰਣ ਦਾ ਕਈਂ ਵਾਰ ਮੌਕਾ ਮਿਲਿਆ । ਇਨ੍ਹਾਂ ਦੇ ਹਾਲਾਤ ਬਹੁਤ ਮਾੜੇ ਹਨ, ਉਨ੍ਹਾਂ ਵਿੱਚ ਬਹੁਤਿਆਂ ਨੂੰ ਨਹੀ ਪਤਾ ਕਿ ਉਨ੍ਹਾਂ ਦੇ ਪੁਰਖਿਆਂ ਦਾ ਕੀ ਇਤਿਹਾਸ ਰਿਹਾ ਹੈ । ਜੇ ਅਸੀ ਉਨ੍ਹਾਂ ਦੇ ਬਚਿਆਂ ਅਤੇ ਪਰਿਵਾਰਾਂ ਨੂੰ ਇਕੱਠਾਂ ਕਰਕੇ ਉਨ੍ਹਾਂ ਦਾ ਗੌਰਵਮਈ ਇਤਿਹਾਸ ਦਸਦੇ ਹਾਂ , ਤਾਂ ਉਨ੍ਹਾਂ ਨੂੰ ਉਸ ਗੱਲ ਦਾ ਬਹੁਤਾ ਇਹਸਾਸ ਜਾਂ ਅਸਰ ਨਹੀ ਹੁੰਦਾ ਕਿਉਕਿ ਉਨ੍ਹਾਂ ਨੂੰ ਅੱਜ ਤਕ ਇਹ ਸਭ ਕੁਝ ਕਦੀ ਦਸਿਆ ਹੀ ਨਹੀ ਗਿਆ ਹੈ । ਕਸੂਰਵਾਰ ਅਸੀ ਆਪ ਹਾਂ। ਗੁਰੂ ਦੀਆਂ ਫੌਜਾਂ ਲਈ ਸ਼ਸ਼ਤਰ ਬਨਾਉਣ ਵਾਲੇ ਤੇ ਜਰੂਰਤ ਪੈਣ ਤੇ ਸ਼ਹੀਦ ਹੋ ਜਾਂਣ ਵਾਲੇ ਇਹ ਸਿੱਖ , ਦੋ ਜੂਨ ਦੀ ਰੋਟੀ ਕਮਾਉਣ ਲਈ ਅਤੇ ਅਪਣੇ ਪਰਿਵਾਰ ਪਾਲਣ ਲਈ ਹੱਥ ਦੀਆਂ ਬਣੀਆਂ ਅਵੈਧ ਬੰਦੂਕਾਂ (ਦੇਸ਼ੀ ਕੱਟੇ) ਬਨਾਉਣ ਲਈ ਵੀ ਮਜਬੂਰ ਹੋ ਗਏ ਸਨ । ਜਿਉ ਜਿਉ ਸਖਤੀ ਵਧੀ, ਇਹ ਕੰਮ ਵੀ ਬੰਦ ਹੋ ਗਿਆ , ਹੁਣ ਬਹੁਤੇ ਸਿੱਖ ਦਿਹਾੜੀ ਤੇ ਮਜਦੂਰੀ ਕਰਦੇ ਹਨ ਤੇ ਕੁਝ ਸਿੱਖ ਅਲੀਗੜ੍ਹ ਤੋਂ ਬਣੇ ਬਣਾਏ ਲੋਹੇ ਦੇ ਤਾਲੇ ਖਰੀਦ ਕੇ ਘਰ ਘਰ ਵੇਚਦੇ ਫਿਰਦੇ ਹਨ ਅਤੇ ਕਿਸੇ ਤਰ੍ਹਾਂ ਅਪਣੇ ਟੱਬਰ ਪਾਲ ਰਹੇ ਹਨ।
ਵੀਰ ਹਰਚਰਨ ਸਿੰਘ ਭੱਠੇ ਵਾਲਿਆਂ ਨੇ ਇਨ੍ਹਾਂ ਇਲਾਕਿਆਂ ਵਿੱਚ ਵਿਚਰ ਕੇ ਜੋ ਕੰਮ ਕੀਤਾ , ਉਸ ਦਾ ਨਤੀਜਾ ਇਹ ਹੈ ਕਿ ਵਣਜਾਰੇ ਸਿੱਖਾਂ ਵਿਚੋਂ ਕਾਨਪੁਰ ਦੇ ਇਕ ਪ੍ਰਚਾਰਕ ਗਿਆਨੀ ਅਰਜੁਨ ਸਿੰਘ ਸਾਡੇ ਕੋਲ ਹਨ, ਇੱਨਾਂ ਹੀ ਨਹੀ ਉਨ੍ਹਾਂ ਦੇ ਤਿਨ ਭਰਾ ਗੁਰੂ ਘਰ ਦੇ ਕੀਰਤਨੀਏ ਬਣ ਕੇ ਕਾਨਪੁਰ ਵਿੱਚ ਸਿੱਖੀ ਦਾ ਮਾਨ ਵਧਾ ਰਹੇ ਹਨ । ਇਨ੍ਹਾਂ ਸਿੱਖਾਂ ਦੀ ਵਿਸ਼ੇਸ਼ਤਾ ਵੀ ਦਸਣੀ ਜਰੂਰੀ ਹੈ, ਇਨ੍ਹਾਂ ਦੀ ਨਵੀ ਨਸਲ ਤੇ ਪੂਰੀ ਤਰ੍ਹਾਂ ਪਤਿਤ ਹੋ ਚੁਕੀ ਹੈ ਤੇ ਕੇਸ਼ ਨਹੀ ਰਖਦੀ। ਲੇਕਿਨ ਇਨ੍ਹਾਂ ਵਿੱਚ ਕੁਝ ਬਜੁਰਗ ਸਿੱਖ ਹਨ ਉਹ ਅਪਣੀ ਜਾਂਨ ਨਾਲੋ ਵੀ ਜਿਆਦਾ ਕੇਸਾਂ ਦੀ ਸੰਭਾਲ ਕਰਦੇ ਹਨ ਅਤੇ ਕਦੀ ਵੀ ਨੰਗੇ ਸਿੱਰ ਨਹੀ ਵਿਚਰਦੇ ।
ਇਸ ਦੀ ਇਕ ਜੀਉਦੀ ਮਿਸਾਲ ਇਕ ਵਣਜਾਰਾ ਸਿੱਖ ਹੈ (ਜਿਸਦਾ ਨਾਮ ਹੁਣ ਚੇਤੇ ਨਹੀ ਆ ਰਿਹਾ ) ਜੋ ਕਾਨਪੁਰ ਦੇ ਇਕ ਪਿੰਡ ਭਾਉਪੁਰ ਵਿੱਚ 1984 ਦੇ ਦੰਗਾਈਆਂ ਵਿੱਚ ਇਕ ਵੱਡੇ ਹਜੂਮ ਵਿੱਚ ਇਕੱਲਾ ਘਿਰ ਗਿਆ । ਦੰਗਾਈਆਂ ਨੇ ਉਸ ਨੂੰ ਲਲਕਾਰਿਆ ਕਿ, "ਇਸ ਸਰਦਾਰ ਕੇ ਬਾਲ ਕਾਟ ਦੋ " ਉਸਨੇ ਉਨ੍ਹਾਂ ਨੂੰ ਕਹਿਆ ਕਿ, ਮੁਝੇ ਮਾਰ ਡਾਲੋ , ਲੇਕਿਨ ਕੇਸ਼ ਨਹੀ ਕਾਟਨੇ ਦੂੰਗਾ ।" ਉਹ ਭਾਉਪੁਰ (ਕਾਨਪੁਰ ਦੇਹਾਤ ) ਪਿੰਡ ਦੀ ਨਹਿਰ ਦੀ ਪੁਲੀ ਤੇ ਫਸਿਆ ਸੀ। ਉਸਨੇ ਅਪਣਾਂ ਜੋਰ ਨਾਂ ਚਲਦਿਆ ਵੇਖਿਆ ਤੇ ਪਿਛਲੇ ਪਾਸੇ ਨਹਿਰ ਵਿੱਚ ਛਲਾਂਗ ਮਾਰ ਦਿੱਤੀ, ਲੇਕਿਨ ਦੰਗਾਈਆਂ ਨੂੰ ਅਪਣੇ ਕੇਸ਼ ਕਤਲ ਨਹੀ ਕਰਣ ਦਿੱਤੇ। ਦੂਜੇ ਤੀਜੇ ਦਿਨ ਬਾਦ ਉਸ ਨੂੰ ਹੋਸ਼ ਆੲਿਆ ਤਾਂ ਉਹ ਨਹਿਰ ਦੇ ਕੰਡੇ ਤੇ ਗੁਰੂ ਦੀ ਬਖਸ਼ਿਸ਼ ਨਾਲ ਜਿੰਦਾ ਬਚ ਗਿਆ ਸੀ। ਇਹ ਵਾਕਿਆ ਜਦੋਂ ਉਸਨੇ ਸਾਨੂੰ ਸੁਣਾਇਆ ਤਾਂ ਸਾਡੇ ਸਾਰਿਆਂ ਦੀਆਂ ਅੱਖਾਂ ਭਰ ਆਈਆ ਤੇ ਮੂਹੋ ਇਹ ਹੀ ਨਿਕਲਿਆ "ਵਾਹਿ ਗੁਰੂ" ਤੇਰਾ ਸਭ ਸਦਕਾ। ਇਨਹਾਂ ਸਾਰਿਆ ਦਾ ਜੀਵਨ ਭਾਵੇ ਗਰੀਬੀ ਦੀ ਮਾਰ ਝਲਦਾ ਰਿਹਾ , ਲੇਕਿਨ ਇਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ । ਹੁਣ ਇਹ ਗਿਣੇ ਚੁਨੇ ਹੀ ਰਹਿ ਗਏ ਹਨ, ਅਗਲੀ ਪਨੀਰੀ ਇਧਰ ਦੇ ਭਈਆਂ ਨਾਲ ਰੱਲ ਗਡ ਹੋ ਚੁਕੀ ਹੈ । ਇਥੇ ਇਨ੍ਹਾਂ ਬਾਰੇ ਲਿਖਦਾ ਰਿਹਾ ਤਾਂ ਬਹੁਤ ਵੱਡੀ ਕਿਤਾਬ ਹੀ ਲਿਖਣੀ ਪੈ ਜਾਵੇਗੀ। ਅੱਜ ਦਾ ਇਹ ਲੇਖ ਲਿਖਣ ਦਾ ਮਕਸਦ ਕੁਝ ਹੋਰ ਹੈ । ਮੇਰਾ ਇਹ ਲੇਖ ਉਨ੍ਹਾਂ ਪੰਥ ਦਰਦੀ ਵੀਰਾਂ ਅਤੇ ਸੰਸਥਾਂਵਾਂ ਦੇ ਧਿਆਨ ਵਿੱਚ ਵਣਜਾਰੇ ਸਿੱਖਾਂ ਦੇ ਉਸ ਦਰਦ ਨੂੰ ਦਰਜ ਕਰਾਣਾਂ ਹੈ, ਜੋ ਇਸ ਸਲਾਘਾਂ ਯੋਗ ਉਪਰਾਲੇ ਵਿਚ ਲੱਗੇ ਹੋਏ ਹਨ।
ਵੀਰ ਹਰਚਰਨ ਸਿੰਘ, ਕਾਨਪੁਰ ਵਾਲਿਆ ਨਾਲ ਜਦੋਂ ਅਸੀ ਇਨ੍ਹਾਂ ਵਣਜਾਰੇ ਸਿੱਖਾਂ ਦੇ ਪਿੰਡਾਂ ਵਿੱਚ ਜਾਂਦੇ ਸੀ। ਇਕ ਵਣਜਾਰੇ ਸਿੱਖ ਜਹਾਂਗੀਰ ਸਿੰਘ , ਜਿਸਨੂੰ ਪਿੰਡ ਵਿੱਚ ਸਾਰੇ "ਜੰਗੀ ਸਿੰਘ " ਵੀ ਕਹਿ ਕੇ ਬੁਲਾਂਦੇ ਨੇ , ਮੇਰੇ ਸੰਪਰਕ ਵਿੱਚ ਆਇਆ । ਉਹ ਅਕਸਰ ਮੇਰੀ ਦੁਕਾਨ ਤੇ ਆਕੇ ਅਪਣਾਂ ਦੁਖ ਸੁੱਖ ਦਸਦਾ ਅਤੇ ਸੁਣਦਾ ਹੈ । ਗੁਬਬਤ ਵਿਚ ਵਿਚਰ ਰਿਹਾ ਹੈ । ਉਸਦੇ ਦੋ ਜਵਾਨ ਮੂੰਡੇ ਹਨ ਉਹ ਇਟਾਂ ਗਾਰਾ ਢੋਣ ਦਾ ਕੰਮ ਦਿਹਾੜੀ ਤੇ ਕਰਦੇ ਹਨ। ਆਪਣੇ ਕੋਲ ਉਨ੍ਹਾਂ ਨੂੰ ਰਖਣ ਲਈ ਕਹਿਆ , ਨੌਕਰੀ ਉਹ ਕਰਦੇ ਨਹੀ ਹਨ । ਜੰਗੀ ਸਿੰਘ ਅਲੀਗੜ੍ਹ ਦੇ ਬਣੇ ਤਾਲੇ ਲਿਆ ਕੇ ਰੋਜ ਸ਼ਹਿਰ ਆਂਉਦਾ ਹੈ ਤੇ ਦੋ ਤਿਨ ਸੌ ਦੀ ਮਜਦੂਰੀ ਕਰਕੇ ਲਗਭਗ 30 ਕਿਲੋਮੀਟਰ ਸ਼ਹਿਰ ਵਿੱਚ ਉਹ ਪੈਦਲ ਤੁਰਦਾ ਹੈ , ਤੇ ਰਾਤ ਹੋਣ ਤੋਂ ਪਹਿਲਾਂ ਉਹ 30 ਕਿਲੋਮੀਟਰ ਦੂਰ ਅਪਣੇ ਪਿੰਡ ਮੰਧਨਾਂ ਜੋ ਵੀ ਟਰਕ ਆਦਿਕ ਦੀ ਸਵਾਰੀ ਮਿਲ ਜਾਵੇ ਉਸਤੇ ਚਲਾ ਜਾਂਦਾ ਹੈ । ਇਹ ਲੋਗ ਅਣਖੀ ਬਹੁਤ ਹੂੰਦੇ ਹਨ, ਨੌਕਰੀ ਬਹੁਤ ਘੱਟ ਕਰਦੇ ਹਨ। ਮੇਹਨਤ ਮਜਦੂਰੀ ਵਿੱਚ ਜੋ ਮਿਲ ਜਾਏ ਉਸ ਨਾਲ ਗੁਜਰ ਬਸਰ ਕਰ ਲੈੰਦੇ ਹਨ।
ਹਮੇਸ਼ਾਂ ਵਾਂਗ ਅੱਜ ਜਹਾਂਗੀਰ ਸਿੰਘ ਮੇਰੀ ਦੁਕਾਨ ਤੇ ਆਇਆ । ਜਦੋਂ ਵੀ ਉਹ ਆਂਉਦਾ ਹੈ, ਮੈਂ ਉਸ ਕੋਲੋਂ ਬਿਨਾਂ ਜਰੂਰਤ ਦੇ ਚਾਰ ਪੰਜ ਤਾਲੇ ਇਸ ਲਈ ਖਰੀਦ ਲੈੰਦਾ ਹਾਂ ਕਿ ਉਸ ਦੀ ਅਣਖ ਨੂੰ ਵੀ ਠੇਸ ਨਾਂ ਪਹੂੰਚੇ ਤੇ ਮੈਨੂੰ ਵੀ ਇਹ ਨਾਂ ਲੱਗੇ ਕਿ ਮੈਂ ਉਸ ਦੀ ਕੋਈ ਮਦਦ ਕੀਤੀ ਹੈ। ਉਹ ਪੁਰਾਨੀਆਂ ਦਸਤਾਰਾਂ ਦੀ ਮੰਗ ਜਰੂਰ ਕਰਦਾ ਹੈ ਕਿਉਕਿ ਉਹ ਨੰਗੇ ਸਿਰ ਨਹੀ ਰਹਿੰਦਾ ਅਤੇ ਅਪਣੇ ਕੇਸਾਂ ਨਾਲ ਅਪਣੀ ਜਾਂਨ ਤੋਂ ਵੀ ਜੀਆਦਾ ਪਿਆਰ ਕਰਦਾ ਹੈ । ਕੇਸਾਂ ਪ੍ਰਤੀ ਇਨ੍ਹਾਂ ਸਿੱਖਾਂ ਦਾ ਪਿਆਰ ਵੇਖ ਕੇ ਮੈਂ ਅਕਸਰ ਇਹ ਸੋਚਦਾ ਹਾਂ ਕਿ ਪੰਜਾਬ ਦੇ ਸਿੱਖ ਨੌਜੁਆਨ ਜੋ ਪਤਿਤ ਹੋ ਚੁਕੇ ਹਨ , ਉਨ੍ਹਾਂ ਦੀ ਮਾਨਸਿਕਤਾ ਅਤੇ ਇਸ ਗਰੀਬ ਸਿੱਖ ਦੀ ਮਾਨਸਿਕਤਾ ਵਿੱਚ ਇਨਾਂ ਵੱਡਾ ਫਰਕ ਕਿਉ ਹੈ ? ਜਵਾਬ ਮੇਰੇ ਕੋਲ ਨਹੀ ਹੈ । ਅੱਜ ਵੀ ਉਸਨੇ ਮੇਰੇ ਕੋਲੋਂ ਦਸਤਾਰ ਦੀ ਮੰਗ ਕੀਤੀ ਤੇ ਮੈਂ ਅਪਣੀਆਂ ਦੋ ਦਸਤਾਰਾਂ ਉਸਨੂੰ ਦਿੰਦਿਆ ਕੁਝ ਤਾਲੇ ਖਰੀਦੇ । ਮੈਂ ਅਪਣੀ ਦੁਕਾਨ ਤੇ ਕੰਮ ਕਰਣ ਵਾਲੇ ਹਿੰਦੂ ਮੂੰਡੇ ਨੂੰ ਅਪਣਾਂ ਮੋਬਾਈਲ ਫੜਾਂਦਿਆ ਕਹਿਆ ਕਿ ਸਾਡੀ ਇਕ ਫੋਟੋ ਖਿੱਚ ਦੇ । ਤੇ ਉਸ ਮੂੰਡੇ ਨੇ ਸਵਾਲ ਕਰ ਦਿੱਤਾ ਕਿ , "ਇਹ ਭਾਈ ਸਾਹਿਬ ਆਂਉਦੇ ਨੇ ਤੇ ਤੁਸੀ ਇਨ੍ਹਾਂ ਨਾਲ ਇਨਾਂ ਸਨੇਹ ਅਤੇ ਸਤਕਾਰ ਕਿਉ ਦਿਖਾਂਦੇ ਹੋ ? ਮੈਂ ਉਸਨੂੰ ਦਸਿਆ ਕਿ ਇਹ ਵੀਰ ਜਦੋ ਵੀ ਆਂਉਦਾ ਹੈ, ਮੈ ਇਸ ਵਿਚੋਂ ਗੁਰੂ ਦੇ ਸਿੱਖ ਭਾਈ ਬਚਿੱਤਰ ਸਿੰਘ ਦੇ ਦਰਸ਼ਨ ਕਰਣ ਦੀ ਕੋਸ਼ਿਸ਼ ਕਰਦਾ ਹਾਂ।" ਉਸ ਮੂੰਡੇ ਨੂੰ ਮੈਂ ਭਾਈ ਬਚਿੱਤਰ ਸਿੰਘ ਦੀ ਸੰਖੇਪ ਵਿਚ ਸਾਖੀ ਦਸ ਰਿਹਾ ਸੀ ਤੇ ਜਹਾਂਗੀਰ ਸਿੰਘ ਦੀਆਂ ਅੱਖਾਂ ਵਿਚੋ ਪਾਣੀ ਦੀ ਧਾਰ ਵੱਗ ਰਹੀ ਸੀ।
ਉਸ ਨੂੰ ਇਨਾਂ ਉਦਾਸ ਮੈਂ ਕਦੀ ਵੀ ਨਹੀ ਸੀ ਵੇਖਿਆ । ਉਸ ਮੂੰਡੇ ਨੂੰ ਮੈਂ ਦੁਕਾਨ ਦੇ ਕੇਬਿਨ ਤੋਂ ਬਾਹਰ ਭੇਜਿਆ ਤੇ ਜਹਾਂਗੀਰ ਸਿੰਘ ਦੇ ਮੋੰਡੇ ਤੇ ਹੱਥ ਰਖਦਿਆਂ ਇਹ ਪੁਛਿਆਂ, ,"ਕਿਆ ਬਾਤ ਹੈ ਜੰਗੀ ਸਿੰਘ ?" ਕਿਉ ਕਿ ਉਹ ਹਿੰਦੀ ਵਿੱਚ ਹੀ ਗਲ ਕਰਦਾ ਹੈ । ਉਹ ਥੋੜੀ ਦੇਰ ਚੁੱਪ ਰਿਹਾ ਫਿਰ ਦੋਬਾਰਾ ਪੁੱਛਣ ਤੇ ਬੋਲਿਆ, " ਆਜ ਮੁਝੇ ਪਤਾ ਲਗਾ ਕਿ ਆਪ ਮੁਝੇ ਇਤਨਾਂ ਸਤਕਾਰ ਕਿਸ ਲਿਏ ਦੇਤੇ ਹੋ ? ਆਪ ਤੋ ਮੇਰੇ ਅੰਦਰ ਭਾਈ ਬਚਿਤੱਰ ਸਿੰਘ ਕੋ ਢੂਡਤੇ ਫਿਰਤੇ ਹੋ, ਲੇਕਿਨ ਕੌਮ ਤੋ ਪੂਰੀ ਤਰ੍ਹਾਂ ਡੂਬ ਚੁਕੀ ਹੈ । ਆਪ ਹਮ ਲੋਗੋਂ ਕੋ ਸਿੱਖੀ ਮੈਂ ਵਾਪਸ ਲਾਂਨੇ ਕੀ ਬਾਤੇ ਸੋਚ ਰਹੇ ਹੋ, ਲੇਕਿਨ ਹਮਾਰੇ ਬਾਦ ਆਪ ਵਣਜਾਰੇ ਸਿੱਖੌ ਕੋ ਸਿੱਖੀ ਮੈਂ ਕਭੀ ਵਾਪਸ ਨਹੀ ਲਾ ਸਕੋਗੇ ।" ਮੈਂ ਉਸਦੀ ਦੀ ਬੁਝਾਰਤ ਭਰੀ ਗੱਲ ਨੂੰ ਬਿਲਕੁਲ ਨਹੀ ਸਮਝ ਸਕਿਆ ਤੇ ਉਸਨੂੰ ਕੁਰੇਦ ਕੇ ਪੁਛਿਆ , "ਜਹਾਂਗੀਰ ਸਿੰਘ ! ਬਾਤ ਕਿਆ ਹੈ ਸਾਫ ਸਾਫ ਕਹੋ ? " ਉਹ ਬੋਲਿਆ ਕਿ ਅੱਬ ਹਮਾਰੇ ਯਹਾਂ ਆਨੰਦ ਕਾਰਜ" ਹੋਨੇ ਬੰਦ ਹੋ ਗਏ ਹੈ। ਹਮਾਰੇ ਲੋਗ ਪੰਡਿਤ ਕੋ ਬੁਲਾ ਕੇ ਅਗਨੀ ਕੇ ਫੇਰੇ ਲੇਨੇ ਲਗੇ ਹੈ । ਹਮਾਰੇ ਯਹਾਂ ਯਹ ਆਜ ਤਕ ਨਹੀ ਹੂਆ ਥਾ, ਜੋ ਅੱਬ ਹੋਨੇ ਲਗਾ ਹੈ " ਆਪ ਹਮਾਰੇ ਅੰਦਰ ਅਬ ਭਾਈ ਬਚਿਤੱਰ ਸਿੰਘ ਕੋ ਢੂੰਡਨਾਂ ਛੋੜ ਦੋ, ਵੀਰ ਜੀ । ਮੈਂ ਕਹਿਆ ਕਿ . "ਇਸਕਾ ਕਿਆ ਕਾਰਣ ਹੈ ?" ਤਾਂ ਉਹ ਕਹਿਨ ਲੱਗਾ ਕਿ ." ਵੀਰ ਜੀ ਹਮ ਲੋਗ ਦੋ ਜੂਨ ਕੀ ਰੋਜੀ ਰੋਟੀ ਕੇ ਲਿਏ ਮੁਹਤਾਜ ਹੈ, ਲੇਕਿਨ ਲੜਕੀ ਲੜਕਾ ਜਵਾਨ ਹੋ ਜਾਏਂ ਤੋ ਉਨਕੀ ਸ਼ਾਦੀ ਤੋ ਕਰਨੀ ਹੀ ਪੜਤੀ ਹੈ । ਤਾਂ ਮੈਂ ਉਸ ਨੂੰ ਪੁਛਿਆ " ਕਿਆ ਕਿਸੀ ਬੱਚੇ ਬੱਚੀ ਕੀ ਸ਼ਾਦੀ ਕਰਨੀ ਹੈ , ਮੇਰੇ ਲਾਇਕ ਕੋਈ ਸੇਵਾ ਹੋ ਤੋ ਬਤਾਉ ? ਉਹ ਭਰੇ ਹੋਏ ਗਲੇ ਨਾਲ ਬੋਲਿਆ, "ਨਹੀ ਵੀਰ ਜੀ। ਪੰਡਿਤ ਸ਼ਾਦੀ ਕਰਾ ਜਾਤਾ ਹੈ ਤੋ 101 ਰੁਪਏ ਲੇ ਕਰ , ਖਾਨਾ ਪੀਨਾਂ ਖਾ ਕਰ ਚਲਾ ਜਾਤਾ ਹੈ । ਆਨੰਦ ਕਾਰਜ ਕਰਵਾਤੇ ਹੈ ਤੋਂ ਆਖੰਡਪਾਠ , ਪਾਠੀ ਔਰ ਰਾਗੀ ਆਦਿ ਕਾ ਖਰਚਾ ਹੀ ਪਾਂਚ ਛੇ ਹਜਾਰ ਹੋ ਜਾਤਾ ਹੈ । ਇਤਨੇ ਮੈਂ ਤੋ ਹਮ ਲੋਗ ਲੜਕੀ ਵਿਦਾ ਕਰ ਦੇਤੇ ਹੈ "। ਉਹ ਥੋੜਾ ਰੁਕ ਕੇ ਕਾਨਪੁਰ ਦੇ ਹੀ ਇਕ ਰਾਗੀ ਦਾ ਨਾਮ ਲੈ ਕੇ ਬੋਲਿਆ (ਜਿਸਦਾ ਨਾਮ ਮੈਂ ਇਥੇ ਨਹੀ ਲੈਣਾਂ ਚਾਂਉਦਾ ) , " ਮੇਰੇ ਜੀਜਾ ਰਣਜੀਤ ਸਿੰਘ ਕੇ ਬੇਟੇ ਹਰਿੰਦਰ ਸਿੰਘ (ਜਹਾਂਗੀਰ ਸਿੰਘ ਦਾ ਭਾਂਜਾ) ਕਾ ਆਨੰਦ ਕਾਰਜ ਹਮਨੇ ਕਰਾਇਆ 1100 ਰੁਪਏ ਸਿਰਫ ਰਾਗੀ ਜਿੱਦ ਕਰਕੇ ਮਾਂਗ ਕੇ ਲੇ ਗਿਆ । ਅਖੰਡਪਾਠ, ਗ੍ਰੰਥੀ ਔਰ ਅਰਦਾਸੀਏ ਕਾ ਖਰਚ ਅਲਗ । ਅੱਬ ਪੈਸਾ ਨਾਂ ਹੋ ਤੋ ਕਿਆ ਕਰੇਂ ?" ਅਬ ਨਯੇਂ ਲੜਕੇ ਪੰਡਿਤ ਕੋ ਬੁਲਾ ਲਾਤੇ ਹੈ ਸਿਰਫ 100-200 ਮੈਂ ਕਾਮ ਨਿਪਟ ਜਾਤਾ ਹੈ, ਖਾਨਾਂ ਬਜਾਨਾਂ ਅਲਗ ਸੇ ਕਰ ਲੇਤੇ ਹੈ । ਉਸ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਥਲੋਂ ਜਮੀਨ ਨਿਕਲ ਗਈ ਕਿ ਗੱਲ ਤਾਂ ਉਹ ਪਰੇਕਟਿਕਲ ਰੂਪ ਵਿੱਚ ਸਹੀ ਕਹਿ ਰਿਹਾ ਹੈ ।
ਮੈਂ ਉਸ ਨੂੰ ਕਹਿਆ, "ਅਗਰ ਯਹ ਸਿਲਸਿਲਾ ਸ਼ੁਰੂ ਹੋ ਗਿਆ ਥਾ, ਤੋ ਤੁਮਕੋ ਯਹ ਬਾਤ ਹਮ ਲੋਗੋ ਸੇ ਬਤਾਨੀ ਚਾਹੀਏ ਥੀ , ਕਿਆ ਹਮ ਮਰ ਗਏ ਥੇ ?" ਉਹ ਫੌਰਨ ਬੋਲਿਆ, "ਕਿਸ ਕਿਸ ਕੇ ਘਰ ਦੇਖੋ ਗੇ , ਵੀਰ ਜੀ, ਕਹਾਂ ਕਹਾਂ ਤਕ ਦੇਖੋਗੇ ? ਸਿਰਫ ਹਮਾਰੇ ਗਾਂਵ ਮੈੰ ਸੋਲਹ ਪਰਿਵਾਰ ਹੈ 200-250 ਵਣਜਾਰਾ ਸਿੱਖ ਹੈ । ਆਪ ਏਕ ਦਿਨ ਆ ਕੇ ਚਲੇ ਜਾਉਗੇ ? ਮਹੀਨੇ ਮੈਂ ਦੋ ਚੱਕਰ ਲਗਾ ਜਾਉਗੇ , ਹਮਾਰੀ ਪਰੇਸ਼ਾਨੀ ਹਮੇਂ ਹੀ ਝੈਲਨੀ ਪੜਤੀ ਹੈ।" ਨਈ ਪਨੀਰੀ ਮੇਂ ਅੱਬ ਵੋ ਭਾਵਨਾਂ ਨਹੀ ਹੈ, ਜੋ ਆਪ ਸੋਚਤੇ ਹੋ ।"
ਮੇਰੇ ਕੋਲ ਉਸਦੀ ਇਸ ਗੱਲ ਦਾ ਕੋਈ ਜਵਾਬ ਨਹੀ ਸੀ। ਅੱਜ ਇਨ੍ਹਾਂ ਲਈ ਕਿਸੇ ਕੋਲ ਟਾਈਮ ਨਹੀ, ਪੈਸਾ ਨਹੀ। ਇਹ ਰੁਲਦੇ ਰੁਲਦੇ ਮੁੱਕ ਚੁਕੇ ਹਨ। ਇਨ੍ਹਾਂ ਵਿੱਚ ਭਾਈ ਬਚਿੱਤਰ ਸਿੰਘ ਦੇ ਦਰਸ਼ਨ ਕਰਣ ਵਾਲੀਆਂ ਗੱਲਾਂ , ਵੀ ਹੁਣ ਅਪਣੇ ਆਪ ਨੂੰ ਧੋਖਾ ਦੇਣ ਵਾਲੀਆਂ ਅਤੇ ਬੇਮਾਨੀਆਂ ਹੀ ਲਗਣ ਲੱਗ ਪਈਆਂ ਹਨ। ਹੁਣ ਤਾਂ ਅਪਣੇ ਤੇ ਵੀ ਗੁੱਸਾ ਅਤੇ ਮਲਾਲ ਆਉਣ ਲੱਗ ਪਿਆ ਹੈ, ਕਿ ਅਸੀ ਕੌਮ ਲਈ ਕੀ ਕਰ ਰਹੇ ਹਾਂ ? ਇਹ ਜਹਾਂਗੀਰ ਸਿੰਘ ਮੁੱਕ ਗਏ ਤਾਂ ਭਾਈ ਬਚਿੱਤਰ ਸਿੰਘ ਨੇ ਵੀ ਮੁੱਕ ਜਾਂਣਾਂ ਹੈ। ਰਹਿ ਜਾਂਣਾਂ ਹੈ ਇਨਾਂ ਦੀ ਮੁਫਲਸੀ ਅਤੇ ਗੁਰਬਤ ਤੇ ਲਿਖਿਆ ਇਕ ਲੇਖ ।
ਇੰਦਰਜੀਤ ਸਿੰਘ, ਕਾਨਪੁਰ