ਐਨ.ਆਰ.ਆਈ.ਵਕੀਲ ਦਾ ਚੰਦੀਗੜ੍ਹ ਵਿਚ ਗੋਲੀਆਂ ਮਾਰ ਕੇ ਕਤਲ
ਚੰਡੀਗੜ੍ਹ, 21 ਸਤੰਬਰ (ਪੰਜਾਬ ਮੇਲ) – ਕੈਨੇਡਾ ਤੋਂ 2 ਦਿਨ ਪਹਿਲਾਂ ਚੰਡੀਗੜ੍ਹ ਆਏ ਵਕੀਲ ਦਾ ਐਤਵਾਰ ਦੀ ਰਾਤ ਨੂੰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਕੀਲ ਦੀ ਲਾਸ਼ ਸੈਕਟਰ-27 ਦੇ ਪਾਰਕ ਨੇੜਿਓਂ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਜਾਂਚ ‘ਚ ਲੱਗ ਗਈ ਹੈ।
ਜਾਣਕਾਰੀ ਮੁਤਾਬਕ ਮੋਹਾਲੀ ਦੇ 3ਬੀ2 ਦਾ ਰਹਿਣ ਵਾਲਾ ਸੁਖਮਨਪ੍ਰੀਤ 2 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤਿਆ ਸੀ। ਐਤਵਾਰ ਦੀ ਰਾਤ ਨੂੰ ਉਹ ਆਪਣੀ ਕਾਰ ‘ਚ ਸੈਕਟਰ-27 ਪਹੁੰਚਿਆ, ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੁਖਮਨਪ੍ਰੀਤ ਨੂੰ ਚਾਰ ਗੋਲੀਆਂ ਲੱਗੀਆਂ ਹਨ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਮਾਮਲੇ ਸੰਬੰਧੀ ਪੁਲਸ ਸੁਖਮਨਪ੍ਰੀਤ ਦੇ ਕਰੀਬੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪੁਲਸ ਨੂੰ ਸ਼ੱਕ ਹੈ ਕਿ ਸੁਖਮਨਪ੍ਰੀਤ ਦੇ ਕਿਸੇ ਨੇੜਲੇ ਨੇ ਹੀ ਅਜਿਹੀ ਘਿਣੌਤੀ ਹਰਕਤ ਨੂੰ ਅੰਜਾਮ ਦਿੱਤਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਤਲ ਲਈ ਰਿਵਾਲਵਰ ਦੀ ਵਰਤੋਂ ਹੋਈ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ।