ਵੱਡੀ ਬੇਵਕੂਫੀ-ਸਿਵਲ ਜੱਜ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਸੰਮਨ ਜਾਰੀ ਕੀਤੇ
ਪਟਿਆਲਾ, 18 ਸਤੰਬਰ (ਪੰਜਾਬ ਮੇਲ) – ਦਿਨੋ-ਦਿਨ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਲਾਪਰਵਾਹੀ ਦੀਆਂ ਕਈ ਖਬਰਾਂ ਛਪਦੀਆਂ ਰਹਿੰਦੀਆਂ ਹਨ, ਪਰ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਨਾ ਤਾਂ ਲਾਪਰਵਾਹੀ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਸਮਝਦਾਰੀ, ਸਗੋਂ ਸਿੱਧੀ ਬੇਵਕੂਫੀ ਜਾਪਦਾ ਹੈ।
ਪਿੰਡ ਮੱਦੋਮਾਜਰਾ ਵਿੱਚ ਬਲਦੇਵ ਸਿੰਘ ਅਤੇ ਕਿਸ਼ਨ ਸਿੰਘ ਪੁੱਤਰ ਰੱਬੀ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਇੱਕ ਕਨਾਲ ਜ਼ਮੀਨ ਪ੍ਰਬੰਧਕ ਕਮੇਟੀ ਨੂੰ ਦਾਨ ਦਿੱਤੀ ਸੀ, ਜਿੱਥੇ ਗੁਰੂਘਰ ਦੀ ਚਾਰਦੀਵਾਰੀ ਕੀਤੀ ਹੋਈ ਹੈ। ਇਸ ਦੇ ਖਿਲਾਫ ਗੁਰਨੈਬ ਸਿੰਘ ਨੇ ਸਿਵਲ ਜੱਜ ਜੂਨੀਅਰ ਡਵੀਜ਼ਨ ਦੀ ਆਦਲਤ ਵਿੱਚ ਕੇਸ ਦਾਇਰ ਕਰ ਦਿੱਤਾ, ਜਿਸ ਦੀ 15 ਸਤੰਬਰ ਨੂੰ ਪੇਸ਼ੀ ਸੀ। ਹੁਣ 29 ਦਸੰਬਰ ਨੂੰ ਪੇਸ਼ੀ ਤਰੀਕ ਤੈਅ ਕੀਤੀ ਗਈ ਹੈ। ਇਸ ਸਬੰਧ ਵਿੱਚ ਸਿਵਲ ਜੱਜ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਮ ‘ਤੇ ਸੰਮਨ ਜਾਰੀ ਕਰ ਦਿੱਤੇ ਹਨ। ਲੋਕ ਹੈਰਾਨ ਹਨ ਕਿ ਭਲਾ ਕਿਸੇ ਅਦਾਲਤ ਨੇ ਅਜਿਹੇ ਸੰਮਨ ਕਿਵੇਂ ਜਾਰੀ ਕਰ ਦਿੱਤੇ ਹਨ। ਜ਼ਮੀਨ ਦਾਨ ਕਰਨ ਵਾਲੇ ਬਲਦੇਵ ਸਿੰਘ ਮੱਦੋਮਾਜਰਾ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਦਾਲਤ ਵਿੱਚ ਲੈ ਕੇ ਜਾਣ ਬਾਰੇ ਮਰਿਆਦਾ ਮੁਤਾਬਕ ਰਾਏ ਮੰਗਾਂਗੇ।