ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਸਤਿਨਾਮ ਸਿੰਘ ਦੇ ਸਵਾਲਾਂ ਦੇ ਜਵਾਬ’ ਭਾਗ-2 :-
-: ‘ਸਤਿਨਾਮ ਸਿੰਘ ਦੇ ਸਵਾਲਾਂ ਦੇ ਜਵਾਬ’ ਭਾਗ-2 :-
Page Visitors: 2944

-: ‘ਸਤਿਨਾਮ ਸਿੰਘ ਦੇ ਸਵਾਲਾਂ ਦੇ ਜਵਾਬ’ ਭਾਗ-2 :-
ਸਤਿਨਾਮ ਸਿੰਘ ਮੌਂਟਰੀਅਲ,
ਸਵਾਲ 1- ਜੇ ਇਹ ਮਨੁੱਖਾ ਜਨਮ ਸਿਰਫ ਸਾਧ ਸੰਗਤ ਵਿੱਚ ਆ ਕੇ ਖਲਕਤ ਦੀ ਸੇਵਾ ਕਰਨ ਨੂੰ ਹੀ ਮਿਲਿਆ ਹੈ, ਕੀ ਫਿਰ ਗ੍ਰਹਸਤੀ ਹੋਣਾਂ ਬੱਚੇ ਹੋਣੇ ਸਭ ਵਿਅਰਥ ਹੀ ਹੈ??????
ਜਸਬੀਰ ਸਿੰਘ ਵਿਰਦੀ,
ਜਵਾਬ- ਵੀਰ ਜੀ! ਸਿਰਫ ਸਵਾਲ ਖੜ੍ਹੇ ਕਰਨ ਲਈ ਹੀ ਗੁਰਬਾਣੀ ਪੜ੍ਹਨੀ ਉੱਚਿਤ ਨਹੀਂ।ਗੁਰਬਾਣੀ ਮਨੁੱਖ ਨੂੰ ਸਚਿਆਰਾ ਜੀਵਨ ਜਿਉਣ ਦੀ ਸੋਝੀ ਬਖਸ਼ਦੀ ਹੈ।ਤੁਕ ਦਾ ਭਾਵ ਹੈ ਕਿ ਇਹ ਮਨੁੱਖਾ ਜਨਮ ਤੈਨੂੰ ਖਲਕਤ ਦੀ ਸੇਵਾ ਕਰਨ ਲਈ ਮਿਲਿਆ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਕੀ ਗ੍ਰਿਹਸਤੀ ਹੋਣਾ, ਖਲਕਤ ਦੀ ਸੇਵਾ ਕਰਨ ਵਿੱਚ ਕੋਈ ਰੁਕਾਵਟ ਪੈਦਾ ਕਰਦਾ ਹੈ? ਮਿਸਾਲ ਦੇ ਤੌਰ ਤੇ, ਕੀ ਕੋਈ ਗ੍ਰਹਸਤੀ ਅਤੇ ਬਾਲ ਬੱਚੇਦਾਰ ਡਾਕਟਰ ਗਰੀਬਾਂ ਦਾ ਮੁਫਤ ਜਾਂ ਘੱਟ ਪੈਸਿਆਂ ਵਿੱਚ ਇਲਾਜ ਨਹੀਂ ਕਰ ਸਕਦਾ?
ਸਵਾਲ - ਜੇ ਕੋਈ ਫਿਰ ਵੀ ਸਾਧ ਸੰਗਤ ਵਿੱਚ ਨਾ ਆ ਕੇ ਖਲਕਤ ਦੀ ਸੇਵਾ ਨਾ ਕਰੇ, ਫਿਰ ਕੀ ਹੋਵੇਗਾ??????
ਜਵਾਬ- ਉਸ ਦਾ (/ਸਭ ਦਾ) ਧਰਮਰਾਜ (ਪ੍ਰਭੂ) ਦੀ ਦਰਗਹ ਵਿੱਚ ਲੇਖਾ ਹੋਣਾ ਹੈ।
“ਜਉ ਪੈ ਰਾਮ ਰਾਮ ਰਤਿ ਨਾਹੀ॥ਤੇ ਸਭਿ ਧਰਮ ਰਾਇ ਕੈ ਜਾਹੀ॥” (ਪੰਨਾ 324)
ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੇ ਜਾਹਿਗਾ॥” (ਪੰਨਾ 1106)
ਸਵਾਲ – ਜਸਬੀਰ ਸਿੰਘ ਜੀ! ਤੁਸੀਂ ਮੰਨਦੇ ਹੋ, ਜਿਹੜਾ ਬੰਦਾ ਇੱਥੇ ਚੰਗੇ ਕੰਮ ਨਹੀਂ ਕਰਦਾ ਉਸ ਨੂੰ 84 ਲੱਖ ਜੂਨਾਂ ਭੋਗਣੀਆਂ ਪੈਣੀਆਂ ਹਨ। ਫਿਰ 84 ਲੱਖ ਜੂਨਾਂ ਤੋਂ ਵਾਦ ਕੀ ਮਨੁੱਖਾ ਜਨਮ ਦੁਵਾਰਾ ਹੋਵੇਗਾ?????
ਜਵਾਬ- ਵੀਰ ਜੀ! ਮੈਂ ਕਿਤੇ ਨਹੀਂ ਲਿਖਿਆ ਅਤੇ ਨਾ ਮੈਂ ਮੰਨਦਾ ਹਾਂ ਕਿ 84 ਲੱਖ (ਗਿਣਤੀ) ਭੋਗਣ ਤੋਂ ਬਾਅਦ ਮਨੁੱਖਾ ਜਨਮ ਮਿਲਦਾ ਹੈ। ਹਾਂ, 84 ਲੱਖ ਅਰਥਾਤ ਅਨੇਕਾਂ ਜੂਨੀਆਂ ਭੋਗਣੀਆਂ ਪੈ ਸਕਦੀਆਂ ਹਨ,
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ॥
ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ  ਖਬਰਿ ਨ ਪਾਇਓ
॥(ਪੰਨਾ 999)
ਅਰਥਾਤ ਕੋਈ ਨਹੀਂ ਕਹਿ ਸਕਦਾ ਕਿ ਕੋਈ ਕਿੰਨੀਆਂ ਕੁ ਜੂਨਾਂ ਭੋਗ ਕੇ ਹੁਣ ਮਨੁੱਖਾ ਜਨਮ ਵਿੱਚ ਆਇਆ ਹੈ। ਇਹ ਪ੍ਰਭੂ ਦੇ ਹੁਕਮ ਤੇ ਨਿਰਭਰ ਕਰਦਾ ਹੈ। ਜੂਨਾਂ ਵਿੱਚ ਪੈਣਾ ਜਾਂ ਜਨਮ ਮਰਨ ਤੋਂ ਮੁਕਤੀ ਪ੍ਰਭੂ ਦੇ ਹੁਕਮ ਵਿੱਚ ਹੈ।
 ਗੁਰਬਾਣੀ ਵਿੱਚ ‘84 ਲੱਖ (ਗਿਣਤੀ)’ ਵਾਲੀ ਗੱਲ ਸਿਰਫ ਪ੍ਰਚੱਲਤ ਮਾਨਤਾ ਤੋਂ ਮੁਹਾਵਰੇ ਦੀ ਤਰ੍ਹਾਂ ਕਹੀ ਗਈ ਹੈ। ਇਸ ਦਾ ਅਸਲੀ ਭਾਵ ਹੈ ਕਿ ਇਹ ਮਨੁੱਖਾ ਜਨਮ ਤੈਨੂੰ ਅਨੇਕਾਂ ਜੂਨਾਂ ਵਿੱਚ ਭਟਕਣ ਤੋਂ ਬਾਅਦ ਮਿਲਿਆ ਹੈ। ਅਤੇ ਜੇ ਗੁਰੂ ਦੇ ਦੱਸੇ ਰਾਹ ਤੇ ਨਾ ਚੱਲਿਆ, ਹਉਮੈ ਨਾ ਤਿਆਗੀ ਤਾਂ ਅਨੇਕਾਂ ਜੂਨਾਂ ਵਿੱਚ ਫੇਰ ਤੋਂ ਭਟਕਣਾ ਪੈ ਸਕਦਾ ਹੈ। ਗੁਰਬਾਣੀ ਜੂਨਾਂ ਦੀ ਕਿਸੇ ਖਾਸ ਗਿਣਤੀ ਨੂੰ ਮਾਨਤਾ ਨਹੀਂ ਦਿੰਦੀ।  
ਨੋਟ- ਜੂਨਾਂ ਦੀ ‘84 ਲੱਖ’ ਦੀ ‘ਗਿਣਤੀ’ ਦਾ ਗੁਰਬਾਣੀ ਵਿੱਚ ਦੋ ਤਰੀਕੇ ਨਾਲ ਖੰਡਣ ਕੀਤਾ ਗਿਆ ਹੈ।
ਇੱਕ ਤਾਂ ਪ੍ਰਭੂ ਦੀ ਕੁਦਰਤ ਬੇਅੰਤ ਹੈ, ਇਸ ਲਈ ਜੀਵਾਂ ਦੀ ਗਿਣਤੀ ਨੂੰ 84 ਲੱਖ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ।
 ਦੂਸਰਾ ਗੁਰਮਤਿ ਵਿੱਚ ਇਹ ਕੋਈ ਪੱਕਾ ਅਤੇ ਬੱਝਵਾਂ ਨਿਯਮ ਨਹੀਂ ਹੈ ਕਿ 84 ਲੱਖ ਜੂਨਾਂ ਤੋਂ ਬਾਅਦ ਫੇਰ ਮਨੁੱਖਾ ਜਨਮ ਮਿਲਦਾ ਹੈ। ਬਲਕਿ ਗੁਰਮਤਿ ਅਨੁਸਾਰ ਪ੍ਰਭੂ ਦੇ ਹੁਕਮ ਵਿੱਚ ਜੀਵ ਦੁਨੀਆਂ ਤੇ ਆਉਂਦਾ ਹੈ। ਇਹ ਮਨੁੱਖਾ ਜਨਮ ਵੀ ਇਸ ਨੂੰ ਪ੍ਰਭੂ ਦੀ ਕਿਰਪਾ ਨਾਲ ਹੀ ਮਿਲਿਆ ਹੈ।
ਸਵਾਲ - ਰੱਬ ਦਾ ਸਿਮਰਨ ਤਾਂ ਸਾਰੇ ਜੀਵ ਕਰਦੇ ਹਨ {ਸਿਮਰਹਿ ਪਸੂ ਪੰਖੀ ਸਭਿ ਭੂਤਾ} ਫਿਰ ਮਨੁੱਖਾ ਦੇਹੀ ਸਪੈਸ਼ਲ ਕਿਉਂ?????
ਜਵਾਬ- ਕਿਉਂਕਿ ਇਹ ਮਨੁੱਖਾ ਜਨਮ ਹੋਰ ਦੂਸਰੇ ਸਾਰੇ ਜੀਵਾਂ ਤੋਂ ਵੱਖਰਾ ਅਤੇ ਸਪੈਸ਼ਲ ਹੈ। ਜਿੰਨੀਕੁ ਕਿਸੇ ਜੀਵ-ਜੰਤ ਨੂੰ ਸੋਝੀ ਹੈ, ਉਸ ਮੁਤਾਬਕ ਹੋਰ ਸਾਰੇ ਜੀਵ-ਜੰਤ ਪ੍ਰਭੂ ਦੇ ਹੁਕਮ ਵਿੱਚ ਚੱਲਦੇ ਹਨ। ਮਨੁੱਖ ਨੂੰ ਸਾਰੇ ਜੀਵ-ਜੰਤਾਂ ਤੋਂ ਵੱਧ ਸੋਝੀ ਮਿਲੀ ਹੈ।ਮਨੁੱਖ ਨੂੰ ਸੋਚਣ ਸਮਝਣ ਲਈ ਦਿਮਾਗ਼ ਸਾਰੇ ਜੀਵਾਂ ਤੋਂ ਵੱਧ ਮਿਲਿਆ ਹੈ ਜਿਸ ਨਾਲ ਉਹ ਚੰਗੇ ਮੰਦੇ ਬਾਰੇ ਫੈਸਲਾ ਕਰ ਸਕੇ। ਪਰ ਮਨੁੱਖ ਪ੍ਰਭੂ ਦੀ ਇਸ ਦੇਣ ਦਾ ਗ਼ਲਤ ਇਸਤੇਮਾਲ ਕਰਦਾ ਹੈ। ਜਦਕਿ, ਪ੍ਰਭੂ ਨੇ ਮਨੁੱਖ ਨੂੰ ਹੋਰ ਸਾਰੀਆਂ ਜੂਨੀਆਂ ਨਾਲੋਂ ਵੱਧ ਸੋਝੀ ਬਖਸ਼ੀ ਹੈ, ਇਸ ਨਾਤੇ ਸੋਝੀ ਬਖਸ਼ਣ-ਹਾਰ ਪ੍ਰਤੀ ਇਸ ਦਾ ਫਰਜ ਵੀ ਵੱਧ ਹੈ। ਪਰ ਇਹ ਆਪਣਾ ਫਰਜ਼ ਠੀਕ ਤਰ੍ਹਾਂ ਨਹੀਂ ਨਿਭਾਉਂਦਾ ਇਸ ਲਈ ਸਿਰਫ ਇਸੇ ਨੂੰ ਹੀ ਸਪੈਸ਼ਲੀ ਸਮਝਾਉਣ ਦੀ ਜ਼ਰੂਰਤ ਪੈਂਦੀ ਹੈ। 
ਸਤਿਨਾਮ ਸਿੰਘ-
ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਨ ਦੁਖੁ ਭਾਰੀ॥”
ਸਵਾਲ- ਕੀ ਕਦੇ ਐਸਾ ਹੋਇਆ ਹੈ ਕਿ ਬੁਖਾਰ ਅੱਜ ਚੜ੍ਹੇ ਦਰਦ 50 ਸਾਲ ਬਾਦ ਹੋਵੇ, ਸੱਟ ਅੱਜ ਲੱਗੇ ਦਰਦ 20 ਸਾਲ ਬਾਦ ਹੋਵੇ?????
ਹਉਮੈ ਦਾ ਰੋਗ ਅੱਜ, ਜਨਮ ਮਰਨ (ਮਨ ਦੀਆਂ ਭਟਕਣਾਂ) ਦਾ ਦੁਖ ਵੀ ਅੱਜ, ਹਉਮੈ ਦਾ ਰੋਗ ਜਿਉਂਦੇ ਜੀ, ਜਨਮ ਮਰਨ ਦਾ ਦੁਖ ਵੀ ਜਿਉਂਦੇ ਜੀ ਇਸੇ ਜ਼ਿੰਦਗ਼ੀ ਵਿੱਚ, ਹਉਮੈ ਦਾ ਰੋਗ ਵੀ ਇਸੇ ਦੁਨੀਆਂ ਵਿੱਚ, ਇਸੇ ਧਰਤੀ ਤੇ।
ਜਵਾਬ- ਵੀਰ ਜੀ ! ਤੁਕ ਦੇ ਅਰਥ ਹਨ-“ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿੱਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿੱਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ”।
ਹੁਉਮੈ ਦਾ ਰੋਗ ਅੱਜ ਵੀ ਹੈ, ਅਤੇ ਅਗੋਂ ਜਦੋਂ ਵੀ ਮਨੁੱਖਾ ਜਨਮ ਮਿਲੇਗਾ, ਇਹ ਰੋਗ ਉਸ ਜਨਮ ਵਿੱਚ ਵੀ ਹੋਵੇਗਾ। ਪਰ ਜੇ ਮਨੁੱਖਾ ਜਨਮ ਰਹਿੰਦਿਆ ਇਸ ਰੋਗ ਤੋਂ ਮੁਕਤੀ ਹਾਸਲ ਨਾ ਕੀਤੀ ਤਾਂ ਅਨੇਕਾਂ ਜੂਨਾਂ ਵਿੱਚ ਜਨਮ ਮਰਨ ਦਾ ਦੁਖ ਸਹਾਰਨਾ ਪਏਗਾ ।
ਜੇ ਮਨੁੱਖ ਨੂੰ ਹਉਮੈਂ ਅੰਦਰ ਵਿਚਰਨਾ ਹੀ ਚੰਗਾ ਲੱਗਦਾ ਹੈ ਅਤੇ ਖੁਦ ਹੀ ਇਸ ਰੋਗ ਤੋਂ ਛੁਟਕਾਰਾ ਨਹੀਂ ਪਾਉਣਾ ਚਾਹੁੰਦਾ, ਤਾਂ ਮਨ ਦੀ ਮਰਜੀ ਨਾਲ ਕੀਤੇ ਕੰਮ ਨੂੰ ਮਨ ਦੀਆਂ ਭਟਕਣਾਂ ਕਿਵੇਂ ਕਿਹਾ ਜਾ ਸਕਦਾ ਹੈ ?
ਤੁਸੀਂ ਲਿਖਿਆ ਹੈ “ਕੀ ਕਦੇ ਐਸਾ ਹੋਇਆ ਹੈ ਕਿ ਬੁਖਾਰ ਅੱਜ ਚੜ੍ਹੇ ਦਰਦ 50 ਸਾਲ ਬਾਦ ਹੋਵੇ, ਸੱਟ ਅੱਜ ਲੱਗੇ ਦਰਦ 20 ਸਾਲ ਬਾਦ ਹੋਵੇ?
ਜਵਾਬ- ਵੀਰ ਜੀ ! ਕਦੇ ਐਸਾ ਹੋਇਆ ਹੈ ਕਿ ਕਿਸੇ ਨੂੰ ਹਉਮੈ ਅਧੀਨ ਕੰਮ ਕਰਨ ਕਰਕੇ ਉਸੇ ਵਕਤ ਹੀ ਕੋਈ ਦਰਦ ਹੋਇਆ ਹੋਵੇ ? ਹਉਮੈ ਅਧੀਨ ਕੰਮ ਕਰਨ ਕਰਕੇ ਉਸੇ ਵਕਤ ਬੁਖਾਰ ਚੜ੍ਹ ਗਿਆ ਹੋਵੇ ? ਜਾਂ ਜੁਕਾਮ ਹੋ ਗਿਆ ਹੋਵੇ ? ਜਾਂ ਸੱਟ ਲੱਗ ਗਈ ਹੋਵੇ ?
ਕੀ ਹਉਮੈ ਅਧੀਨ ਕੰਮ ਕਰਨਾ ਅਤੇ ਸੱਟ ਲੱਗਣੀ ਜਾਂ ਬੁਖਾਰ ਚੜ੍ਹਨਾ ਇੱਕ ਬਰਾਬਰ ਹੈ ? ਹਉਮੈ ਅਧੀਨ ਤਾਂ ਬੰਦਾ ਆਪਣੀ ਮਰਜ਼ੀ ਨਾਲ ਕੰਮ ਕਰਦਾ ਹੈ। ਕੀ ਬੰਦਾ ਸੱਟ ਵੀ ਆਪਣੀ ਮਰਜ਼ੀ ਨਾਲ ਖਾਂਦਾ ਹੈ ? ਸੱਟ ਦਾ ਸੰਬੰਧ ਸਰੀਰਕ ਕਿਰਿਆ ਨਾਲ ਹੈ। ਹਉਮੈ ਦਾ ਸੰਬੰਧ ਮਨ, ਮਾਨਸਿਕਤਾ ਨਾਲ ਹੈ। ਹਉਮੈ ਅਧੀਨ ਕੰਮ ਨਾ ਕਰਨ ਦੀ ਹਦਾਇਤ ਨਾਲ ਤਾਂ ਗੁਰਬਾਣੀ ਭਰੀ ਪਈ ਹੈ, ਕੀ ਸਰੀਰਕ ਸੱਟ ਨਾ ਖਾਣ ਬਾਰੇ ਵੀ ਗੁਰਬਾਣੀ ਵਿੱਚ ਕਿਤੇ ਕੋਈ ਹਦਾਇਤ ਹੈ ?
ਜੇ ਹਉਮੈ ਅਧੀਨ ਕੰਮ ਕਰਨ ਤੇ ਫਲ਼ ਨਾਲ ਦੀ ਨਾਲ ਹੀ ਮਿਲ ਜਾਂਦਾ ਤਾਂ, ਦੁਨੀਆਂ ਤੇ ਹਉਮੈ ਹੋਣੀ ਹੀ ਨਹੀਂ ਸੀ ਜਾਂ ਨਾਹ-ਮਾਤਰ ਹੀ ਹੋਣੀ ਸੀ। ਕਿਸੇ ਨੇ ਹਉਮੈ ਅਧੀਨ ਕੰਮ ਕੀਤਾ ਉਸੇ ਵਕਤ ਉਸ ਨੂੰ ਉਸ ਦੇ ਕੀਤੇ ਦਾ ਫਲ਼ ਮਿਲ ਗਿਆ, ਬੰਦੇ ਨੇ ਅੱਗੋਂ ਤੋਂ ਹਉਮੈ ਅਧੀਨ ਕੋਈ ਵੀ ਕੰਮ ਕਰਨ ਤੋਂ ਤੌਬਾ ਕਰ ਲੈਣੀ ਸੀ। ਨਾਲ ਹੀ ਹੋਰ ਜਿੰਨਿਆਂ ਨੇ ਵੀ ਇਹ ਕਾਰਾ ਦੇਖਿਆ, ਸੁਣਿਆ, ਉਹਨਾਂ ਨੇ ਵੀ ਹਉਮੈ ਅਧੀਨ ਕੰਮ ਕਰਨ ਤੋਂ ਤੌਬਾ ਕਰ ਲੈਣੀ ਸੀ ।
 ਮਿਸਾਲ ਦੇ ਤੌਰ ਤੇ, ਬੱਚਾ ਅੱਗ’ਚ ਹੱਥ ਪਾਉਂਦਾ ਹੈ, ਉਸੇ ਵੇਲੇ ਉਸ ਨੂੰ ਇਸ ਦੇ ਫਲ਼ ਬਾਰੇ ਪਤਾ ਲੱਗ ਜਾਂਦਾ ਹੈ ਅਤੇ ਅੱਗੋਂ ਤੋਂ ਅੱਗ ਵਿੱਚ ਹੱਥ ਪਾਉਣ ਤੋਂ ਸੁਚੇਤ ਹੋ ਜਾਂਦਾ ਹੈ। ਅੱਗ ਵਿੱਚ ਹੱਥ ਪਾਇਆਂ ਉਸੇ ਵੇਲੇ ਹੱਥ ਸੜ ਜਾਂਦਾ ਹੈ, ਇਹ ਗੱਲ ਸਮਝਾਉਣ ਲਈ ਗ੍ਰੰਥ ਲਿਖਣ ਦੀ ਲੋੜ ਨਹੀਂ ਪੈਂਦੀ, ਸਾਨੂੰ ਸਭ ਨੂੰ ਪਤਾ ਹੈ ਇਸ ਲਈ ਹਰ ਕੋਈ ਇਸ ਕਾਰੇ ਤੋਂ ਸੁਚੇਤ ਹੈ, ਅਤੇ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਪਰ ਕੀ ‘ਹੁਉਮੈ’ ਅਧੀਨ ਕੰਮ ਕਰਨ ਕਰਕੇ ਅੱਜ ਹੀ ਹੁਣੇ ਹੀ ਕੋਈ ਫਲ਼ ਮਿਲਦਾ ਹੈ ?
ਸਵਾਲ- “ਜਨਮ ਮਰਨ ਦਾ ਦੁਖ ਵੀ ਜਿਉਂਦੇ ਜੀ”।(?)
ਜਵਾਬ- ਹਾਂ ਜੀ ! ‘ਬਾਰ ਬਾਰ ਜੰਮਣਾ ਤੇ ਮਰਨਾ ਫੇਰ ਜੰਮਣਾ ਤੇ ਮਰਨਾ …..’ ਦੁਖ ਸੁਖ ਭੋਗਣੇ ਇਹ ਸਭ ਜਿਉਂਦੇ ਜੀਵ ਨੂੰ ਹੀ ਹੈ। ਮੁਰਦਾ ਸਰੀਰ ਮਿੱਟੀ ਦੀ ਢੇਰੀ ਹੀ ਹੁੰਦਾ ਹੈ ਅਤੇ ਮੁਰਦਾ ਸਰੀਰ ਨੂੰ ਦੁਖ-ਸੁਖ ਨਹੀਂ ਹੁੰਦਾ।  ਮਨਮੁਖ ਬੰਦਾ ਮੁੜ ਮੁੜ ਜਨਮ ਲੈ ਕੇ ਸੰਸਾਰ ਤੇ ਆਉਂਦਾ ਹੈ ਅਤੇ ਦੁਖ ਸੁਖ ਸਹਾਰਦਾ ਹੈ।
ਇਕੁ ਦੁਖ ਰਾਮ ਰਾਇ ਕਾਟੋ ਮੇਰਾ॥ ਅਗਨਿ ਦਹੈ ਅਰੁ ਗਰਭਿ ਬਸੇਰਾ॥ (ਪੰਨਾ-329)
ਸਵਾਲ- “ਹਉਮੈ ਦਾ ਰੋਗ ਇਸੇ ਦੁਨੀਆਂ ਵਿੱਚ” ਹੈ (?)
ਜਵਾਬ- ਜੀ ਹਾਂ ਮੈਂ ਸਹਿਮਤ ਹਾਂ। ਗੁਰਬਾਣੀ ਇਸੇ ਦੁਨੀਆਂ ਦੀ ਹੀ ਗੱਲ ਕਰਦੀ ਹੈ। ਗੁਰਮਤਿ ਇਸ ਧਰਤੀ ਤੋਂ ਬਿਨਾਂ ਕਿਸੇ ਹੋਰ ਆਕਾਸ਼ਾਂ ਜਾਂ ਪਾਤਾਲਾਂ ਵਿੱਚ ਕਿਸੇ ਹੋਰ ਧਰਤੀ ਹੋਣ ਨੂੰ ਨਹੀਂ ਮੰਨਦੀ ।
ਸਵਾਲ- ਹਉਮੈ ਦਾ ਰੋਗ ਵੀ “ਇਸੇ ਜ਼ਿੰਦਗ਼ੀ ਵਿੱਚ” ਹੈ (?)
ਜਵਾਬ- ਜੀ! ਨਹੀਂ, ਹਉਮੈ ਦਾ ਰੋਗ ਇਸ ਜ਼ਿੰਦਗ਼ੀ ਵਿੱਚ ਤਾਂ ਹੈ ਹੀ ਪਰ ਜੇ ਗੁਰੂ ਨੂੰ ਮਿਲ ਕੇ ਇਸ ਦਾ ਇਲਾਜ ਨਹੀਂ ਕੀਤਾ ਤਾਂ ਆਵਾਗਵਣ ਦਾ ਗੇੜ ਪਿਆ ਰਹਿਣਾ ਹੈ। ਜਦੋਂ ਫੇਰ ਮਨੁੱਖਾ ਜਨਮ ਮਿਲੇਗਾ ਓਦੋਂ ਵੀ ਹਉਮੈ ਦਾ ਰੋਗ ਨਾਲ ਹੋਵੇਗਾ ।
ਸਵਾਲ - “ਕੀ ਆਪ ਦੱਸ ਸਕਦੇ ਹੋ ‘ਗਰਭ ਜੂਨ’ ਕਿਸ ਨੂੰ ਕਹਿੰਦੇ ਹਨ?
ਜਵਾਬ- ਮਹਾਨ ਕੋਸ਼ ਮੁਤਾਬਕ, ਲਫਜ਼ ‘ਗਰਭ ਜੋਨਿ’ ਦਾ ਅਰਥ ਹੈ ਗਰਭਾਸ਼ਯ, ਗਰਭ ਵਿੱਚ ਨਿਵਾਸ ਹੋਣਾ।
ਸਵਾਲ- ਜੇ ਅੱਗੇ ਕੋਈ ਧਰਮਰਾਜ ਬੈਠਾ ਹੈ ਸਜਾ ਦੇਣ ਨੂੰ, ਫਿਰ ਸਿੰਘਾਂ ਨੂੰ ਜਾਲਮਾਂ ਨੂੰ ਸੋਧਾ ਲਾ ਕੇ ਫਾਂਸੀਆਂ ਚੜ੍ਹਨ ਦੀ ਕੀ ਲੋੜ ? ਜਦੋਂ ਰੱਬ ਨੇ ਮਾੜੇ ਕੰਮਾਂ ਦੀ ਸਜਾ ਦੇਣ ਨੂੰ ਧਰਮ ਰਾਜਾ ਅੱਗੇ ਬਿਠਾਇਆ ਹੋਇਆ ਹੈ ਫਿਰ ਜੋ ਸਿੰਘ ਆਪ ਜ਼ਾਲਮਾਂ ਨੂੰ ਸਜ਼ਾ ਦਿੰਦੇ ਹਨ, ਕੀ ਉਨ੍ਹਾਂ ਨੂੰ ਵੀ ਅੱਗੇ ਜਾਕੇ ਸਜਾ ਮਿਲੇਗੀ, ਕਨੂੰਨ ਆਪਣੇ ਹੱਥ ਵਿੱਚ ਲੈਣ ਦੀ ?
ਜਵਾਬ- ਅੱਗੇ ਪਰਮਾਤਮਾ ਨੇ ਵੱਖਰਾ ਕੋਈ ਧਰਮਰਾਜ ਬਿਠਾਇਆ ਹੋਇਆ ਹੈ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਪਰ ਗੁਰਬਾਣੀ ਵਿੱਚ ਪ੍ਰਭੂ ਨੂੰ ਹੀ ਧਰਮਰਾਜ ਕਿਹਾ ਹੈ । “ਸਿੰਘਾਂ ਦੁਆਰਾ ਜ਼ਾਲਮਾਂ ਨੂੰ ਸੋਧਾ ਲਾ ਕੇ ਫਾਂਸੀਆਂ ਤੇ ਚੜ੍ਹਨ” ਬਾਰੇ-
ਇਹ ਧਰਤੀ ‘ਕਰਮ ਭੂਮੀ’ ਹੈ। ਬੰਦੇ ਨੇ ਧਰਤੀ ਤੇ ਆ ਕੇ ਚੰਗੇ ਮਾੜੇ ਕਰਮ ਕਰਨੇ ਹਨ। ਜ਼ਾਲਮਾਂ ਨੂੰ ਸੋਧਾ ਲਗਾਉਣਾ, ਦੁਨੀਆਂ ਵਿੱਚ ਵਿਚਰਨ ਦੀ ਇੱਕ ਕ੍ਰਿਆ ਅਧੀਨ ਹੈ। ਇਹ ਇਕ ਕਰਮ ਹੈ। ਸਿੱਖ ਨੇ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” ਦੇ ਸੰਕਲਪ ਅਧੀਨ ਵਿਚਰਨਾ ਹੈ। ਸੋਧਾ ਲਾਉਣ ਪਿੱਛੇ ਭਾਵਨਾ ਚੰਗੀ ਹੈ ਜਾਂ ਮੰਦੀ ਇਸ ਦਾ ਫੈਸਲਾ ਪ੍ਰਭੂ-ਧਰਮਰਾਜ ਨੇ ਕਰਨਾ ਹੈ-
ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮ ਸੁਹਾਵਣਿਆ॥” (ਪੰਨਾ 109)
 “ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ”॥ (ਪੰਨਾ 1414)
ਕਿਸੇ ਨੇ ਚੰਗੇ ਕੰਮ ਕੀਤੇ ਹਨ ਜਾਂ ਮਾੜੇ ਸਭ ਦਾ ਲੇਖਾ ਹੋਣਾ ਹੈ।
ਕਾਨੂੰਨ ਆਪਣੇ ਹੱਥ ਲੈਣ” ਬਾਰੇ- 
ਦੁਨਿਆਵੀ ਰਾਜਿਆਂ ਦੇ ਆਪਣੇ ਕਾਨੂੰਨ ਹਨ। ਪ੍ਰਭੂ ਰਾਜੇ ਦਾ ਕਾਨੂੰਨ ਅਤੇ ਨਿਆਂ ਆਪਣਾ ਵੱਖਰਾ ਹੈ। ਪ੍ਰਭੂ ਰਾਜੇ ਦੇ ਫੈਸਲੇ ਦਾ ਦੁਨਿਆਵੀ ਰਾਜਿਆਂ ਦੇ ਕਾਨੂੰਨਾਂ ਨਾਲ ਕੋਈ ਸੰਬੰਧ ਨਹੀਂ। ਦੁਨਿਆਵੀ ਰਾਜਿਆਂ ਨੇ ਆਪਣੇ ਮੁਤਾਬਕ ਨਿਆਂ ਕਰਨਾ ਹੈ।ਪ੍ਰਭੂ ਰਾਜੇ (ਧਰਮ ਰਾਜ) ਨੇ ਆਪਣੇ ਮੁਤਾਬਕ।
ਸਵਾਲ- “ਨਹ ਕਿਛੁ ਜਨਮੈ ਨਹ ਕਿਛੁ ਮਰੈ॥ਆਪਨ ਚਲਿਤੁ ਆਪ ਹੀ ਕਰੈ॥” (ਪੰਨਾ 281) ਦੇ ਅਰਥ ਸਮਝਾਵੋ ਜੀ।
ਅਰਥ- ਨਾ ਕੁਝ ਜੰਮਦਾ ਹੈ ਨਾ ਕੁਝ ਮਰਦਾ ਹੈ; (ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ।‘ਨਹ ਕਿਛੁ ਜਨਮੈ ਨਹ ਕਿਛੁ ਮਰੈ’ ਜੀਵ/ ਜੀਵਾਤਮਾ ਲਈ ਕਿਹਾ ਹੈ। ਜੀਵ ਜੰਮਦਾ ਮਰਦਾ ਨਹੀਂ, ਸਰੀਰਕ ਚੋਲਾ ਧਾਰ ਕੇ ਸੰਸਾਰ ਤੇ ਆਉਂਦਾ ਹੈ। ਉਮਰ ਦੀ ਅਵਧੀ ਖਤਮ ਹੋਣ ਤੇ ਸਰੀਰਕ ਚੋਲ਼ਾ ਤਿਆਗ ਕੇ ਚੱਲਾ ਜਾਂਦਾ ਹੈ ।
ਸਵਾਲ- “ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ਨਾ ਕੋਈ ਮਰੈ ਨ ਆਵੈ ਜਾਇਆ॥” (ਪੰਨਾ 885) ਦੇ ਅਰਥ ਸਮਝਾਵੋ।
ਅਰਥ- ਹੇ ਨਾਨਕ ਆਖ! ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ।ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।
ਅਰਥਾਤ ਜਿਸ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਕਿ ‘ਜੀਵ’ ਜੰਮਦਾ ਮਰਦਾ ਨਹੀਂ, ਮੁੜ ਮੁੜ ਸਰੀਰਕ ਚੋਲਾ ਬਦਲਦਾ ਹੈ।ਉਹ ਗੁਰੂ ਦੁਆਰਾ ਦੱਸੇ ਰਾਹ ਤੇ ਚੱਲਕੇ ਗੁਰਮੁਖਾਂ ਵਾਲੇ ਕਰਮ ਕਰਦਾ ਹੈ ਅਤੇ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।
ਸਵਾਲ- “ਨਿਰੰਕਾਰ ਮਹਿ ਆਕਾਰੁ ਸਮਾਵੈ॥” ਦੇ ਅਰਥ ਸਮਝਾਵੋ
ਜਵਾਬ- ਪੂਰਾ ਬੰਦ ਇਸ ਪ੍ਰਕਾਰ ਹੈ-
ਨਿਰੰਕਰ ਮਹਿ ਆਕਾਰ ਸਮਾਵੈ॥ਅਕਲ ਕਲਾ ਸਚੁ ਸਾਚਿ ਟਿਕਾਵੈ॥
ਸੋ ਨਰੁ ਗਰਭੁ ਜੋਨਿ ਨਹੀ ਆਵੈ
॥” (ਪੰਨਾ 414)
ਅਰਥ- ‘ਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦ੍ਰਿਸ਼ਟ ਪ੍ਰਭੂ ਵਿੱਚ ਲੀਨ ਕਰ ਲੈਂਦਾ ਹੈ’ ਭਾਵ ਆਪਣੀ ਬ੍ਰਿਤੀ ਨੂੰ ਬਾਹਰ ਵੱਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ। ਜਿਸ ਪ੍ਰਭੂ ਦੀ ਸੱਤਿਆ ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ ਥਿਰ ਪ੍ਰਭੂ ਨੂੰ ਜਿਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿੱਚ ਟਿਕਾਂਦਾ ਹੈ, ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ।
ਅੱਧੀ ਪੰਗਤੀ ਜਾਂ ਅੱਧੇ ਬੰਦ ਦੇ ਅਰਥ ਕਰਕੇ ਆਪਣਾ ਸਿਧਾਂਤ ਨਿਰਧਾਰਿਤ ਨਾ ਕਰੋ। ਪੂਰਾ ਬੰਦ ਪੜ੍ਹੋ, ਜਨਮ ਮਰਨ ਦੇ ਗੇੜ ਤੋਂ ਬਚਣ ਲਈ ਸ਼ਰਤ ਹੈ ਅਤੇ ਸ਼ਰਤ ਪੂਰੀ ਕਰਨ ਵਾਲਾ ‘ਸੋ ਨਰੁ’ ਗਰਭ ਜੋਨਿ ਵਿੱਚ ਨਹੀਂ ਆਉਂਦਾ। ਕਿਤੇ ਨਹੀਂ ਲਿਖਿਆ ਕਿ ਹਰ ਮਨੁੱਖ ਜਨਮ ਮਰਨ ਦੇ ਗੇੜ ਤੋਂ ਮੁਕਤ ਹੈ। ਜਨਮ ਮਰਨ ਤੋਂ ਛੁਟਕਾਰਾ ਪਾਉਣ ਲਈ ਸ਼ਰਤ ਰੱਖਣ ਤੋਂ ਇਹ ਗੱਲ ਹੋਰ ਵੀ ਪੱਕੀ ਹੋ ਜਾਂਦੀ ਹੈ ਕਿ ਜੇ ਸ਼ਰਤ ਪੂਰੀ ਨਾ ਕੀਤੀ ਤਾਂ ਜਨਮ ਮਰਨ ਦਾ ਗੇੜ ਹੈ। ਜੇ ਸ਼ਰਤ ਪੂਰੀ ਨਾ ਕਰਨ ਤੇ ਵੀ, ਹਰ ਮਨੁੱਖ ਜਨਮ ਮਰਨ ਤੋਂ ਮੁਕਤ ਹੈ ਤਾਂ ਫੇਰ ਇਸ ਸਿੱਖਿਆ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ।
ਸਵਾਲ- “ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ॥” (ਪੰਨਾ 879) ਦੇ ਅਰਥ ਸਮਝਾਵੋ।
ਅਰਥ- (ਜਿਵੇਂ) ਸਮੁੰਦਰ ਵਿੱਚ ਬੂੰਦਾਂ ਹਨ, (ਜਿਵੇਂ) ਬੂੰਦਾਂ ਵਿੱਚ ਸਾਗਰ ਵਿਆਪਕ ਹੈ (ਤਿਵੇਂ ਸਾਰੇ ਜੀਅ- ਜੰਤ ਪਰਮਾਤਮਾ ਵਿੱਚ ਜਿਉਂਦੇ ਹਨ ਅਤੇ ਸਾਰੇ ਜੀਵਾਂ ਵਿੱਚ ਪਰਮਾਤਮਾ ਵਿਆਪਕ ਹੈ) ਕੋਈ ਵਿਰਲਾ ਮਨੁੱਖ ਇਸ ਭੇਦ ਨੂੰ ਸਮਝਦਾ ਹੈ।
ਅਰਥਾਤ- ਸਾਰਾ ਦਿਸਦਾ ਪਸਾਰਾ ਪ੍ਰਭੂ ਦਾ ਹੀ ਸਰਗੁਣ ਰੂਪ ਹੈ। ਇਸ ਤਰ੍ਹਾਂ ਸਾਰੇ ਜੀਵ ਪ੍ਰਭੂ ਵਿੱਚ ਹੀ ਵਿਚਰ ਰਹੇ ਹਨ। ਅਤੇ ਪ੍ਰਭੂ ਸਰਬ ਵਿਆਪਕ ਹੈ, ਇਸ ਤਰ੍ਹਾਂ ਸਾਰੇ ਜੀਵਾਂ ਵਿੱਚ ਵੀ ਪ੍ਰਭੂ ਹੈ ।
ਇੱਥੇ ਕਿਤੇ ਵੀ ਜਨਮ ਮਰਨ (ਆਵਾਗਵਣ) ਦਾ ਖੰਡਣ ਨਹੀਂ ਹੈ।

ਜਸਬੀਰ ਸਿੰਘ ਵਿਰਦੀ                       15-09-2015 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.