-: ਜੋਤੀ ਮਹਿ ਜੋਤਿ ਰਲਿ ਜਾਇਆ :-
ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ-
“ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥
ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥1॥
ਕਉਨੁ ਮੂਆ ਰੇ ਕਉਨੁ ਮੂਆ॥
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥1॥ਰਹਾਉ॥
ਅਗਲੀ ਕਿਛੁ ਖਬਰਿ ਨ ਪਾਈ॥ ਰੋਵਨਹਾਰੁ ਭਿ ਊਠਿ ਸਿਧਾਈ॥
ਭਰਮ ਮੋਹ ਕੇ ਬਾਂਧੇ ਬੰਧ॥ ਸੁਪਨ ਭਇਆ ਭਖਲਾਏ ਅੰਧ॥2॥
ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰਿ॥
ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥3॥
ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥4॥(ਪੰਨਾ 885)
ਅਰਥ (ਪ੍ਰੋ: ਸਾਹਿਬ ਸਿੰਘ ਜੀ):-
ਹੇ ਭਾਈ! (ਅਸਲ ਵਿੱਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ।ਜੇਹੜਾ ਕੋਈ ਗੁਰਮੁਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ।ਰਹਾਉ।
(ਹੇ ਭਾਈ! ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿੱਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿੱਚੋਂ) ਸੁਆਸ ਹਵਾ ਵਿੱਚ ਮਿਲ ਜਾਂਦਾ ਹੈ, (ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ, ਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ।(ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ।1
(ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਣ ਵਾਲੀ ਗੱਲ ਨਹੀਂ ਸਮਝਦਾ ਕਿ ਜਿਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖਰ) ਉਸ ਨੇ ਭੀ ਇੱਥੋਂ ਕੂਚ ਕਰ ਜਾਣਾ ਹੈ।(ਹੇ ਭਾਈ ਜੀਵਾਂ ਨੂੰ) ਭਰਮ ਤੇ ਮੋਹ ਦੇ ਬੰਧਨ ਬੱਝੇ ਹੋਏ ਹਨ, (ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, (ਇਹ ਆਖਰ) ਸੁਪਨਾ ਹੋ ਕੇ ਬੀਤ ਜਾਂਦਾ ਹੈ, ਮਾਇਆ ਦੇ ਮੋਹ ਵਿੱਚ ਅੰਨ੍ਹਾਂ ਹੋਇਆ ਜੀਵ (ਵਿਅਰਥ ਹੀ) ਬਰੜਾਂਦਾ ਹੈ।2
ਹੇ ਭਾਈ! ਇਹ ਜਗਤ ਤਾਂ ਕਰਤਾਰ ਨੇ ਇੱਕ ਖੇਡ ਰਚੀ ਹੋਈ ਹੈ।ਉਸ ਕਰਤਾਰ ਦੇ ਕਦੇ ਖਤਮ ਨਾ ਹੋਣ ਵਾਲੇ ਹੁਕਮ ਵਿੱਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ।ਉਂਞ ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ।ਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ।3
ਹੇ ਭਾਈ! ਤੁਸੀਂ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ, ਇਹ ਉਹੋ ਜਿਹਾ ਨਹੀਂ ਹੈ।ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਤ ਸਮਝ ਲਈ ਹੈ।ਹੇ ਨਾਨਕ! ਆਖ-ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।4
ਗੁਰਮਤਿ ਦੇ ਆਵਾਗਵਨ ਸੰਕਲਪ ਨੂੰ ਨਾ ਮੰਨਣ ਵਾਲੇ ਅਤੇ ਇਸ ਵਿਸ਼ੇ ਨਾਲ ਸੰਬੰਧਤ ਸ਼ਬਦਾਂ ਦੇ ਆਪਣੇ ਹੀ ਅਰਥ ਘੜ ਕੇ ‘ਆਵਾਗਵਣ’ ਦਾ ਖੰਡਣ ਕਰਨ ਵਾਲੇ ਕੁਝ ਅਜੋਕੇ ਵਿਦਵਾਨ, ਉੱਪਰ ਦਿੱਤੇ ਸ਼ਬਦ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ ਦੇਖੋ, ਸ਼ਬਦ ਵਿੱਚ ਵੀ ਦੱਸਿਆ ਹੈ ਕਿ ਸਵਾਸ ਹਵਾ ਵਿੱਚ ਮਿਲ ਗਏ, ਨਿਰੰਕਾਰੀ ਜੋਤਿ ਉਸੇ ਨਿਰੰਕਾਰ ਨਾਲ ਜਾ ਰਲੀ, ਪੰਜ-ਤੱਤੀ ਸਰੀਰ ਮਿੱਟੀ ਵਿੱਚ ਰਲ਼ ਗਿਆ।ਜੀਵ ਦੇ ਮੁੜ ਜਨਮ ਲੈਣ ਲਈ ਮਰਨ ਤੋਂ ਬਾਦ ਬਾਕੀ ਹੋਰ ਕੁਝ ਵੀ ਨਹੀਂ ਬਚਿਆ।
ਵਿਚਾਰ- ਸਾਰੇ ਭੁਲੇਖੇ ਪਹਿਲੇ ਬੰਦ ਵਿੱਚ ਆਏ ਲਫਜ਼ਾਂ ‘ਜੋਤੀ ਮਹਿ ਜੋਤਿ ਰਲਿ ਜਾਇਆ’ ਤੋਂ ਪੈ ਰਹੇ ਹਨ। ਪਰ ਸਾਰੇ ਸ਼ਬਦ ਨੂੰ ਵਿਚਾਰੇ ਬਿਨਾ ਸ਼ਬਦ ਦੇ ਅਰਥ ਠੀਕ ਤਰ੍ਹਾਂ ਨਹੀਂ ਸਮਝੇ ਜਾ ਸਕਦੇ।
ਸਾਰੇ ਸ਼ਬਦ ਦੀ ਵਿਚਾਰ ਕੀਤਿਆਂ ਪਤਾ ਲੱਗਦਾ ਹੈ ਕਿ-
ਜਿਸ ਨੂੰ ਅਸੀਂ ਮਰਿਆ ਸਮਝ ਰਹੇ ਹਾਂ ਅਸਲ ਵਿੱਚ ਮਰਿਆ ਕੁਝ ਵੀ ਨਹੀਂ।ਇਹ ਤਾਂ ਆਉਣ-ਜਾਣ ਵਾਲੀ ਪ੍ਰਭੂ ਦੀ ਰਚੀ ਇੱਕ ਖੇਡ ਹੈ।ਉਸ ਕਰਤਾਰ ਦੇ ਹੁਕਮ ਵਿੱਚ ਹੀ ਜੀਵ ਇਥੇ ਆਉਂਦੇ ਤੇ ਇਥੋਂ ਜਾਂਦੇ ਰਹਿੰਦੇ ਹਨ।
ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ।
ਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ, ਇਸ ਦਾ ਮੂਲ (ਪ੍ਰਭੂ) ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ।
ਜਦੋਂ ਗੁਰਬਾਣੀ ਕਹਿੰਦੀ ਹੈ ਕਿ ‘ਜੀਵ/ ਜੀਅ/ ਜੀਵਾਤਮਾ’ ਨਾਸ ਨਹੀਂ ਹੁੰਦਾ। ਇਹ ਕਦੇ ਜੰਮਦਾ ਮਰਦਾ ਨਹੀਂ ਤਾਂ, ਇਸ ਦਾ ਮਤਲਬ ਹੈ ਕਿ ਸਾਡਾ ਨਾਸ ਨਹੀਂ ਹੁੰਦਾ। ਅਸੀਂ ਕਦੇ ਜੰਮਦੇ ਮਰਦੇ ਨਹੀਂ। ਪੜ੍ਹਨ ਸੁਣਨ ਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗਦੀ ਹੈ। ਅਜੀਬ ਇਸ ਲਈ ਲੱਗਦੀ ਹੈ ਕਿਉਂਕਿ ਅਸੀਂ ਅਸਲੀਅਤ ਤੋਂ ਅਨਜਾਣ ਹਾਂ। ਤਾਂ ਹੀ ਸ਼ਬਦ ਵਿੱਚ ਇਹ ਗੱਲ ਆਖੀ ਗਈ ਹੈ ਕਿ “ਜੋ ਇਹੁ ਜਾਣਹੁ ਸੋ ਇਹੁ ਨਾਹਿ॥”। ਸਾਨੂੰ ਲੱਗਦਾ ਹੈ ਕਿ, ਸਵਾਸ ਮੁੱਕ ਗਏ, ਸਾਡੀ ਜੀਵਨ ਯਾਤਰਾ ਖਤਮ ਹੋ ਗਈ।ਅਸੀਂ ਮਰ ਗਏ, ਸਭ ਕੁਝ ਖਤਮ।ਪਰ ਐਸਾ ਨਹੀਂ ਹੈ।
ਇਹ ਜੀਵ ਪ੍ਰਭੂ ਦੀ ਅੰਸ਼ ਹੈ।ਸਾਡਾ ਮੂਲ ਪ੍ਰਭੂ ਹੈ।ਪ੍ਰਭੂ ਦੀ ਅੰਸ਼ ਹੋਣ ਕਰਕੇ ਪ੍ਰਭੂ ਦੀ ਤਰ੍ਹਾਂ ਜੀਵ ਦਾ ਵੀ ਕਦੇ ਨਾਸ਼ ਨਹੀਂ ਹੁੰਦਾ।ਅਰਥਾਤ ਇਹ ਮਰਦਾ ਨਹੀਂ।ਇਹ ਮਰਦਾ ਇਸ ਲਈ ਵੀ ਨਹੀਂ ਕਿ ਪ੍ਰਭੂ ਦੀ ਤਰ੍ਹਾਂ ਇਹ ਕਦੇ ਜੰਮਿਆ ਹੀ ਨਹੀਂ -
“ਨਹ ਕਿਛੁ ਜਨਮੈ ਨਹ ਕਿਛੁ ਮਰੈ॥” (ਪੰਨਾ 281)
ਜਦੋਂ ਜੀਵ ਮਾਤਾ ਦੇ ਗਰਭ ਤੋਂ ਜਨਮ ਲੈ ਕੇ ਸੰਸਾਰ ਤੇ ਆਉਂਦਾ ਹੈ ਤਾਂ ਇਸ ਨੂੰ ਆਪਾਂ ਆਮ ਬੋਲੀ ਵਿੱਚ ਜਨਮ ਲੈਣਾ ਕਹਿੰਦੇ ਹਾਂ ਅਤੇ ਗੁਰਬਾਣੀ ਵਿੱਚ ਵੀ ਇਸ ਨੂੰ ਜੰਮਣਾ ਜਾਂ ਜਨਮ ਲੈਣਾਂ ਹੀ ਕਿਹਾ ਗਿਆ ਹੈ।ਜੀਵਨ-ਸਫਰ ਖਤਮ ਹੋਣ ਤੇ ਜੀਵ ਦੇ ਸੰਸਾਰ ਤੋਂ ਤੁਰ ਜਾਣ ਤੇ ਇਸ ਨੂੰ ਮਰ ਗਿਆ ਕਹਿ ਦਿੰਦੇ ਹਾਂ।
ਪਰ ਅਸਲ’ਚ ਹੁੰਦਾ ਇਹ ਹੈ ਕਿ ‘ਕਾਇਆਂ (ਸਰੀਰ) ਅਤੇ ਹੰਸ (ਜੀਵ)’, ਦਾ ਮੇਲ ਹੋ ਕੇ ਜੀਵ ਜਦੋਂ ਸੰਸਾਰ ਤੇ ਆਉਂਦਾ ਹੈ ਤਾਂ ਆਪਾਂ ਇਸ ਨੂੰ ਜੀਵ ਦਾ ਜਨਮ ਹੋਇਆ ਕਹਿੰਦੇ ਹਾਂ।ਜਦੋਂ ਜੀਵ ਅਤੇ ਕਾਇਆਂ ਦਾ ਵਿਛੋੜਾ ਹੋ ਜਾਂਦਾ ਹੈ ਤਾਂ ਇਸ ਨੂੰ ਆਪਾਂ ਮੌਤ ਕਹਿੰਦੇ ਹਾਂ।ਇਸ ਤਰ੍ਹਾਂ ਨਾਲ ਅਸਲ ਵਿੱਚ ਸਾਡੀ (ਜੀਵ ਦੀ) ਮੌਤ ਨਹੀਂ ਸਰੀਰ ਤੋਂ ਵਿਛੋੜਾ ਹੁੰਦਾ ਹੈ।
ਮੌਜੂਦਾ ਵਿਚਾਰ-ਅਧੀਨ ਸ਼ਬਦ ਦੇ ਪਹਿਲੇ ਬੰਦ ਵਿੱਚ ‘ਪਵਨ (ਸਵਾਸਾਂ), ਜੋਤਿ (ਜੀਵਨ-ਜੋਤਿ, ਜੀਵਨ-ਸੱਤਾ, ਚੇਤਨ-ਸੱਤਾ), ਅਤੇ ਮਾਟੀ (ਧਰਤੀ ਦੇ ਭੌਤਿਕ ਤੱਤਾਂ) ਦਾ ਜ਼ਿਕਰ ਕੀਤਾ ਗਿਆ ਹੈ।ਸ਼ਬਦ ਵਿੱਚ ਸਰੀਰ ਦੇ ਖਤਮ ਹੋਣ ਨਾਲ ਸਭ ਕੁਝ ਖਤਮ ਹੋਣ ਦੀ ਗੱਲ ਨਹੀਂ ਕੀਤੀ ਗਈ।ਬਲਕਿ ਇਕ ਚੀਜ਼ ਹੋਰ ਹੈ ਜਿਸ ਦੇ ਬਾਰੇ ਕਿਹਾ ਗਿਆ ਹੈ-
“ਆਵਤ ਜਾਵਤ ਹੁਕਮਿ ਅਪਾਰਿ॥” ਅਤੇ
“ਨਹ ਕੋ ਮੂਆ ਨ ਮਰਣੈ ਜੋਗੁ॥ਨਹ ਬਿਨਸੈ ਅਬਿਨਾਸੀ ਹੋਗੁ॥”
ਉਹ ਅਸਲੀ ਚੀਜ਼ ਹੈ; ਸਾਡਾ ਆਪਾ, ਸਾਡਾ ਆਤਮ, ਅਸੀਂ ਖੁਦ, ਖੁਦ ਜੀਵ, ਇਹ ਕਦੇ ਨਹੀਂ ਮਰਦਾ ਅਤੇ ਨਾ ਹੀ ਇਹ ਮਰਨ-ਜੋਗਾ ਹੈ।ਇਹ ਅਬਿਨਾਸੀ ਹੈ, ਬਿਨਸਦਾ ਨਹੀਂ, ਸਿਰਫ ਸਰੀਰਕ-ਚੋਲ਼ਾ ਬਦਲਦਾ ਹੈ।ਨਵਾਂ ਸਰੀਰ ਧਾਰ ਕੇ ਸੰਸਾਰ ਤੇ ਫੇਰ ਆ ਜਾਂਦਾ ਹੈ (ਆਵਤ ਜਾਵਤ ਹੁਕਮ ਅਪਾਰ)।(ਜਾਂ ਫੇਰ ਗੁਰਮੁਖਾਂ ਵਾਲਾ ਜੀਵਨ ਬਿਤਾਉਣ ਤੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ।ਜਿੱਥੋਂ ਆਇਆ ਹੈ ਉਸੇ ਵਿੱਚ ਹੀ ਸਮਾ ਜਾਂਦਾ ਹੈ)।
ਜੇ ਇਹ ਗੱਲ ਸਮਝ ਆ ਜਾਵੇ ਕਿ ਜੋਤਿ; ਜੀਵ/ਜੀਅ/ਜੀਵਾਤਮਾ ਤੋਂ ਵੱਖਰੀ ਹੈ, ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ।ਗੁਰਬਾਣੀ ਵਿੱਚ ਜੋਤਿ ਦਾ ਜ਼ਿਕਰ; ਜੀਵਨ-ਸੱਤਾ, ਚੇਤਨਾ, ਗਿਆਨ, ਚਾਨਣ ਆਦਿ ਦੇ ਅਰਥਾਂ ਵਿੱਚ ਆਇਆ ਹੈ।ਜੀਵ ਦਾ ਸਰੀਰ ਨਾਲ ਮੇਲ ਹੁੰਦਾ ਹੈ ਅਤੇ ‘ਜੋਤਿ’; ਜੀਵਨ-ਜੋਤਿ, ਚੇਤਨ-ਸੱਤਾ ਦੇ ਆਸਰੇ ਇਹ ਸੰਸਾਰ ਤੇ ਵਿਚਰਦਾ ਹੈ।
‘ਜੋਤਿ’ ਅਤੇ ‘ਜੀਵ’ ਦੋ ਵੱਖ ਵੱਖ ਚੀਜਾਂ ਹਨ, ਇਹ ਫਰਕ ਸਮਝਣ ਲਈ ਦੇਖੋ ਕੁੱਝ ਗੁਰਬਾਣੀ ਫੁਰਮਾਨ:-
“ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥” (ਪੰਨਾ 921)
“ਇੱਥੇ ਤਿੰਨ ਚੀਜਾਂ ਦਾ ਜ਼ਿਕਰ ਹੈ। ‘ਸਰੀਰਾ’ ‘ਮੇਰਿਆ’ ਤੇ ‘ਜੋਤਿ’।
1- ਸਰੀਰ ਨੂੰ ਸੰਬੋਧਨ ਕਰਕੇ ਗੱਲ ਸਮਝਾਉਣ ਵਾਲਾ ‘ਖੁਦ ਜੀਵ’, 2- ਸਰੀਰ ਅਤੇ 3- ਜੋਤਿ।
ਸਰੀਰ ਨੂੰ ਸੰਬੋਧਨ ਕਰਨ ਵਾਲਾ ‘ਜੀਵ/ਜੀਅ’ ਮੁੱਖ ਹੈ।ਇਹ ਜੰਮਦਾ ਮਰਦਾ ਨਹੀਂ।ਪ੍ਰਭੂ ਦੇ ਹੁਕਮ ਵਿੱਚ ਆਉਂਦਾ ਜਾਂਦਾ ਹੈ।ਜੀਵ ਨਾਲ ਸਰੀਰ ਅਤੇ ਜੋਤਿ ਦਾ ਮੇਲ ਹੁੰਦਾ ਹੈ ਤਾਂ ਇਹ ਜੱਗ ਤੇ ਆਉਂਦਾ ਹੈ।ਜਿਸ ਨੂੰ ਆਪਾਂ ‘ਜੀਵ ਨੇ ਜਨਮ ਲਿਆ’ ਕਹਿੰਦੇ ਹਾਂ।(ਜੀਵ ਦੇ ਨਾਲ ਵੀ ਅੱਗੋਂ ਚੰਚਲ ਮਨ ਜੁੜਿਆ ਹੋਇਆ ਹੈ।ਜਿਹੜਾ ਦਿਮਾਗ਼ ਨੂੰ ਆਪਣੀ ਮਨ ਮਰਜ਼ੀ ਮੁਤਾਬਕ ਹੁਕਮ ਦੇ ਕੇ ਸਰੀਰ ਤੋਂ ਕੰਮ ਕਰਵਾਉਂਦਾ ਹੈ।ਇਹ ਵੱਖਰਾ ਵਿਸ਼ਾ ਹੈ, ਇਸ ਦਾ ਇਸ ਮੌਜੂਦਾ ਸ਼ਬਦ-ਵਿਚਾਰ ਨਾਲ ਸੰਬੰਧ ਨਹੀਂ)
‘ਜੀਵ’ ਅਤੇ ‘ਜੋਤਿ’ ਸੰਬੰਧੀ ਕੁਝ ਹੋਰ ਗੁਰਬਾਣੀ ਉਦਾਹਰਣਾਂ ਦੇਖੋ:-
“ਜਾ ਕੀ ਜੋਤਿ ਜੀਅ ਪਰਗਾਸ॥” (ਪੰਨਾ 184)
ਅਰਥ- ਜਿਸ ਦੀ ‘ਜੋਤਿ’ ਸਾਰੇ ‘ਜੀਵਾਂ’ ਵਿੱਚ ਚਾਨਣ ਕਰਦੀ ਹੈ। (ਨੋਟ ਕਰੋ- ‘ਜੀਵਾਂ’ ਵਿੱਚ ਪ੍ਰਭੂ ਦੀ ‘ਜੋਤਿ’ ਦਾ ਚਾਨਣ ਹੈ। ਅਰਥਾਤ, ਜੀਵ/ਜੀਅ ਅਤੇ ਜੋਤਿ ਦੋ ਵੱਖ ਵੱਖ ਚੀਜਾਂ ਹਨ)
“ਏਊ ਜੀਅ ਬਹੁਤੁ ਗ੍ਰਭ ਵਾਸੇ॥” (ਪੰਨਾ 251 )
ਇਸ ‘ਜੀਵ/ ਜੀਅ’ ਨੂੰ ਗ੍ਰਭ ਵਾਸ ਹੈ। (ਨੋਟ ਕਰੋ, ਜੀਅ ਨੂੰ ਗ੍ਰਭ ਵਾਸ ਹੈ, ਸਾਰੀ ਗੁਰਬਾਣੀ ਵਿੱਚ ‘ਜੋਤਿ’ ਨੂੰ ਗ੍ਰਭ ਵਾਸ ਕਿਤੇ ਲਿਖਿਆ ਨਹੀਂ ਮਿਲਦਾ।)
“ਰੇ ਜੀਅ ਨਿਲਜ ਲਾਜ ਤੁੋਹਿ ਨਾਹੀ॥” (ਪੰਨਾ 330) (ਜੀਵ ਨੂੰ ਸਮਝਾਇਆ ਗਿਆ ਹੈ।ਸਾਰੀ ਗੁਰਬਾਣੀ ਵਿੱਚ ਜੋਤਿ ਨੂੰ ‘ਨਿਲੱਜ’ ਆਦਿ ਕਿਤੇ ਨਹੀਂ ਕਿਹਾ ਗਿਆ)
“ਜਿਮੀ ਪੁਛੇ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ॥” (ਪੰਨਾ 488) ਹੇ ਫਰੀਦ! ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇੱਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ।ਸਰੀਰ ਤਾਂ ਕਬਰਾਂ ਵਿੱਚ ਗਲ਼ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ।” (ਅਰਥਾਤ; ਸਰੀਰ ਦੇ ਖਤਮ ਹੋਣ ਨਾਲ ਸਭ ਕੁਝ ਖਤਮ ਨਹੀਂ ਹੋ ਜਾਂਦਾ, ਸਰੀਰ ਖਤਮ ਹੋਣ ਤੇ ‘ਔਖ ਸੌਖ ਜੀਅ ਸਹਾਰਦਾ ਹੈ)।(ਯਾਦ ਰਹੇ ਕਿ ਔਖ ਸੌਖ ਮਨ ਅਤੇ ਸਰੀਰ ਦੇ ਜਰੀਏ ਹੀ ਹੈ।ਜੀਵ ਇੱਕ ਸਰੀਰਕ ਚੋਲਾ ਛੱਡਦਾ ਹੈ, ਦੂਜਾ ਮਿਲ ਜਾਂਦਾ ਹੈ। ਇੱਕਲੇ ਜੀਵ ਨੂੰ ਕੋਈ ਔਖ ਸੌਖ ਨਹੀਂ)।
“ਨਹ ਕਿਛੁ ਜਨਮੈ ਨਹ ਕਿਛੁ ਮਰੈ॥ਆਪਨ ਚਲਿਤੁ ਆਪ ਹੀ ਕਰੈ॥
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ॥ਆਗਿਆਕਾਰੀ ਧਾਰੀ ਸਭ ਸ੍ਰਿਸਟਿ॥” (ਪੰਨਾ 281)
ਅਰਥ:- ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ; (ਇਹ ਜਨਮ-ਮਰਨ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ; ਜੰਮਣ, ਮਰਨਾ, ਦਿਸਦਾ ਤੇ ਅਣ-ਦਿਸਦਾ ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿੱਚ ਤੁਰਨ ਵਾਲਾ ਬਣਾ ਦਿੱਤਾ ਹੈ।”
ਇੱਥੇ ਸਮਝਣ ਵਿੱਚ ਔਖਿਆਈ ਨਹੀਂ ਹੋਣੀ ਚਾਹੀਦੀ ਕਿ “ਨਹ ਕਿਛੁ ਜਨਮੈ ਨਹ ਕਿਛੁ ਮਰੈ॥” ਕਿਸ ਦੇ ਲਈ ਕਿਹਾ ਹੈ।ਜੀਵ ਦੇ ਗਰਭ ਦੇ ਜਰੀਏ ਸੰਸਾਰ ਤੇ ਆਉਣ ਬਾਰੇ ਨਹੀਂ ਬਲਕਿ ਜੀਵਾਤਮਾ ਦੇ (ਨਾ) ਜੰਮਣ ਮਰਨ ਬਾਰੇ ਕਿਹਾ ਗਿਆ ਹੈ।ਕਿਉਂਕਿ ਜੇ ਨਹ ਕਿਛੁ ਜਨਮੈ ਨਹ ਕਿਛੁ ਮਰੈ ਨੂੰ ਜੀਵ ਦੇ ਸਰੀਰ ਧਾਰਕੇ ਗਰਭ ਜੋਨੀ ਦੁਆਰਾ ਸੰਸਾਰ ਤੇ ਆਉਣ ਜਾਣ ਨਾਲ ਜੋੜੀਏ ਤਾਂ ਗੁਰਬਾਣੀ ਹੀ ਗ਼ਲਤ ਸਾਬਤ ਹੁੰਦੀ ਹੈ, ਕਿਉਂਕਿ ਜੀਵ ਸਰੀਰ ਧਾਰ ਕੇ ਤਾਂ ਜੱਗ ਤੇ ਆਉਂਦਾ ਹੀ ਹੈ।ਜਿਸ ਨੂੰ ਆਪਾਂ ਆਮ ਕਰਕੇ ਜੰਮਣਾ ਕਹਿੰਦੇ ਹਾਂ।
ਇਸੇ ਤਰ੍ਹਾਂ ਵਿਚਾਰ-ਅਧਨਿ ਸ਼ਬਦ ਵਿੱਚ ‘ਨਹ ਕੋ ਮੂਆ ਨ ਮਰਣੈ ਜੋਗੁ’ ਵੀ ਜੀਵ/ਜੀਵਾਤਮਾ ਦੇ ਮਰਨ ਸੰਬੰਧੀ ਹੈ, ਜੀਵ ਦੇ ਗਰਭ ਦੇ ਜਰੀਏ ਸੰਸਾਰ ਤੇ ਆਉਣ ਬਾਰੇ ਨਹੀਂ।
ਆਵਾਗਉਣ ਇਸ ਮੌਜੂਦਾ ਸ਼ਬਦ ਦਾ ਵਿਸ਼ਾ ਹੀ ਨਹੀਂ ਹੈ, ਵਿਸ਼ਾ ਤਾਂ ਹੈ ਕਿ ਜੀਵ ਦੇ ਸਰੀਰਕ ਵਿਛੋੜੇ ਨੂੰ ‘ਜੀਵ’ ਦਾ ਮਰ ਜਾਣਾ ਸਮਝਣਾ ਭੁੱਲ ਹੈ।ਜਦਕਿ ਅਸਲ ਵਿੱਚ ਜੀਵ ਨਹੀਂ ਮਰਦਾ।ਗੱਲ ਨੂੰ ਗਹਿਰਾਈ ਵਿੱਚ ਸੋਚੇ ਬਿਨਾਂ ਹੀ, ਸ਼ਬਦ ਨੂੰ ਆਵਾਗਉਣ ਦੇ ਵਿਸ਼ੇ ਨਾਲ ਜੋੜਨ ਕਰਕੇ ਹੀ ਭੁਲੇਖੇ ਖੜ੍ਹੇ ਹੋ ਰਹੇ ਹਨ।
ਅਖੀਰ ਵਿੱਚ-
ਜੀਵ ਪ੍ਰਭੂ ਦੀ ਅੰਸ਼ ਹੈ।ਪ੍ਰਭੂ ਦੀ ਅੰਸ਼ ਹੋਣ ਕਰਕੇ ਪ੍ਰਭੂ ਦੀ ਤਰ੍ਹਾਂ ਇਸ ਦਾ ਕਦੇ ਨਾਸ਼ ਨਹੀਂ ਹੁੰਦਾ।ਅਰਥਾਤ ਇਹ ਮਰਦਾ ਨਹੀਂ।ਇਹ ਮਰਦਾ ਇਸ ਲਈ ਵੀ ਨਹੀਂ ਕਿ ਪ੍ਰਭੂ ਦੀ ਤਰ੍ਹਾਂ ਇਹ ਕਦੇ ਜੰਮਿਆ ਹੀ ਨਹੀਂ।ਜੀਵ ਜੰਮਦਾ-ਮਰਦਾ ਨਹੀਂ ਕੇਵਲ ਇਸ ਦਾ ਸਰੀਰ ਨਾਲ ਸੰਜੋਗ (ਮੇਲ, ਆਉਣਾ) ਅਤੇ ਵਿਜੋਗ (ਵਿਛੋੜਾ, ਜਾਣਾ) ਹੀ ਹੁੰਦਾ ਹੈ।ਮੌਜੂਦਾ ਮਨੁੱਖਾ ਸਰੀਰ ਤਾਂ ਇਸ ਨੂੰ (ਜੀਵ ਨੂੰ) ਵਣਜਾਰੇ ਦੀ ਤਰ੍ਹਾਂ (ਜੀਵਨ ਦੀ) ਰਾਤ ਕੱਟਣ ਲਈ ਹੀ ਮਿਲਿਆ ਹੈ।ਜਿਹੜਾ ਪਿੱਛੋਂ ਕਿਤੋਂ ਆਇਆ ਹੈ ਅਤੇ (ਜੀਵਨ ਦੀ) ਰਾਤ ਕੱਟਕੇ ਅੱਗੇ ਤੁਰ ਜਾਣਾ ਹੈ।ਆਵਾਗਵਣ ਇਸ ਸ਼ਬਦ ਦਾ ਵਿਸ਼ਾ ਨਹੀਂ ਇਸ ਨੂੰ ਆਵਾਗਵਣ ਸਿਧਾਤ ਨਾਲ ਜੋੜਨ ਕਰਕੇ ਹੀ ਭੁਲੇਖੇ ਪੈ ਰਹੇ ਹਨ।ਆਵਾਗਵਣ ਸੰਬੰਧੀ ਗੁਰਬਾਣੀ ਵਿੱਚ ਹੋਰ ਬਹੁਤ ਸਾਰੇ ਸ਼ਬਦ ਹਨ, ਜਿਨ੍ਹਾਂ ਵਿੱਚ ਇਹ ਮਨੁੱਖਾ ਜਨਮ ਅਨੇਕਾਂ ਜੂਨਾਂ ਭੁਗਤਣ ਤੋਂ ਬਾਅਦ ਮਿਲਣ ਅਤੇ ਅੱਗੇ ਮੁੜ-ਮੁੜ ਜਨਮ-ਮਰਨ ਦੇ ਗੇੜ ਵਿੱਚ ਪੈਣ ਦੀ ਗੱਲ ਕਹੀ ਗਈ ਹੈ।
ਜਸਬੀਰ ਸਿੰਘ ਵਿਰਦੀ 11-09-2015