ਐਨ.ਆਈ.ਏ. ਨਹੀਂ ਕਰੇਗੀ ਗੁਰਦਾਸ-ਪੁਰ ਹਮਲੇ ਦੀ ਜਾਂਚ
ਨਵੀਂ ਦਿੱਲੀ, 4 ਸਤੰਬਰ (ਪੰਜਾਬ ਮੇਲ) – ਪਾਕਿਸਤਾਨ ਦੇ ਨਾਲ ਐਨ ਐਸ ਏ ਪੱਧਰੀ ਗੱਲਬਾਤ ਰੱਦ ਹੋਣ ਪਿੱਛੋਂ ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੀ ਦਿਲਚਸਪੀ ਗੁਰਦਾਸਪੁਰ ਦਹਿਸ਼ਤਗਰਦੀ ਹਮਲੇ ਅਤੇ ਬਾਰਾਮੂਲਾ ਵਿੱਚ ਫੜੇ ਗਏ ਪਾਕਿ ਅੱਤਵਾਦੀ ਦੀ ਜਾਂਚ ‘ਚ ਨਹੀਂ ਰਹੀ। ਹੁਣ ਐਨ ਆਈ ਏ ਇਨ੍ਹਾਂ ਦੋਵਾਂ ਕੇਸਾਂ ਦੀ ਜਾਂਚ ਆਪਣੇ ਹੱਥ ਵਿੱਚ ਲੈਣਾ ਨਹੀਂ ਚਾਹੁੰਦੀ ਹੈ। ਐਨ ਐਸ ਏ ਗੱਲਬਾਤ ਦੇ ਪਹਿਲਾਂ ਊਧਮਪੁਰ ਵਿੱਚ ਫੜੇ ਗਏ ਅੱਤਵਾਦੀ ਨਾਵੇਦ ਦੀ ਜਾਂਚ ਜੰਮੂ ਕਸ਼ਮੀਰ ਸਰਕਾਰ ਦੀ ਮਰਜ਼ੀ ਖਿਲਾਫ ਐਨ ਆਈ ਏ ਨੂੰ ਸੌਂਪ ਦਿੱਤੀ ਸੀ।
ਗੱਲਬਾਤ ਦੇ ਪਹਿਲਾਂ ਗ੍ਰਹਿ ਮੰਤਰਾਲਾ ਗੁਰਦਾਸਪੁਰ ਹਮਲੇ ਦੀ ਜਾਂਚ ਐਨ ਆਈ ਏ ਨੂੰ ਸੌਂਪਣ ਲਈ ਦੋ ਪੱਤਰ ਭੇਜ ਚੁੱਕਾ ਹੈ। ਉਚ ਪੱਧਰੀ ਸੂਤਰਾਂ ਦੇ ਅਨੁਸਾਰ ਹੁਣ ਐਨ ਆਈ ਏ ਗੁਰਦਾਸਪੁਰ ਹਮਲੇ ਦੀ ਜਾਂਚ ਲੈਣ ਲਈ ਅੱਗੇ ਦਬਾਅ ਨਹੀਂ ਵਧਾਏਗੀ। ਗ੍ਰਹਿ ਮੰਤਰਾਲੇ ਨੂੰ ਉਸ ਨੇ ਇਸ ਬਾਰੇ ਦੱਸ ਦਿੱਤਾ ਹੈ। ਐਨ ਆਈ ਏ ਨੇ ਬਾਰਾਮੂਲਾ ਵਿੱਚ ਫੜੇ ਗਏ ਅੱਤਵਾਦੀ ਸੱਜਾਦ ਅਹਿਮਦ ਦੀ ਜਾਂਚ ਹੱਥ ਵਿੱਚ ਲੈਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਹ ਕੁਝ ਦਿਨ ਪਹਿਲਾਂ ਫੜੇ ਗਏ ਅੱਤਵਾਦੀ ਨਾਵੇਦ ਦੀ ਜਾਂਚ ਕਰ ਰਹੀ ਹੈ। ਅਜਿਹੇ ‘ਚ ਜਾਂਚ ਏਜੰਸੀ ਲਈ ਦੂਸਰੇ ਕੇਸ ਦੀ ਜਾਂਚ ਹੱਥ ਵਿੱਚ ਲੈਣਾ ਸੁਭਾਵਿਕ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗੁਰਦਾਸਪੁਰ ਹਮਲੇ ਦੀ ਜਾਂਚ ਐਨ ਆਈ ਏ ਨੂੰ ਦੇਣ ਲਈ ਪੰਜਾਬ ਸਰਕਾਰ ‘ਤੇ ਦਬਾਅ ਬਣਾਇਆ ਗਿਆ, ਪਰ ਗੱਲਬਾਤ ਰੱਦ ਹੋਣ ਪਿੱਛੋਂ ਕੇਂਦਰ ਸਰਕਾਰ ਦਹਿਸ਼ਤਵਾਦੀ ਹਮਲੇ ਦੀ ਜਾਂਚ ਐਨ ਆਈ ਏ ਨੂੰ ਸੌਂਪਣਾ ਨਹੀਂ ਚਾਹੁੰਦੀ ਹੈ।
ਟਿੱਪਣੀ:- ਜੇ ਸੋਸ਼ਲ ਮੀਡੀਏ ਨੇ ਇਸ ਹਮਲੇ ਦੇ ਸਾਰੇ ਪੱਖ ਨਾ ਫਰੋਲੇ ਹੁੰਦੇ, ਫਿਰ ਤਾਂ ਜਾਂਚ ਵੀ ਹੁੰਦੀ, ਅੱਠ-ਦਸ ਮੁਸਲਮਾਨਨ ਹੋਰ ਫੜੇ ਜਾਂਦੇ, ਸੌ-ਪਜਾਹ ਸਿੱਖਾਂ ਤੇ ਮੁਕੱਦਮੇ ਦਰਜ ਹੁੰਦੇ, ਪਰ ਹੁਣ ਜਾਂਚ ਕਰਵਾ ਕੇ ਕੌਣ ਨੰਗਾ ਹੋਵੇ ? ਅਮਰ ਜੀਤ ਸਿੰਘ ਚੰਦੀ