-: ‘ਸੁਲਹੀ ਤੇ ਨਾਰਾਇਣ ਰਾਖੁ’ ਭਾਗ’- 2 :-
“ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ॥” (ਪੰਨਾ 825)
ਅਰਥ ਵਿਦਵਾਨ (ਜਰਨੈਲ ਸਿੰਘ ਅਸਟ੍ਰੇਲੀਆ) ਜੀ:- “ਸੁਲਹੀ ਵਾਲੀ ਮਨੋਵਿਰਤੀ ਦੀ ਲਪੇਟ ਵਿੱਚ ਆਏ ਵਿਅਕਤੀ ਦੇ ਸਾਥੀ ਸੰਗੀ ਅਤੇ ਸਾਕ ਸੰਬੰਧੀ ਵੀ ਉਸ ਦੀ ਕੋਈ ਮਦਦ ਨਹੀਂ ਕਰ ਸਕਦੇ।ਅਤੇ ਨਾ ਹੀ ਉਸਦੀ ਦੌਲਤ ਉਸਨੂੰ ਇਸ ਮਨੋਵਿਰਤੀ ਵਿੱਚੋਂ ਕੱਢ ਸਕਦੀ ਹੈ।ਇੱਕ ਤਰ੍ਹਾਂ ਨਾਲ ਸਾਰੇ ਉਸਦਾ ਸਾਥ ਛੱਡ ਜਾਂਦੇ ਨੇ।ਭਾਵ ਉਸ ਦੇ ਕਿਸੇ ਵੀ ਕੰਮ ਨਹੀਂ ਆਉਂਦੇ।ਦਰਅਸਲ ਇਹ ਸਾਕ ਸਭ ਝੂਠੇ ਨੇ।ਗੁਰਬਾਣੀ ਅਨੁਸਾਰ ਸਾਡੇ ਸਾਕ, ਭਾਈ ਸਾਡੇ ਵੀਰ ਸਾਡੇ ਅੰਦਰਲੇ ਗੁਣ ਹੀ ਹਨ।
“ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥
ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥(ਪੰਨਾ 595)”
{ਅਰਥ- ਹੇ ਨਾਨਕ! (ਦੁਨੀਆਂ ਦੇ ਸੁਖ ਮਾਣਨ ਦੀ ਖਾਤਰ) ਜਿਤਨੇ ਭੀ ਪਾਪ-ਵਿਕਾਰ ਅਸੀਂ ਕਰਦੇ ਹਾਂ, ਇਹ ਸਾਰੇ ਪਾਪ-ਵਿਕਾਰ ਸਾਡੇ ਗਲ਼ਾਂ ਵਿੱਚ ਫਾਹੀਆਂ ਬਣ ਜਾਂਦੇ ਹਨ (ਇਹ ਹੋਰ ਹੋਰ ਪਾਪਾਂ ਵੱਲ ਧੂਹ ਕੇ ਲੈ ਜਾਂਦੇ ਹਨ), ਇਹ ਪਾਪ-ਫਾਹੀਆਂ ਤਦੋਂ ਹੀ ਕੱਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੱਲੇ ਗੁਣ ਹੋਣ) ਇਹ ਅਸਲੀ ਸਾਕ ਭਾਵ ਗੁਣ ਹੀ ਸਾਡੇ ਨਾਲ ਖੜਦੇ ਨੇ ਪਰ ਕਿਉਂਕਿ ਸੁਲਹੀ ਖਾਂ ਨੇ ਇਹ ਗੁਣ ਨਹੀਂ ਕਮਾਏ ਸੋ ਉਹ ਇਕੱਲਾ ਰਹਿ ਗਿਆ।ਸੋ ਇਥੇ ਗੁਰੂ ਸਾਹਿਬ ਕਿਸੇ ਦੁਨਿਆਵੀ ਰਿਸ਼ਤੇ ਦੀ ਨਹੀਂ ਬਲਕਿ ਗੁਣ ਰੂਪੀ ਸਾਕਾਂ ਦੀ ਗੱਲ ਕਰ ਰਹੇ ਨੇ।
ਵਿਚਾਰ:- ਵਿਦਵਾਨ ਜੀ ਨੇ ਤਿੰਨ-ਤਿੰਨ ਵਿਆਕਰਣਾਂ ਵਿੱਚੋਂ ਹਵਾਲੇ ਦਿੱਤੇ ਹਨ।ਪਰ ਉਹਨਾਂ ਦੀ ਖੁਦ ਦੀ ਵਿਆਕਰਣ ਸਮਝ ਦੇ ਨਮੂੰਨੇ ਦੇਖੋ- ‘ਕਿਛੁ ਨ ਰਹਿਓ (ਭੁਤ ਕਾਲ)’ ਦੇ ਅਰਥ- ਮਦਦ ਨਹੀਂ ‘ਕਰ ਸਕਦੇ’ (ਵਰਤਮਾਨ ਕਾਲ), ਇਸ ਮਨੋਵਿਰਤੀ ਵਿੱਚੋਂ ਨਹੀਂ ‘ਕੱਢ ਸਕਦੇ’(ਵਰਤਮਾਨ ਕਾਲ), ….(???)
‘ਛੋਡਿ ਗਇਆ’(ਭੂਤ ਕਾਲ)’ ਦੇ ਅਰਥ, ਸਾਰੇ ਉਸਦਾ ਸਾਥ ਛੱਡ ‘ਜਾਂਦੇ ਨੇ’, ਉਸਦੇ ਕਿਸੇ ਕੰਮ ਨਹੀਂ ‘ਆਉਂਦੇ’ (ਵਰਤਮਾਨ)।ਇਹ ਹੈ ਵਿਦਵਾਨ ਜੀ ਦੀ ਵਿਆਕਰਣ-ਸਮਝ??? (ਨੋਟ:- ਵਿਆਕਰਣ, ਵਰਤਮਾਨ ਕਾਲ, ਭੁਤ ਕਾਲ ਦੀ ਗੱਲ ਜਿਆਦਾ ਇਸ ਲਈ ਕਰਨੀ ਪੈ ਰਹੀ ਹੈ, ਕਿਉਂਕਿ ਵਿਦਵਾਨ ਜੀ ਨੇ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਇਸੇ ਆਧਾਰ ਤੇ ਹੀ ਰੱਦ ਕੀਤੇ ਹਨ)
ਗੁਰੂ ਸਾਹਿਬ ਤਾਂ ਕਹਿੰਦੇ ਹਨ
“ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥”
ਅਰਥਾਤ ਜੇ ਸਾਡੇ ਪੱਲੇ ਗੁਣ ਹੋਣ ਤਾਂ ਉਹਨਾਂ ਨਾਲ ਔਗੁਣਾਂ ਦੀਆਂ ਜੰਜ਼ੀਰਾਂ ਕੱਟੀਆਂ ਜਾਂਦੀਆਂ ਹਨ।ਪਰ ਵਿਦਵਾਨ ਜੀ ਇਸ ਦੇ ਉਲਟ ਕਹਿ ਰਹੇ ਹਨ- “ਸਾਡੇ ਅੰਦਰਲੇ ਗੁਣ ਵੀ ਸਾਡੀ ਕੋਈ ਮਦਦ ਨਹੀਂ ਕਰ ਸਕਦੇ’ ‘ਇੱਕ ਤਰ੍ਹਾਂ ਨਾਲ ਸਾਰੇ ਸਾਥ ਛੱਡ ਜਾਂਦੇ ਨੇ।ਭਾਵ ਕਿਸੇ ਕੰਮ ਨਹੀਂ ਆਉਂਦੇ”।
“ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕ॥2॥”
ਅਰਥ ਵਿਦਵਾਨ ਜੀ:- ਆਖਰ ਵਿੱਚ ਗੁਰੂ ਸਾਹਿਬ ਕਰਤਾਰ ਦਾ ਸ਼ੁਕਰੀਆ ਕਰਦੇ ਨੇ ਕਿ *ਜੋ ਵੀ ਵਾਕ ਜਨ ਨੇ ਕੀਤਾ* ਉਹ *ਪੂਰਾ ਹੋ ਗਿਆ*।ਜਨ ਦੇ ਅਰਥ ਹਨ ਭਗਤ ਜਾਂ ਸਾਧ।ਵਾਕ ਦੇ ਅਰਥ ਹਨ ਬਚਨ।ਮਤਲਬ ਸਾਧ ਬਚਨ ਸਹੀ ਸਾਬਤ ਹੋਇਆ।
ਵਿਚਾਰ- ਪਾਠਕ ਧਿਆਨ ਦੇਣ- ਗੁਰੂ ਸਾਹਿਬ ਸ਼ੁਕਰੀਆ ਕਰਦੇ ਹਨ ਕਿ ‘ਜੋ ਵੀ ਵਾਕ ਜਨ ਨੇ ਕੀਤਾ’ ‘ਪੂਰਾ ਹੋਇਆ’।ਪਰ ਕਿਉਂ ਕਿ ਵਿਦਵਾਨ ਜੀ ‘ਅਰਦਾਸ’ ਦੇ ਸੰਕਲਪ ਨੂੰ ਨਹੀਂ ਮੰਨਦੇ, ਇਸ ਲਈ ਵਿਸ਼ੇ ਤੋਂ ਹਟਕੇ, ਗੁਰਬਾਣੀ ਉਦਾਹਰਣ ਦੇ ਕੇ, ਅਤੇ ਉਸ ਦੇ ਵੀ ਆਪਣੀ ਮਰਜ਼ੀ ਦੇ ਅਰਥ ਘੜਦੇ ਹੋਏ ਲਿਖਦੇ ਹਨ-
ਵਿਦਵਾਨ ਜੀ:- ਸਾਧ ਬਚਨ ਵਾਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਅਟੱਲ ਹੈ
“ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ ॥
ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ॥ਰਹਾਉ॥…
ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ॥..”
ਜੋ ਵੀ ਗੱਲ ਸਾਧ, ਬਿਬੇਕ ਗੁਰੂ ਜਾਂ ਜਨ ਨੇ ਕਹੀ ਉਹ ‘ਪੂਰੀ ਹੋਈ’ ਭਾਵ ‘ਸਹੀ ਸਾਬਤ ਹੋ ਗਈ’।ਇੱਥੇ ਕਿਸੇ *ਅਰਦਾਸ* ਜਾਂ ਸਰਾਪ ਦੀ ਗੱਲ ਨਹੀਂ ਹੋ ਰਹੀ ਬਲਕਿ ਅਕਾਲ ਪੁਰਖ ਦੇ ਅਟੱਲ ਹੁਕਮ ਦੀ ਹੋ ਰਹੀ ਹੈ।‘ਸੁਲਹੀ ਵਾਲੀ ਮਨੋਵਿਰਤੀ ਕਰਤਾਰ ਦੇ ਅਟੱਲ ਹੁਕਮ ਅੰਦਰ ਪਨਪਦੀ ਹੈ’ ਅਤੇ ‘ਇਸ ਦੇ ਨਤੀਜ਼ੇ ਵੀ ਉਸ ਦੇ ਹੁਕਮ ਅੰਦਰ ਹੀ ‘ਨਿਰਧਾਰਿਤ’ ਹਨ।ਗੁਰੂ ਨਾਨਕ ਸਾਹਿਬ ਦੇ ਬਚਨ ਹਨ-
“ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥”
ਵਿਚਾਰ:- ਪਾਠਕ ਧਿਆਨ ਦੇਣ, ਡੇਰਿਆਂ ਵਾਲੇ ਸਾਧ ਬਾਬੇ ਗੁਰਬਾਣੀ ਨਾਲ ਆਪਣੇ ਵੱਲੋਂ ਕਹਾਣੀਆਂ ਜੋੜ-ਜੋੜ ਕੇ ਸਿੱਖ ਸੰਗਤ ਨੂੰ ਗੁਮਰਾਹ ਕਰੀ ਜਾਂਦੇ ਹਨ, ਤਾਂ ਇਹ ਆਪਣੇ ਆਪ ਨੂੰ ਜਾਗਰੁਕ ਅਖਵਾਉਣ ਵਾਲੇ ਵਿਦਵਾਨ, ਆਪਣੇ ਕੋਲੋਂ ਗੱਲਾਂ ਘੜਕੇ ਗੁਰਬਾਣੀ ਨਾਲ ਜੋੜਨ ਵਿੱਚ ਕਿਹੜੀ ਗੱਲੋਂ ਘੱਟ ਹਨ? ਜੇ ਉਹ ਸਾਧ ਅਤੇ ਉਹਨਾਂ ਦੇ ਚੇਲੇ ਫਰਜੀ ਕਹਾਣੀਆਂ ਜੋੜ ਕੇ ਗੁਰਮਤਿ ਦਾ ਘਾਣ ਕਰ ਰਹੇ ਹਨ ਤਾਂ ਅਜੋਕੇ ‘(ਪ੍ਰਿੰਸੀਪਲ ਅਤੇ ਪ੍ਰੋਫੈਸਰ-) ਸਾਧ’ ਤੇ ਇਹਨਾਂ ਦੁਆਰਾ ਕੀਤੇ ਹੋਏ ਬਰੇਨ-ਵਾਸ਼ ਵਾਲੇ ਸਮਰਥਕਾਂ ਨੇ ਆਪਣੇ ਹੀ ਅਰਥ ਘੜਕੇ ਗੁਰਮਤਿ ਦਾ ਘਾਣ ਕਰਨ’ਚ ਕਿਹੜੀ ਕਸਰ ਛੱਡੀ ਹੈ?
ਤੁਕ ਵਿੱਚ ਸਾਫ ਲਿਖਿਆ ਹੈ ਅਤੇ ਵਿਦਵਾਨ ਜੀ ਖੁਦ ਵੀ ਆਪਣੇ ਅਰਥਾਂ ਵਿੱਚ ਲਿਖਦੇ ਹਨ ਕਿ ‘ਜੋ ਵੀ ਵਾਕ ਜਨ ਨੇ ਕੀਤਾ’ ‘ਪੂਰਾ ਹੋਇਆ’।ਪਰ ਇਹ ਵਿਚਾਰ ਤਾਂ ‘ਅਰਦਾਸ’ ਦੇ ਸੰਕਲਪ ਦੀ ਪੁਸ਼ਟੀ ਕਰਦੇ ਹਨ, ਅਤੇ ‘ਅਰਦਾਸ’ ਦਾ ਸੰਕਲਪ ਵਿਦਵਾਨ ਜੀ ਨੂੰ ਮਨਜ਼ੂਰ ਨਹੀਂ।
“ਮਾਈ ਸਤਿ ਸਤਿ ਸਤਿ….” ਵਾਲੇ ਸ਼ਬਦ ਵਿੱਚ ਤਾਂ ਕਿਹਾ ਗਿਆ ਹੈ ਕਿ ‘ਪੂਰੇ ਗੁਰੂ’ ਦਾ ਬਚਨ ਕਿ ਸੰਸਾਰ ਤੇ ਜੋ ਕੁਝ ਵੀ ਦ੍ਰਿਸ਼ਟਮਾਨ ਹੈ ਸਭ ਵਿਨਾਸ਼ ਹੋਣ ਵਾਲਾ ਹੈ, ਮੈਂ ਇਹ ਵਚਨ ਘੁੱਟਕੇ ਪੱਲੇ ਬੰਨ੍ਹ ਲਿਆ।ਪਰ ਵਿਦਵਾਨ ਜੀ ‘ਪੂਰੇ ਗੁਰੂ’ ਨੂੰ ‘ਬਚਨ ਪੂਰੇ’ ਬਣਾਕੇ ਅਸਲੀ ਅਰਥਾਂ ਨੂੰ ਅਤੇ ਅਸਲੀ ਵਿਚਾਰਧਾਰਾ ਨੂੰ ਹੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਰੱਦ ਕਰਨ ਲਈ ਵਿਦਵਾਨ ਜੀ ਦਲੀਲ ਦਿੰਦੇ ਹਨ- “ਅਗਰ ਇਹ ਕਿਹਾ ਜਾਏ ਕਿ ਅਰਦਾਸ ਪਹਿਲਾਂ ਕੀਤੀ ਗਈ ਸੀ ਜਿਸ ਕਾਰਨ ਸੁਲਹੀ ਖਾਨ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਇਹ ਸ਼ਬਦ ‘ਭੂਤ ਕਾਲ’ ਵਿੱਚ ਹੋਣਾ ਚਾਹੀਦਾ ਸੀ ਪਰ ਇਸ ਸ਼ਬਦ ਦੇ ਰਹਾਉ ਦੀ ਕਿਰਿਆ “ਰਾਖੁ” ਭੂਤ ਕਾਲ ਨਹੀਂ ਹੈ”।
ਵਿਚਾਰ- ਵਿਦਵਾਨ ਜੀ ਸਿਰਫ ‘ਰਾਖੁ’ ਸ਼ਬਦ ਦੇ ਭੁਤ ਕਾਲ ਨਾ ਹੋਣ ਤੇ ਹੀ ਅਟਕੇ ਪਏ ਹਨ - ਕਿਛੂ ਨ ਰਹਿਓ, ਛੋਡਿ ਗਇਆ, ਮੁਆ, ਕਾਟਿਆ ਖਿਨ ਮਾਹਿ, ਹੋਇ ਗਇਆ ਹੈ, ਪਚਿਆ, ……. ਆਦਿ ਸਾਰੀਆਂ ਭੂਤ ਕਾਲ ਦੀ ਕ੍ਰਿਆ, ਵਿਦਵਾਨ ਜੀ ਨੂੰ ਨਜ਼ਰ ਨਹੀਂ ਆ ਰਹੀ।
‘ਹੇ ਪ੍ਰਭੂ! ਸੁਲਹੀ ਦੇ ਕਹਿਰ ਤੋਂ ਰੱਖਿਆ ਕਰ, ਸੁਲਹੀ ਦਾ ਕਹਿਰ ਭਰਿਆ ਹੱਥ ਕਿਤੇ ਨਾ ਪਹੁੰਚੇ’- ਜਨ ਦੀ ਇਹ ਅਰਦਾਸ ਪੂਰੀ ਹੋਈ, ਇਸ ਵਿੱਚ ਕਿੱਥੇ ਅਤੇ ਕੀ ਗ਼ਲਤ ਹੈ?
ਜੇ ਵਿਦਵਾਨ ਜੀ ਦੇ ਅਰਥਾਂ ਨੂੰ ਸਹੀ ਮੰਨ ਲਿਆ ਜਾਵੇ ਕਿ ਸੁਲਹੀ ਵਾਲੀ ਮਨੋਵਿਰਤੀ ਕਰਤਾਰ ਦੇ ‘ਅਟੱਲ ਹੁਕਮ’ ਅੰਦਰ ਪਨਪਦੀ ਹੈ ਅਤੇ ਉਸ ਦੇ ਨਤੀਜ਼ੇ ਵੀ ‘ਨਿਰਧਾਰਿਤ’ ਹਨ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਨਸਾਨ ਦੇ ਹੱਥ ਵੱਸ ਕੀ ਹੋਇਆ? ਫੇਰ ਤਾਂ ਹਰ ਨਤੀਜੇ ਦੀ ਜਿੰਮੇਵਾਰੀ ਵੀ ਕਰਤਾਰ ਸਿਰ ਹੀ ਹੋਈ।ਜੇ ਸੁਲਹੀ ਵਰਗੀ ਮਾਨਸਿਕਤਾ ਵੀ ਅਤੇ ਉਸ ਦੇ ਨਤੀਜੇ ਵੀ ਕਰਤਾਰ ਦੇ ‘ਨਿਰਧਾਤਿਰ ਹੁਕਮ ਵਿੱਚ’ ਤੈਅ ਹਨ ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਮਤਲਬ ਕੀ ਰਹਿ ਜਾਂਦਾ ਹੈ? ਸਵਾਲ ਪੈਦਾ ਹੁੰਦਾ ਹੈ ਕਿ ਜੇ ਨਤੀਜੇ ਉਸ ਦੇ ਹੁਕਮ ਅੰਦਰ ਹੀ ‘ਨਿਰਧਾਰਿਤ’ ਹਨ ਤਾਂ ਇੱਥੇ ਸ਼ਬਦ ਵਿੱਚ ਕਿਹੜਾ ਨਤੀਜਾ ਅਤੇ ਕਿਸ ਨੇ ਭੁਗਤਿਆ, ਜਿਹੜਾ ਸੱਚ ਸਾਬਤ ਹੋਇਆ? ਯਾਦ ਰਹੇ ਕਿ ‘ਸੁਲਹੀ ਮਰ ਗਿਆ’ ਵਾਲੀ ਗੱਲ ਤੋਂ ਵਿਦਵਾਨ ਜੀ ਇਨਕਾਰੀ ਹਨ।
ਵਿਦਵਾਨ ਜੀ ਜਿਸ ‘ਅਟੱਲ ਹੁਕਮ’ (ਹੁਕਮੈ ਅੰਦਰਿ ਸਬ ਕੋ…) ਦਾ ਇਥੇ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਹੁਕਮ ਤਾਂ ਅਜ਼ਲ (ਜਦੋਂ ਸ੍ਰਿਸ਼ਟੀ ਬਣੀ, ਓਦੋਂ) ਤੋਂ ਹੀ ਪੂਰਾ ਹੁੰਦਾ ਆ ਰਿਹਾ ਹੈ, ਤਾਂ ਫੇਰ ਗੁਰੂ ਸਾਹਿਬ ਕਰਤਾਰ ਦਾ ਸ਼ੁਕਰੀਆ ਕਿਸ ਗੱਲ ਦਾ ਕਰਦੇ ਨੇ?
ਵਿਦਵਾਨ (ਜਰਨੈਲ ਸਿੰਘ ਅਸਟ੍ਰੇਲੀਆ) ਜੀ ਨਾਲ ਸੱਤ ਕੁ ਸਾਲ ਪਹਿਲਾਂ ਅਰਦਾਸ ਬਾਰੇ ਮੇਰਾ ਵਿਚਾਰ ਵਟਾਂਦਰਾ ਹੋਇਆ ਸੀ।ਉਸ ਵਕਤ ਮੈਂ ਅਰਦਾਸ ਸੰਬੰਧੀ ਕੁਝ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਸਨ।ਗੁਰਬਾਣੀ ਆਧਾਰਿਤ ਮੇਰੀ ਕਿਸੇ ਦਲੀਲ ਨੂੰ ਕੱਟਣ ਲਈ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਲਈ ਅਰਦਾਸ ਦੇ ਸੰਕਲਪ ਨੂੰ ਰੱਦ ਨਹੀਂ ਸੀ ਕਰ ਸਕੇ, ਪਰ ਫੇਰ ਵੀ ‘ਗੁਰਬਾਣੀ ਦਾ ਅਰਦਾਸ’ ਵਾਲਾ ਸੰਕਲਪ ਮੰਨਣ ਤੋਂ ਸਾਫ ਇਨਕਾਰੀ ਸਨ (ਅਤੇ ਅੱਜ ਵੀ ਇਨਕਾਰੀ ਹਨ)।ਇੱਥੇ ਸਿਰਫ ਭੁਲੇਖਾ ਪਾਉਣ ਲਈ ਇਹਨਾਂ ਨੇ ਪਹਿਲੇ ਬੰਦ ਵਿੱਚ ‘ਅਰਦਾਸ’ ਨੂੰ ਸਵਿਕਾਰਨ ਦੀ ਗੱਲ ਕੀਤੀ ਹੈ।ਪਰ ਸਾਰੇ ਸ਼ਬਦ ਦੀ ਵਿਆਖਿਆ ਵਿੱਚ ਅਰਦਾਸ ਵਾਲੇ ਸੰਕਲਪ ਨੂੰ ਰੱਦ ਕਰਨ ਤੇ ਹੀ ਜ਼ੋਰ ਲਗਾਇਆ ਗਿਆ ਹੈ।ਅਖੀਰਲੇ ਬੰਦ ਵਿੱਚ ਤਾਂ ‘ਅਰਦਾਸ’ ਨੂੰ ‘ਸਰਾਪ’ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ।
ਵਿਦਵਾਨ ਜੀ ਨੂੰ ‘ਅਰਦਾਸ’ ਅਤੇ ‘ਸਰਾਪ’ ਦਾ ਫਰਕ ਵੀ ਸਮਝਣ ਦੀ ਜਰੂਰਤ ਹੈ।‘ਅਰਦਾਸ’ ਪ੍ਰਭੂ ਅੱਗੇ ਅਰਜੋਈ ਹੁੰਦੀ ਹੈ, ਜਿਸ ਨੂੰ ਮੰਨਣਾ ਜਾਂ ਨਾ ਮੰਨਣਾ ਪ੍ਰਭੂ ਦੀ ਮਰਜ਼ੀ ਤੇ ਨਿਰਭਰ ਹੈ।ਅਰਦਾਸ ਕੋਈ ਨਿਰਧਾਰਿਤ ਹੁਕਮ ਜਾਂ ਗਣਿਤ ਦਾ ਫਾਰਮੁਲਾ ਵੀ ਨਹੀਂ ਹੈ, ਜਿਸ ਬਾਰੇ ਸਵਾਲ ਕੀਤੇ ਜਾਣ ਕਿ ਜੇ ਫਲਾਨੇ ਮੌਕੇ ਤੇ ਅਰਦਾਸ ਪੂਰੀ ਹੋ ਗਈ ਤਾਂ ਫਲਾਨੇ ਕਿਸੇ ਦੂਸਰੇ ਮੌਕੇ ਤੇ ਪੂਰੀ ਕਿਉਂ ਨਹੀਂ ਹੋਈ? ਅਤੇ ‘ਸਰਾਪ’ ਅਰਦਾਸ ਨਹੀਂ ਹੁੰਦਾ।ਸਰਾਪ ਮਨੁੱਖ ਦੀ ਖੁਦ ਦੀ ਅਧਿਆਤਮਕ ਸ਼ਕਤੀ ਦੇ ਬਲ ਤੇ ਅਤੇ ਪ੍ਰਭੂ ਨੂੰ ਹੁਕਮ ਦੇ ਕੇ ਕੋਈ ਕੰਮ ਕਰਨ-ਕਰਵਾਉਣ ਦਾ ਦਾਅਵਾ ਅਤੇ ਘੁਮੰਡ ਹੁੰਦਾ ਹੈ।
ਵਿਦਵਾਨ ਜੀ ਲਿਖਦੇ ਹਨ- ‘ਇੱਥੇ ਕਿਸੇ ਅਰਦਾਸ .. ਦੀ ਗੱਲ ਨਹੀਂ ਹੋ ਰਹੀ’
ਵਿਚਾਰ- ਤਾਂ ਫੇਰ ਸਵਾਲ ਪੈਦਾ ਹੁੰਦਾ ਹੈ ਕਿ ਸ਼ਬਦ ਦੇ ਪਹਿਲੇ ਬੰਦ ਦੇ ਕੀਤੇ ਅਰਥਾਂ ਵਿੱਚ ਵਿਦਵਾਨ ਜੀ ਨੇ ਅਰਦਾਸ ਦਾ ਜੋ ਜ਼ਿਕਰ ਕੀਤਾ ਹੈ, ਉਸਦਾ ਮਤਲਬ ਅਤੇ ਮਕਸਦ ਕੀ ਰਹਿ ਜਾਂਦਾ ਹੈ???
ਇਹ ਠੀਕ ਹੈ ਕਿ
“ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥”
ਪਰ ਇਸ ਮੌਜੂਦਾ ਵਿਚਾਰ ਅਧੀਨ ਸ਼ਬਦ ਦੇ ਵਿਦਵਾਨ ਜੀ ਦੇ ਕੀਤੇ ਅਰਥਾਂ ਨਾਲ ਇਹ ਤੁਕ ਕਿਤੇ ਫਿੱਟ ਨਹੀਂ ਬੈਠਦੀ।ਸਵਾਲ ਪੈਦਾ ਹੁੰਦਾ ਹੈ ਕਿ, ਕਿਸ ਨੇ ਮੰਦਾ ਕੀਤਾ? ਅਤੇ ਕਿਸ ਨੇ ਆਪਣਾ ਕੀਤਾ ਪਾਇਆ? ਜਿਸ ਬਾਰੇ ਗੁਰੂ ਸਾਹਿਬ ਨੇ ਕਿਹਾ ਹੈ ਕਿ ‘ਜਨ ਕਾ ਵਾਕ ਪੂਰਾ ਹੋ ਗਿਆ’?
ਅਖੀਰ ਵਿੱਚ-
1- ਪ੍ਰੋ: ਸਾਹਿਬ ਸਿੰਘ ਜੀ ਦੇ ਅਰਥ ਰੱਦ ਕਰਦੇ ਹੋਏ ਵਿਦਵਾਨ ਜੀ ਕਹਿੰਦੇ ਹਨ ਕਿ ਕਿਸੇ ਦੇ ਮਰਨ ਦੀ ਅਰਦਾਸ ਕਰਨੀ ਗੁਰਮਤਿ ਅਨੁਸਾਰੀ ਨਹੀਂ ਹੈ।
ਵਿਚਾਰ:- ਵਿਦਵਾਨ ਜੀ ਨੇ ਸ਼ਾਇਦ ਪ੍ਰੋ: ਸਾਹਿਬ ਦੇ ਕੀਤੇ ਅਰਥ ਧਿਆਨ ਨਾਲ ਪੜ੍ਹੇ ਹੀ ਨਹੀਂ।ਪ੍ਰੋ: ਸਾਹਿਬ ਨੇ ਮਰਨ ਦੀ ਅਰਦਾਸ ਕਰਨ ਦੀ ਗੱਲ ਕਿਤੇ ਨਹੀਂ ਕੀਤੀ।ਸ਼ਬਦ ਵਿੱਚ ਰੱਖਿਆ ਕਰਨ ਦੀ ਗੱਲ ਕੀਤੀ ਹੈ ਅਤੇ ਇਹ ਵਾਕ ਪੂਰਾ ਹੋਇਆ ਹੈ।ਇਹੀ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਕੀਤੇ ਹਨ।
2- ਗੁਰੂ ਸਾਹਿਬ ਦੇ ਅਰਦਾਸ ਕਰਨ ਨਾਲ ਸੁਲਹੀ ਖਾਂ ਮਾਰਿਆ ਗਿਆ, ਵਿਦਵਾਨ ਜੀ ਮੁਤਾਬਕ ਇਹ ਕਰਾਮਾਤ ਹੈ ਅਤੇ ਗੁਰਮਤਿ ਕਰਾਮਾਤ ਨੂੰ ਨਹੀਂ ਮੰਨਦੀ।ਉਹਨਾਂ ਮੁਤਾਬਕ ਇਸ ਸੰਸਾਰ ਵਿੱਚ ਹਰ ਇੱਕ ਘਟਨਾ ਇੱਕ ਬੱਝਵੇਂ ਹੁਕਮ ਅਨੁਸਾਰ ਵਾਪਰ ਰਹੀ ਹੈ।ਇਸ ਹੁਕਮ ਵਿੱਚ ਕਿਸੇ ਦੀ ਵੀ ਕੋਈ ਦਖਲ ਅੰਦਾਜੀ ਨਹੀਂ ਹੋ ਸਕਦੀ।
ਵਿਚਾਰ- ਜੇਕਰ ਗੁਰੂ ਸਾਹਿਬ ਨੇ ਅਰਦਾਸ ਕੀਤੀ ਅਤੇ ਸੁਲਹੀ ਦਾ ਕਹਿਰ ਭਰਿਆ ਹੱਥ ਕਹੀਂ ਨਾ ਪਹੁੰਚ ਸਕਿਆ ਅਤੇ ਜੇ ਇਹ ਕਰਾਮਾਤ ਹੋ ਗਈ ਤਾਂ ਕੀ ਅਸਲੀਅਤ ਨੂੰ ਬਦਲ ਕੇ ਬਿਆਨ ਕਰਨਾ ਚਾਹੀਦਾ ਹੈ? ਕੀ ਗੁਰਬਾਣੀ ਦੇ ਅਰਥ ਬਦਲ ਦੇਣੇ ਚਾਹੀਦੇ ਹਨ? ਵਿਦਵਾਨ ਜੀ ਖੁਦ ਹੀ ਹਵਾਲਾ ਦੇ ਰਹੇ ਹਨ ਕਿ ਸੁਲਹੀ ਖਾਂ ਦੇ ਮਰਨ ਤੇ ਉਸ ਦਾ ਭਰਾ ਸੁਲਭੀ ਖਾਂ ਬਦਲਾ ਲੈਣ ਲਈ ਚੱਲ ਪਿਆ, ਉਹ ਵੀ ਰਸਤੇ ਵਿੱਚ ਮਰ ਗਿਆ।ਜੇ ਇਹ ਕਰਾਮਾਤ ਹੋ ਗਈ ਤਾਂ ਕੀ ਇਤਿਹਾਸ ਬਦਲ ਦੇਣਾ ਚਾਹੀਦਾ ਹੈ? ਵੈਸੇ ਵੀ ਕਿੱਥੇ ਲਿਖਿਆ ਹੈ ਕਿ ਗੁਰਮਤਿ ਕਰਾਮਾਤ ਨੂੰ ਨਹੀਂ ਮੰਨਦੀ? ਗੁਰਬਾਣੀ ਤਾਂ ਕਰਤਾਰ ਦੀ ਰਚਨਾ ਨੂੰ ਹੀ ਕਰਾਮਾਤ, ਬਿਸਮਾਦ (ਵਿਸਮਾਦ) ਕਹਿੰਦੀ ਹੈ।ਜੜ੍ਹ ਤੱਤਾਂ ਵਿੱਚ ਜੀਵਨ ਪੈਦਾ ਹੋ ਜਾਣਾ।ਜੜ੍ਹ ਤੱਤਾਂ ਦੇ ਬਣੇ ਜੀਵ (ਜੀਵਨ) ਵਿੱਚ ਚੇਤਨਾ ਪੈਦਾ ਹੋ ਜਾਣੀ, ਕੀ ਕਰਾਮਾਤ ਨਹੀਂ? ਛੋਲਿਆਂ ਦਾ ਦਾਣਾ ਸਾਲ-ਦੋ ਸਾਲ ਜੜ੍ਹ ਪਦਾਰਥ ਦੀ ਤਰ੍ਹਾਂ ਪਿਆ ਰਹਿੰਦਾ ਹੈ ਉਸ ਵਿੱਚ ਜੀਵਨ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ।ਲੋੜੀਂਦਾ ਵਾਤਾਵਰਣ ਮਿਲਦਿਆਂ ਹੀ ਉਸ ਵਿੱਚ ਜੀਵਨ ਪੈਦਾ ਹੋ ਜਾਂਦਾ ਹੈ, ਕੀ ਇਹ ਕਰਾਮਾਤ ਨਹੀਂ? ਹਾਈਡਰੋਜਨ ਦਾ ਐਟਮ ਜ਼ਬਰਦਸਤ ਵਿਸਫੋਟਕ ਹੈ।ਔਕਸੀਜਨ ਤੋਂ ਬਿਨਾ ਅੱਗ ਨਹੀਂ ਬਾਲੀ ਜਾ ਸਕਦੀ।ਦੋਨਾਂ ਦਾ ਮੇਲ ਹੋ ਕੇ ਪਾਣੀ ਬਣ ਜਾਂਦਾ ਹੈ ਤਾਂ ਬਲਦੀ ਅੱਗ ਤੇ ਪਾਇਆਂ ਅੱਗ ਬੁਝ ਜਾਂਦੀ ਹੈ।ਕੀ ਇਹ ਕਰਾਮਾਤ ਨਹੀਂ?
ਸੰਸਾਰ ਤੇ ਹਰ ਘਟਨਾ ਉਸ ਦੇ ਬੱਝਵੇਂ ਹੁਕਮ ਨਾਲ ਵਾਪਰਦੀ ਹੈ ਤਾਂ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਵਿੱਚੋਂ ਕਿਹੜੀ ਗੱਲ ਸੰਸਾਰ ਦੇ ਬੱਝਵੇਂ ਹੁਕਮ ਦਾ ਖੰਡਣ ਕਰਦੀ ਹੈ? ਗੁਰੂ ਸਾਹਿਬ ਵੱਲੋਂ ਪ੍ਰਭੂ ਅੱਗੇ ਅਰਦਾਸ ਕੀਤੀ ਜਾਣੀ, ਕਿਹੜੇ ਕੁਦਰਤੀ ਨਿਯਮ ਦਾ ਖੰਡਣ ਹੈ? ਸੁਲਹੀ ਜਿਹੜੇ ਹਾਲਾਤਾਂ ਵਿੱਚ ਮਰਿਆ ਅਤੇ ਪ੍ਰੋ: ਸਾਹਿਬ ਨੇ ਜਿਹੜੇ ਅਰਥ ਕੀਤੇ ਹਨ, ਉਸ ਨਾਲ ਕੁਦਰਤ ਦੇ ਕਿਹੜੇ ਬੱਝਵੇਂ ਹੁਕਮ ਵਿੱਚ ਦਖਲ-ਅੰਦਾਜੀ ਹੋ ਗਈ? ਸੁਲਹੀ ਖਾਂ (ਅਤੇ ਸੁਲਭੀ ਖਾਂ) ਦਾ ਰਸਤੇ ਵਿੱਚ ਹੀ ਮਾਰਿਆ ਜਾਣਾ ਕਿਸ ਬੱਝਵੇਂ ਨਿਯਮ ਦਾ ਖੰਡਣ ਹੈ? ਕੀ ਉਹ ਆਪਣੇ ਮਿਸ਼ਨ ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮਰ ਨਹੀਂ ਸੀ ਸਕਦੇ?
ਜੇਕਰ ਵਿਦਵਾਨ ਜੀ ਨੂੰ ਆਪਣੀ ਬਣੀ ਕਿਸੇ ਪਦਾਰਥਵਾਦੀ ਸੋਚ ਅਧੀਨ ‘ਅਰਦਾਸ ਵਾਲੇ ਸੰਕਲਪ’ ਤੋਂ ਕੋਈ ਚਿੜ੍ਹ ਹੈ ਤਾਂ ਕੀ ਗੁਰਬਾਣੀ ਵਿੱਚੋਂ ‘ਅਰਦਾਸ’ ਦੇ ਸੰਕਲਪ ਵਾਲੇ ਸ਼ਬਦ ਬਾਹਰ ਕੱਢ ਦੇਣੇ ਚਾਹੀਦੇ ਹਨ, ਜਾਂ ਫੇਰ ਅਰਦਾਸ ਵਾਲੇ ਸ਼ਬਦਾਂ ਦੇ ਆਪਣੇ ਵੱਖਰੇ ਅਰਥ ਘੜ ਲੈਣੇ ਚਾਹੀਦੇ ਹਨ।ਵਿਦਵਾਨ ਜੀ ਦੱਸਣ ਦੀ ਖੇਚਲ ਕਰਨਗੇ ਕਿ ਜੇ ਸਭ ਕੁਝ ਬੱਝਵੇ ਹੁਕਮ / ਨਿਯਮਾਂ ਅਧੀਨ ਹੀ ਹੁੰਦਾ ਹੈ ਅਤੇ ਹੋਣਾ ਹੈ ਤਾਂ ਉਹਨਾਂ ਵੱਲੋਂ ਪਹਿਲੇ ਬੰਦ ਦੇ ਅਰਥਾਂ ਵਿੱਚ ਲਿਖੇ ‘ਅਰਦਾਸ’ ਦਾ ਮਕਸਦ ਅਤੇ ਮਤਲਬ ਹੀ ਕੀ ਬਣਦਾ ਹੈ? ਪਾਠਕ ਸੱਜਣਾਂ ਅੱਗੇ ਬੇਨਤੀ ਹੈ ਕਿ ਅਜੋਕੇ ਵਿਦਵਾਨਾਂ ਦੁਆਰਾ ਹੋ ਰਹੀਆਂ ਗੁਰਬਾਣੀ ਵਿਆਖਿਆਵਾਂ ਨੂੰ ਜ਼ਰਾ ਗ਼ੋਰ ਨਾਲ ਵਿਚਾਰਨ ਦੀ ਜਰੂਰਤ ਹੈ।ਆਪਣੇ ਕੋਲੋਂ ਗੱਲਾਂ ਘੜਨ ਦੇ ਮਾਹਰ ਇਹਨਾਂ ਲੋਕਾਂ ਦੀਆਂ ਵਿਆਖਿਆਵਾਂ ਓਪਰੀ ਨਜ਼ਰੇ ਬਹੁਤ ਵਧੀਆ ਅਤੇ ਗੁਰਮਤਿ ਅਨੁਸਾਰੀ ਲੱਗਦੀਆਂ ਹਨ।ਪਰ ਅਸਲ ਵਿੱਚ ਇਹ ਲੋਕ ਪਰਮਾਤਮਾ ਦੀ ਹੋਂਦ ਤੋਂ ਹੀ ਮੁਨਕਰ ਹਨ।ਇਹਨਾਂ ਮੁਤਾਬਕ ਸੰਸਾਰ ਤੇ ਸਭ ਕੁਝ ਬੱਝਵੇਂ ਕੁਦਰਤੀ ਨਿਯਮਾਂ ਅਨੁਸਾਰ ਹੋ ਰਿਹਾ ਹੈ (ਕੁਦਰਤੀ ਨਿਯਮਾਂ ਨੂੰ ਰੱਬੀ ਹੁਕਮ ਸਿਰਫ ਭੁਲੇਖਾ ਪਾਉਣ ਲਈ ਹੀ ਕਿਹਾ ਜਾਂਦਾ ਹੈ)।ਇਹ ਲੋਕ ਮੰਨਣ ਤੋਂ ਆਕੀ ਹਨ ਕਿ, ਪ੍ਰਭੂ ਦੀ ਮਰਜ਼ੀ ਨਾਲ ਰਚੀ ਵਿਧਿ ਅਨੁਸਾਰ ਕੋਈ ਕੰਮ ਹੁੰਦਾ ਹੈ (“…ਬਿਧ ਨੇ ਰਚਿਆ ਸੋ ਹੋਇ॥ ਪੰਨਾ 337”)
ਜਸਬੀਰ ਸਿੰਘ ਵਿਰਦੀ
28-08-2015