ਹੁਣ ਦੋਰਾਹਾ ਨੇੜੇ ਫੌਜੀ ਵਰਦੀ ਵਾਲੇ ਬੰਦਿਆਂ ਵਲੋਂ ਗੋਲੀਆਂ ਚਲਾਉਣ ਕਾਰਨ ਦਹਿਸ਼ਤ ‘ਚ ਆਏ ਲੋਕ
ਲੁਧਿਆਣਾ, 17 ਅਗਸਤ (ਪੰਜਾਬ ਮੇਲ)- ਸਾਹਨੇਵਾਲ-ਦੋਰਾਹਾ ਸੜਕ ਉੱਤੇ ਕੱਲ੍ਹ ਰਾਤ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਏ ਜਾਣ ਦੀ ਸੂਚਨਾ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਰਾਹਾ ਦੇ ਮੰਜੀ ਸਾਹਿਬ ਗੁਰਦੁਆਰੇ ਨੇੜੇ ਇੱਕ ਸਵਿਫਟ ਕਾਰ ਪੰਚਰ ਹੋ ਗਈ। ਕਾਰ ਵਿੱਚ ਪੰਜ ਵਿਅਕਤੀ ਸਨ, ਜਿਨ੍ਹਾਂ ਵਿੱਚੋਂ ਤਿੰਨਾਂ ਨੇ ਫੌਜੀ ਵਰਦੀ ਪਾਈ ਹੋਈ ਸੀ। ਉਹ ਕਾਰ ਨੂੰ ਨੇੜੇ ਇੱਕ ਪੰਚਰ ਦੀ ਦੁਕਾਨ ‘ਤੇ ਲੈ ਗਏ। ਜਦੋਂ ਕਾਰ ਦਾ ਪੰਚਰ ਲਾਉਣ ਲਈ ਦੁਕਾਨਦਾਰ ਡਿੱਕੀ ‘ਚੋਂ ਸਮਾਨ ਕੱਢਣ ਲੱਗਾ, ਤਾਂ ਕਾਰ ਵਿੱਚ ਭਾਰੀ ਮਾਤਰਾ ਵਿੱਚ ਅਸਲਾ ਵੇਖ ਕੇ ਉਸ ਨੇ ਰੌਲਾ ਪਾ ਦਿੱਤਾ ਅਤੇ ਭੱਜਣ ਲੱਗਾ। ਭਰੋਸੇ ਯੋਗ ਸੂਤਰਾਂ ਅਨੁਸਾਰ ਕਾਰ ਵਿੱਚ ਰਾਕਟ ਲਾਂਚਰ ਤੇ ਹੋਰ ਅਸਲਾ ਸੀ। ਦੁਕਾਨਦਾਰ ਦੇ ਰੌਲਾ ਪਾਉਣ ‘ਤੇ ਕਾਰ ਵਾਲਿਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਪਰ ਦੁਕਾਨਦਾਰ ਨੇ ਭੱਜ ਕੇ ਜਾਨ ਬਚਾਈ ਤੇ ਗੁਰਦੁਆਰੇ ਦੇ ਮੈਨੇਜਰ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਪੁਲਸ ਮੌਕੇ ‘ਤੇ ਪੁੱਜੀ ਤਾਂ ਕਾਰ ਸਵਾਰ ਫਰਾਰ ਹੋ ਚੁੱਕੇ ਸਨ। ਦੇਰ ਰਾਤ ਤੱਕ ਪੁਲਸ ਇਸ ਦੀ ਜਾਂਚ ਵਿੱਚ ਰੁੱਝੀ ਹੋਈ ਸੀ। ਇਲਾਕੇ ਵਿੱਚ ਸ਼ੱਕੀ ਬੰਦਿਆਂ ਦੀ ਮੌਜੂਦਗੀ ਦੀ ਸੂਚਨਾ ਪਿੱਛੋਂ ਲੁਧਿਆਣਾ ਸ਼ਹਿਰ ਦੇ ਚੌਕਾਂ ਅਤੇ ਆਸਪਾਸ ਵੱਡੀ ਗਿਣਤੀ ਵਿੱਚ ਫੋਰਸ ਤੈਨਾਤ ਕਰ ਦਿੱਤੀ ਗਈ।
ਪੁਲਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਸਵਾਰ ਪੰਜ ਜਣਿਆਂ ਨੇ ਫੌਜੀ ਵਰਦੀ ਪਾਈ ਹੋਈ ਸੀ। ਉਹ ਕਾਰ ਦਾ ਟਾਇਰ ਬਦਲਵਾ ਕੇ ਹਵਾਈ ਫਾਇਰ ਕਰਦੇ ਫਰਾਰ ਹੋ ਗਏ। ਕੁਝ ਦਿਨ ਪਹਿਲਾਂ ਦੀਨਾਨਗਰ ਵਿੱਚ ਹੋਏ ਦਹਿਸ਼ਤੀ ਹਮਲੇ ਅਤੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਦਹਿਸ਼ਤਗਰਦ ਕਿਸੇ ਹੋਰ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
……………….
ਟਿੱਪਣੀ : ਇਹ ਕੀ ਡਰਾਮਾ ਹੈ ? ਜੇ ਕਾਰ ਪੰਚਰ ਸੀ ਤਾਂ ਕਾਰ ਸਵਾਰ ਕਿਵੇਂ ਭੱਜ ਗਏ ? ਅਮਰ ਜੀਤ ਸਿੰਘ ਚੰਦੀ