ਕੈਟੇਗਰੀ

ਤੁਹਾਡੀ ਰਾਇ



ਹਰਸ਼ਿੰਦਰ ਕੌਰ (ਡਾਕਟਰ)
ਮੈਂ 'ਕੌਰ' ਹਾਂ
ਮੈਂ 'ਕੌਰ' ਹਾਂ
Page Visitors: 2942

 ਮੈਂ 'ਕੌਰ' ਹਾਂ । ਹੁਣ ਤਾਂ ਮੇਰੇ ਪੈਰ ਕਬਰਾਂ ਵਿੱਚ ਹਨ । ਅਸਲ ਵਿੱਚ ਮੇਰੀ ਜ਼ਿੰਦਗੀ ਤਾਂ ਇੱਕ ਨਵੰਬਰ 1984 ਨੂੰ ਹੀ ਰੁਕ ਗਈ ਸੀ । ਕੀ ਦੱਸਾਂ ? ਕਿੱਥੋਂ ਸ਼ੁਰੂ ਕਰਾਂ । ਸਾਡੇ ਭਰੇ ਪੂਰੇ ਘਰ ਪ੍ਰਵਾਰ ਵਿਚਲੇ 21 ਪੱਗਾਂ ਵਾਲੇ ਸਿਰ ਸਾਡੀ ਸ਼ਾਨ ਸਨ । ਸਾਡੇ ਘਰ ਵਿੱਚ ਤਾਂ ਆਂਢ - ਗੁਆਂਢ ਤੇ ਪੂਰੀ ਕਲੋਨੀ ਵਾਲਿਆਂ ਦਾ ਲੋੜ ਵੇਲੇ ਤਾਂਤਾ ਹੀ ਲੱਗਿਆ ਰਹਿੰਦਾ ਸੀ । ਕਦੇ ਕਿਸੇ ਨੂੰ 'ਨਾ' ਤਾਂ ਅਸੀਂ ਕੀਤੀ ਹੀ ਨਹੀਂ ਸੀ ।

ਹਰ ਕਿਸੇ ਦੀ ਮਦਦ ਕਰਨਾ ਤਾਂ ਜਿਵੇਂ ਸਾਡੇ ਹੱਢੀਂ ਰਚਿਆ ਸੀ । ਖੰਡ ਕਿਸੇ ਘਰ ਘਟਦੀ ਤੇ ਮੇਰਾ ਵੱਡਾ ਪੁੱਤਰ ਉਸ ਘਰ ਵਿੱਚ ਭਰੀ ਕੌਲੀ ਲੈ ਕੇ ਪਹਿਲਾਂ ਪਹੁੰਚ ਜਾਂਦਾ । ਸੱਟ ਨਾਲਦੇ ਘਰ ਕਿਸੇ ਨੂੰ ਲੱਗਦੀ ਤਾਂ ਮੇਰਾ ਦਿਓਰ ਰਾਤ ਭਰ ਉਸ ਨਾਲ ਹਸਪਤਾਲ ਬੈਠਾ ਰਹਿੰਦਾ । ਕਿੰਨਾ ਮੇਲ - ਜੋਲ ਸੀ ਸਾਰਿਆਂ ਵਿੱਚ । ਪਤਾ ਹੀ ਨਹੀਂ ਲੱਗਦਾ ਸੀ ਕਿ ਸਾਡੀ ਕਲੋਨੀ ਵਿੱਚ ਵਸ ਰਹੇ ਸਾਰੇ ਘਰਾਂ ਵਿਚਲੇ ਆਪੋ ਵਿੱਚ ਰਿਸ਼ਤੇਦਾਰੀ ਵਾਲੇ ਵਸ ਰਹੇ ਹਨ ਕਿ ਵੱਖੋ - ਵੱਖ ਜਣੇ ।

ਮੇਰੀ ਸੱਸ ਦੇ ਜੇਠ ਵੀ ਤਾਂ ਆਪਣੇ ਟੱਬਰ ਨਾਲ ਸਾਡੀ ਹੀ ਕਲੋਨੀ ਵਿੱਚ ਰਹਿੰਦੇ ਸਨ । ਉਨ੍ਹਾਂ ਦਾ ਤਾਂ ਬਸ ਇੱਕੋ ਕੰਮ ਸੀ 'ਨਾਮ - ਸਿਮਰਨ' । ਉਨ੍ਹਾਂ ਨੇ ਰੋਜ਼ ਸ਼ਾਮ ਨੂੰ ਕਲੋਨੀ ਦੇ ਬੱਚੇ ਇੱਕਠੇ ਕਰਕੇ ਆਪਣੇ ਘਰ ਦੇ ਲਾਨ ਵਿੱਚ ਕੁੱਝ ਨਾ ਕੁੱਝ ਖਾਣ ਲਈ ਦੇ ਕੇ ਬਿਠਾ ਲੈਣੇ ਤੇ ਪੁਰਾਣੇ ਸਮਿਆਂ ਦੀਆਂ ਗੱਲਾਂ ਛੇੜ ਲੈਣੀਆਂ । ਪਾਕਿਸਤਾਨ ਤੋਂ ਉਜੜਕੇ ਆਉਣ ਵਾਲੀ ਗੱਲ ਉਹ ਭੁਲਾ ਨਹੀਂ ਸਨ ਸਕੇ । ਹਰ ਰੋਜ਼ ਉਨ੍ਹਾਂ ਨੇ ਦੱਸਣਾ ਕਿ ਕਿਵੇਂ ਉਨ੍ਹਾਂ ਦੇ ਨਾਲ ਦੇ ਘਰ ਵਸ ਰਹੇ ਹੈਦਰ, ਜੋ ਉਨ੍ਹਾਂ ਦਾ ਪੱਗ ਵਟ ਭਰਾ ਹੀ ਬਣਿਆ ਹੋਇਆ ਸੀ, ਦੇਸ ਦੀਆਂ ਹੱਦਾਂ ਦੇ ਵੰਡਣ ਬਾਰੇ ਸੁਣਦੇ ਸਾਰ ਭੀੜ ਦੇ ਨਾਲ ਸਕਿੰਟਾਂ ਵਿੱਚ ਹੀ ਉਨ੍ਹਾਂ ਦੇ ਵੱਡੇ ਚਚੇਰੇ ਭਰਾ ਨੂੰ "ਅੱਲਾ ਹੂ - ਅੱਲਾ ਹੂ" ਕਰਦਾ ਵੱਢ ਗਿਆ ਸੀ ਤੇ ਉਸਦੀ ਵਹੁਟੀ ਨੂੰ ਵਾਲਾਂ ਤੋਂ ਘੜੀਸਕੇ ਗਲੀ ਵਿੱਚ ਲਿਜਾ ਕੇ, ਉਸਦੀ ਛਾਤੀ ਦੇ ਆਰ - ਪਾਰ ਤਲਵਾਰ ਕੱਢ ਦਿੱਤੀ ਸੀ । ਉਹ ਇਹ ਸੱਟ ਭੁਲਾ ਹੀ ਨਹੀਂ ਸਨ ਸਕੇ ਤੇ ਅੱਧੀ ਰਾਤ ਨੂੰ ਵੀ ਕਦੇ ਕਦਾਈਂ ਉੱਠਕੇ ਚੀਕ ਪੈਂਦੇ ਸਨ - ਓਏ ਹੈਦਰ ਤੂੰ ਇਹ ਕਿਉਂ ਕੀਤਾ ? ਮੇਰੀ ਭਰਜਾਈ ਤਾਂ ਤੈਨੂੰ ਆਪਣੇ ਹੱਥੀਂ ਦੇਸੀ ਘਿਓ ਦੇ ਪਰਾਂਠੇ ਬਣਾ - ਬਣਾ ਖੁਆਉਂਦੀ ਸੀ । ਏਨੀ ਬਰਹਿਮੀ ਨਾਲ ਤੂੰ ਉਸਨੂੰ ਕਿਉਂ ਮਾਰਿਆ ? ਉਸਦਾ ਕਸੂਰ ਤਾਂ ਦਸ ਦੇ । ਇਹ ਸਾਰੀਆਂ ਦਰਦਨਾਕ ਕਹਾਣੀਆਂ ਬੱਚਿਆਂ ਨੂੰ ਰੋਜ਼ ਸੁਣਾਕੇ ਮੇਰੀ ਸਸ ਦਾ ਜੇਠ ਬੱਚਿਆਂ ਨੂੰ ਘੁੱਟਕੇ ਪਿਆਰ ਕਰਦਾ ਸੀ ਤੇ ਉਨ੍ਹਾਂ ਨੂੰ ਕਹਿੰਦਾ ਸੀ - ਉਹ ਤਾਂ ਮਾੜੇ ਵੇਲੇ ਸਨ । ਹੁਣ ਤਾਂ ਅਸੀਂ ਸਾਰੇ ਆਪਣੇ ਆਜ਼ਾਦ ਦੇਸ ਵਿੱਚ ਵੱਸਦੇ ਹਾਂ ।

ਸਾਰੇ ਭਰਾ � ਭਰਾ । ਕਿਸੇ ਨੂੰ ਕਿਸੇ ਨਾਲ ਕੋਈ ਵੈਰ ਨਹੀਂ । ਤੁਸੀਂ ਸਾਰੇ ਰਲ ਮਿਲਕੇ ਰਿਹਾ ਕਰੋ ਤੇ ਇੱਕ ਦੂਜੇ ਦੀਆਂ ਬਾਹਵਾਂ ਬਣੋ । ਸਾਡੇ ਸਾਹਮਣੇ ਘਰ ਰਹਿੰਦਾ ਚਮਨ ਲਾਲ ਤਾਂ ਉੱਕਾ ਹੀ ਝੱਲਾ ਸੀ । ਉਸਨੂੰ ਆਪਣੇ ਘਰ - ਬਾਰ ਦੀ ਕੋਈ ਫਿਕਰ ਨਹੀਂ ਸੀ । ਉਸਦੀ ਘਰ ਵਾਲੀ ਰੋਜ਼ ਆਪਣੇ ਰੋਣੇ ਮੇਰੇ ਕੋਲ ਰੋਂਦੀ ਸੀ । ਉਸਦੀ ਕੁੜੀ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਮੇਰੇ ਦਿਓਰ ਤੇ ਦਰਾਣੀ ਨੇ ਚੁੱਕੀ । ਸਾਰਾ ਇਲਾਕਾ ਮੇਰੇ ਦਿਓਰ ਦੀ ਤਾਰੀਫ ਕਰਦਾ ਸੀ ਕਿ ਅੱਜ ਕਲ੍ਹ ਦੇ ਜ਼ਮਾਨੇ ਵਿੱਚ ਤਾਂ ਸਕਾ ਭਰਾ ਕਿਸੇ ਦਾ ਏਨਾ ਨਹੀਂ ਕਰਦਾ ਜਿੰਨਾ ਉਸਨੇ ਪਰਾਏ ਲਈ ਕਰ ਦਿੱਤਾ ਹੈ । ਮੇਰਾ ਦਿਓਰ ਇਹੀ ਜਵਾਬ ਦਿੰਦਾ ਕਿ ਚਲੋ ਜੀ ਕੁੜੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ । ਕੀ ਫਰਕ ਪੈਂਦੈ । ਮੇਰਾ ਰਬ ਵੇਖਦੈ । ਉਹ ਆਪੇ ਸਭ ਕੁੱਝ ਪੂਰ ਚੜ੍ਹਾ ਦੇਵੇਗਾ । ਮੇਰੇ ਸਹੁਰਾ ਸਾਹਿਬ ਤਾਂ ਮੇਰੀ ਨਨਾਣ ਨੂੰ ਵਿਆਹ ਤੋਂ ਪਹਿਲਾਂ ਰੋਜ਼ ਨਸੀਹਤਾਂ ਦਿੰਦੇ ਸੀ ਕਿ ਤੈਨੂੰ ਫਖਰ ਹੋਣਾ ਚਾਹੀਦਾ ਹੈ ਕਿ ਤੇਰੇ ਨਾਂ ਪਿੱਛੇ 'ਕੌਰ' ਲੱਗਿਆ ਹੈ । ਤੂੰ ਉਸ ਕੌਮ ਵਿੱਚ ਪੈਦਾ ਹੋਈ ਹੈ ਜੋ ਲੋਕਾਂ ਦੀਆਂ ਚੁੱਕੀਆਂ ਧੀਆਂ - ਭੈਣਾਂ ਨੂੰ ਵਾਪਸ ਘਰੋ - ਘਰੀ ਪਹੁੰਚਾਉਣ ਲਈ ਜਾਨ ਵਾਰ ਦਿੰਦੇ ਰਹੇ ਸਨ । ਇਹੀ ਇੱਕੋ ਇੱਕ ਧਰਮ ਹੈ ਜਿਸ ਵਿੱਚ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਬਚਾਉਣ ਲਈ ਵੀ ਸਾਡੇ ਗੁਰੂ ਨੇ ਜਾਨ ਵਾਰ ਦਿੱਤੀ ਸੀ ।

ਸਾਡੇ ਟੱਬਰ ਦੀ ਤਾਂ ਗੁਰੂ ਘਰ ਵਿੱਚ ਏਨੀ ਸ਼ਰਧਾ ਸੀ ਕਿ ਅਸੀਂ ਕਿਸੇ ਕੀੜੀ ਨੂੰ ਵੀ ਕਦੇ ਨਹੀਂ ਸੀ ਮਾਰਿਆ । ਮੇਰੇ ਸਹੁਰਾ ਸਾਹਿਬ ਤਾਂ ਦੱਸਿਆ ਕਰਦੇ ਸੀ ਕਿ ਜਦੋਂ ਜ਼ਾਲਮਾਂ ਵਲੋਂ ਸਿੰਘਾਂ ਦੇ ਸਿਰਾਂ ਨੂੰ ਵੱਢਕੇ ਗੱਡਿਆਂ ਵਿੱਚ ਭਰਕੇ ਲਾਹੌਰ ਭੇਜਿਆ ਕਰਦੇ ਸੀ, ਓਦੋਂ ਵੀ ਸਾਡੇ ਵੱਡੇ ਬਾਬੇ ਦੇ ਬਾਬੇ ਦਾ ਸਿਰ ਵੱਢਿਆ ਗਿਆ ਸੀ ਪਰ ਇਹ ਪੌਦ ਖਤਮ ਨਹੀਂ ਹੋ ਸਕੀ ਕਿਉਂਕਿ ਇਸ ਕੌਮ ਉੱਤੇ ਰੱਬ ਦਾ ਮਿਹਰ ਭਰਿਆ ਹੱਥ ਸੀ ।

ਸਾਡਾ ਟਾਇਰਾਂ ਦਾ ਵੱਡਾ ਬਿਜ਼ਨੈਸ ਸੀ । ਕਾਫੀ ਖਰਾਬ ਟਾਇਰ ਅਸੀਂ ਘਰ ਦੇ ਪਿਛਵਾੜੇ ਹੀ ਢੇਰ ਲਾ ਕੇ ਰੱਖ ਛੱਡੇ ਹੋਏ ਸਨ । ਮੈਨੂੰ ਪਤਾ ਨਹੀਂ ਸੀ ਕਿ ਇੱਕ ਨਵੰਬਰ 1984 ਨੂੰ ਸਾਡੀ ਕਲੋਨੀ ਦੇ ਅਖੀਰਲੇ ਘਰਾਂ ਵਿੱਚੋਂ 10 - 12 ਜਣੇ ਸਾਡੇ ਘਰ ਦੇ ਪਿਛਵਾੜੇ ਪਏ ਖਰਾਬ ਟਾਇਰਾਂ ਨੂੰ ਚੁੱਕਣ ਕੰਧ ਟੱਪਕੇ ਕਿਉਂ ਵੜ ਆਏ ਸਨ ? ਅਸੀਂ ਉਸ ਵੇਲੇ ਨਾਸ਼ਤਾ ਕਰਨ ਬੈਠੇ ਸਾਂ । ਮੈਂ ਉਨ੍ਹਾਂ ਨੂੰ ਰੋਕਣ ਲਈ ਉੱਠੀ ਤਾਂ ਸਾਰੇ ਬੋਲ ਪਏ - ਰਹਿਣ ਦਿਓ । ਸਾਡੇ ਤਾਂ ਇਹ ਟਾਇਰ ਕਿਸੇ ਕੰਮ ਨਹੀਂ । ਇਨ੍ਹਾਂ ਦੇ ਕਿਸੇ ਕੰਮ ਆਉਂਦੇ ਨੇ ਤਾਂ ਲੈ ਜਾਣ ਦਿਓ । ਉਦੋਂ ਕਿਸੇ ਨੂੰ ਕਿਆਸ ਵੀ ਨਹੀਂ ਸੀ ਕਿ ਇਹ ਟਾਇਰ ਕਿਸ ਕੰਮ ਆਉਣੇ ਹਨ । ਅੱਗੋਂ ਹੁਣ ਕੀ ਦੱਸਾਂ । ਮੇਰਾ ਰੁੱਗ ਭਰ ਆਉਂਦਾ ਹੈ । ਅੱਧੇ ਕੁ ਘੰਟੇ ਬਾਅਦ ਹੀ ਘਰ ਦੇ ਸਾਹਮਣੇ ਏਨਾ ਰੌਲਾ - ਰੱਪਾ ਸੁਣਿਆ ਕਿ ਮੈਨੂੰ ਅੱਜ ਵੀ ਹਰਫ - ਹਰਫ ਚੇਤੇ ਹੈ । ਹੋਵੇ ਵੀ ਕਿਉਂ ਨਾ । ਉੱਚੀ - ਉੱਚੀ ਚੀਕਣ ਦੀ ਅਵਾਜ਼ ਰਸੋਈ ਤੱਕ ਪਹੁੰਚ ਰਹੀ ਸੀ - 'ਕੱਢੋ ਸਿਖੜਿਆਂ ਨੂੰ, ਫੂਕੋ, ਘੜੀਸ ਲਿਆਓ, ਬਾਹਰ ਨਿਕਲ ਓਏ ਭੂਤਨੀ ਦਿਆ ।' ਇੰਝ ਲੱਗਿਆ ਜਿਵੇਂ ਕੰਨਾਂ ਵਿੱਚ ਪਿਘਲਿਆ ਸ਼ੀਸ਼ਾ ਪੈ ਰਿਹਾ ਹੋਵੇ । ਏਨੀ ਤਲਖ ਅਵਾਜ਼ ਮੈਂ ਪਹਿਲਾਂ ਕਦੇ ਸੁਣੀ ਨਹੀਂ ਸੀ ।

ਸਾਡੇ ਘਰ ਦੇ ਬਾਹਰੋਂ ਤਾਂ ਹਰ ਜਣਾ ਰੋਜ਼ ਉੱਚੀ ਸਾਰੀ ਸਤਿ ਸ੍ਰੀ ਅਕਾਲ ਸਰਦਾਰ ਜੀ, ਕਹਿਕੇ ਲੰਘਿਆ ਕਰਦਾ ਸੀ । ਮੇਰੇ ਸਹੁਰਾ ਸਾਹਿਬ ਬਾਹਰ ਨੂੰ ਨਿਕਲਣ ਲੱਗੇ ਤਾਂ ਮੇਰੇ ਪਤੀ ਤੇ ਦਿਓਰ ਨੇ ਰੋਕ ਦਿੱਤਾ ਕਿ ਬਾਹਰ ਭੀੜ ਦੇ ਹੱਥ ਲੋਹੇ ਦੇ ਡੰਡੇ ਫੜੇ ਹਨ । ਮੇਰੇ ਸਹੁਰਾ ਸਾਹਿਬ ਮੰਨੇ ਹੀ ਨਾ । ਕਹਿਣ ਲੱਗੇ, ਅਸੀਂ ਕਿਹੜਾ ਕਿਸੇ ਦਾ ਕਦੇ ਮਾੜਾ ਕੀਤਾ ਹੈ । ਉਨ੍ਹਾਂ ਨੂੰ ਕੋਈ ਗਲਤ ਫਹਿਮੀ ਹੋਈ ਹੋਣੀ ਹੈ । ਮੈਂ ਦੂਰ ਕਰ ਦੇਵਾਂਗਾ । ਉਠਦੇ - ਉਠਦੇ ਕਹਿਣ ਲੱਗੇ - 'ਓਏ ਡਰਪੋਕੋ, 1897 ਵਿੱਚ 21 ਸਿੱਖਾਂ ਨੇ 10 ਹਜ਼ਾਰ ਕਬਾਈਲੀਆਂ ਦੇ ਛੱਕੇ ਛੁਡਾਕੇ ਸੂਰਮਤਾਈ ਦਾ ਇਤਿਹਾਸ ਸਿਰਜਿਆ ਸੀ । ਤੁਸੀਂ ਵੀਹ ਬੰਦਿਆਂ ਦੇ ਇੱਕਠ ਅੱਗੇ ਯਰਕੇ ਪਏ ਹੋ । ਮੈਂ ਵੇਖੋ ਨਿਹੱਥਾ ਚੱਲਿਆਂ । ਸੱਚਾ ਸਿੱਖ ਤਾਂ ਆਪਣਾ ਸਰੀਰ ਕੁਦਰਤ ਦੀ ਸੌਗਾਤ ਮੰਨਦਾ ਹੈ ਤੇ ਹਮੇਸ਼ਾਂ ਸਿਰ ਤਲੀ ਤੇ ਰੱਖਕੇ ਹੀ ਚਲਦਾ ਹੈ । ਜਦ ਅਸੀਂ ਆਪਣੇ ਹੱਕ ਹਲਾਲ ਦੀ ਹਮੇਸ਼ਾਂ ਖਾਧੀ ਹੈ ਤੇ ਲੋੜ ਵੇਲੇ ਹਰ ਕਿਸੇ ਦੀ ਮਦਦ ਹੀ ਕੀਤੀ ਹੈ, ਫੇਰ ਕਾਹਦਾ ਡਰ । ਤੁਸੀਂ ਕੋਈ ਫਿਕਰ ਨਾ ਕਰੋ । ਉੱਤੇ ਬੈਠਾ ਵਾਹਿਗੁਰੂ ਸਾਡਾ ਰਾਖਾ ਹੈ ।' ਬਸ ਏਨਾ ਕਹਿੰਦਿਆਂ ਉਹ ਤਾਂ ਸਾਡੇ ਮਨਾ ਕਰਦੇ - ਕਰਦੇ ਦਰਵਾਜ਼ਾ ਖੋਲ੍ਹਕੇ ਬਾਹਰ ਚਲੇ ਗਏ । ਉਨ੍ਹਾਂ ਦੇ ਬਾਹਰ ਨਿਕਲਦਿਆਂ ਹੀ ਭੀੜ ਟੁੱਟਕੇ ਉਨ੍ਹਾਂ ਉੱਤੇ ਪੈ ਗਈ । ਇੱਕ ਨੇ ਸਿਰ ਉੱਤੇ ਲੋਹੇ ਦੀ ਰਾਡ ਮਾਰੀ ਤੇ ਭਾਪਾ ਜੀ ਦੇ ਸਿਰੋਂ ਲਹੂ ਵਹਿ ਤੁਰਿਆ । ਧੱਕੋ ਮੁੱਕੀ ਵਿੱਚ ਸਿਰੋਂ ਪੱਗ ਲੱਥਕੇ ਹੇਠਾਂ ਡਿੱਗ ਪਈ । ਇੱਕ ਨੇ ਫਟ ਸਾਡੇ ਹੀ ਪਿਛਵਾੜੇ ਤੋਂ ਚੁੱਕਿਆ ਟਾਇਰ ਉਨ੍ਹਾਂ ਦੇ ਗਲ ਦੁਆਲੇ ਪਾ ਦਿੱਤਾ । ਪੱਗ ਡਿੱਗੀ ਵੇਖ ਮੇਰੇ ਪਤੀ ਵੀ ਝੱਟ ਬਾਹਰ ਵੱਲ ਭਾਪਾ ਜੀ ਨੂੰ ਬਚਾਉਣ ਦੌੜੇ । ਪਤਾ ਹੀ ਨਹੀਂ ਲੱਗਿਆ ਕਿਵੇਂ ਪਲਾਂ ਵਿੱਚ ਹੀ ਭੀੜ ਨੇ ਮੇਰੇ ਪਤੀ ਦੇ ਵੀ ਗਲੇ ਦੁਆਲੇ ਟਾਇਰ ਪਾ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਤੇ ਨਾਲੇ ਭਾਪਾ ਜੀ ਨੂੰ ਵੀ ।

ਕਿਵੇਂ ਭੁੱਲਾਂ ਉਸ ਵਕਤ ਨੂੰ । ਚਮਨ ਲਾਲ ਵੀ ਤਾਂ ਭੀੜ ਵਿੱਚ ਖੜ੍ਹਾ ਉੱਚੀ - ਉੱਚੀ ਉਛਲਕੇ ਚੀਕ ਰਿਹਾ ਸੀ, 'ਉਹ ਵੇਖੋ ਸਿੱਖੜਾ ਸੜ੍ਹ ਰਿਹਾ। ਵੇਖੋ ਕਿਵੇਂ ਚਿੰਘਾੜਦੈ ।' ਮੇਰਾ ਦਿਓਰ ਤਾਂ ਉਸਦੀ ਕੁੜੀ ਦੇ ਵਿਆਹ ਤੇ ਆਪ ਭੱਜ - ਭੱਜਕੇ ਕੰਮ ਕਰਦਾ ਰਿਹਾ ਸੀ ਤੇ ਚਮਨ ਲਾਲ ਸਾਡੇ ਨਾਲ ਇੰਝ ਕਿਉਂ ਕਰ ਰਿਹਾ ਸੀ ? ਮੇਰੀ ਸੱਸ ਦਾ ਜੇਠ ਹਾਲੇ ਤੱਕ ਪਾਕਿਸਤਾਨੋਂ ਉਜੜਕੇ ਆਉਣ ਦੇ ਜ਼ਖ਼ਮ ਅੱਲ੍ਹੇ ਲਈ ਬੈਠਾ ਸੀ ਤੇ ਮੇਰੇ ਸਵਾਲਾਂ ਦਾ ਜਵਾਬ ਕੌਣ ਦਿੰਦਾ ? ਮੇਰਾ ਦਿਓਰ ਜਿਹੜਾ ਸਾਡੇ ਰੋਕਣ ਦੇ ਬਾਵਜੂਦ ਇਹ ਨਜ਼ਾਰਾ ਵੇਖਕੇ ਰਹਿ ਨਹੀਂ ਸਕਿਆ ਸੀ ਭੱਜਿਆ ਚੀਕਦਾ ਜਦੋਂ ਬਾਹਰ ਭੱਜਿਆ ਤਾਂ ਭੀੜ ਨੇ ਉਸੇ ਵੇਲੇ ਉਸਨੂੰ ਦਬੋਚ ਲਿਆ ਸੀ ਤੇ ਉਸਦੀ ਪੱਗ ਲਾਹਕੇ ਉਸ ਨਾਲ ਉਸਦੇ ਹੱਥ ਪੈਰ ਖੰਭੇ ਨਾਲ ਬੰਨ੍ਹਕੇ ਬਿਜ਼ਲੀ ਦੀ ਤਾਰ ਨਾਲ ਕਰੰਟ ਲਾ ਦਿੱਤਾ ਸੀ । ਚਮਨ ਲਾਲ ਫੇਰ ਬਾਕੀਆਂ ਨਾਲ ਉਛਲ - ਉਛਲਕੇ ਖਿੜਖਿੜਾਉਂਦਾ ਰਿਹਾ, 'ਉਹ ਵੇਖੋ ਸਿੱਖੜਾ ਭੁੜਕ ਰਿਹਾ, ਉਹ ਵੇਖੋ ਸਿੱਖੜਾ ਭੁੜਕ ਰਿਹਾ ।' ਮੈਂ ਕਿਵੇਂ ਦੱਸਾਂ ਆਪਣਾ ਹਾਲ ? ਉਸ ਦੀ ਕੁੜੀ ਦੇ ਵਿਆਹ ਲਈ ਤਨ � ਮਨ - ਧਨ ਨਾਲ ਜੁਟੇ ਰਹੇ ਮੇਰੇ ਦਿਓਰ ਨੂੰ ਕਰੰਟ ਲੱਗਿਆ ਵੇਖਕੇ ਉਹ ਕਿਵੇਂ ਭੁੜਕਕੇ ਖੁਸ਼ੀ ਜ਼ਾਹਰ ਕਰ ਰਿਹਾ ਸੀ । ਮੇਰੇ ਤਾਂ ਸੱਚੇ ਪਾਤਸ਼ਾਹ ਅੱਗੇ ਹੱਥ ਜੋੜਕੇ ਦਿਲੋਂ ਆਵਾਜ਼ ਨਿਕਲੀ ਕਿ ਸਚਮੁਚ ਹੁਣ ਕਲਯੁਗ ਹੀ ਹੈ । ਅਸੀਂ ਸਾਰਿਆਂ ਨੇ ਸਾਹ ਰੋਕਕੇ ਘਰ ਨੂੰ ਅੰਦਰੋਂ ਬੰਦ ਕਰ ਲਿਆ ਕਿਉਂਕਿ ਭੀੜ ਹੁਣ ਘਰ ਦੇ ਅੰਦਰ ਵੜਨ ਨੂੰ ਉਤਾਰੂ ਹੋਈ ਪਈ ਸੀ । ਕਿਰਨ ਕੁਮਾਰ ਤਾਂ ਸਭ ਤੋਂ ਅੱਗੇ ਸੀ । ਉਸਦਾ ਘਰ ਤਾਂ ਸਾਡੇ ਖੰਡ ਲੂਣ ਉੱਤੇ ਹੀ ਚਲਦਾ ਰਿਹਾ ਸੀ । ਮੇਰਾ ਪੁੱਤਰ ਉਸਦਾ ਆਟਾ ਖੰਡ ਮੁੱਕਣ ਹੀ ਨਹੀਂ ਦਿੰਦਾ ਸੀ । ਕਿਵੇਂ ਦਰਵਾਜ਼ਾ ਭੰਨਕੇ ਉਹ ਅੰਦਰ ਧਾੜਵੀਆਂ ਨਾਲ ਵੜਿਆ ਤੇ ਮੇਰੀ ਦਰਾਣੀ ਨੂੰ ਵਾਲਾਂ ਤੋਂ ਫੜ ਘੜੀਸਕੇ ਬਾਹਰ ਨੂੰ ਲੈ ਗਿਆ । ਉਸਦੇ ਨਾਲ ਹੀ ਉਸਦੀ 9ਸਾਲ ਦੀ ਧੀ ਵੀ ਧੂਅ ਲਈ ਗਈ । ਸਕਿੰਟਾਂ ਵਿੱਚ ਉਨ੍ਹਾਂ ਦੇ ਕਪੜੇ ਨੋਚਕੇ ਪਾੜ ਦਿੱਤੇ ਗਏ ਤੇ ਭੀੜ ਉਨ੍ਹਾਂ ਉੱਤੇ ਟੁੱਟਕੇ ਪੈ ਗਈ ।

ਅਸੀਂ ਤਾਂ ਹੋਰ ਵੇਖਣ ਜੋਗੀ ਹਾਲਤ ਵਿੱਚ ਨਹੀਂ ਸੀ । ਆਪਣੀ ਧੀ ਨੂੰ ਲੈ ਕੇ ਮੈਂ ਮਿਆਨੀ ਵਾਲੀ ਪੇਟੀ ਵਿੱਚ ਵੜ ਗਈ ਸੀ । ਪਾਗਲ ਕੁੱਤਿਆਂ ਨੇ ਉੱਥੇ ਵੀ ਸਾਨੂੰ ਸੁੰਘ ਲਿਆ । ਘਰ ਦਾ ਇੱਕ ਵੀ ਜੀਅ ਉਨ੍ਹਾਂ ਨੇ ਨਹੀਂ ਛੱਡਿਆ । ਮੇਰੇ ਸੋਹਣੇ ਸੁੱਣਖੇ ਪੁੱਤਰ ਦੇ ਜਿਸਮ ਨੂੰ ਕਿਵੇਂ ਕਿਰਨ ਕੁਮਾਰ ਨੇ ਝਰੀਟ ਛੱਡਿਆ । ਦਿਲੋਂ ਹੂਕ ਨਿਕਲੀ - ਹਾਏ ਵੇ ਤੇਰਾ ਕੱਖ ਨਾ ਰਹੇ । ਸਭ ਕੁੱਝ ਲੁੱਟ ਖਸੁੱਟਕੇ ਚੁਫੇਰੇ ਲਹੂ ਹੀ ਲਹੂ ਖਿੰਡਾ ਕੇ ਸਭ ਤੁਰ ਗਏ । ਮੇਰੇ ਤਾਂ ਸਿਰ ਵਿੱਚ ਵੱਜੀ ਰਾਡ ਸਦਕਾ ਮੈਂ ਬੇਹੋਸ਼ ਹੋ ਗਈ ਸੀ । ਉਹ ਮੈਨੂੰ ਮਰੀ ਹੋਈ ਸਮਝਕੇ ਛੱਡਕੇ ਤੁਰ ਗਏ ਸਨ । ਦੂਜੇ ਦਿਨ ਹੋਸ਼ ਆਈ ਤਾਂ ਉੱਠਕੇ ਉਹਲੇ ਨਾਲ ਬਾਹਰ ਵੇਖਿਆ ਤਾਂ ਮੇਰੇ ਪਤੀ ਦੀ ਅੱਧ ਸੜ੍ਹੀ ਹੋਈ ਲਾਸ਼ ਉੱਤੇ ਲੱਗੇ ਮਾਸ ਨੂੰ ਪੰਛੀ ਨੋਚ ਰਹੇ ਸਨ ਤੇ ਦਿਓਰ ਦੀ ਲਾਸ਼ ਨੂੰ ਕੁੱਤਾ ਘੜੀਸਕੇ ਲਿਜਾ ਰਿਹਾ ਸੀ । ਉਦੋਂ ਹੀ ਸਮਝ ਆਈ ਉਨ੍ਹਾਂ ਮਾਵਾਂ ਦੀ ਪੀੜ, ਜਿਨ੍ਹਾਂ ਦੇ ਬੱਚਿਆਂ ਨੂੰ ਮੁਗਲਾਂ ਨੇ ਨੇਜ਼ਿਆਂ ਉੱਤੇ ਫੁੰਡਕੇ ਉਨ੍ਹਾਂ ਦੇ ਟੋਟਿਆਂ ਨੂੰ ਉਨ੍ਹਾਂ ਦੇ ਗਲੇ ਦੁਆਲੇ ਬੰਨਿਆ ਹੋਵੇਗਾ ਤਾਂ ਉਨ੍ਹਾਂ ਨੂੰ ਕਿੰਝ ਮਹਿਸੂਸ ਹੋਇਆ ਹੋਵੇਗਾ । ਮੇਰੇ ਪੁੱਤਰ ਦੀ ਲਾਸ਼ ਤਾਂ ਪਛਾਨਣ ਜੋਗੀ ਵੀ ਨਹੀਂ ਸੀ ਰਹੀ । ਮੈਨੂੰ ਤਾਂ ਜ਼ਾਲਮਾਂ ਨੇ ਉੱਚੀ ਰੋਣ ਜੋਗੀ ਵੀ ਨਹੀਂ ਸੀ ਛੱਡਿਆ । ਆਪਣੇ ਵੈਣ ਸੁਣਾਉਂਦੀ ਵੀ ਤਾਂ ਕਿਸਨੂੰ ? ਇਸ ਤੋਂ ਅੱਗੇ ਤਾਂ ਮੇਰਾ ਦਿਮਾਗ ਸੁੰਨ ਹੋ ਗਿਆ ਤੇ ਮੈਨੂੰ ਨਹੀਂ ਪਤਾ ਕਿਵੇਂ ਮੈਂ ਬਚਦੀ - ਲੁਕਦੀ ਆਪਣੀ ਨਨਾਣ ਵੱਲ ਪਹੁੰਚੀ । ਸਾਰੇ ਰਸਤੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਸਨ ਤੇ ਟਾਇਰਾਂ ਵਿੱਚ ਸੁਲਗਦੇ ਸਰੀਰ । ਉੱਥੇ ਹੀ ਜਾ ਕੇ ਪਤਾ ਲੱਗਿਆ ਕਿ ਮੇਰਾ ਨਨਾਣਵਈਆ ਜੋ ਫੌਜ ਵਿੱਚ ਸੀ, ਉਸਨੂੰ ਦੰਗਾਈਆਂ ਨੇ ਰੇਲਵੇ ਸਟੇਸ਼ਨ ਉੱਤੇ ਫੌਜੀ ਵਰਦੀ ਵਿੱਚ ਹੀ ਡਾਗਾਂ ਮਾਰ - ਮਾਰਕੇ ਮਾਰ ਘੱਤਿਆ ਸੀ ਤੇ ਉੱਥੇ ਖੜ੍ਹੀ ਰੇਲਵੇ ਪੁਲਿਸ ਦੇ ਬੰਦੇ ਨੇੜੇ ਨਹੀਂ ਸਨ ਢੁੱਕੇ ।

ਕੁੱਝ ਪਲ ਮੈਨੂੰ 1965 ਤੇ 1971 ਦੀਆਂ ਲੜਾਈਆਂ ਵਿੱਚ ਕੁਰਬਾਨੀ ਤੇ ਦੇਸ਼ਭਗਤੀ ਦੀ ਮਿਸਾਲ ਬਣੇ ਸਿੱਖ ਫੌਜੀਆਂ ਬਾਰੇ ਖਿਆਲ ਆਇਆ ਕਿ ਉਹ ਕਿਸ ਦੇਸ ਵਾਸਤੇ ਲੜ ਮਰੇ ਸਨ ? ਕੀ ਇਹ ਵਾਕਈ ਸਾਡਾ ਹੀ ਦੇਸ ਸੀ ਜਿਸ ਵਿੱਚ ਅਸੀਂ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦੇ ਰਹੇ ਸੀ ? ਕੀ ਉਹ ਇਨ੍ਹਾਂ ਵਹਿਸ਼ੀਆਂ ਨੂੰ ਬਚਾਉਣ ਵਾਸਤੇ ਜਾਨ ਵਾਰ ਗਏ ਸਨ? ਮੇਰੀ ਨਨਾਣ ਨੇ ਤਾਂ ਆਪਣੇ ਪਤੀ ਦੀ ਮੌਤ ਦੀ ਖਬਰ ਸੁਣਦੇ ਸਾਰ ਕੋਠੇ ਤੋਂ ਛਾਲ ਮਾਰ ਦਿੱਤੀ ਸੀ ਤੇ ਉਸਦੀ ਇੱਕ ਲੱਤ ਦੀ ਹੱਡੀ ਕਈ ਥਾਵਾਂ ਤੋਂ ਟੁੱਟ ਗਈ ਸੀ । ਮੈਂ ਤਾਂ ਆਪ ਹੀ ਜ਼ਿੰਦਾ ਲਾਸ਼ ਬਣ ਚੁੱਕੀ ਹੋਈ ਸੀ । ਫੇਰ ਵੀ ਰੇੜ੍ਹੀ ਉੱਤੇ ਆਪਣੀ ਨਨਾਣ ਨੂੰ ਲੱਦਕੇ ਹਸਪਤਾਲ ਵੱਲ ਗਈ । ਰਸਤੇ ਵਿੱਚ ਪੁਲਿਸ ਸਟੇਸ਼ਨ ਰੁਕੀ ਤਾਂ ਉਨ੍ਹਾਂ ਇੰਝ ਦੁਰਕਾਰਿਆ ਜਿਵੇਂ ਅਸੀਂ ਅਵਾਰਾ ਕੁੱਤੇ ਅੰਦਰ ਵੜ੍ਹ ਗਏ ਹੋਈਏ । ਇੱਕ ਤਾਂ ਗਾਲ੍ਹ ਕੱਢਕੇ ਬੋਲਿਆ, 'ਜਾਨ ਬਚਾਨੀ ਹੈ ਤੋ ਭਾਗ ਲੇ ਵਰਨਾ ਯਹੀਂ ਕਬਰ ਬਨ ਜਾਏਗੀ ।' ਪਤਾ ਨਹੀਂ ਆਪਣੀ ਪੀੜ ਨੂੰ ਜਰਕੇ ਮੈਂ ਕਿਵੇਂ ਹਸਪਤਾਲ ਪਹੁੰਚੀ । ਕੋਈ ਗੈਬੀ ਤਾਕਤ ਹੀ ਮਦਦ ਕਰ ਰਹੀ ਹੋਵੇਗੀ । ਮੇਰਾ ਦਿਮਾਗ ਸੁੰਨ ਹੋ ਚੁੱਕਿਆ ਸੀ ਤੇ ਜਿਸਮ ਮੁਰਦਾ । ਹਸਪਤਾਲ ਪਹੁੰਚਕੇ ਡਾਕਟਰ ਕੋਲ ਅਰਜ਼ੋਈ ਕੀਤੀ ਕਿ ਮੇਰੇ ਸਿਰ ਉੱਤੇ ਟਾਂਕੇ ਲਾ ਦੇਵੇ ਤੇ ਮੇਰੀ ਨਨਾਣ ਦੀ ਦਰਦ ਨੂੰ ਆਰਾਮ ਦੇਣ ਲਈ ਦਰਦ ਦਾ ਟੀਕਾ ਲਾ ਦੇਵੇ । ਉਹ ਸਾਡੇ ਵੱਲ ਇੰਝ ਝਾਕਿਆ ਜਿਵੇਂ ਸਾਨੂੰ ਪਾੜ ਖਾਣਾ ਹੋਵੇ ਤੇ ਦੁਰਕਾਰਕੇ ਬੋਲਿਆ, 'ਸਾਲੇ ਪੀੜ ਕੋ ਆਰਾਮ ਮਾਂਗਤੇ ਹੈਂ । ਚੀਕੋ ਹਮ ਭੀ ਦੇਖੇਂ ਕਿਤਨੀ ਜ਼ੋਰ ਸੇ ਚੀਕ ਸਕਤੇ ਹੋ ।' ਉਸਨੇ ਬਿਨਾਂ ਦਰਦ ਦਾ ਟੀਕਾ ਲਾਏ ਹੀ ਮੋਟੇ - ਮੋਟੇ ਟਾਂਕੇ ਮੇਰੇ ਸਿਰ ਉੱਤੇ ਇੰਝ ਲਾਏ ਜਿਵੇਂ ਬੋਰੀ ਸੀ ਰਿਹਾ ਹੋਵੇ । ਚੀਕ ਮਾਰਨ ਜੋਗਾ ਸਾਹ ਸੱਤ ਰਿਹਾ ਹੀ ਨਹੀਂ ਸੀ । ਮੇਰੀ ਨਨਾਣ ਦੇ ਵੀ ਪਲਸਤਰ ਬਿਨਾਂ ਦਰਦ ਦੇ ਟੀਕੇ ਲਾਏ ਹੀ ਲਾਇਆ ਗਿਆ । ਉਹ ਤਾਂ ਬੇਹੋਸ਼ ਹੋ ਗਈ ਸੀ । ਹੋਸ਼ ਵਿੱਚ ਆਉਣ ਬਾਅਦ ਵੀ ਉਹ ਕਦੇ ਫੇਰ ਨਾਰਮਲ ਨਹੀਂ ਹੋ ਸਕੀ । ਪਾਗਲਾਂ ਵਾਂਗ ਚੀਕਦੀ ਹੀ ਰਹਿੰਦੀ ਸੀ । ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ 40 ਵਹਿਸ਼ੀਆਂ ਨੇ ਉਸਦੀ ਪੱਤ ਲੁੱਟੀ ਸੀ ਤੇ ਬਿਨਾਂ ਦੇਹ ਉੱਤੇ ਇੱਕ ਵੀ ਕੱਪੜੇ ਦੇ ਉਸ ਨੇ ਵਾਪਸ ਘਰ ਪਹੁੰਚਕੇ ਕੋਠੇ ਉੱਤੋਂ ਛਾਲ ਮਾਰ ਦਿੱਤੀ ਸੀ । ਦੁੱਖ ਤਾਂ ਉਸਨੂੰ ਇਹ ਖਾ ਗਿਆ ਕਿ ਉਸਦੀ ਪੱਤ ਲੁੱਟਣ ਵਾਲਿਆਂ ਵਿੱਚ ਉਨ੍ਹਾਂ ਦੇ ਘਰ ਕੰਮ ਕਰਦੀ ਮਾਈ ਦਾ ਪਤੀ ਵੀ ਸ਼ਾਮਿਲ ਸੀ । ਉਸਨੂੰ ਆਟੋ ਰਿਕਸ਼ਾ ਖਰੀਦਕੇ ਦੇਣ ਵਿੱਚ ਸਾਰਾ ਹੱਥ ਮੇਰੇ ਨਨਾਣਵਈਏ ਦਾ ਹੀ ਸੀ ਤਾਂ ਜੋ ਉਹ ਅੱਗੋਂ ਸੌਖੀ ਜ਼ਿੰਦਗੀ ਬਿਤਾ ਸਕਣ । ਕਿਵੇਂ ਤਿਲ - ਤਿਲ ਕਰਕੇ ਮੇਰੀ ਨਨਾਣ ਇਸ ਹਾਦਸੇ ਤੋਂ ਸੱਤ ਸਾਲਾਂ ਬਾਅਦ ਮਰੀ, ਉਹ ਮੈਂ ਹੀ ਜਾਣਦੀ ਹਾਂ । ਕੋਈ ਵੀ ਆਟੋ ਰਿਕਸ਼ਾ ਵੇਖਕੇ ਉਹ ਬੇਕਾਬੂ ਹੋ ਜਾਂਦੀ ਸੀ । ਝੱਟ ਦਰਵਾਜ਼ੇ ਖਿੜਕੀਆਂ ਬੰਦ ਕਰਨ ਲੱਗ ਪੈਂਦੀ ਸੀ ਤੇ ਚੀਕਣ ਲਗ ਪੈਂਦੀ ਸੀ, ''ਬਚਾ ਲੈ ਭਾਬੀ, ਬਚਾ ਲੈ । ਉਹ ਆ ਗਿਆ ਈ । ਮੇਰੇ ਸਾਰੇ ਕੱਪੜੇ ਪਾੜ ਦੇਵੇਗਾ । ਬਚਾ ਲੈ ਭਾਬੀ, ਤੈਨੂੰ ਵੀਰੇ ਦੀ ਸਹੁੰ ।''ਕੀ ਦੱਸਦੀ, ਕਿਹੜੇ ਵੀਰੇ ਦੀ ਸਹੁੰ ਦੇ ਰਹੀ ਹੈ ?

ਉਸਦਾ ਜਵਾਨ ਮੁੰਡਾ ਵੀ ਉਸੇ ਵਾ ਵਰੋਲੇ ਦੀ ਭੇਂਟ ਚੜ੍ਹ ਚੁੱਕਿਆ ਸੀ । ਉਸਦਾ ਕਸੂਰ ਬਹੁਤ ਵੱਡਾ ਸੀ, ਕਿਉਂਕਿ ਉਹ ਮਾਂ ਦੀ ਪਤ ਬਚਾਉਣ ਲਈ ਇੱਕਲਾ ਹੀ ਭੀੜ ਉੱਤੇ ਟੁੱਟ ਪਿਆ ਸੀ । ਪਤਾ ਨਹੀਂ ਕੀ ਮਤਲਬ ਹੈ ਮਹਾਨ ਸਿੱਖ ਫਲਸਫੇ ਦਾ । ਮਹਾਨ ਕੁਰਬਾਨੀਆਂ ਤੇ ਸ਼ਾਨਦਾਰ ਸਿੱਖ ਇਤਿਹਾਸ ਕਿਸ ਤਰ੍ਹਾਂ ਦੇ ਸਮਾਜ ਨੂੰ ਬਚਾਉਣ ਲਈ ਸਿਰਜਿਆ ਗਿਆ ? ਇਸ ਕਿਰਦਾਰ ਦੀ ਬੁਨਿਆਦ ਜੇ ਸੂਰਮਗਤੀ ਤੇ ਸੱਚ ਉੱਤੇ ਟਿਕਾਈ ਗਈ ਸੀ ਤਾਂ ਕੀ ਪਰਖਣ ਲਈ ? ਮੈਨੂੰ ਤਾਂ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਤੈਨੂੰ ਸਿੱਖ ਹੋਣ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਸਿੱਖ ਦਾ ਮਤਲਬ ਹੈ ਉਹ ਵਿਦਿਆਰਥੀ ਜੋ ਜ਼ਿੰਦਗੀ ਭਰ ਸੱਚ ਨੂੰ ਜਾਣ ਲੈਣ ਲਈ ਉਤਸੁਕ ਰਹਿੰਦਾ ਹੈ । ਉਸੇ ਸੱਚ ਨੂੰ ਜਾਨਣ ਲਈ ਉਤਸੁਕ ਮੇਰਾ ਮਨ ਅੱਜ ਸਿਰਫ ਆਪਣਾ ਕਸੂਰ ਜਾਨਣ ਲਈ ਕਾਹਲਾ ਹੈ ਕਿ ਮੇਰਾ ਕਸੂਰ ਇਹੀ ਹੈ ਨਾ ਕਿ ਮੇਰੇ ਨਾਂ ਪਿੱਛੇ 'ਕੌਰ' ਲੱਗਿਆ ਹੈ ? ਜੇ ਕੋਈ ਹੋਰ ਕਸੂਰ ਹੈ ਤਾਂ ਘੱਟੋ - ਘੱਟ ਦੱਸ ਤਾਂ ਦਿਓ ਤਾਂ ਜੋ ਅਗਲੇ ਜਨਮ ਵਿੱਚ ਮੈਂ ਇਸੇ ਪੀੜ ਨੂੰ ਨਾਲ ਨਾ ਲੈ ਕੇ ਪੈਦਾ ਹੋਵਾਂ । ਜਿਨ੍ਹਾਂ ਦੀ ਅਸੀਂ ਮਦਦ ਕਰਦੇ ਰਹੇ ਤੇ ਕਦੇ ਉਨ੍ਹਾਂ ਦਾ ਮਾੜਾ ਨਹੀਂ ਕੀਤਾ, ਉਹ ਅਚਾਨਕ ਸਾਡੇ ਏਨੇ ਕੱਟੜ ਦੁਸ਼ਮਣ ਕਿਉਂ ਬਣ ਗਏ ? ਜੋ ਮੈਂ ਜੀਅ ਹਟੀ ਹਾਂ ਕੀ ਇਹ ਜ਼ਿੰਦਗੀ ਕਹੀ ਜਾ ਸਕਦੀ ਹੈ ? ਮੇਰੇ ਵਰਗੀਆਂ ਹਜ਼ਾਰਾਂ ਹੋਰ ਬੇਕਸੂਰ ਵਿਧਵਾਵਾਂ 28 ਸਾਲਾਂ ਤੋਂ ਮੇਰੇ ਵਾਂਗ ਹੀ ਮਾਨਸਿਕ ਸੰਤਾਪ ਹੰਢਾ ਰਹੀਆਂ ਹਨ । ਕਈ ਤਾਂ ਇਸ ਸਵਾਲ ਦਾ ਜਵਾਬ ਮਿਲਣ ਤੋਂ ਪਹਿਲਾਂ ਇਸ ਦੁਨੀਆਂ ਤੋਂ ਕੂਚ ਕਰ ਚੁੱਕੀਆਂ ।

ਬਾਕੀ ਮੇਰੇ ਵਰਗੀਆਂ ਨੂੰ ਸਭ ਵਲੋਂ ਇਹ ਕਹਿਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ - ਭੁੱਲ ਜਾਓ । ਰਫਾ ਦਫਾ ਕਰੋ । ਉਹ ਦੰਗੇ ਸਨ ਹੀ ਨਹੀਂ । ਗੱਲ ਉੱਤੇ ਮਿੱਟੀ ਪਾਓ । ਭਲਾ ਦੱਸੋ ਕੀ ਹਾਲੇ ਤਕ ਚਰਖੜੀਆਂ ਤੇ ਚੜ੍ਹੇ ਤੇ ਆਰਿਆਂ ਉੱਤੇ ਚਿਰਵਾਏ ਗਏ ਭੁਲਾਏ ਜਾ ਸਕੇ ਹਨ ? ਉਨ੍ਹਾਂ ਦਾ ਏਨੇ ਸਾਲਾਂ ਬਾਅਦ ਤੱਕ ਵੀ ਹਰ ਸਿੱਖ ਕਿਉਂ ਅਰਦਾਸਾਂ ਵਿੱਚ ਜ਼ਿਕਰ ਕਰ ਰਿਹਾ ਹੈ ? ਮੈਨੂੰ ਮੁਆਵਜ਼ਾ ਦੇਣ ਦੀ ਗੱਲ ਕਰ ਰਹੇ ਹੋ ? ਮੇਰੇ ਟੱਬਰ ਦੇ ਇੱਕੀ ਪੱਗਾਂ ਵਾਲੇ ਸਿਰਾਂ ਦੀ ਕੀ ਕੀਮਤ ਲਾਓਗੇ ? ਅਠਾਈ ਸਾਲਾਂ ਤੋਂ ਮੈਂ ਸਿਲਾਈ ਮਸ਼ੀਨ ਚਲਾ - ਚਲਾਕੇ ਆਪਣਾ ਢਿੱਡ ਭਰਦੀ ਰਹੀ ਹਾਂ । ਹੁਣ ਤਾਂ ਅੱਖਾਂ ਵੀ ਜਵਾਬ ਦੇ ਗਈਆਂ ਹਨ ।  ਕਈ - ਕਈ ਦਿਨ ਖਾਲੀ ਢਿੱਡ ਨੂੰ ਨੱਪਕੇ ਸੌਂਦੀ ਰਹੀ ਹਾਂ । ਮੇਰੇ ਕੋਲੋਂ ਮੇਰੇ ਟੱਬਰ ਦੇ ਕਤਲ ਹੋਣ ਦਾ ਸਬੂਤ ਮੰਗਦੇ ਹੋ ? ਕਈਆਂ ਨੇ ਮੇਰੇ ਦਿਓਰ ਦੀ ਲਾਸ਼ ਨੂੰ ਕੁੱਤਿਆਂ ਵਲੋਂ ਚੂੰਡਦੇ ਹੋਏ ਦੀ ਤਸਵੀਰ ਖਿੱਚੀ ਸੀ । ਮੇਰੇ ਪਤੀ ਦੀਆਂ ਹੱਡੀਆਂ ਦੇ ਗਲੇ ਦੁਆਲੇ ਪਏ ਸੜੇ ਟਾਇਰ ਵੀ ਬਥੇਰਿਆਂ ਨੇ ਵੇਖੇ ਸਨ । ਪੰਜਾਹ ਦੰਗਾਈਆਂ ਵਲੋਂ ਪੱਤ ਲੁਟੇ ਜਾਣ ਬਾਅਦ ਕਿਸੇ ਔਰਤ ਤੋਂ ਹੋਰ ਕੀ ਸਬੂਤ ਚਾਹੀਦੇ ਨੇ । ਮੇਰੇ ਪੂਰੇ ਟੱਬਰ ਦੀਆਂ ਔਰਤਾਂ ਤੇ ਬੱਚੀਆਂ ਨਿਰਵਸਤਰ ਕੀਤੀਆਂ ਗਈਆਂ । ਸਭ ਪੱਤ ਲੁੱਟ ਲੈਣ ਬਾਅਦ ਮਾਰ ਦਿੱਤੀਆਂ ਗਈਆਂ । ਉਹ ਪਿੱਛੇ ਕਿਹੜੇ - ਕਿਹੜੇ ਸਬੂਤ ਛੱਡ ਜਾਂਦੀਆਂ ਤੇ ਕਿਸ ਤਰ੍ਹਾਂ ਦੇ ਮੁਵਾਅਜ਼ੇ ਵਾਸਤੇ ? ਮੈਨੂੰ ਸਮਝ ਹੈ ਕਿ ਉਹ ਉਸ ਧਰਮ ਨਾਲ ਸੰਬੰਧਤ ਸਨ ਜਿਸ ਧਰਮ ਦੇ ਲੋਕ ਦੂਜਿਆਂ ਦੀਆਂ ਮਾਵਾਂ - ਭੈਣਾਂ ਦੀ ਪੱਤ ਬਚਾਉਂਦੇ ਰਹੇ ਸਨ ਪਰ ਇਹ ਸਮਝ ਨਹੀਂ ਆਈ ਕਿ ਉਨ੍ਹਾਂ ਦੂਜੇ ਧਰਮਾਂ ਵਾਲਿਆਂ ਦੀ ਰਾਖੀ ਕੀ ਸਿਰਫ ਇਸ ਲਈ ਕੀਤੀ ਗਈ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੌਦਾਂ ਸਾਡੀਆਂ ਮਾਵਾਂ - ਧੀਆਂ ਦੀ ਪੱਤ ਲੁੱਟ ਲੈਣ ?

ਮੈਂ ਤਾਂ ਉਸ ਰੱਬ ਨੂੰ ਪੁੱਛਦੀ ਹਾਂ ਜੋ ਕਹਿੰਦਾ ਸੀ ਕਿ ਮੁਸ਼ਕਿਲ ਵੇਲੇ ਉਸਨੂੰ ਯਾਦ ਕਰੋ ਤਾਂ ਉਹ ਬਹੁੜ ਜਾਂਦਾ ਹੈ - 'ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ' - ਤਾਂ ਉਹ ਢੋਈ ਕਿੱਥੇ ਹੈ ? ਕੀ ਇਹ ਸ਼ਬਦ ਮੇਰੇ ਵਰਗੀਆਂ ਲਈ ਕੋਈ ਮਾਇਨੇ ਰੱਖਦਾ ਹੈ - 'ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ' - ਕਿਹੜਾ ਧਰਮ ਰਾਇ ? ਕਿਹੜਾ ਲੇਖਾ ਜੋਖਾ ? ਮੇਰੀਆਂ ਤਾਂ ਝੁਰੜੀਆਂ ਸਬੂਤ ਨੇ ਉਸ ਨਿਆਂ ਦੀ ਉਡੀਕ ਦੀਆਂ ਜੋ ਕਦੇ ਵੀ ਮਿਲਣਾ ਨਹੀਂ । ਜੇ ਮੈਂ ਮੁਸਲਮਾਨ ਔਰਤ ਹੁੰਦੀ ਤਾਂ ਸ਼ਾਇਦ ਗੁਜਰਾਤ ਵਿੱਚ ਨਿਆਂ ਮਿਲ ਜਾਂਦਾ । ਅਫਸੋਸ ਮੇਰਾ ਗੁਨਾਹ ਸ਼ਾਇਦ ਕਦੇ ਨਾ ਮੁਆਫ ਕਰਨ ਵਾਲਾ ਹੈ ਕਿਉਂਕਿ ਮੈਂ 'ਕੌਰ' ਹਾਂ । ਮੇਰੇ ਨਾਲ ਜੁੜੇ ਪੱਗਾਂ ਵਾਲੇ ਸਿਰਾਂ ਦੀ ਤਾਂ ਮਾਰ ਦੇਣ ਬਾਅਦ ਸਹੀ ਗਿਣਤੀ ਵੀ ਦਸ ਸਕਣ ਦੀ ਕਿਸੇ ਕੋਲ ਹਿੰਮਤ ਨਹੀਂ । ਖੈਰ । ਹੁਣ ਸਮਾਂ ਹੈ ਦੁਨੀਆਂ ਨੂੰ ਅਲਵਿਦਾ ਕਹਿਣ ਦਾ, ਕਿਉਂਕਿ ਹੁਣ ਮੇਰਾ ਸਰੀਰ ਹੋਰ ਤੁਰਨ ਜੋਗਾ ਨਹੀਂ ਰਿਹਾ ਤੇ ਅੱਖਾਂ ਦੀ ਜੋਤ ਵੀ ਲਗਭਗ ਖਤਮ ਹੈ । ਬਸ ਰੱਬ ਏਨਾ ਕੁ ਰਹਿਮ ਕਰ ਦਿੰਦਾ ਕਿ ਇਹ ਜੋਤ ਉਸ ਸਮੇਂ ਲੈ ਜਾਂਦਾ ਜਦੋਂ ਮੇਰੇ ਪਤੀ ਨੂੰ ਜ਼ਿੰਦਾ ਸਾੜਨ ਲੱਗੇ ਸੀ । ਘੱਟੋ ਘਟ ਇਹ ਮਾੜੀ ਯਾਦ ਤੇ ਛਲਣੀ ਕਾਲਜਾ ਤਾਂ ਏਨੇ ਸਾਲ ਨਾ ਸਾਂਭਣੇ ਪੈਂਦੇ । ਹਾੜਾ ਜੇ, ਸਾਰੀਓ 'ਕੌਰ' ਲਾਉਣ ਵਾਲੀਓ ਤੇ 'ਸਿੰਘ' ਲਾਉਣ ਵਾਲਿਓ, ਠੰਡੇ ਨਾ ਪੈ ਜਾਇਓ । ਤੁਸੀਂ ਹਰ ਸਦੀ ਵਿੱਚ ਇਮਤਿਹਾਨ ਦਿੰਦੇ ਹੀ ਰਹਿਣਾ ਹੈ ਤੇ ਤੁਹਾਡਾ ਕੰਮ ਹੈ ਦੂਜਿਆਂ ਨੂੰ ਬਚਾਉਣ ਲਈ ਜਾਨ ਦਿੰਦੇ ਰਹਿਣਾ ਅਤੇ ਸੱਚ ਅਤੇ ਹੱਕ ਲਈ ਡਟੇ ਰਹਿਣਾ ਪਰ ਇਹ ਤਾਂ ਮੈਨੂੰ 1984 ਵਿੱਚ ਪਤਾ ਲੱਗਿਆ ਕਿ ਜਦੋਂ ਸਾਡੇ ਉੱਤੇ ਭੀੜ ਪੈ ਜਾਏਗੀ ਤਾਂ ਕੋਈ ਅੱਗੇ ਨਹੀਂ ਆਉਣ ਲੱਗਿਆ । ਸੋ ਆਪਣੇ ਅੰਦਰਲੇ ਸ਼ੇਰ ਤੇ ਸ਼ੇਰਨੀਆਂ ਨੂੰ ਜ਼ਿੰਦਾ ਰੱਖਿਓ । ਮੇਰੇ ਵਰਗੀਆਂ ਦੇ ਨਿਆਂ ਲਈ ਹੋਰ ਲੜ ਮਰਨ ਦੀ ਲੋੜ ਨਹੀਂ । ਅਜਿਹੀ ਉਮੀਦ ਰੱਖਣੀ ਫਜ਼ੂਲ ਹੈ । ਜਦ ਤੱਕ ਸਾਡੇ ਉੱਤੇ ਕਹਿਰ ਢਾਹੁਣ ਵਾਲੇ ਕਾਨੂੰਨ ਦੀ ਜਕੜ ਤੋਂ ਬਾਹਰ ਹਨ, ਇਹ ਅਨਿਆਂ ਹੀ ਗਿਣਿਆ ਜਾਂਦਾ ਰਹੇਗਾ । ਤੁਸੀਂ ਆਪਣੀ ਅਗਲੀ ਪੌਦ ਦੇ ਲਹੂ ਨੂੰ ਗਰਮਾਉਣ ਲਈ ਇਸਨੂੰ ਵੀ ਆਪਣੇ ਗੌਰਵਮਈ ਇਤਿਹਾਸ ਵਿੱਚ ਸ਼ਾਮਲ ਕਰ ਲਇਓ ਕਿਉਂਕਿ ਚੰਦੂ ਅਤੇ ਗੰਗੂ ਹਰ ਸਦੀ ਵਿੱਚ ਪੈਦਾ ਹੁੰਦੇ ਹੀ ਰਹਿਣਗੇ ਪਰ ਇਹ ਕੌਮ ਫਿਰ ਵੀ ਖਤਮ ਨਹੀਂ ਕਰ ਸਕਣ ਲੱਗੇ । ਚੰਗਾ, ਅਲਵਿਦਾ । ਰੱਬ ਰਾਖਾ । ਅਗਲੀ ਵਾਰ ਦੀ ਸਿੱਖ ਕੌਮ ਵਲੋਂ ਕੀਤੀ ਜਾਂਦੀ ਅਰਦਾਸ ਵਿੱਚ ਸਾਡੇ ਵਰਗਿਆਂ ਦਾ ਨਾਂ ਵੀ ਸ਼ਾਮਲ ਕਰ ਲਇਓ । ਉਨ੍ਹਾਂ ਦੀ ਵੀ ਜ਼ਿਕਰ ਜ਼ਰੂਰ ਕਰਿਓ ਜਿਹੜੇ ਦੂਜੇ ਧਰਮ ਨਾਲ ਸੰਬੰਧਤ ਹੋਣ ਦੇ ਬਾਵਜੂਦ ਕਈ 'ਕੌਰ' ਅਤੇ 'ਸਿੰਘ' ਵਾਲਿਆਂ ਦੀ ਮਦਦ ਲਈ ਅੱਗੇ ਆਏ ਤੇ ਅਜਿਹੇ ਮੌਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਸ਼ਰਨ ਦਿੱਤੀ । ਅਜਿਹਾ ਮੈਨੂੰ ਕਈਆਂ ਨੇ ਦੱਸਿਆ । ਵੇਖਿਓ ਕਿਤੇ ਇਨ੍ਹਾਂ ਲਿਖੀਆਂ ਗਈਆਂ ਸਤਰਾਂ ਨੂੰ ਭੁੱਲ ਨਾ ਜਾਇਓ �


ਅਜੇ ਤੱਕ ਗੁਰੂ ਅਰਜਨ ਦੀ ਅਣਖ ਜ਼ਿੰਦੈ
ਪਰ ਚੰਦੂ ਤੇ ਜ਼ਾਲਮ ਜਹਾਂਗੀਰ ਕਿੱਥੇ?
ਜੀਹਦੀ ਤੇਗ਼ ਨੇ ਗੁਰੂ ਤੇਗ਼ ਦਾ ਖੂਨ ਪੀਤਾ
ਔਰੰਗਜ਼ੇਬ ਜਿਹਾ ਆਲਮਗ਼ੀਰ ਕਿੱਥੇ ?
ਜੀਹਦੀ ਹੈਂਕੜ ਮਾਸੂਮਾਂ ਦੀ ਬਣੀ ਕਾਤਲ
ਉਹ ਸਰਹਿੰਦ ਦਾ ਵਹਿਸ਼ੀ ਵਜ਼ੀਰ ਕਿੱਥੇ ?
ਜਿਨ੍ਹੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ
ਉਹ ਮੰਨੂੰ ਤੇ ਉਹਦੀ ਸ਼ਮਸ਼ੀਰ ਕਿੱਥੇ ?
ਕਹਿਰ ਵਰਤਾਉਂਦੇ ਵਾ ਵਰੋਲੇ,
ਜਹਾਂਗੀਰ, ਸ਼ਾਹਜਹਾਨ, ਨਾਦਰ ਸ਼ਾਹ,
ਅਬਦਾਲੀ ਤੇ ਜ਼ਕਰੀਆ ਖਾਨ ਕਿੱਥੇ ?
ਫੌਲਾਦ ਰੂਪੀ ਸਿੱਖ ਨੂੰ ਤੋੜ ਸਕੇ
ਇਹੋ ਜਿਹੇ ਨੇਜ਼ੇ ਤੇ ਤੀਰ ਕਿੱਥੇ ?
ਜੀਉਂਦੀਆਂ ਵੱਸਦੀਆਂ ਰਹਿਣਗੀਆਂ ਗੁਰੂ ਦੀਆਂ ਫੋਜਾਂ
ਇਸ ਜਾਹੋ ਜਲਾਲ ਤੇ ਜੋਸ਼ ਦੀ ਤੋੜ ਕਿੱਥੇ ?

 

-ਡਾ: ਹਰਸ਼ਿੰਦਰ ਕੌਰ, ਐਮ. ਡੀ.

(ਧੰਨਵਾਦ ਸਹਿਤ ਸਿੰਘ ਸਭਾ ਯੂ ਐਸ ਏ .ਕਾਮ ਵਿਚੋਂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.