ਅੰਨ੍ਹੇ ਬੋਲੇ ਬਣੇ ਸਿਆਸੀ ਆਗੂਆਂ ਦੇ ਕੰਨਾਂ ਤੱਕ ਪੰਥ ਦੀ ਆਵਾਜ਼ ਪਹੁੰਚਾਉਣ ਲਈ 4 ਅਗਸਤ ਨੂੰ ਦਿੱਲੀ ਪੁੱਜੋ
ਕਿਰਪਾਲ ਸਿੰਘ ਬਠਿੰਡਾ
ਸੰਤ ਜਰਨੈਲ ਸਿੰਘ ਵੱਲੋਂ 19 ਜੁਲਾਈ 1982 ਤੋਂ ਚਲਾਏ ਜਾ ਰਹੇ ਮੋਰਚੇ ਨੂੰ ਅੱਜ ਤੋਂ 33 ਵਰ੍ਹੇ ਪਹਿਲਾਂ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਕੇ ‘ਧਰਮ ਯੁੱਧ ਮੋਰਚਾ’ ਅਰੰਭ ਕੀਤਾ ਸੀ । ਇਸ ਮੋਰਚੇ ਦਾ ਨਿਸ਼ਾਨਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ । ਅਕਾਲੀ ਦਲ ਨੇ ਇਸ ਮੋਰਚੇ ਨੂੰ ‘ਜੰਗ ਹਿੰਦ ਪੰਜਾਬ’ ਦਾ ਨਾਂਅ ਦਿੱਤਾ ਸੀ ਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬਾਰ-ਬਾਰ ਸਟੇਜ ਤੋਂ ਸਿੱਖ ਕੌਮ ਨੂੰ ਯਕੀਨ ਦੁਆਇਆ ਸੀ ਕਿ:
* ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ । (ਅਨੰਦਪੁਰ ਮਤੇ ਦੀ ਇੱਕ ਮਦ ਇਹ ਵੀ ਸੀ ਕਿ ਸਰਬਤ ਦੇ ਭਲੇ ਦੇ ਸਿਧਾਂਤ ਉੱਤੇ ਚੱਲਦਿਆਂ ਅਮਰੀਕਾ ਜਾਂ ਹੋਰ ਦੇਸ਼ਾਂ ਵਾਂਗੂੰ, ਭਾਰਤ ਵਿੱਚ ਇੱਕ ਫੈਡਰਲ ਸਿਸਟਮ ਕਾਇਮ ਕੀਤਾ ਜਾਵੇ।)
* ਸਰਕਾਰ ਨਾਲ ਸਮਝੌਤੇ ਲਈ ਗੱਲਬਾਤ ਦਿੱਲੀ ਨਹੀਂ ਅੰਮ੍ਰਿਤਸਰ ਹੋਵੇਗੀ ।
* ਸਮਝੌਤਾ ਸਿੱਖ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ ।
ਮੋਰਚੇ ਨੂੰ ਨਵਾਂ ਰੂਪ ਦੇਣ ਅਤੇ ਜਿੱਤਣ ਲਈ ਵਿਸਾਖੀ 1983 ਦੇ ਦਿਹਾੜੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਮਰਜੀਵੜਿਆਂ ਤੋਂ ਪ੍ਰਣ ਪੱਤਰ ਭਰਾ ਕੇ ਪ੍ਰਣ ਵੀ ਕਰਾਇਆ ਗਿਆ ਸੀ । ਇਸ ਮੌਕੇ ‘ਧਰਮ ਯੁੱਧ ਮੋਰਚੇ’ ਦੇ ਡਿਕਟੇਟਰ ਲੌਂਗੋਵਾਲ ਨੇ ਐਲਾਨ ਕੀਤਾ ਸੀ ਕਿ ਮਰਜੀਵੜੇ ਇੱਕ ਦਿਨ ਇੱਕ ਐਕਸ਼ਨ ਕਰਨਗੇ । ਮਰਜੀਵੜਿਆਂ ਨੇ ਲੱਖਾਂ ਦੀ ਗਿਣਤੀ ਵਿੱਚ ਪ੍ਰਣ ਪੱਤਰ ਭਰਿਆ ਅਤੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪ੍ਰਣ ਕੀਤਾ ਸੀ । ਮੋਰਚੇ ਵਿੱਚ ਸੁਮੱਚਾ ਪੰਥ ਜਿੱਤ ਦੇ ਨਿਸਚੇ ਨਾਲ ਨਿੱਤਰ ਪਿਆ ਸੀ । ਕੋਈ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ । ਸੈਂਕੜੇ ਸਿੰਘ ਜੇਲ੍ਹਾਂ ਦੇ ਘਟੀਆ ਪ੍ਰਬੰਧ ਕਾਰਨ ਤੇ ਪੁਲਿਸ ਤਸ਼ੱਦਦ ਕਾਰਨ ਸ਼ਹੀਦ ਹੋਏ ਸਨ । ਤਰਨ ਤਾਰਨ ਰੇਲਵੇ ਫਾਟਕ ’ਤੇ ਜਥੇ ਦੀ ਬੱਸ ਨਾਲ ਰੇਲ ਦੀ ਹੋਈ ਟੱਕਰ ਵਿੱਚ ਇੱਕੋ ਵੇਲੇ ਹੀ 34 ਸਿੰਘਾਂ ਦੀਆਂ ਜਾਨਾਂ ਚਲੇ ਗਈਆ ਸਨ ਅਤੇ ਦਿੱਲੀ ਵਿਖੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦੇ ਮਾਰਚ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਸਿੰਘ ਹੋਰ ਸ਼ਹੀਦ ਹੋ ਗਏ ਸਨ । ਮੋਰਚਾ ਪੂਰੇ ਖ਼ਾਲਸਾਈ ਜਲੌਅ ਨਾਲ ਆਪਣੇ ਸਿਖ਼ਰ ’ਤੇ ਪਹੁੰਚ ਚੁੱਕਾ ਸੀ ਤੇ ਸੁਮੱਚੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਸਨ । ਸਿੰਘਾਂ ਦੇ ਵੱਡੇ-ਵੱਡੇ ਜਥੇ ਗ੍ਰਿਫ਼ਤਾਰੀਆਂ ਦੇਣ ਲਈ ਵਹੀਰਾਂ ਬੰਨ੍ਹੀ ਪਹੁੰਚ ਰਹੇ ਸਨ ਤੇ ਪੂਰੇ ਹਿੰਦ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ‘ਧਰਮ ਯੁੱਧ ਮੋਰਚੇ’ ਦੀ ਧਾਂਕ ਪੈ ਰਹੀ ਸੀ । ਹਿੰਦ ਸਰਕਾਰ ਅਤੇ ਹਿੰਦੂਤਵੀ ਤਾਕਤਾਂ ਇਸ ਮੋਰਚੇ ਦੀ ਚੜ੍ਹਤ ਤੋਂ ਇਤਨੀਆਂ ਘਬਰਾਈਆਂ ਕਿ ਉਨ੍ਹਾਂ ਨੇ ਇਸ ਨੂੰ ਵੱਖਵਾਦ, ਅਤਵਾਦ ਅਤੇ ਖ਼ਾਲਸਤਾਨ ਦਾ ਨਾਮ ਦੇ ਕੇ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਅੰਤ ਦੇਸ਼ ਵਿੱਚ ਸਿੱਖ ਵਿਰੋਧੀ ਮਾਹੌਲ ਬਣਾ ਕੇ ਜੂਨ 1984 ’ਚ ਬਲਿਯੂ ਸਟਾਰ ਅਪ੍ਰੇਸ਼ਨ ਦੇ ਨਾਮ ਹੇਠ ਸਿੱਖਾਂ ਦੀ ਆਸਤਾ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ’ਤੇ ਟੈਂਕਾਂ, ਮਿਜ਼ਾਇਲਾਂ ਅਤੇ ਹੈਲੀਕਾਪਟਰਾਂ ਰਾਹੀਂ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਤਰ੍ਹਾਂ ਢਹਿ ਢੇਰੀ ਕਰ ਦਿੱਤਾ ਜਿਵੇਂ ਕਿਸੇ ਦੁਸ਼ਮਣ ਦੇਸ਼ ’ਤੇ ਹਮਲਾ ਕੀਤਾ ਹੋਵੇ। ਇਹ ਹਮਲਾ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਚੱਲ ਰਹੇ ਸਮਾਗਮ ਦੌਰਾਨ ਕੀਤਾ ਹੋਣ ਕਰਕੇ ਹਜਾਰਾਂ ਬੇਕਸੂਰ ਬੱਚੇ, ਔਰਤਾਂ, ਬਜੁਰਗ ਅਤੇ ਹੋਰ ਸ਼ਰਧਾਲੂ ਸੰਗਤ ਮੌਤ ਦੇ ਘਾਟ ਉਤਾਰੀ ਗਈ। ਇਸ ਉਪ੍ਰੰਤ ਨਵੰਬਰ 1984 ’ਚ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਹਜਾਰਾਂ ਬੇਕਸੂਰ ਸਿੱਖਾਂ ਨੂੰ ਜਿੰਦਾ ਜਲਾਇਆ ਗਿਆ ਅਤੇ 33 ਸਲ ਬੀਤ ਜਾਣ ਪਿੱਛੋਂ ਵੀ ਪੀੜਤਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ।
ਦੁਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਅਕਾਲੀ ਆਗੂਆਂ ਨੇ ਇਹ ਧਰਮ ਯੁੱਧ ਮੋਰਚਾ ਲਾਇਆ, ਮਰਜੀਵੜਿਆਂ ਵਜੋਂ ਪ੍ਰਣ ਪੱਤਰ ਭਰੇ ਅਤੇ ਹੋਰਨਾਂ ਨੂੰ ਅਕਾਲ ਤਖ਼ਤ ’ਤੇ ਸਹੁੰਆਂ ਚੁਕਵਾਈਆਂ ਉਹ ਤਾਂ ਅਕਾਲ ਤਖ਼ਤ ਨੂੰ ਪਿੱਠ ਦੇ ਕੇ ਅੱਜ ਉਨ੍ਹਾਂ ਹੀ ਤਾਕਤਾਂ ਜਿਨ੍ਹਾਂ ਨੇ ਇਸ ਮੋਰਚੇ ਦਾ ਸਭ ਤੋਂ ਵੱਧ ਵਿਰੋਧ ਕੀਤਾ ਨਾਲ ਪਤੀ ਪਤਨੀ ਦੀ ਸਾਂਝ ਬਣਾ ਕੇ ਰਾਜ ਭੋਗ ਰਹੇ ਹਨ ਪਰ ਜਿਨ੍ਹਾਂ ਨੇ ਇਨ੍ਹਾਂ ਚਾਲਬਾਜ਼ ਸਿਆਸੀ ਲੋਕਾਂ ’ਤੇ ਵਿਸ਼ਵਾਸ਼ ਕਰਕੇ ਅਕਾਲ ਤਖ਼ਤ ’ਤੇ ਚੁੱਕੀ ਸਹੁੰ ਪੁਰ ਪਹਿਰਾ ਦੇਣ ਦਾ ਰਾਹ ਚੁਣਿਆ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਤਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ, ਕੁਝ ਕੁ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ ਅਤੇ ਕੁਝ ਕੁ ਅਦਾਲਤ ਵੱਲੋਂ ਮਿਲੀ ਸਜਾ ਪੂਰੀ ਕਰਨ ਦੇ ਬਾਵਯੂਦ ਹਾਲੀ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ। ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਮਾ: ਸੂਰਤ ਸਿੰਘ ਪਿਛਲੇ ਸਾਢੇ ਛੇ ਮਹੀਨੇ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ ਪਰ ਨਾ ਹੀ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਅਤੇ ਨਾ ਹੀ ਇਸ ਦੀ ਭਾਈਵਾਲੀ ਵਾਲੀ ਕੇਂਦਰ ਦੀ ਐੱਨਡੀਏ ਸਰਕਾਰ ਦੇ ਕੰਨਾਂ ’ਤੇ ਜੂੰ ਸਰਕੀ ਹੈ।
ਆਓ ਸਤਾ ਦੀ ਕੁਰਸੀ ਦੇ ਨਸ਼ੇ ਵਿੱਚ ਚੂਰ; ਅੰਨ੍ਹੇ ਬੋਲ਼ੇ ਬਣੇ ਇਨ੍ਹਾਂ ਸਿਆਸੀ ਆਗੂਆਂ ਦੇ ਕੰਨਾਂ ਤੱਕ ਪੰਥ ਦੀ ਅਵਾਜ਼ ਪਹੁੰਚਾਉਣ ਲਈ ਬਾਪੂ ਸੂਰਤ ਸਿੰਘ ਸੰਘਰਸ਼ ਕਮੇਟੀ ਅਤੇ ਦਿੱਲੀ ਅਕਾਲੀ ਦਲ ਵੱਲੋਂ ਸਾਂਝੇ ਰੂਪ ਵਿੱਚ ਉਲੀਕੇ ਪ੍ਰੋਗਰਾਮ ਤਹਿਤ 4 ਅਗਸਤ ਨੂੰ ਸਵੇਰੇ 11 ਵਜੇ ਗੁਰਦੁਆਰਾ ਰਕਾਬ ਗੰਜ਼ ਦਿੱਲੀ ਵਿਖੇ ਪੰਥਕ ਰੂਪ ਵਿੱਚ ਇਕੱਠੇ ਹੋ ਕੇ ਪਾਰਲੀਮੈਂਟ ਤੱਕ ਰੋਸ ਮਾਰਚ ਵਿੱਚ ਸ਼ਾਮਲ ਹੋਈਏ ਜਿੱਥੇ ਲੋਕ ਸਭਾ ਦੀ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਨੂੰ ਸਿੱਖ ਕੌਮ ਵੱਲੋਂ ‘‘ਸਿੱਖਾਂ ਲਈ ਇਸ ਦੇਸ਼ ’ਚ ਇਨਸਾਫ਼ ਕਿਉਂ ਨਹੀਂ ?’’ ਪਟੀਸ਼ਨ ਸੌਂਪ ਕੇ ਪਾਰਲੀਮੈਂਟ ’ਚ ਇਸ ’ਤੇ ਬਹਿਸ ਕਰਵਾਉਂਣ ਦੀ ਮੰਗ ਕੀਤੀ ਜਾਵੇਗੀ।