-: ਅਜੋਕਾ ਗੁਰਮਤਿ ਪ੍ਰਚਾਰ (?) ਭਾਗ 35 :-
“ਨਾਨਕ ਅਗੈ ਸੋ ਮਿਲੈ ਜਿ ਖਟੈ ਘਾਲੇ ਦੇਇ॥”
ਪਿਛਲੇ ਦਿਨੀਂ ਫੇਸ ਬੁੱਕ ਤੇ ਕਿਸੇ ਸੱਜਣ ਨੇ ਇਕ ਪੋਸਟ ਪਾਈ ਸੀ।ਪੇਸ਼ ਹਨ ਉਸ ਚੱਲੇ ਵਿਚਾਰ ਵਟਾਂਦੇ ਦੇ ਕੁਝ ਅੰਸ਼।(ਨੋਟ:- ਲੇਖ ਰੂਪ ਵਿੱਚ ਲਿਖਣ ਵੇਲੇ ਕੁੱਝਕੁ ਗੱਲਾਂ ਵਿੱਚ ਬਦਲਾਵ ਤੋਂ ਇਲਾਵਾ ਬਾਕੀ ਸਾਰੀਆਂ ਬੁਨਿਆਦੀ ਗੱਲਾਂ ਉਹੀ ਹਨ ਜੋ ਵਿਚਾਰ ਵਟਾਂਦਰੇ ਦੌਰਾਨ ਹੋਈਆਂ ਸਨ):-
ਜਲੌਰ ਬਰਾੜ:- ਗੁਰਬਾਣੀ ਗਿਆਨ ਰਾਹੀਂ ਵਿਖਿਆਨ ਕੀਤੇ ਹੋਏ ਰੱਬ ਦੇ ਵਿਸ਼ਵਾਸ਼ੀ ਨੂੰ ਕੋਈ ਵੀ ਦੁਨਿਆਵੀ ਸ਼ਕਤੀ ਡਰਾ ਨਹੀਂ ਸਕਦੀ।
ਸਤਿਨਾਮ ਸਿੰਘ ਮੌਂਟਰੀਅਲ:- ਗੁਰਬਾਣੀ ਦੇ ਵਿਖਿਆਨ ਕੀਤੇ “ਰੱਬ” ਨੂੰ ਦੁਨੀਆ ਦੀ ਕੋਈ ਤਾਕਤ ਝੁਠਲਾ ਨਹੀਂ ਸਕਦੀ।
ਜਸਬੀਰ ਸਿੰਘ ਵਿਰਦੀ:- ਸਤਿਨਾਮ ਸਿੰਘ ਮੌਂਟਰੀਅਲ ਜੀ! ਗੁਰਬਾਣੀ ਦੇ ਵਿਖਿਆਨ ਕੀਤੇ “ਰੱਬ” ਨੂੰ ਦੁਨੀਆ ਦੀ ਕੋਈ ਤਾਕਤ ਝੁਠਲਾ ਨਹੀਂ ਸਕਦੀ ----- ਸਿਵਾਏ ਤੁਹਾਡੇ। ਕਿਉਂ ਕਿ ਤੁਸੀਂ ਰੱਬ ਦੇ ‘ਇੱਕ’ ਹੋਣ ਵਾਲੇ ਗੁਣ ਨੂੰ ਮੰਨਦੇ ਹੋ ਅਤੇ ਬੱਸ ਇੱਕ ਇਸੇ ਗੁਣ ਤੇ ਹੀ ਅਟਕੇ ਹੋਏ ਹੋ। ਜਦੋਂ ਵੀ ਕੋਈ ਵਿਚਾਰ ਚਰਚਾ ਚੱਲਦੀ ਹੈ ਤੁਸੀਂ ਇਸੇ ਇਕ ਗੁਣ ਦਾ ਹੀ ਜ਼ਿਕਰ ਕਰਦੇ ਹੋ, ਇਸ ਤੋਂ ਇਲਾਵਾ ਗੁਰਬਾਣੀ ਵਿੱਚ ਬਿਆਨੇ ‘ਰੱਬ’ ਦੇ ਹੋਰ ਗੁਣਾਂ ਨੂੰ ਤੁਸੀਂ ਨਹੀਂ ਮੰਨਦੇ।ਤੁਸੀਂ ਰੱਬ ਦੇ ਜਗਤ ਪਸਾਰੇ ਵਾਲੇ ਸਿਰਫ ‘ਸਾਕਾਰ ਅਤੇ ਦਿਸਦੇ’ ਰੂਪ ਨੂੰ ਹੀ ਮੰਨਦੇ ਹੋ। ਪ੍ਰਭੂ ਦੇ ‘ਨਿਰਾਕਾਰ, ਸੂਖਮ’ ਰੂਪ ਨੂੰ ਤੁਸੀਂ ਨਹੀਂ ਮੰਨਦੇ।ਜੇ ਮੰਨਦੇ ਹੋ ਤਾਂ ਦੱਸੋ?
ਸੰਸਾਰ ਤੇ ਸਭ ਭੌਤਿਕ ਗਤੀ ਵਿਧੀਆਂ ਕੁਦਰਤੀ ਨਿਯਮਾਂ ਅਨੁਸਾਰ ਚੱਲਦੀਆਂ ਹਨ, ਪਰ ਕੀ ਤੁਸੀਂ ਮੰਨਦੇ ਹੋ ਕਿ ਭੌਤਿਕ ਸੰਸਾਰ ਤੋਂ ਇਲਾਵਾ ਸੂਖਮ ਰੂਪ ਵਿੱਚ ਉਸ ਦਾ ਹੁਕਮ ਚੱਲਦਾ ਹੈ? ਜਾਂ ਤੁਸੀਂ ਕੁਦਰਤ ਦੇ ਬੱਝਵੇਂ ਨਿਯਮਾਂ ਨੂੰ ਹੀ ‘ਰੱਬੀ ਹੁਕਮ’ ਮੰਨਦੇ ਹੋ? ਕੀ ਤੁਸੀਂ ਮੰਨਦੇ ਹੋ ਕਿ ਉਹ ਸਾਡੇ ਕੀਤੇ ਚੰਗੇ-ਮਾੜੇ ਕਰਮਾਂ ਨੂੰ ਦੇਖਦਾ, ਬੁੱਝਦਾ ਪਰਖਦਾ ਹੈ ਅਤੇ ਉਨ੍ਹਾਂ ਕਰਮਾਂ ਮੁਤਾਬਕ ਆਪਣਾ ਹੁਕਮ ਚਲਾਂਦਾ ਹੈ? ਕੀ ਤੁਸੀਂ ਮੰਨਦੇ ਹੋ ਕਿ ਉਸ ਦੇ ਹੁਕਮ ਨਾਲ-
“ਨਾਨਕ ਅਗੈ ਸੋ ਮਿਲੈ ਜਿ ਖਟੈ ਘਾਲੇ ਦੇਇ॥”
ਅਰਥਾਤ ਇਸ ਜੀਵਨ ਵਿੱਚ ਜੋ ਨੇਕ ਕਮਾਈ ਕਰਕੇ ਕਿਸੇ ਦੀ ਸਹਾਇਤਾ ਕੀਤੀ ਹੈ ਉਹੀ ਅੱਗੇ ਮਿਲਦਾ ਹੈ। ਮਨੁੱਖ ਦਾ ਜੀਵਨ ਸਫਰ ਖਤਮ ਜੋ ਜਾਣ ਤੇ ਸੰਸਾਰ ਤੋਂ ਤੁਰ ਜਾਣ ਤੇ ਸਾਡੇ ਕੀਤੇ ਕਰਮਾਂ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ?
“ਨਾਨਕ ਏਥੈ ਕਮਾਵੈ ਸੇ ਮਿਲੈ ਅਗੈ ਪਾਏ ਜਾਇ॥”
ਕੀ ਤੁਸੀਂ ਮੰਨਦੇ ਹੋ ਕਿ ਇਸ ਪੰਗਤੀ ਵਿੱਚ ਆਇਆ ਲਫਜ਼ ‘ਅਗੈ’ ਇਹ ਜੀਵਨ ਸਫਰ ਖਤਮ ਹੋਣ ਤੇ, ਇਸ ਸੰਸਾਰ ਤੋਂ ਤੁਰ ਜਾਣ ਤੋਂ ਬਾਦ ਲਈ ਆਇਆ ਹੈ, ਜਿੱਥੇ ਉਸ ਦੇ ਹੁਕਮ ਨਾਲ ਇਸ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਅੱਗੇ ਫਲ਼ ਮਿਲਦਾ ਹੈ?
ਸਤਿਨਾਮ ਸਿੰਘ ਮੌਂਟਰੀਅਲ- ਵੀਰ ਜਸਬੀਰ ਸਿੰਘ ਜੀ! ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਮੈਂ ਸਿਰਫ ਗੁਰਬਾਣੀ ਨੂੰ ਹੀ ਮੰਨਦਾ ਹਾਂ, ਆਪ ਜੀ ਜੋ ਗਰੁੜ ਪੁਰਾਣ ਦੀ ਥਿਉਰੀ ਚੱਕੀ ਫਿਰਦੇ ਹੋ, ਇਸ ਨੂੰ ਮੈਂ ਨਹੀਂ ਮੰਨਦਾ। ਆਪ ਨੇ ਆਪਣੇ ਕਮੈਂਟ ਵਿੱਚ ਦੋ ਪੰਗਤੀਆਂ ਗੁਰਬਾਣੀ ਦੀਆਂ ਲਿਖੀਆਂ ਹਨ,
“ਨਾਨਕ ਅਗੈ ਸੋ ਮਿਲੈ ਜਿ ਖਟੈ ਘਾਲੇ ਦੇਇ॥”
“ਨਾਨਕ ਏਥੈ ਕਮਾਵੈ ਸੇ ਮਿਲੈ ਅਗੈ ਪਾਏ ਜਾਇ॥”
ਕੀ ਆਪ ਜੀ ਸਮਝਾ ਸਕਦੇ ਹੋ ਕਿ ਇਹਨਾਂ ਪੰਗਤੀਆਂ ਵਿੱਚ ਆਏ “ਅਗੈ” ਲਫਜ਼ ਨੂੰ ਸਰੀਰਕ ਮਰਨ ਤੋਂ ਬਾਦ ਕਿਸੇ ਅਖੌਤੀ ਅਗੈ ਲਈ ਕਿਸ ਅਧਾਰ ਤੇ ਲੈ ਰਹੇ ਹੋ?
ਜਸਬੀਰ ਸਿੰਘ ਵਿਰਦੀ:- ਸਤਿਨਾਮ ਸਿੰਘ ਜੀ! ਪਹਿਲੀ ਗੱਲ- ਤੁਸੀਂ ਮੈਨੂੰ ‘ਗਰੁੜ ਪੁਰਾਣ’ ਦੀ ਥਿਉਰੀ ਦਾ ਧਾਰਣੀ ਦੱਸਿਆ ਹੈ, ਇਸ ਲਈ ਤੁਸੀਂ ਇਸ ਗੱਲ ਨੂੰ ਸਾਬਤ ਕੀਤੇ ਬਿਨਾਂ ਵਿਚਾਰ ਵਿੱਚੇ ਛੱਡ ਕੇ ਨਾ ਜਾਣਾ ਜੀ।ਅਤੇ ਮੈਂ ਸਾਬਤ ਕਰਕੇ ਦਿਖਾਵਾਂਗਾ ਕਿ ਤੁਸੀਂ ਅਤੇ ਜਵੱਦੀ, ਲੁਧਿਆਣਾ ਦੇ ਇੱਕ ਮਿਸ਼ਨਰੀ ਕਾਲੇਜ ਵਾਲੇ ਸਿਰਫ ਅੱਖੀਂ ਘੱਟਾ ਪਾਉਣ ਲਈ ਰੱਬ ਦੀ ਹੋਂਦ ਮੰਨਣ ਦੀ ਗੱਲ ਕਰਦੇ ਹੋ। ਕੁਦਰਤੀ ਨਿਯਮਾਂ ਨੂੰ ਹੀ ਤੁਸੀਂ ‘ਰੱਬੀ ਹੁਕਮ’ ਨਾਮ ਦੇ ਰੱਖਿਆ ਹੈ। ਅਸਲ ਵਿੱਚ ਤੁਸੀਂ-ਲੋਕ ਗੁਰਬਾਣੀ ਵਿੱਚ ਦੱਸੇ ਰੱਬ ਨੂੰ ਨਹੀਂ ਮੰਨਦੇ।
ਇਹਨਾਂ ਪੰਗਤੀਆਂ ਵਿੱਚ ਲਿਖਿਆ “ਅਗੈ” ਲਫਜ਼ ਸਰੀਰਕ ਮੌਤ ਤੋਂ ਬਾਦ ਇਸ ਲਈ ਹੈ ਕਿ ਸੰਬੰਧਤ ਸਲੋਕ ਵਿੱਚ ਬ੍ਰਹਮਣੀ ਵਿਚਾਰਧਾਰਾ ਦਾ ਖੰਡਣ ਕਰਕੇ ਗੁਰੂ ਸਾਹਿਬ ਨੇ ਉਸ ਦੇ ਮੁਕਾਬਲੇ ਵਿੱਚ ਆਪਣਾ ਮੱਤ ਦੱਸਿਆ ਹੈ।ਸਲੋਕ ਇਸ ਪ੍ਰਕਾਰ ਹੈ-
“ਸਲੋਕ ਮ:1॥ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੈ ਘਾਲੇ ਦੇਇ॥”
ਇੱਥੇ ਉਸ ਬ੍ਰਹਮਣੀ ਪਖੰਡ /ਲੁੱਟ ਦਾ ਖੰਡਣ ਕੀਤਾ ਗਿਆ ਹੈ ਜਿਸ ਮੁਤਾਬਕ ਮਰੇ ਵਿਅਕਤੀ ਦੇ ਨਮਿਤ ਬ੍ਰਹਮਣ ਨੂੰ ਪੁੰਨ-ਦਾਨ ਕਰੋ ਅਤੇ ਉਹ ਉਸਦੇ ਮਰੇ ਪਿੱਤਰਾਂ ਨੂੰ ਜਾ ਪਹੁੰਚਦਾ ਹੈ।ਇਸ ਦੇ ਮੁਕਾਬਲੇ ਵਿੱਚ ਗੁਰੂ ਸਾਹਿਬ ਨੇ ਆਪਣਾ ਮੱਤ ਦੱਸਿਆ ਹੈ ਕਿ ਮਰੇ ਪ੍ਰਾਣੀ ਦੇ ਨਮਿਤ ਇੱਥੋਂ ਭੇਜਿਆ ਕੁਝ ਨਹੀਂ ਅੱਗੇ ਪਹੁੰਚਦਾ।ਅੱਗੇ ਉਹੀ ਪਹੁੰਚਦਾ ਹੈ ਜੋ ਬੰਦੇ ਨੇ ਖੁਦ ਆਪਣੀ ਘਾਲਣਾ ਦੀ ਕਮਾਈ ਕਰਕੇ ਉਸ ਵਿੱਚੋਂ ਲੋੜਵੰਦਾਂ ਦੀ ਮਦਦ ਕੀਤੀ ਹੈ।ਸਲੋਕ ਵਿੱਚ ਪਿੱਤਰਾਂ ਦੀ ਗੱਲ ਕੀਤੀ ਗਈ ਹੈ।ਅਰਥਾਤ ਮਰਨ ਪਿੱਛੋਂ ਦੀ ਗੱਲ ਲਈ ਬ੍ਰਹਮਣੀ ਵਿਚਾਰਧਾਰਾ ਦਾ ਖੰਡਣ ਕੀਤਾ ਗਿਆ ਹੈ।ਜੇ ਮਰਨ ਪਿੱਛੋਂ ਦੀ ਬ੍ਰਹਮਣੀ ਵਿਚਾਰਧਾਰਾ ਦਾ ਖੰਡਣ ਕੀਤਾ ਗਿਆ ਹੈ ਤਾਂ ਗੁਰੂ ਸਾਹਿਬ ਆਪਣਾ ਮੱਤ ਵੀ ਮਰਨ ਪਿੱਛੋਂ ਬਾਰੇ ਹੀ ਬਿਆਨ ਕਰਨਗੇ ਨਾ ਕਿ ਇਸੇ ਜਨਮ ਬਾਰੇ।
ਦੂਸਰੀ ਪੰਗਤੀ ਵਾਲਾ ਵੀ ਸਲੋਕ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਸਮੇਤ ਇਸ ਪ੍ਰਕਾਰ ਹੈ-
“ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ॥
ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ॥
ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ॥
ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ॥” (ਪੰਨਾ 556)
ਅਰਥ:- ਸੰਸਾਰ ਹਉਮੈ ਵਿੱਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੈ; ਜਦ ਤਾਈਂ ਸਰੀਰ ਵਿੱਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿੱਚ ਜਾ ਕੇ ਕੀਹ ਹਾਲ ਹੋਵੇਗਾ।
ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ; ਹੇ ਨਾਨਕ! ਮਨੁੱਖਾ ਜਨਮ ਵਿੱਚ ਜੋ ਕੁੱਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿੱਚ ਭੀ ਜਾ ਕੇ ਉਹੋ ਮਿਲਦੀ ਹੈ।”
ਸਤਿਨਾਮ ਸਿੰਘ ਜੀ! ਜੇ ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਤੋਂ ਜਿਆਦਾ ਵਡੇ ਵਿਦਵਾਨ ਹੋ ਤਾਂ ਇਸ ਸਲੋਕ ਦੇ ਆਪਣੇ ਅਰਥ ਲਿਖ ਦੇਣੇ ਜੀ। ਪੰਗਤੀ ਵਿੱਚ ਲਿਖੇ “ਜਿਚਰੁ ਵਿਚਿ ਦੰਮੁ ਹੈ …. ਕਿ ਕਰੇਗੁ ਅਗੈ ਜਾਇ” ਵੱਲ ਖਾਸ ਧਿਆਨ ਦੇਣਾ ਜੀ।
ਮੇਰਾ ਸਵਾਲ ਹੈ ਕਿ ਕੀ ਤੁਸੀਂ ਪਰਮਾਤਮਾ ਦੇ ਨਿਰਾਕਾਰ, ਸੂਖਮ ਰੂਪ ਨੂੰ ਮੰਨਦੇ ਹੋ? ਜਾਂ ਤੁਹਾਡੇ ਮੁਤਾਬਕ ਜਗਤ ਪਸਾਰਾ ਹੋਣ ਤੋਂ ਬਾਦ ਹੁਣ ‘ਸੂਖਮ, ਨਿਰਾਕਾਰ’ ਰੂਪ ਵਿੱਚ ਉਸ ਦੀ ਕੋਈ ਹੋਂਦ ਨਹੀਂ? ਕੀ ਤੁਸੀਂ ਮੰਨਦੇ ਹੋ ਕਿ ਉਹ ਸਾਡੇ ਕੀਤੇ ਚੰਗੇ-ਮਾੜੇ ਕਰਮਾਂ ਨੂੰ ਦੇਖਦਾ, ਬੁੱਝਦਾ ਪਰਖਦਾ ਹੈ ਅਤੇ ਉਨ੍ਹਾਂ ਕਰਮਾਂ ਮੁਤਾਬਕ ਆਪਣਾ ਹੁਕਮ ਚਲਾਂਦਾ ਹੈ? ਤੁਹਾਡੇ ਮੁਤਾਬਕ ਕੀ ਇਸੇ ਜਨਮ ਵਿੱਚ ਹੀ ਸਭ ਦੇ ਕਰਮਾਂ ਦੇ ਲੇਖੇ ਮੁੱਕੀ ਜਾਂਦੇ ਹਨ ਜਾਂ ਇਸ ਜਨਮ ਤੋਂ ਬਾਦ ਵੀ ਕੀਤੇ ਕਰਮਾਂ ਮੁਤਾਬਕ ਫਲ਼ ਭੁਗਤਣਾ ਪੈਂਦਾ ਹੈ? ਜੇ ਇਸੇ ਜਨਮ ਵਿੱਚ ਹੀ ਸਭ ਦੇ ਲੇਖੇ ਮੁੱਕੀ ਜਾਂਦੇ ਹਨ ਤਾਂ- ਕੋਈ ਵਿਅਕਤੀ ਸਾਰੀ ਉਮਰ ਗਰੀਬ-ਮਾਰ ਕਰਕੇ ਕਮਾਈ ਕਰਦਾ ਹੈ। ਇਸੇ ਕਮਾਈ ਵਿੱਚ ਹੀ ਉਹ ਖੁਸ਼ੀ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਦੀ ਬੇਈਮਾਨੀ ਧੋਖੇ ਦੀ ਕਮਾਈ ਕਰਦਾ ਹੋਇਆ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਕੀ ਐਸੇ ਵਿਅਕਤੀ ਲਈ ਰੱਬ ਦਾ ਕੋਈ ਹੁਕਮ ਚੱਲਦਾ ਹੈ ਜਾਂ ਨਹੀਂ?
ਤੁਸੀਂ ਗੁਰਬਾਣੀ ਨੂੰ ਮੰਨਣ ਦੀ ਗੱਲ ਕੀਤੀ ਹੈ ਇਸ ਲਈ ਗੁਰਬਾਣੀ ਉਦਾਹਣਾ/ ਉਦਾਹਰਣਾਂ ਸਮੇਤ ਹੀ ਵਿਚਾਰ ਦੇਣੇ ਜੀ।ਆਪਣੇ ਕੋਲੋਂ ਹੀ ਘੜ ਕੇ ਨਾ ਕਹਿ ਦੇਣਾ ਕਿ ਉਸ ਵਿਅਕਤੀ ਦੀ ਆਤਮਾ ਉਸ ਨੂੰ ਕੋਸਦੀ ਹੈ।
ਸਤਿਨਾਮ ਸਿੰਘ ਮੌਂਟਰੀਅਲ:- ਜਸਬੀਰ ਸਿੰਘ ਜੀ! ਚਲੋ ਏਨਾ ਹੀ ਦੱਸ ਦਿਉ ਕਿ ‘ਰੱਬ ਅਤੇ ਰੱਬ ਦੀ ਹੋਂਦ’ ਵਿੱਚ ਕੀ ਫਰਕ ਹੈ?
ਜਸਬੀਰ ਸਿੰਘ ਵਿਰਦੀ:- ਸਤਿਨਾਮ ਸਿੰਘ ਜੀ! ਇਸ ਸਵਾਲ ਦਾ ਜਵਾਬ ਮਿਲਣ ਤੇ ਕੀ ਇਸ ਗੱਲ ਦਾ ਜਵਾਬ ਮਿਲ ਜਾਏਗਾ ਕਿ ਤੁਸੀਂ ਗੁਰਬਾਣੀ ਦੇ ਦੱਸੇ ਰੱਬ ਨੂੰ ਮੰਨਦੇ ਹੋ ਕਿ ਨਹੀਂ? ਵਿਚਾਰ ਨੂੰ ਲੜੀ ਵਾਰ ਚੱਲਣ ਦਿਉ ਤਾਂ ਕਿ ਸਭ ਦੀ ਅਸਲੀਅਤ ਸਾਹਮਣੇ ਆ ਸਕੇ ਕਿ ਮੈਂ ਗਰੁੜ ਪੁਰਾਣ ਚੁੱਕੀ ਫਿਰਦਾ ਹਾਂ ਜਾਂ ਤੁਸੀਂ ਜਾਣੇ-ਅਨਜਾਣੇ ਰਿਸ਼ੀ ਚਾਰਵਾਕ ਦੇ ‘ਲੋਕਾਇਤ’ ਮੱਤ ਅਤੇ ਪੰਡਿਤ ਸ਼ਿਵ ਨਰਾਇਣ ਅਗਨੀਹੋਤ੍ਰੀ ਦੇ ‘ਦੇਵ ਸਮਾਜ ਮੱਤ’ ਦੀ ਸਿੱਖੀ ਵਿੱਚ ਘੁਸਪੈਠ ਕਰ ਰਹੇ ਹੋ? ਸਤਿਨਾਮ ਸਿੰਘ ਜੀ! ਹੋ ਸਕਦਾ ਹੈ ਕਿ ਤੁਹਾਨੂੰ ਖੁਦ ਨੂੰ ਵੀ ਪਤਾ ਨਾ ਹੋਵੇ ਕਿ ਅਨਜਾਣੇ ਵਿੱਚ ਤੁਸੀਂ ਚਾਰਵਾਕ ਅਤੇ ਦੇਵ ਸਮਾਜ ਮੱਤਾਂ ਦਾ ਸਮਰਥਨ ਕਰ ਰਹੇ ਹੋ ਪਰ ਬੜੀ ਸੋਚੀ ਸਮਝੀ ਸਕੀਮ ਅਧੀਨ ਸਿੱਖੀ ਵਿੱਚ ਘੁਸਪੈਠ ਦਾ ਇਹ ਕੰਮ ਹੋ ਰਿਹਾ ਹੈ। ਅਤੇ ਇੱਕ ਦਿਨ ਸਭ ਦੇ ਸਾਹਮਣੇ ਇਹ ਗੱਲ ਆ ਕੇ ਰਹੇਗੀ।
ਸਤਿਨਾਮ ਸਿੰਘ ਮੌਂਟਰੀਅਲ:-
“ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ॥
ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ॥
ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ॥
ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ॥”
ਅਰਥ :- “ਸੰਸਾਰ ਹੰਕਾਰ (ਮੈਂ ਮੇਰੀ) ਵਿੱਚ ਹੀ ਮਰਿਆ ਪਿਆ ਹੈ, ਤੇ ਹੰਕਾਰ (ਮੈਂ ਮੇਰੀ) ਵਿੱਚ ਹੀ ਮਰਦਾ (ਖਤਮ) ਹੁੰਦਾ ਜਾ ਰਿਹਾ ਹੈ।ਜਦ ਤਾਈਂ ਸਰੀਰ ਵਿੱਚ (ਹੰਕਾਰ (ਮੈਂ ਮੇਰੀ) ਦਾ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ (ਆਣ ਵਾਲੇ ਸਮੇਂ) ਜਾ ਕੇ ਕੀਹ ਹਾਲ ਹੋਵੇਗਾ।
ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ; ਹੇ ਨਾਨਕ! ਮਨੁੱਖ ਜੋ ਕੁਝ ਏਥੇ ਅੱਜ ਸੱਚ ਦੀ ਕਮਾਈ ਕਰਦਾ ਹੈ, ਉਹੀ ਉਸ ਨੂੰ ਏਥੇ ਮੌਜੂਦਾ ਸਮੇਂ ਅਤੇ ਅਗੈ ਆਣ ਵਾਲੇ ਸਮੇਂ ਵਿੱਚ ਭੀ ਜਾ ਕੇ ਉਹੋ ਮਿਲਦਾ ਹੈ।”
ਜਸਬੀਰ ਸਿੰਘ ਵਿਰਦੀ:- “ਹੰਕਾਰ (ਮੈਂ ਮੇਰੀ) ਵਿੱਚ ਹੀ ਮਰਦਾ (ਖਤਮ) ਹੁੰਦਾ ਜਾ ਰਿਹਾ ਹੈ” ਦਾ ਮਤਲਬ ਹੈ ਕਿ ਬੰਦਾ ਸਾਰੀ ਉਮਰ ‘ਹੰਕਾਰ’ ਮੈਂ ਮੇਰੀ ਵਿੱਚ ਹੀ ਗੁਜ਼ਾਰ ਦਿੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੰਦੇ ਦੇ ਮੌਜੂਦਾ ਸਮੇਂ ਹੰਕਾਰੀ ਹੋਣ ਨਾਲ ਉਸ ਦਾ ਕੁਝ ਨਹੀਂ ਵਿਗੜਿਆ ਤਾਂ ਹੀ ਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਹੰਕਾਰੀ ਹੁੰਦਾ ਹੈ ਅਤੇ ਸਾਰੀ ਉਮਰ ਹੰਕਾਰੀ ਰਹਿੰਦਾ ਹੈ?
ਤੁਹਾਡੇ ਅਰਥ:- (ਸੰਸਾਰੀ ਜੀਵ ਹਉਮੈ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ (ਆਣ ਵਾਲੇ ਸਮੇਂ) ਜਾ ਕੇ ਕੀਹ ਹਾਲ ਹੋਵੇਗਾ।
ਵਚਾਰ- ਫੇਰ ਉਹੀ ਸਵਾਲ ਕਿ; ਹੁਣ ਹੰਕਾਰੀ ਹੋਣ ਨਾਲ ਜੋ ਹਾਲ ਹੁਣ ਹੋ ਰਿਹਾ ਹੈ ਅੱਗੋਂ ਵੀ ਇਹੀ ਹਾਲ ਹੋ ਜਾਵੇਗਾ। ਮਿਸਾਲ ਦੇ ਤੌਰ ਤੇ- ਕਿਸੇ ਬੰਦੇ ਨੂੰ ਬਹੁਤੀ ਧਨ-ਦੌਲਤ, ਸੋਹਣੀ ਸਿਹਤ, ਸੋਹਣੀ ਸ਼ਕਲੋ-ਸੂਰਤ, ਬਹੁਤੀ ਵਿਦਿਆ ਦਾ ਹੰਕਾਰ ਹੈ। ਉਸ ਦੇ ਹੰਕਾਰੀ ਹੋਣ ਨਾਲ ਉਸ ਦਾ ਇਸੇ ਜਨਮ ਵਿੱਚ ਕੀ ਨੁਕਸਾਨ ਹੁੰਦਾ ਹੈ? ਵੱਧ ਤੋਂ ਵੱਧ ਇਹੀ ਨਾ ਕਿ- ਉਸ ਨੂੰ ਲੋਕ ਹੰਕਾਰੀ, ਘੁਮੰਡੀ ਕਹਿ ਛੱਡਦੇ ਹੋਣਗੇ। ਪਰ ਜੇ ਉਹ ਇਨ੍ਹਾਂ ਗੱਲਾਂ ਦੀ ਕੋਈ ਪਰਵਾਹ ਹੀ ਨਹੀਂ ਕਰਦਾ ਤਾਂ ਫੇਰ ਉਸ ਦਾ ਹੰਕਾਰੀ ਹੋਣ ਨਾਲ ਕੀ ਵਿਗੜ ਗਿਆ ਜਾਂ ‘ਇਸੇ ਜਨਮ ਵਿੱਚ ਅੱਗੇ ਆਉਣ ਵਾਲੇ ਸਮੇਂ ਵਿੱਚ’ ਕੀ ਵਿਗੜ ਜਾਏਗਾ?
ਤੁਹਾਡੇ ਅਰਥ:- “ਜੋ ਕੁੱਝ ਅੱਜ, ਮੌਜੂਦਾ ਸਮੇਂ ਵਿੱਚ; ਸੱਚ ਦੀ’ ਕਮਾਈ ਕਰਦਾ ਹੈ, ਉਹੀ ਉਸਨੂੰ ਏਥੇ ਮੌਜੂਦਾ ਸਮੇਂ ਤੇ ਅਗੈ, ਆਣ ਵਾਲੇ ਸਮੇਂ ਵਿੱਚ ਭੀ ਜਾ ਕੇ ਉਹੋ ਮਿਲਦਾ ਹੈ”। ਸਤਿਨਾਮ ਸਿੰਘ ਜੀ! ਇਹ ਵੀ ਗੱਲ ਕੋਈ ਤਰਕ-ਸੰਗਤ ਨਹੀਂ ਹੈ।ਮਨੁੱਖ ਨੇ ਅੱਜ ਜੋ ‘ਸੱਚ’ ਦੀ ਕਮਾਈ ਕੀਤੀ ਉਹੀ ਉਸ ਨੂੰ ਏਥੇ (ਅੱਜ) ਮਿਲਦੀ ਹੈ, ਇਥੋਂ ਤੱਕ ਤਾਂ ਗੱਲ ਸਮਝ ਆਉਂਦੀ ਹੈ।ਪਰ ਮੰਨ ਲਵੋ, ਕਲ੍ਹ ਨੂੰ ਬੰਦਾ ਸੱਚ ਦੀ ਕਮਾਈ ਛੱਡ ਕੇ ਝੂਠ ਦੀ ਕਮਾਈ ਕਰਨ ਲੱਗ ਜਾਂਦਾ ਹੈ ਤਾਂ ਉਸ ਨੂੰ ਅੱਜ ਦੀ ‘ਸੱਚ ਦੀ’ ਕੀਤੀ ਕਮਾਈ ਦਾ ‘ਅਗੈ, ਆਉਣ ਵਾਲੇ ਸਮੇਂ ਵਿੱਚ ਭੀ ਜਾ ਕੇ’ ਚੰਗਾ ਫਲ਼ ਮਿਲੇਗਾ ਜਾਂ ‘ਅਗੈ’ ਆਉਣ ਵਾਲੇ ਸਮੇਂ ਵਿੱਚ ‘ਝੂਠ’ ਦੀ ਕਮਾਈ ਕਰਨ ਲੱਗ ਪਿਆ ਕਰਕੇ ਉਸ ਦਾ ਮਾੜਾ ਫਲ਼ ਮਿਲੇਗਾ? “ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ” ਦੇ ਜੇਕਰ ਤੁਹਾਡੇ ਕੀਤੇ ਅਰਥ ਠੀਕ ਮੰਨ ਲਏ ਜਾਣ ਤਾਂ ਗੁਰੂ ਸਾਹਿਬਾਂ ਤੇ ਗ਼ਲਤ ਫਲੌਸਫੀ ਦੇਣ ਦਾ ਦੂਸ਼ਣ ਆਉਂਦਾ ਹੈ।
ਸਤਿਨਾਮ ਸਿੰਘ ਜੀ! ਇਸ ਸਾਰੀ ਵਿਆਖਿਆ ਪਿੱਛੇ ਤੁਹਾਡੀ ਜੋ ਸੋਚ ਕੰਮ ਕਰ ਰਹੀ ਹੈ, ਉਹ ਇਹ ਹੈ ਕਿ ਸੰਸਾਰ ਤੇ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ।ਸਾਡੀ ਚੰਗੀ ਮਾੜੀ ਨੀਅਤ ਅਤੇ ਮਾਨਸਿਕਤਾ ਅਧੀਨ ਕੀਤੇ ਕੰਮਾਂ ਨੂੰ ਰੱਬ ਨਹੀਂ ਦੇਖਦਾ ਜਾਂ ਉਸ ਮੁਤਾਬਕ ਉਸ ਦਾ ਕੋਈ ਹੁਕਮ ਨਹੀਂ ਚੱਲਦਾ।‘ਪ੍ਰਭੂ ਨੂੰ ਯਾਦ ਨਹੀਂ ਕਰਦਾ’ ਵਰਗੀਆਂ ਗੱਲਾਂ ਤੁਹਾਨੂੰ ਕਿਸੇ ਮਜਬੂਰੀ ਕਾਰਨ ਕਰਨੀਆਂ ਪੈਂਦੀਆਂ ਹਨ, ਅਸਲ ਵਿੱਚ ਇਨ੍ਹਾਂ ਗੱਲਾਂ ਦਾ ਤੁਹਾਡੀਆਂ ਕੀਤੀਆਂ ਵਿਆਖਿਆਵਾਂ ਅਨੁਸਾਰ ਬੰਦੇ ਦੇ ਜੀਵਨ ਵਿੱਚ ਕੋਈ ਰੋਲ ਨਹੀਂ ਹੈ। ਇਸ ਜੀਵਨ ਵਿੱਚ ਜਿਵੇਂ ਜਿਸ ਨੂੰ ਠੀਕ ਲੱਗਦਾ ਹੈ, ਆਪਣਾ ਜੀਵਨ ਬਿਤਾਓ ਅਤੇ ਜੀਵਨ ਖਤਮ ਹੋਣ ਤੇ (ਹੋਰ ਜਾਨਵਰਾਂ ਦੀ ਤਰ੍ਹਾਂ) ਸੰਸਾਰ ਤੋਂ ਤੁਰ ਜਾਵੋ। ਜੀਵਨ ਖਤਮ, ਸਭ ਲੇਖੇ ਵੀ ਖਤਮ। ਇਸ ਤਰ੍ਹਾਂ ਦੀਆਂ ਮਨਘੜਤ ਵਿਆਖਿਆਵਾਂ ਘੜਕੇ ਤੁਸੀਂ ਨਾ ਕੇਵਲ ਗੁਰਮਤਿ ਪ੍ਰੇਮੀਆਂ ਨੂੰ ਹੀ ਗੁਮਰਾਹ ਕਰ ਰਹੇ ਹੋ, ਬਲਕਿ ਗੁਰੂ ਨੂੰ ਵੀ ਬੇ-ਤੁਕੀ ਫਲੌਸਫੀ ਦੇਣ ਦੇ ਦੋਸ਼ੀ ਬਣਾ ਰਹੇ ਹੋ।
ਵੀਰ ਜੀ! ਮੇਰੇ ਇਨ੍ਹਾਂ ਵਿਚਾਰਾਂ ਦੇ ਸੰਬੰਧ ਵਿੱਚ ਆਪਣੇ ਵਿਚਾਰ ਜ਼ਰਾ ਸੋਚ ਸਮਝ ਕੇ ਦੇਣੇ। ਕਿਉਂਕਿ ਮੈਂ ਇਹ ਵਿਚਾਰ ਆਪਣੇ ਅਤੇ ਤੁਹਾਡੇ ਨਾਵਾਂ ਸਮੇਤ, ਲੇਖ ਰੂਪ ਵਿੱਚ ਕਿਸੇ ਵੈਬ ਸਾਇਟ ਤੇ ਪਾਉਣ ਦਾ ਇਰਾਦਾ ਰੱਖਦਾ ਹਾਂ।
* * * * *
ਨੋਟ:- ਇਸ ਤੋਂ ਅੱਗੇ ਸਤਿਨਾਮ ਸਿੰਘ ਮੌਂਟਰੀਅਲ ਜੀ ਦਾ ਕੋਈ ਜਵਾਬ ਨਹੀਂ ਆਇਆ।ਸੋ ਪਾਠਕਾਂ ਅੱਗੇ ਬੇਨਤੀ ਹੈ ਕਿ ਖੁਦ ਗੁਰਬਾਣੀ ਨੂੰ ਅਰਥਾਂ ਸਮੇਤ ਸਮਝ ਕੇ ਪੜ੍ਹਨ ਦੀ ਆਦਤ ਪਾਵੋ ਤਾਂ ਕਿ ਕੋਈ ਵੀ ਮਨੋਂ ਗੱਲਾਂ ਘੜਕੇ ਗੁਰਬਾਣੀ ਨਾਲ ਜੋੜ ਕੇ ਸਾਨੂੰ ਗੁਮਰਾਹ ਨਾ ਕਰ ਸਕੇ।ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਨ ਲਾਈ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਟੀਕੇ ਦੀ ਮਦਦ ਲਈ ਜਾ ਸਕਦੀ ਹੈ:-http://www.gurugranthdarpan.com/darpan2/0001.html
ਜਸਬੀਰ ਸਿੰਘ ਵਿਰਦੀ 01-08-2015
ਜਸਬੀਰ ਸਿੰਘ ਵਿਰਦੀ
-: ਅਜੋਕਾ ਗੁਰਮਤਿ ਪ੍ਰਚਾਰ (?) ਭਾਗ 35 :-
Page Visitors: 3053