ਡਕੈਤਾਂ ਨੇ ਮਾਰਿਆ ਵੱਡਾ ਹੱਥ
ਮਨੀਪੁਰਮ ਫਾਈਨਾਂਸ ਕੰਪਨੀ ‘ਚੋਂ 3 ਕਰੋੜ ਦਾ ਸੋਨਾ ਅਤੇ ਨਕਦੀ ਲੁੱਟੀ
ਲੁਧਿਆਣਾ, 30 ਜੁਲਾਈ (ਪੰਜਾਬ ਮੇਲ)- ਸਥਾਨਕ ਗਿੱਲ ਰੋਡ ਤੇ ਸਥਿਤ ਮਨੀਪੁਰਮ ਫਾਈਨਾਂਸ ਲਿਮਟਿਡ ਕੰਪਨੀ ਦੇ ਦਫ਼ਤਰ ਵਿਚ ਅੱਜ ਦਿਨ ਦਿਹਾੜੇ 6 ਹਥਿਆਰਬੰਦ ਡਕੈਤਾਂ ਵੱਲੋਂ ਸਟਾਫ਼ ਮੈਂਬਰਾਂ ਨੂੰ ਬੰਦੀ ਬਣਾਉਣ ਉਪਰੰਤ ਸਾਢੇ 3 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਜ਼ੇਵਰ ਅਤੇ ਸਵਾ ਦੋ ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ 2:15 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ 6 ਹਥਿਆਰਬੰਦ ਡਕੈਤ ਕੰਪਨੀ ਦੀ ਗਿੱਲ ਰੋਡ ਸਥਿਤ ਸ਼ਾਖਾ ਅੰਦਰ ਦਾਖ਼ਲ ਹੋਏ। ਉਸ ਵਕਤ ਸ਼ਾਖਾ ਵਿਚ ਸਟਾਫ਼ ਦੇ ਕੁੱਲ 6 ਮੈਂਬਰ ਮੌਜੂਦ ਸਨ, ਜਦਕਿ ਇਨ੍ਹਾਂ ਤੋਂ ਇਲਾਵਾ ਇਕ ਮਹਿਲਾ ਗਾਹਕ ਵੀ ਸ਼ਾਖਾ ਅੰਦਰ ਖੜ੍ਹੀ ਸੀ। ਪਹਿਲਾਂ ਦੋ ਹਥਿਆਰਬੰਦ ਡਕੈਤ ਗਾਹਕ ਬਣ ਕੇ ਸ਼ਾਖਾ ਵਿਚ ਆਏ ਅਤੇ ਉਨ੍ਹਾਂ ਨੇ ਉਥੇ ਮੌਜੂਦ ਸ਼ਾਖਾ ਦੇ ਇੰਚਾਰਜ ਰਣਜੀਤ ਪਾਸੋਂ ਤਿਜੌਰੀ ਦੀ ਚਾਬੀ ਦੀ ਮੰਗ ਕੀਤੀ, ਜਦੋਂ ਉਸਨੇ ਚਾਬੀ ਦੇਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਵਿਚੋਂ ਇਕ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਚਾਰ ਨੌਜਵਾਨ ਉਥੇ ਹੋਰ ਆ ਗਏ ਅਤੇ ਇਨ੍ਹਾਂ ਨੇ ਸ਼ਾਖਾ ਵਿਚ ਮੌਜੂਦ ਦੋ ਮਹਿਲਾ ਮੁਲਾਜ਼ਮਾਂ ਅਤੇ ਚਾਰ ਵਿਅਕਤੀਆਂ ਨੂੰ ਉਥੇ ਬੰਦੀ ਬਣਾ ਲਿਆ। ਡਕੈਤਾਂ ਵੱਲੋਂ ਇਨ੍ਹਾਂ ਸਾਰਿਆਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਤੇ ਤਿਜੌਰੀ ਵਿਚ ਪਏ 14 ਕਿੱਲੋਂ ਸੋਨੇ ਦੇ ਜ਼ੇਵਰ ਅਤੇ ਸਵਾ ਦੋ ਲੱਖ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ।
ਫਾਈਨਾਂਸ ਕੰਪਨੀ ਦੀ ਇਹ ਸ਼ਾਖਾ ਦਾ ਦਫ਼ਤਰ ਪਹਿਲੀ ਮੰਜ਼ਿਲ ਤੇ ਬਣਿਆ ਹੋਇਆ ਹੈ। ਰਣਜੀਤ ਵੱਲੋਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਤੇ ਦਿੱਤੀ। ਸੂਚਨਾ ਮਿਲਦੇ ਡੀ ਸੀ ਪੀ ਸ੍ਰੀ ਨਵੀਨ ਸਿੰਗਲਾ, ਏ ਡੀ ਸੀ ਪੀ ਸ: ਮੁਖਵਿੰਦਰ ਸਿੰਘ ਅਤੇ ਏ ਸੀ ਪੀ ਸ: ਰਮਨਜੀਤ ਸਿੰਘ ਭਾਰੀ ਪੁਲਿਸ ਫੋਰਸ ਲੈ ਕੇ ਮੌਕੇ ‘ਤੇ ਪਹੁੰਚੇ ਅਤੇ ਇਨ੍ਹਾਂ ਨੇ ਸਟਾਫ਼ ਮੈਂਬਰਾਂ ਨੂੰ ਮੁਕਤ ਕੀਤਾ। ਸਟਾਫ਼ ਮੈਂਬਰ ਵਿਚ ਦੋ ਮਹਿਲਾ ਮੁਲਾਜ਼ਮ ਵੀ ਸਨ ਜੋ ਕਿ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸਹਿਮੀਆਂ ਹੋਈਆਂ ਸਨ। ਸ਼ਾਖਾ ਦਾ ਕੋਈ ਵੀ ਮੁਲਾਜ਼ਮ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਰਿਹਾ ਸੀ, ਪਰ ਇਨ੍ਹਾਂ ਦੇ ਚਿਹਰਿਆਂ ਤੋਂ ਡਰ ਸਾਫ਼ ਦਿਖਾਈ ਦੇ ਰਿਹਾ ਸੀ। ਪੁਲਿਸ ਵੱਲੋਂ ਇਨ੍ਹਾਂ ਸਾਰੇ ਮੁਲਾਜ਼ਮਾਂ ਪਾਸੋਂ ਵੀ ਵੱਖਰੇ ਤੌਰ ‘ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ਾਖਾ ਦੇ ਅੰਦਰ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਅਤੇ ਇਸ ਫੁਟੇਜ ਵਿਚੋਂ ਡਕੈਤਾਂ ਵੱਲੋਂ ਕੀਤੀ ਡਕੈਤੀ ਦੀ ਇਹ ਘਟਨਾ ਕੈਦ ਹੋਈ ਹੈ, ਜਿਸ ਆਧਾਰ ‘ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸ਼ਾਖਾ ਵਿਚੋਂ ਡਕੈਤਾਂ ਦੇ ਫਿੰਗਰ ਪ੍ਰਿੰਟ ਵੀ ਹਾਸਿਲ ਕੀਤੇ ਗਏ ਹਨ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਉਨ੍ਹਾਂ ਦੇ ਸਕੈੱਚ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡਕੈਤਾਂ ਦੀ ਉਮਰ 25 ਤੋਂ 30 ਸਾਲ ਦੇ ਕਰੀਬ ਸੀ।
ਦੋ ਦਰਜਨ ਦੇ ਕਰੀਬ ਨੌਜਵਾਨ ਹਿਰਾਸਤ ਵਿਚ
ਪੁਲਿਸ ਵੱਲੋਂ ਅੱਜ ਘਟਨਾ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਘਟਨਾ ਸਬੰਧੀ ਪੁੱਛ ਪੜਤਾਲ ਲਈ ਹਿਰਾਸਤ ਵਿਚ ਲੈ ਲਿਆ ਗਿਆ। ਪਰ ਦੇਰ ਸ਼ਾਮ ਤੱਕ ਪੁਲਿਸ ਇਨ੍ਹਾਂ ਪਾਸੋਂ ਪੁੱਛ ਪੜਤਾਲ ਕਰਦੀ ਰਹੀ, ਪਰ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ ਜਾ ਸਕਿਆ।