ਮੈਨੂੰ ਕੋਚ ਦੇ ਅਹੁਦੇ ਤੋਂ ਹਟਾਇਆ ਗਿਆ, ਪਾਲ ਵਾਨ ਆਸ
ਨਵੀਂ ਦਿੱਲੀ, 20 ਜੁਲਾਈ (ਪੰਜਾਬ ਮੇਲ)- ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਪਾਲ ਵਾਨ ਅਾਸ ਨੇ ਅੱਜ ਦਾਅਵਾ ਕੀਤਾ ਕਿ ਹਾਕੀ ਇੰਡੀਆ ਦੇ ਪ੍ਰਧਾਨ ਨਰਿੰਦਰ ਬੱਤਰਾ ਨਾਲ ਕਥਿਤ ਤੌਰ ’ਤੇ ਸਾਰਿਅਾਂ ਸਾਹਮਣੇ ਬਹਿਸ ਹੋਣ ਬਾਅਦ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵਾਨ ਅਾਸ ਨੇ ਨੈਦਰਲੈਂਡਜ਼ ਤੋਂ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ, ‘ਜਿਥੋਂ ਤਕ ਮੈਨੂੰ ਪਤਾ ਹੈ ਕਿ ਮੈਨੂੰ ਬੈਲਜੀਅਮ ਦੇ ਅੈਂਟਵਰਪ ਵਿੱਚ ਵਿਸ਼ਵ ਹਾਕੀ ਲੀਗ ਸੈਮੀ ਫਾਈਨਲਜ਼ ਦੇ ਇਕ ਹਫ਼ਤੇ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ ਸੀ। ਰੋਲੈਂਟ ਓਲਟਮੈਨਜ਼ (ਹਾਈ ਪਰਫਾਰਮੈਂਸ ਡਾਇਰੈਕਟਰ) ਨੂੰ ਮੇਰੀ ਜਗ੍ਹਾ ਲੈਣ ਲਈ ਕਿਹਾ ਗਿਆ ਸੀ। ਮੈਨੂੰ 13 ਜੂਨ ਨੂੰ ਦੱਸਿਆ ਗਿਆ ਕਿ ਡਾ. ਬੱਤਰਾ ਨਹੀਂ ਚਾਹੁੰਦੇ ਕਿ ਮੈਂ ਅੱਗੇ ਕੋਚ ਰਹਾਂ। ਰੋਲੈਂਟ ਨੇ ਮੈਨੂੰ ਫੋਨ ਕਰਕੇ ਇਸ ਬਾਰੇ ਦੱਸਿਆ ਸੀ ਪਰ ਮੈਨੂੰ ਹਾਲੇ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਹਫ਼ਤੇ ਦੇ ਅਖ਼ੀਰ ਤਕ ਸੂਚਨਾ ਮਿਲ ਜਾਵੇਗੀ। ਇਸੇ ਕਾਰਨ ਮੈਂ ਟੀਮ ਦੇ 18 ਜੁਲਾਈ ਤੋਂ ਸ਼ਿਲਾਰੂ (ਹਿਮਾਚਲ ਪ੍ਰਦੇਸ਼) ਵਿੱਚ ਸ਼ੁਰੂ ਹੋਏ ਕੌਮੀ ਕੈਂਪ ਵਿੱਚ ਨਹੀਂ ਗਿਆ।’
ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਵਿਸ਼ਵ ਲੀਗ ਸੈਮੀ ਫਾਈਨਲਜ਼ ਵਿੱਚ ਮਲੇਸ਼ੀਆ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ਬਾਅਦ ਹਾਕੀ ਇੰਡੀਆ ਦੇ ਪ੍ਰਧਾਨ ਨਾਲ ਬਹਿਸ ਹੋ ਗਈ ਸੀ। ਬਰਖ਼ਾਸਤ ਕਰਨ ਪਿਛਲੇ ਕਾਰਨ ਬਾਰੇ ਪੁੱਛਣ ’ਤੇ ਪਾਲ ਵਾਨ ਅਾਸ ਨੇ ਕਿਹਾ, ‘ਇਸ ਦਾ ਕੋਈ ਕਾਰਨ ਨਹੀਂ ਸੀ ਪਰ ਹੁਣ ਉਹ ਕੋਈ ਕਾਰਨ ਬਣਾ ਲੈਣਗੇ।’ ਉਨ੍ਹਾਂ ਸ੍ਰੀ ਬੱਤਰਾ ਨਾਲ ਬਹਿਸ ਦੇ ਕਾਰਨ ਬਾਰੇ ਦੱਸਿਆ, ‘ਮਲੇਸ਼ੀਆ ਖ਼ਿਲਾਫ਼ ਸਾਡੀ ਜਿੱਤ ਬਾਅਦ ਡਾ. ਬੱਤਰਾ ਮੈਦਾਨ ਵਿੱਚ ਆਏ ਅਤੇ ਖਿਡਾਰੀਅਾਂ ਨਾਲ ਹਿੰਦੀ ਵਿੱਚ ਗੱਲ ਕਰਨ ਲੱਗੇ। ਉਨ੍ਹਾਂ ਖਿਡਾਰੀਅਾਂ ਦੀ ਅਾਲੋਚਨਾ ਕੀਤੀ। ਇਸ ਬਾਅਦ ਮੈਂ ਮੈਦਾਨ ਵਿੱਚ ਗਿਆ ਤਾਂ ਜੋ ਆਪਣੇ ਖਿਡਾਰੀਅਾਂ ਦਾ ਬਚਾਅ ਕਰ ਸਕਾਂ। ਮੈਨੂੰ ਲੱਗਾ ਕਿ ਅਸੀਂ ਚੰਗਾ ਖੇਡੇ ਸੀ ਅਤੇ ਅਸੀਂ ਜਿੱਤੇ ਵੀ ਸੀ।’ ਵਾਨ ਅਾਸ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਹਾ ਗਿਆ ਤਾਂ ਉਹ ਹੁਣ ਵੀ ਭਾਰਤ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਨ। ਉਨ੍ਹਾਂ ਕਿਹਾ, ‘ਮੈਨੂੰ ਕੁੱਝ ਨਾ ਪੁੱਛੋ। ਹਾਕੀ ਇੰਡੀਆ ਤੋਂ ਪੁੱਛੋ। ਮੈਂ ਅਹੁਦਾ ਨਹੀਂ ਛੱਡਿਆ। ਮੈਨੂੰ ਜਾਣ ਲਈ ਕਿਹਾ ਗਿਆ ਸੀ।’ ਭਾਰਤ ਆਉਣ ਬਾਰੇ ਉਨ੍ਹਾਂ ਕਿਹਾ, ‘ਮੈਨੂੰ ਕੋਈ ਸਮੱਸਿਆ ਨਹੀਂ ਹੈ। ਮੈਂ ਅਸਤੀਫ਼ਾ ਨਹੀਂ ਦਿੱਤਾ।’
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਭਾਰਤੀ ਪੁਰਸ਼ ਹਾਕੀ ਟੀਮ ਦੇ ਵਿਦੇਸ਼ੀ ਕੋਚ ਨੂੰ ਇਸ ਤਰ੍ਹਾਂ ਵਿਵਾਦਤ ਢੰਗ ਨਾਲ ਜਾਣਾ ਪਿਆ ਹੋਵੇ। ਹਾਕੀ ਇੰਡੀਆ ਦੀ ਸਿਫ਼ਾਰਸ਼ ’ਤੇ ਵਾਨ ਅੈਸ ਤੋਂ ਪਹਿਲਾਂ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਨੇ ਜੋਸ ਬਰਾਸਾ, ਮਾਈਕਲ ਨੋਬਸ ਅਤੇ ਟੈਰੀ ਵਾਲਸ਼ ਨੂੰ ਵੀ ਵੱਡੀ ਰਕਮ ਦੇ ਕੇ ਕੋਚ ਨਿਯੁਕਤ ਕੀਤਾ ਸੀ ਪਰ ਇਨ੍ਹਾਂ ਸਾਰਿਅਾਂ ਨੂੰ ਵਿਵਾਦਤ ਤਰੀਕੇ ਨਾਲ ਅਹੁਦਾ ਛੱਡਣਾ ਪਿਆ ਸੀ। ਇਸ ਸਾਲ ਜਨਵਰੀ ਦੇ ਅੰਤ ਵਿੱਚ ਨਿਯੁਕਤ ਕੀਤੇ ਗਏ ਪਾਲ ਵਾਨ ਅਾਸ ਨਾਲ ਤਿੰਨ ਸਾਲ ਦਾ ਕਰਾਰ ਕੀਤਾ ਗਿਆ ਸੀ, ਜੋ 2018 ਤਕ ਸੀ। ਭਾਰਤ 2018 ਵਿੱਚ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਮਹੀਨੇ ਖੇਡਿਆ ਗਿਆ ਵਿਸ਼ਵ ਲੀਗ ਸੈਮੀ ਫਾਈਨਲਜ਼ ਟੂਰਨਾਮੈਂਟ ਵਾਨ ਅਾਸ ਦਾ ਭਾਰਤੀ ਟੀਮ ਨਾਲ ਸਿਰਫ਼ ਦੂਜਾ ਟੂਰਨਾਮੈਂਟ ਸੀ। ਹਾਕੀ ਇੰਡੀਆ ਤੇ ਸਾਈ ਨੇ ਹਾਲਾਂਕਿ ਵਾਨ ਅੈਸ ਨੂੰ ਹਟਾਉਣ ਦੀ ਪੁਸ਼ਟੀ ਨਹੀਂ ਕੀਤੀ ਹੈ।
………………………………..
ਟਿੱਪਣੀ:- ਜੇ ਭਾਰਤ ਦੀ ਹਾਕੀ ਨੂੰ ਬਚਾਉਣਾ ਹੈ ਤਾਂ ਹਉਮੈ-ਗ੍ਰਸਤ ਅਹੁਦੇਦਾਰਾਂ ਨੂੰ ਇਸ ਤੋਂ ਅਲੱਗ ਕਰਨਾ ਪਵੇਗਾ । ਇਹ ਕਿੱਸਾ ਅਸ਼ੂਨੀ ਕੁਮਾਰ ਵਲੋਂ ਖਿਲਾੜੀਆਂ ਨਾਲ ਕੀਤੀ ਜਾਂਦੀ ਬਦ-ਸਲੂਕੀ ਤੋਂ ਸ਼ੁਰੂ ਹੋਇਆ ਅਤੇ ਕੇ.ਪੀ. ਗਿੱਲ ਤੋਂ ਹੁੰਦਾ ਹੋਇਆ ਅੱਜ ਦੀ ਹਾਲਤ ਵਿਚ ਪਹੁੰਚ ਗਿਆ ਹੈ । ਭਾਰਤ ਵਿਚ ਚੰਗੇ ਖਿਲਾੜੀਆਂ ਦੀ ਕੋਈ ਘਾਟ ਨਹੀਂ, ਲੋੜ ਹੈ ਤਾਂ ਉਨ੍ਹਾਂ ਨਾਲ ਚੰਗੇ ਵਿਹਾਰ ਦੀ । ਹੁਣ ਤਾਂ ਖਿਲਾੜੀਆਂ ਤੋਂ ਵੱਧ ਕੇ ਕੋਚਾਂ ਨਾਲ ਵੀ ਆਪਣੇ ਘਰੇਲੂ ਨੌਕਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਸੇ ਵੀ ਕੁਝ ਧਿਆਨ ਦੇਵੇ। ਅਮਰ ਜੀਤ ਸਿੰਘ ਚੰਦੀ।
ਖ਼ਬਰਾਂ
ਮੈਨੂੰ ਕੋਚ ਦੇ ਅਹੁਦੇ ਤੋਂ ਹਟਾਇਆ ਗਿਆ, ਪਾਲ ਵਾਨ ਆਸ
Page Visitors: 2565