ਭਾਜਪਾ ਦੇ ਲੋਕਲ ਮਿਸ-ਕਾਲ ਨਾਲ ਮੈਂਬਰ ਬਣੇ ਕਈ ਲੋਕ ਗਾਇਬ
ਜਲੰਧਰ, 13 ਜੁਲਾਈ (ਪੰਜਾਬ ਮੇਲ)- ਭਾਜਪਾ ਦੀ ਕੁਝ ਸਮਾਂ ਪਹਿਲਾਂ ਖਤਮ ਹੋਈ ਮੈਂਬਰਸ਼ਿਪ ਮੁਹਿੰਮ ਵੇਲੇ ਮਿਸ ਕਾਲ ਮਾਰ ਕੇ ਬਣਾਏ ਗਏ ਕਈ ਮੈਂਬਰ ਗਾਇਬ ਦੱਸੇ ਗਏ ਹਨ, ਜਿਸ ਕਰਕੇ ਪਾਰਟੀ ਵਰਕਰਾਂ ਦੀ ਪ੍ਰੇਸ਼ਾਨੀ ਵਧਣ ਦੀ ਸੰਭਾਵਨਾ ਹੈ। ਪੰਜਾਬ ਭਾਜਪਾ ਨੇ ਪੰਜਾਬ ਵਿੱਚ 23 ਲੱਖ ਨਵੇਂ ਮੈਂਬਰ ਬਣਾਏ ਹਨ ਤੇ ਜਲੰਧਰ ਵਿੱਚ ਇਕ ਲੱਖ ਦੇ ਕਰੀਬ ਮੈਂਬਰ ਬਣਾਏ ਗਏ ਹਨ। ਪਾਰਟੀ ਵਰਕਰਾਂ ਨੇ ਬਣਾਏ ਗਏ ਮੈਂਬਰਾਂ ਨੂੰ ਕਨਫਰਮ ਕਰਨ ਦੀ ਸੰਪਰਕ ਮੁਹਿੰਮ ਚਲਾਈ ਤਾਂ ਜ਼ਿਆਦਾ ਪ੍ਰੇਸ਼ਾਨੀ ਮਿਸ ਕਾਲ ਮਾਰ ਕੇ ਬਣੇ ਮੈਂਬਰਾਂ ਤੋਂ ਆਈ ਹੈ, ਜਿਹੜੇ ਲੱਭ ਨਹੀਂ ਰਹੇ।
ਪੰਜਾਬ ਭਾਜਪਾ ਨੇ ਅਮਿਤ ਸ਼ਾਹ ਵੱਲੋਂ ਪੰਜ ਰਾਜਾਂ ਦੇ ਜ਼ਿਲਾ ਪ੍ਰਧਾਨਾਂ ਦੀ ਦਿੱਲੀ ਵਿੱਚ ਸੱਦੀ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ ਸੀ ਕਿ ਸੂਬੇ ਵਿੱਚ 23 ਲੱਖ ਦੇ ਕਰੀਬ ਨਵੇਂ ਮੈਂਬਰ ਬਣਾਏ ਹਨ, ਇਨ੍ਹਾਂ ਵਿੱਚੋਂ 20000 ਦੇ ਕਰੀਬ ਨਵੇਂ ਬਣੇ ਮੈਂਬਰਾਂ ਨਾਲ ਅਜੇ ਤੱਕ ਸੰਪਰਕ ਹੋਇਆ ਹੈ। ਪ੍ਰਧਾਨ ਨੇ ਮਹਾਂ ਸੰਪਰਕ ਮੁਹਿੰਮ ਸਿਰੇ ਚਾੜ੍ਹਨ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਪਾਰਟੀ ਵਰਕਰਾਂ ਨੂੰ ਨਵੇਂ ਬਣੇ ਮੈਂਬਰਾਂ ਨੂੰ ਕਨਫਰਮ ਕਰਨ ਲਈ ਪ੍ਰੇਸ਼ਾਨੀ ਆ ਰਹੀ ਹੈ।
ਪਤਾ ਲੱਗਾ ਹੈ ਕਿ ਖਤਮ ਹੋਈ ਮੈਂਬਰਸ਼ਿਪ ਮੁਹਿੰਮ ਦੌਰਾਨ ਪਾਰਟੀ ਆਗੂਆਂ, ਵਰਕਰਾਂ ਨੇ ਮੋਬਾਈਲ ਫੋਨ ਤੋਂ ਮਿਸ ਕਾਲ ਮਾਰ ਕੇ ਕਈ ਲੋਕਾਂ ਨੂੰ ਮੈਂਬਰ ਬਣਾ ਲਿਆ, ਪਰ ਉਨ੍ਹਾਂ ਵਿੱਚੋਂ ਹੁਣ ਕਈ ਆਗੂ ਤੇ ਵਰਕਰ ਬਣਾਏ ਗਏ ਮੈਂਬਰਾਂ ਨੂੰ ਮਿਲਣ ਲਈ ਸੰਪਰਕ ਮੁਹਿੰਮ ਦੌਰਾਨ ਮਿਲਣ ਦਾ ਯਤਨ ਕਰਦੇ ਹਨ ਤਾਂ ਮਿਸ ਕਾਲ ਵਾਲੇ ਮੈਂਬਰਾਂ ਦੇ ਹੁਣ ਫੋਨ ਬੰਦ ਆ ਰਹੇ ਹਨ। ਜ਼ਿਲਾ ਯੂਨਿਟ ਨੇ ਸਾਰੇ ਬਣਾਏ ਗਏ ਮੈਂਬਰਾਂ ਨੂੰ ਕਨਫਰਮ ਕਰਕੇ ਹਾਈ ਕਮਾਨ ਨੂੰ ਇਸ ਦੀ ਰਿਪੋਰਟ ਭੇਜੀ ਹੈ ਤੇ ਇਸ ਬਾਰੇ ਪਾਰਟੀ ਨੇ ਹੁਣ ਮੁਹਿੰਮ ਤੇਜ਼ ਕਰਨ ਦਾ ਫੈਸਲਾ ਵੀ ਕੀਤਾ ਹੈ।
ਭਾਜਪਾ ਪ੍ਰਧਾਨ ਸੁਭਾਸ਼ ਸੂਦ ਨੇ ਦੱਸਿਆ ਕਿ ਮਿਸ ਕਾਲ ਮਾਰ ਕੇ ਬਣਾਏ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਫਾਰਮ ਉਨ੍ਹਾਂ ਨੂੰ ਮਿਲ ਕੇ ਕਨਫਰਮ ਕੀਤਾ ਜਾਏਗਾ, ਪਰ ਫੋਨ ਬੰਦ ਕਰਨ ਵਾਲੇ ਮੈਂਬਰਾਂ ਨਾਲ ਸੰਪਰਕ ਕਰਨਾ ਔਖਾ ਹੋ ਸਕਦਾ ਹੈ।