ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸੰਘਰਸ਼ਮਈ ਜੀਵਨ ਅਤੇ ਸ਼ਹੀਦੀ (25 ਜੂਨ)
ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 16 ਅਕਤੂਬਰ, 1670 ਈ. ਨੂੰ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਚ ਇਕ ਸਾਧਾਰਨ ਕਿਸਾਨ ਰਾਮਦੇਵ ਦੇ ਘਰ ਹੋਇਆ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਿਲਾ ਨਾਮ ਲਛਮਣ ਦੇਵ ਸੀ। ਉਸ ਨੂੰ ਸ਼ਿਕਾਰ ਖੇਡ੍ਹਣ ਦਾ ਸ਼ੌਕ ਸੀ। ਇਕ ਦਿਨ ਉਸ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿਚ ਦੋ ਬੱਚੇ ਸਨ। ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ। ਉਸ ਨੇ ਅੱਗੋਂ ਕਦੇ ਸ਼ਿਕਾਰ ਨਾ ਖੇਡ੍ਹਣ ਦੀ ਸਹੁੰ ਖਾਧੀ। ਹਿਰਨੀ ਦੀ ਹੱਤਿਆ ਦੇ ਪਸ਼ਚਾਤਾਪ ਕਾਰਨ ਉਸ ਦੇ ਮਨ ਵਿਚ ਉਦਾਸੀਨਤਾ ਦੀ ਭਾਵਨਾ ਜਾਗ ਉਠੀ। ਉਹ ਸਾਧੂਆਂ ਦੇ ਇਕ ਟੋਲੇ ਨਾਲ ਮਿਲ ਕੇ ਭਾਰਤ ਵਿਚ ਤੀਰਥਾਂ ’ਤੇ ਘੁੰਮਣ ਫਿਰਨ ਲੱਗਾ। ਕੁਝ ਚਿਰ ਬਾਅਦ ਨਾਸਿਕ ਵਿਖੇ ਪਹੁੰਚਣ ’ਤੇ ਉਸ ਦਾ ਮੇਲ ਇਕ ਜੋਗੀ ਔਘੜ ਨਾਥ ਨਾਲ ਹੋਇਆ। ਔਘੜ ਨਾਥ ਇਕ ਤਾਂਤਰਿਕ ਸੀ, ਜੋ ਜੰਤਰ-ਮੰਤਰ ਵਿਚ ਨਿਪੁੰਨ ਸੀ। ਲਛਮਣ ਦੇਵ ਉਸ ਦਾ ਚੇਲਾ ਬਣ ਗਿਆ ਅਤੇ ਉਸ ਕੋਲ ਹੀ ਰਹਿਣ ਲੱਗਾ। ਲਛਮਣ ਦੇਵ ਦਾ ਨਾਂ ਸਾਧੂਆਂ ਵਿਚ ਮਾਧੋਦਾਸ ਬੈਰਾਗੀ ਵੀ ਪ੍ਰਸਿੱਧ ਸੀ। ਉਸ ਨੇ ਔਘੜ ਨਾਥ ਦੀ ਤਨੋ-ਮਨੋ ਸੇਵਾ ਕੀਤੀ। ਮਾਧੋਦਾਸ ਨੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨਾਂਦੇੜ ਦੇ ਸਥਾਨ ’ਤੇ ਬਣਾ ਲਿਆ ਸੀ। ਉਸ ਇਲਾਕੇ ਦੇ ਲੋਕਾਂ ਵਿਚ ਉਸ ਦੀ ਬੜੀ ਪ੍ਰਸਿੱਧੀ ਹੋ ਗਈ ਸੀ। ਆਪਣੀ ਦੱਖਣ ਦੀ ਯਾਤਰਾ ਸਮੇਂ ਦਸਮੇਸ਼ ਗੁਰੂ ਜੀ 1708 ਈ. ਵਿਚ ਨਾਂਦੇੜ ਪਹੁੰਚੇ।
ਗੁਰੂ ਜੀ ਨੂੰ ਮਾਧੋਦਾਸ ਦੀ ਪ੍ਰਸਿੱਧੀ ਦੀ ਜਾਣਕਾਰੀ ਮਿਲ ਚੁੱਕੀ ਸੀ। ਇਕ ਦਿਨ ਉਹ ਸਿੰਘਾਂ ਸਮੇਤ ਮਾਧੋ ਦਾਸ ਦੇ ਡੇਰੇ ਜਾ ਬਿਰਾਜਮਾਨ ਹੋਏ। ਮਾਧੋ ਦਾਸ ਸਤਿਗੁਰਾਂ ਨੂੰ ਆਪਣੇ ਆਸਣ ਉੱਤੇ ਬਿਰਾਜਮਾਨ ਵੇਖ ਕੇ ਅਤਿ ਕ੍ਰੋਧਵਾਨ ਹੋਇਆ। ਪਰੰਤੂ ਉਸ ਦੇ ਸਾਰੇ ਜੰਤਰ-ਮੰਤਰ ਫੇਲ੍ਹ ਹੋ ਗਏ। ਮਾਧੋ ਦਾਸ ਗੁਰੂ ਜੀ ਦੀ ਅਗੰਮੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਦੇ ਮਨ ਵਿਚ ਪੂਰਨ ਬ੍ਰਹਮਗਿਆਨ ਦੀ ਅਭਿਲਾਖਾ ਸੀ। ਇਸ ਦੀ ਪੂਰਤੀ ਲਈ ਉਹ ਗੁਰੂ ਜੀ ਦਾ ਬੰਦਾ ਭਾਵ ਉਨ੍ਹਾਂ ਦਾ ਸੇਵਕ ਬਣ ਗਿਆ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਉਸ ਦਾ ਨਵਾਂ ਨਾਮ ਗੁਰਬਖ਼ਸ਼ ਸਿੰਘ ਉਰਫ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਬੰਦਾ ਸਿੰਘ ਇਕ ਤਪੱਸਵੀ ਸੀ, ਉਸ ਦਾ ਹਿਰਦਾ ਸ਼ੁੱਧ ਸੀ। ਗੁਰੂ ਜੀ ਦਾ ਪ੍ਰਤੱਖ ਰੂਪ ਵਿਚ ਆਸ਼ੀਰਵਾਦ ਅਤੇ ਛੋਹ ਪ੍ਰਾਪਤ ਕਰਕੇ ਉਸ ਨੇ ਥੋੜ੍ਹੇ ਦਿਨਾਂ ਵਿਚ ਹੀ ਗੁਰਮਤਿ ਦਾ ਗਿਆਨ ਤੇ ਖ਼ਾਲਸੇ ਦੀ ਰਹਿਤ ਦ੍ਰਿੜ੍ਹ ਕਰ ਲਈ ਸੀ। ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਉਸ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਸੀ। ਉਹ ਇਸ ਤਰ੍ਹਾਂ ਪੂਰਨ ਗੁਰਸਿੱਖ ਤੇ ਗੁਰੂਘਰ ਦਾ ਪੱਕਾ ਸੇਵਕ ਬਣ ਚੁੱਕਾ ਸੀ। ਗੁਰੂ ਜੀ ਨੇ ਉਸ ਦਾ ਨਿਸ਼ਚਾ, ਦ੍ਰਿੜ੍ਹਤਾ ਅਤੇ ਯੋਗਤਾ ਵੇਖ ਕੇ ਹੀ ਉਸ ਨੂੰ ਖਾਲਸੇ ਦਾ ਆਗੂ ਥਾਪਿਆ। ਸਲਾਹ-ਮਸ਼ਵਰਾ ਕਰਨ ਲਈ ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਸੰਭਾਵੀ ਸੰਘਰਸ਼ ਵਿਚ ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਲਈ ਨਾਲ ਤੋਰੇ। ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਆਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਦੇ ਪਰਵਾਰ ਦੀਆਂ ਸ਼ਹੀਦੀਆਂ ਦੇ ਜ਼ਖਮ, ਸਿੱਖ ਸੰਗਤਾਂ ਵਿਚ ਅਜੇ ਤਾਜ਼ਾ ਸਨ। ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਕੇਸਰੀ-ਖਾਲਸਾਈ ਝੰਡੇ ਥੱਲੇ ਇਕੱਠੇ ਹੋ ਗਏ, ਉਨ੍ਹਾਂ ਨੇ ਰਣ-ਭੂਮੀ ਵਿਚ ਆਪਣਾ ਨਾਹਰਾ ‘ਰਾਜ ਕਰੇਗਾ ਖਾਲਸਾ’ ਨਿਸ਼ਚਿਤ ਕਰ ਦਿੱਤਾ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੁਰੇ ਤਾਂ ਉਨ੍ਹਾਂ ਕੋਲ 25 ਸਿੰਘਾਂ ਤੋਂ ਇਲਾਵਾ ਕੋਈ ਫੌਜ ਨਹੀਂ ਸੀ; ਕੋਈ ਜੰਗੀ ਸਾਜੋ-ਸਾਮਾਨ, ਗੋਲੀ-ਬਾਰੂਦ ਆਦਿ ਨਹੀਂ ਸੀ; ਕੋਈ ਸਿਖਿਅਤ ਫੌਜ ਨਹੀਂ ਸੀ। ਮੁਸਲਮਾਨ ਲਿਖਾਰੀ ਖਾਫ਼ੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4000 ਘੋੜ-ਸਵਾਰ ਤੇ 7800 ਸਿਪਾਹੀ ਪੈਦਲ ਉਸ ਨਾਲ ਆ ਰਲ਼ੇ। ਮਸ਼ਹੂਰ ਇਤਿਹਾਸਕਾਰ ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਤੇ ਵਧਦੀ ਹੋਈ ਅੰਤ 40,000 ਤਕ ਪਹੁੰਚ ਗਈ। ਮਹਾਨ ਜਰਨੈਲਾਂ ਸਿਕੰਦਰ ਮਹਾਨ, ਨੈਪੋਲੀਅਨ, ਹਿਟਲਰ ਜਾਂ ਚਰਚਿਲ ਦੀ ਮਹਾਨਤਾ ਦੁਨੀਆਂ ਵਿਚ ਮੰਨੀ ਜਾਂਦੀ ਹੈ। ਪਰੰਤੂ ਇਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਮੁਲਕਾਂ ਦੀ ਮੁਕੰਮਲ ਜਨ-ਸ਼ਕਤੀ ਤੇ ਰਾਜ-ਸ਼ਕਤੀ ਸੀ। ਵੱਡੀ ਜੰਗਜੂ ਅਤੇ ਯੁੱਧ ਵਿੱਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਫੌਜ ਸੀ ਅਤੇ ਉਹ ਉਨ੍ਹਾਂ ਮੁਲਕਾਂ ਦੇ ਬਾਦਸ਼ਾਹ ਜਾਂ ਮੰਨੇ ਹੋਏ ਰਾਜਨੀਤਿਕ ਨੇਤਾ ਵੀ ਸਨ। ਪਰੰਤੂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਹਾਨਤਾ ਇਹ ਹੈ ਕਿ ਸਤਿਗੁਰੂ ਦੀ ਕ੍ਰਿਪਾ ਦੁਆਰਾ ਉਨ੍ਹਾਂ ਨੇ ਸਭ ਕੁਝ ਨਾਲੋਂ ਨਾਲ ਕੀਤਾ। ਫੌਜ ਸੰਗਠਨ, ਸੰਘਰਸ਼ ਅਤੇ ਜਿੱਤਾਂ ਨਾਲੋਂ-ਨਾਲ ਚਲਦੀਆਂ ਰਹੀਆਂ। ਬਾਬਾ ਬੰਦਾ ਸਿੰਘ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਬਾਬਾ ਜੀ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਕਰਨਾ ਸੀ। ਸਮਕਾਲੀ ਭਰੋਸੇਯੋਗ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਫੌਜ ਵਿਚ ਕੇਵਲ ਸਿੱਖ ਹੀ ਨਹੀਂ ਸਨ, ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਮੁਗ਼ਲਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਾਲ ਆ ਰਲ਼ੇ। ਉਦਾਸੀ ਸੰਪ੍ਰਦਾ ਦੇ ਲੋਕ ਵੀ ਅੰਮ੍ਰਿਤ ਛਕ ਕੇ ਬਾਬਾ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਗਏ। ਇਨ੍ਹਾਂ ਤੋਂ ਇਲਾਵਾ ਬਾਬਾ ਜੀ ਨੇ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਜਾਤੀਆਂ ਨੂੰ ਵੀ ਨਾਲ ਰੱਖਿਆ। ਉਨ੍ਹਾਂ ਨੇ ਪ੍ਰਤੀਤ ਕਰ ਲਿਆ ਸੀ ਕਿ ਅੰਮ੍ਰਿਤ ਛਕਣ ਦੇ ਬਾਅਦ ਜਾਤ-ਪਾਤ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਦੁਰਬਲ ਤੇ ਨਿਤਾਣੇ ਹੋਏ ਲੋਕਾਂ ਅੰਦਰ ਸਾਹਸ ਪੈਦਾ ਕਰ ਕੇ ਆਪਣੇ ਨਾਲ ਰਲਾਉਣ ਨਾਲ ਅੰਦੋਲਨ ਦੁਰਬਲ ਹੋਣ ਦੀ ਥਾਂ ਹੋਰ ਮਜ਼ਬੂਤ ਹੁੰਦਾ ਹੈ।
ਬਾਬਾ ਬੰਦਾ ਸਿੰਘ ਨੇ ਅਜਿਹੀ ਹਲਚਲ ਮਚਾਈ ਕਿ ਮੁਗ਼ਲਾਂ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਸੱਚਮੁਚ ਹੀ ਇਹ ਇਕ ਅਣਹੋਣੀ ਸੀ। ਖਰਚਾ ਚਲਾਉਣ ਅਤੇ ਧਨ ਦੀ ਪੂਰਤੀ ਲਈ ਉਸ ਨੇ ਉੱਘੇ ਵਪਾਰੀਆਂ ਨੂੰ ਵੰਗਾਰਿਆ। ਸਭ ਨੇ ਖੁੱਲ੍ਹ ਕੇ ਮਦਦ ਕੀਤੀ। ਆਰਥਿਕ ਲੋੜਾਂ ਦੀ ਪੂਰਤੀ ਹੁੰਦਿਆਂ ਹੀ ਉਨ੍ਹਾਂ ਨੇ ਪੰਜਾਬ ’ਤੇ ਹਮਲਾ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਨਵੰਬਰ 11, 1709 ਈ: ਨੂੰ ਸਮਾਣਾ ’ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਥਲ, ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੌਰਾ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਹਨੀਂ ਦਿਨੀਂ ਇਹ ਸ਼ਹਿਰ ਮੁਗ਼ਲ ਰਾਜ ਦੇ ਗੜ੍ਹ ਮੰਨੇ ਜਾਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗ਼ਾਵਤ ਕਰ ਦਿੱਤੀ, ਕਿਉਂਕਿ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ ’ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਆਖਰ ਉਹ ਘੜੀ ਆ ਗਈ ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ (ਚੱਪੜਚਿੜੀ, ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਖਰੜ ਲਾਂਡਰਾ ਸੜਕ ’ਤੇ ਸਥਿਤ ਹੈ) ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹਿੰਦ ’ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ, 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਅਤੇ ਸਰਹੰਦ ਫਤਹਿ ਹੋ ਗਈ। ਅਗਲੇ ਦਿਨ 13 ਮਈ, 1710 ਈ. ਨੂੰ ਸਿੱਖ ਫੌਜਾਂ ਸਰਹਿੰਦ ਵਿਚ ਦਾਖਲ ਹੋਈਆਂ। ਦੇਖਦੇ-ਦੇਖਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ ਸਰਹਿੰਦ ਨੂੰ ਇੱਟਾਂ ਦੇ ਢੇਰ ਵਿਚ ਬਦਲ ਦਿੱਤਾ। ਵੱਸਦਾ-ਰੱਸਦਾ ਸਰਹਿੰਦ ਸ਼ਹਿਰ ਖੰਡਰ ਵਿਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਤੋਂ ਧਨ ਵਸੂਲਿਆ ਗਿਆ ਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਸਜ਼ਾਵਾਂ ਦਿੱਤੀਆਂ ਗਈਆਂ। ਵਜ਼ੀਰ ਖਾਂ ਦੇ ਮਹੱਲਾਂ ਵਿੱਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਅਗਲੇ ਦਿਨ 14 ਮਈ 1710 ਨੂੰ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਅਤੇ ਬਾਬਾ ਆਲੀ ਸਿੰਘ ਸਲੌਦੀ ਨੂੰ ਡਿਪਟੀ ਗਵਰਨਰ ਥਾਪਿਆ ਗਿਆ। ਸਮਾਣੇ ਦਾ ਗਵਰਨਰ ਸ. ਫਤਹਿ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸਰਹਿੰਦ ’ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਾਲੇਰ ਕੋਟਲੇ ਵੱਲ ਵਧਿਆ। ਪਰ ਨਵਾਬ ਮਲੇਰ ਕੋਟਲਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਮਾਰੇ ਗਏ ‘ਹਾਅ-ਦੇ-ਨਾਰ੍ਹੇ’ ਨੂੰ ਧਿਆਨ ਵਿੱਚ ਰੱਖਦਿਆਂ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ।
ਮੁਖਲਿਸਗੜ੍ਹ ਦਾ ਕਿਲ੍ਹਾ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖਾਨ ਨੇ ਬਣਵਾਇਆ ਸੀ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਇਹ ਬੜੀ ਟੁੱਟੀ-ਭੱਜੀ ਹਾਲਤ ਵਿਚ ਸੀ, ਛੇਤੀ ਹੀ ਇਸ ਦੀ ਮੁਰੰਮਤ ਕੀਤੀ ਤੇ ਇਸ ਦਾ ਨਾਂ ‘ਲੋਹਗੜ੍ਹ’ ਰੱਖਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਆਪਣੀਆਂ ਅਗਲੀਆਂ ਮੁਹਿੰਮਾਂ ਦਾ ਅਧਾਰ ਕੇਂਦਰ ਬਣਾਇਆ। ਸਰਹਿੰਦ ਦਾ ਖ਼ਜ਼ਾਨਾ, ਸਾਰੀਆਂ ਮੁਹਿੰਮਾਂ ਵਿਚ ਪ੍ਰਾਪਤ ਹੋਇਆ ਮਾਲ-ਅਸਬਾਬ, ਜੰਗੀ ਸਾਮਾਨ ਅਤੇ ਕਬਜ਼ੇ ਹੇਠ ਆਏ ਇਲਾਕਿਆਂ ਤੋਂ ਉਗਰਾਹਿਆ ਹੋਇਆ ਮਾਮਲਾ ਸਭ ਇਥੇ ਇਕੱਠੇ ਕੀਤੇ ਗਏ। ਅਸਲੀ ਅਰਥਾਂ ਵਿਚ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ। ਫੌਜੀ ਨਜ਼ਰੀਏ ਤੋਂ ਇਸ ਜਗ੍ਹਾ ਦੀ ਚੋਣ ਕਾਫ਼ੀ ਬੁੱਧੀਮਾਨੀ ਵਾਲੀ ਸੀ, ਕਿਉਂਕਿ ਸੁਰੱਖਿਆ ਪੱਖੋਂ ਇਹ ਮੁੱਖ ਮਾਰਗ ਤੋਂ ਹਟ ਕੇ ਨੀਮ ਪਹਾੜੀ ਇਲਾਕੇ ਨਾਲ ਲੱਗਣ ਕਰਕੇ ਕਾਫ਼ੀ ਸੁਰੱਖਿਅਤ ਸੀ। ਬਾਬਾ ਬੰਦਾ ਸਿੰਘ ਬਹਾਦਰ ਹੁਣ ਇਕ ਬੇਤਾਜ਼ ਬਾਦਸ਼ਾਹ ਬਣ ਗਿਆ ਸੀ। ਉਸ ਦੇ ਕੋਲ ਸ਼ਰਧਾਲੂ ਸਿੰਘਾਂ ਦੀ ਫੌਜ ਭੀ ਹੋ ਗਈ ਸੀ। ਰਾਜ-ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਭੀ। ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਭੀ ਜਾਰੀ ਕਰ ਦਿੱਤਾ, ਜਿਸ ’ਤੇ ਫ਼ਾਰਸੀ ਦੇ ਹੇਠ ਲਿਖੇ ਸ਼ਬਦ ਉੱਕਰੇ ਹੋਏ ਸਨ: ‘ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ, ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ’ ਜਿਸ ਦਾ ਅਰਥ ਹੈ: ‘ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।’ ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ: ‘ਜ਼ਰਬ ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ।’ ਅਰਥਾਤ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼, ਸੰਨਦਾਂ, ਪ੍ਰਵਾਨਿਆਂ ਆਦਿ ਲਈ ਮੋਹਰ ਬਣਵਾਈ। ਮੋਹਰ ਦੇ ਸ਼ਬਦ ਇਹ ਸਨ:- ‘ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ’ ਅਰਥਾਤ- ਦੇਗ ਤੇਗ ਜਿੱਤ ਸੇਵਾ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।
ਮੁਗ਼ਲ ਬਾਦਸ਼ਾਹਾਂ ਦੇ ਰਾਜ-ਸੰਮਤ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਭੀ ਸਰਹਿੰਦ ਦੀ ਫ਼ਤਹਿ ਤੋਂ ਇਕ ਨਵਾਂ ਸੰਮਤ ਨਾਨਕਸ਼ਾਹੀ ਅਰੰਭ ਕੀਤਾ ਜੋ ਉਸ ਦੇ ਰਾਜ ਦੇ ਅੰਤ ਦੇ ਨਾਲ ਹੀ ਸਮਾਪਤ ਹੋ ਗਿਆ। ਉਸ ਨੇ ਇਹ ਸਭ ਕੁਝ ਮੁਗ਼ਲ ਬਾਦਸ਼ਾਹ ਦੀ ਨਕਲ ਦੇ ਤੌਰ 'ਤੇ ਇਸ ਲਈ ਕੀਤਾ ਕਿ ਸਿੰਘਾਂ ਵਿਚ ਮੁਗ਼ਲਾਂ ਦੀ ਬਰਾਬਰੀ ਦੀ ਸਪਿਰਟ ਪੈਦਾ ਹੋ ਜਾਵੇ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਫ਼ਰਕ ਇੰਨਾ ਹੈ ਕਿ ਮੁਗ਼ਲ ਬਾਦਸ਼ਾਹ ਦੇ ਸਿੱਕੇ, ਰਾਜਧਾਨੀ, ਮੋਹਰਾਂ ਬਾਦਸ਼ਾਹ ਦੇ ਨਾਂ ’ਤੇ ਚੱਲਦੇ ਸਨ ਪਰ ਖ਼ਾਲਸੇ ਦਾ ਰਾਜ ਨੇਤਾ ਬਾਬਾ ਬੰਦਾ ਸਿੰਘ ਆਪਣੇ ਨਿੱਜੀ ਨਾਂ ’ਤੇ ਕੁਝ ਨਹੀਂ ਕਰਦਾ ਸੀ। ਉਹ ਰਾਜ ਦੀ ਪ੍ਰਾਪਤੀ ਵਾਹਿਗੁਰੂ ਦੀ ਮਿਹਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਮੰਨਦਾ ਸੀ ਤੇ ਆਪ ਦੇਗ ਤੇ ਤੇਗ਼ ਰਾਹੀਂ ਕੇਵਲ ਸੇਵਾਦਾਰ ਸੀ। ਉਸ ਲਈ ਬਖਸ਼ਿਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਫਤਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਪਾਤਸ਼ਾਹੀ ਅਕਾਲ ਪੁਰਖ ਦੀ ਹੈ।
ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਲਾਈ 1710 ਵਿਚ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ। ਸਿੱਖਾਂ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ। ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੱਖ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ। ਸ਼ਾਹੀ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜਾਂ ਵੱਲ ਚਲਾ ਗਿਆ। ਇਸੇ ਦੌਰਾਨ ਪੰਥ-ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਜਾ ਸੋਧਿਆ।
18 ਫਰਵਰੀ 1712 ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ ਤੇ ਫ਼ਰੁੱਖ਼ਸ਼ੀਅਰ ਦਿੱਲੀ ਦਾ ਬਾਦਸ਼ਾਹ ਬਣਿਆ। ਫ਼ਰੁੱਖ਼ਸ਼ੀਅਰ ਇਕ ਕਮਜ਼ੋਰ ਬਾਦਸ਼ਾਹ ਸੀ। ਬਾਬਾ ਬੰਦਾ ਸਿੰਘ ਨੇ ਇਸ ਮੌਕੇ ਦਾ ਲਾਭ ਉਠਾਇਆ ਤੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਅਤੇ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤ ਕੇ ਸਮਸ਼ ਖਾਨ ਨੂੰ ਮਾਰ ਮੁਕਾਇਆ ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਤੇ ਕਈ ਹੋਰ ਸਿੰਘ; ਮੁਗ਼ਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ ਭਾਵ ਅੱਠ ਮਹੀਨੇ ਜਾਰੀ ਰਿਹਾ। ਘੇਰਾ ਲੰਬਾ ਹੋਣ ਕਾਰਨ ਰਾਸ਼ਨ ਦੀ ਕਮੀ ਹੋਣ ਲੱਗੀ। ਸਿਪਾਹੀ ਭੁੱਖ ਤੇ ਪਿਆਸ ਨਾਲ ਮਰਨ ਲੱਗੇ। ਇਸ ਸਮੇਂ ਬਾਬਾ ਬਿਨੋਦ ਸਿੰਘ ਸਮੇਤ ਬਾਬਾ ਬੰਦਾ ਸਿੰਘ ਦੇ ਕਈ ਭਰੋਸੇਵੰਦ ਸਾਥੀ ਵੀ ਉਨ੍ਹਾਂ ਦਾ ਸਾਥ ਛੱਡ ਗਏ। ਬੰਦਾ ਸਿੰਘ ਬਹਾਦਰ ਨੂੰ ਲਗਪਗ 737 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ 5 ਮਾਰਚ, 1716 ਯੂਲੀਅਨ ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖਾਂ ਨੂੰ ਰੋਜ਼ ਕਤਲ ਕੀਤਾ ਜਾਂਦਾ, ਸਿੱਖ ਅਜਿੱਤ ਭਾਵਨਾ ਨਾਲ ਮੌਤ ਨੂੰ ਜੀ ਆਇਆਂ ਕਹਿੰਦੇ, ਖਿੜ੍ਹੇ ਚਿਹਰੇ ਨਾਲ ਸ਼ਹੀਦ ਹੁੰਦੇ ਰਹੇ। ਤਕਰੀਬਨ ਤਿੰਨ ਮਹੀਨੇ ਤਕ ਅੰਤਾਂ ਦਾ ਜਬਰ, ਜ਼ੁਲਮ, ਤਸ਼ੱਦਦ ਅਤੇ ਤਸੀਹੇ ਦੇਣ ਤੋਂ ਬਾਅਦ 11 ਹਾੜ ਬਿਕ੍ਰਮੀ ਸੰਮਤ 1773; 9 ਜੂਨ, 1716 ਯੂਲੀਅਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿਚ ਕੁਤਬ ਮੀਨਾਰ ਦੇ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਹੁਤ ਸਾਰੇ ਚਸ਼ਮਦੀਦ ਗਵਾਹਾਂ ਅਨੁਸਾਰ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਇਸ ਤਰ੍ਹਾਂ ਹੋਈ:-
ਉਂਞ ਤਾਂ ਸਾਰਾ ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹੀ ਨਹੀਂ, ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਸ਼ਹੀਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਉਸ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿਚ ਪਾਇਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ 11 ਹਾੜ ਬਿਕ੍ਰਮੀ ਸੰਮਤ 1713; 9 ਜੂਨ, 1716 ਯੂਲੀਅਨ ਨੂੰ ਸ਼ਹੀਦ ਹੋ ਗਿਆ। ਨਾਨਕਸ਼ਾਹੀ ਕੈਲੰਡਰ ਅਨੁਸਾਰ 11 ਹਾੜ ਹਰ ਸਾਲ 25 ਜੂਨ ਨੂੰ ਆਉਂਦਾ ਹੈ। ਇਹ ਸ਼ਹੀਦੀ ਆਪਣੇ-ਆਪ ਵਿਚ ਅਦੁੱਤੀ ਤੇ ਲਾਸਾਨੀ ਸੀ। ਇਹ ਮਾਣ ਪਰ ਅਸਰਚਜਤਾ ਵਾਲੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਸਾਰੇ ਜ਼ੁਲਮ-ਸਿਤਮ ਦੌਰਾਨ ਪੂਰੀ ਤਰ੍ਹਾਂ ਅਹਿੱਲ ਅਤੇ ਅਡੋਲ ਰਹੇ। ਇਸ ਤਰ੍ਹਾਂ ਉਨ੍ਹਾਂ ਸਿੱਖ ਸ਼ਹੀਦੀ ਵਿਰਾਸਤ ਉੱਤੇ ਪੂਰਾ ਪਹਿਰਾ ਦਿੱਤਾ। ਇਹ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ, ਥਾਪੜੇ ਅਤੇ ਉਨ੍ਹਾਂ ਪਾਸੋਂ ਛਕੀ ਖੰਡੇ ਦੀ ਪਾਹੁਲ ਦਾ ਹੀ ਕਮਾਲ ਕਿਹਾ ਜਾ ਸਕਦਾ ਹੈ ਕਿ ਜਿਹੜਾ ਲਛਮਣ ਦਾਸ ਹਿਰਨੀ ਦੇ ਤੜਫਦੇ ਹੋਏ ਬੱਚੇ ਨੂੰ ਵੇਖ ਕੇ ਬੈਰਾਗੀ ਬਣ ਗਿਆ ਸੀ; ਉਸ ਵਿੱਚ ਇਤਨੀ ਨਿਰਭੈਤਾ ਤੇ ਅਡੋਲਤਾ ਆਈ ਕਿ ਉਸ ਦੇ ਆਪਣੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਤੁੰਨਣ ਤੇ ਉਸ ਦੀਆਂ ਆਂਦਰਾਂ ਦਾ ਹਾਰ ਗਲ਼ੇ ਵਿੱਚ ਪਾਉਣ ਸਮੇਂ ਜਰਾ ਜਿਨਾਂ ਨਹੀ ਡੋਲਿਆ ਅਤੇ ਗਰਮਾਂ ਜੰਮੂਰਾਂ ਨਾਲ ਮਾਸ ਨੋਚੇ ਜਾਣ, ਅੱਖਾਂ ਕੱਢੇ ਜਾਣ, ਹੱਥ ਪੈਰ ਕੱਟੇ ਜਾਣ ਸਮੇਂ ਉਸ ਨੇ ਆਪਣੇ ਮੁੱਖੋਂ ‘ਸੀ’ ਤੱਕ ਨਹੀਂ ਉਚਾਰੀ ਤੇ ਸਾਰੇ ਤਸੀਹਿਆਂ ਨੂੰ ਅਕਾਲ ਪੁਰਖ਼ ਦਾ ਭਾਣਾ ਜਾਣ ਕੇ ਖਿੜ੍ਹੇ ਮੱਥੇ ਸਹਾਰਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਖਾਸ ਕਰ ਸਿੱਖਾਂ ਨੂੰ ਬਹੁਤ ਵੱਡੀ ਦੇਣ ਹੈ। ਕੁਝ ਖੇਤਰਾਂ ਵਿਚ ਉਸ ਦੇ ਪਾਏ ਹੋਏ ਪੂਰਨੇ ਅੱਜ ਤਕ ਅਪਣਾਏ ਜਾ ਰਹੇ ਹਨ। ਬਾਬਾ ਜੀ ਦਾ ਪਹਿਲਾ ਕੰਮ ਸਿਰਲੱਥ ਖਾਲਸਾ ਨੂੰ ਦਰਪੇਸ਼ ਹਾਲਾਤ ਦੇ ਮੱਦੇ-ਨਜ਼ਰ ਹੋਰ ਚੰਗੀ ਤਰ੍ਹਾਂ ਸੰਗਠਿਤ ਕਰਨਾ ਸੀ। ਫੌਜੀ ਜਰਨੈਲ ਦੇ ਤੌਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਵੀ ਟਾਕਰਾ ਨਹੀਂ ਸੀ। ਮੈਗਰੇਗਰ ਲਿਖਦਾ ਹੈ, ‘ਬੰਦਾ ਸਿੰਘ ਬਹਾਦਰ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਹੈ ਉਸ ਦਾ ਨਾਮ ਪੰਜਾਬ ਤੇ ਪੰਜਾਬੋਂ ਬਾਹਰ ਮੁਗਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ।’ ਗੋਕਲ ਚੰਦ ਨਾਰੰਗ ਅਨੁਸਾਰ, ‘‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਤੇ ਬਾਬਾ ਬੰਦਾ ਸਿੰਘ ਨੇ ਮੁਗ਼ਲਾਂ ਨੂੰ ਪੰਜਾਬ ਦੀ ਧਰਤੀ ’ਤੇ ਮਾਰ ਮੁਕਾਇਆ।’’ ਉਨ੍ਹਾਂ ਨੇ ਪੰਜਾਬ ਦੇ ਵਾਹੀਕਾਰ ਕਿਸਾਨਾਂ ਨੂੰ ਭੋਇੰ ਦੇ ਮਾਲਕ ਬਣਾ ਦਿੱਤਾ। ਉਨ੍ਹਾਂ ਤੋਂ ਪਿੱਛੋਂ ਵੀ ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤਕ ਇਵੇਂ ਹੀ ਚੱਲਦਾ ਰਿਹਾ। ਉਨ੍ਹਾਂ ਨੇ ਪੰਜਾਬ ਵਿਚ ਰਾਜਨੀਤਕ ਜਾਗ੍ਰਿਤੀ ਲਿਆਉਣ ਦੇ ਨਾਲ-ਨਾਲ ਆਰਥਿਕ ਖੁਸ਼ਹਾਲੀ ਦਾ ਮੁੱਢ ਵੀ ਬੰਨ੍ਹ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਵਿਚ ਇਕ ਵੱਡੀ ਕ੍ਰਾਂਤੀ ਲਿਆਂਦੀ ਸੀ। ਦੂਜਿਆਂ ਦੀਆਂ ਜ਼ਮੀਨਾਂ ’ਤੇ ਕੰਮ ਕਰਨ ਵਾਲੇ ਬੇਜ਼ਮੀਨੇ ਮੁਜਾਰੇ ਤੇ ਕਿਸਾਨਾਂ ਨੂੰ ਜ਼ਿਮੀਂਦਾਰ ਤੇ ਸਿੱਖ ਸਿਰਦਾਰ ਬਣਾ ਦਿੱਤਾ ਸੀ। ਇਸ ਪੱਖੋਂ ਵੀ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦੀ ਲੰਮੀ ਦ੍ਰਿਸ਼ਟੀ ਤੇ ਡੂੰਘੀ ਸੋਚ ਨਾਲ ਦਿੱਤੀ ਉਨ੍ਹਾਂ ਦੀ ਦੇਣ ਦਾ ਸਦਾ ਰਿਣੀ ਰਹੇਗਾ।
ਇਹ ਪਹਿਲੀ ਵਾਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਅਨੰਦ ਮਾਣਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਲਈ ਚਾਨਣਮੁਨਾਰੇ ਦਾ ਕੰਮ ਕੀਤਾ ਤੇ ਹਮੇਸ਼ਾਂ ਲਈ ਸਿੱਖ ਕੌਮ ਅੰਦਰ ਆਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਨ ਬਣੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤਕ ਦੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਤਹਿਤ ਆਏ ਇਸ ਵਿਸ਼ਾਲ ਰਾਜ ਵਿਚ ਉਨ੍ਹਾਂ ਦੇ ਸਮੇਂ ਵਿਚ ਨਾ ਤਾਂ ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ਮੰਦਰ ਜਾਂ ਮਸਜਿਦ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਨਾ ਹੀ ਇਸ ਸਮੇਂ ਕਿਸੇ ਹਿੰਦੂ ਦਾ ਤਿਲਕ ਜਾਂ ਜੰਞੂ ਹੀ ਛੇੜਿਆ ਗਿਆ। ਸਗੋਂ ਇਹ ਚਿੰਨ੍ਹ ਮੁਕੰਮਲ ਰੂਪ ਵਿਚ ਸੁਰੱਖਿਅਤ ਰੱਖੇ ਗਏ।
ਦੇਸ਼ ਆਜ਼ਾਦ ਹੋਏ ਨੂੰ ਭਾਵੇਂ ਸਤ ਦਹਾਕੇ ਬੀਤਣ ਵਾਲੇ ਹਨ ਪਰ ਅੱਜ ਵੀ ਲੋਕ ਜਬਰ, ਜ਼ੁਲਮ, ਧੱਕੇਸ਼ਾਹੀ, ਆਰਥਿਕ ਸ਼ੋਸ਼ਣ ਤੇ ਬੇਇਨਸਾਫ਼ੀ ਕਾਰਨ ਦੁਖੀ ਹਨ। ਅੱਜ ਦੇਸ਼ ਅੰਦਰ 50 ਕਰੋੜ ਤੋਂ ਵੱਧ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਬੜੀ ਭਾਰੀ ਗਿਣਤੀ ਵਿਚ ਲੋਕਾਂ ਪਾਸ ਕੁੱਲੀ, ਗੁੱਲੀ ਅਤੇ ਜੁੱਲੀ ਨਹੀਂ ਹੈ। ਬਹੁਤੇ ਤਾਂ ਆਪਣੀਆਂ ਰਾਤਾਂ ਸੜਕਾਂ ਦੇ ਫੁੱਟਪਾਥਾਂ ਉੱਤੇ ਨੀਲੇ ਅਸਮਾਨ ਹੇਠ ਗੁਜ਼ਾਰਨ ਲਈ ਮਜਬੂਰ ਹਨ। ਮੁਲਕ ਦੀ ਸਾਰੀ ਯੋਜਨਾਕਾਰੀ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਸ ਨਾਲ ਅਮੀਰ ਹੋਰ ਅਮੀਰ ਹੋਵੇ ਅਤੇ ਗਰੀਬ ਹੋਰ ਗਰੀਬ ਤਥਾ ਰਾਜ ਘਰਾਣਿਆਂ ਦਾ ਗ਼ੁਲਾਮ ਹੀ ਬਣਿਆ ਰਹੇ। ਦੇਸ਼ ਦੀ ਸਿੱਖਿਆ ਨੀਤੀ ਵੀ ਅਜਿਹੀ ਹੀ ਹੈ ਕਿ ਗਰੀਬਾਂ ਦੇ ਬੱਚੇ ਅੱਧ ਪੜ੍ਹੇ ਜਾਂ ਅਨਪੜ੍ਹ ਹੀ ਹਨ। ਉਨ੍ਹਾਂ ਨੂੰ ਜੋ ਸਿੱਖਿਆ ਦਿੱਤੀ ਵੀ ਜਾ ਰਹੀ ਹੈ ਉਹ ਮਿਆਰੀ ਨਹੀਂ ਹੈ। ਦੇਸ਼ ਨੂੰ ਸਹੀ ਅਰਥਾਂ ਵਿਚ ਆਜ਼ਾਦ ਕਰਾਉਣ, ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਬਰਾਬਰੀ ਲਿਆਉਣ ਲਈ ਮੁਲਕ ਨੂੰ ਦੇਰ ਸਵੇਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੀ ਅਪਨਾਉਣਾ ਪਵੇਗਾ। ਅੱਜ ਫਿਰ ਲੋੜ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸ਼ਕਤੀਸ਼ਾਲੀ ਤੇ ਨਿਸ਼ਕਾਮ ਆਗੂ ਦੀ ਜੋ ਮੁਲਕ ਵਿਚ ਖਾਲਸਾ ਮਿਸ਼ਨ ਅਨੁਸਾਰ ਸਮਾਜਿਕ ਬਰਾਬਰੀ, ਆਰਥਿਕ ਖੁਸ਼ਹਾਲੀ ਤੇ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਸਕੇ।
ਕਿਰਪਾਲ ਸਿੰਘ ਬਠਿੰਡਾ
ਮੋਬ: 98554-80797